ਮਿੱਟੀ ਦੇ ਪ੍ਰਿਜ਼ਮਾਂ ਉੱਤੇ ਲਿਖੇ ਸਨਹੇਰੀਬ ਦੇ ਇਤਿਹਾਸ-ਲੇਖ ਸ਼ੇਖ਼ੀ ਮਾਰਦੇ ਹਨ ਕਿ ਉਸ ਨੇ ਹਿਜ਼ਕੀਯਾਹ ਨੂੰ ਯਰੂਸ਼ਲਮ ਵਿੱਚ “ਪਿੰਜਰੇ ਵਿੱਚ ਪੰਛੀ ਵਾਂਗ” ਬੰਦ ਕਰ ਦਿੱਤਾ ਅਤੇ ਨਜ਼ਰਾਨਾ ਲਿਆ — ਪਰ ਇਹ ਦਾਅਵਾ ਨਹੀਂ ਕਰਦੇ ਕਿ ਸ਼ਹਿਰ ਡਿੱਗ ਪਿਆ। ਨੀਨਵਾਹ ਵਿੱਚ ਉਸ ਦੇ ਮਹਿਲ ਦੀਆਂ ਕੰਧਾਂ ਉੱਤੇ ਲਾਕੀਸ਼ ਦੀ ਘੇਰਾਬੰਦੀ ਦਿਖਾਈ ਗਈ ਸੀ।
ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ
ਬਾਈਬਲ ਵਿੱਚ · 701 ਈ.ਪੂ. · ਯਰੂਸ਼ਲਮ
ਯਰੂਸ਼ਲਮ ਬਚ ਜਾਂਦਾ ਹੈ
ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਯਰੂਸ਼ਲਮ ਨੂੰ ਧਮਕਾਉਂਦਾ ਹੈ, ਤਾਂ ਰਾਜਾ ਹਿਜ਼ਕੀਯਾਹ ਹੈਕਲ ਵਿੱਚ ਪ੍ਰਾਰਥਨਾ ਕਰਦਾ ਹੈ। ਸਨਹੇਰੀਬ ਦੇ ਆਪਣੇ ਇਤਿਹਾਸ-ਲੇਖ ਇਸ ਮੁਹਿੰਮ ਦਾ ਵਰਣਨ ਕਰਦੇ ਹਨ।
ਜਦ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ, ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ। ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ, ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੂੰ ਅਕਾਸ਼ ਅਤੇ ਧਰਤੀ ਨੂੰ ਬਣਾਇਆ। ਹੇ ਯਹੋਵਾਹ, ਆਪਣਾ ਕੰਨ ਲਾ ਅਤੇ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਤੇ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ। ਹੇ ਯਹੋਵਾਹ, ਸੱਚ-ਮੁੱਚ ਅੱਸ਼ੂਰ ਦੇ ਰਾਜਿਆਂ ਨੇ ਸਾਰੀਆਂ ਕੌਮਾਂ ਨੂੰ ਅਤੇ ਉਹਨਾਂ ਦੇ ਦੇਸਾਂ ਨੂੰ ਨਾਸ ਕੀਤਾ ਹੈ। ਅਤੇ ਉਹਨਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ, ਕਿਉਂ ਜੋ ਉਹ ਦੇਵਤੇ ਨਹੀਂ ਸਨ, ਸਗੋਂ ਮਨੁੱਖਾਂ ਦੇ ਹੱਥਾਂ ਦੀ ਕਾਰੀਗਰੀ, ਲੱਕੜੀ ਅਤੇ ਪੱਥਰ ਸਨ, ਇਸ ਲਈ ਉਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ। ਇਸ ਲਈ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਮੈਂ ਤੇਰੀ ਮਿੰਨਤ ਕਰਦਾ ਹਾਂ, ਤੂੰ ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ। ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ ਕਿ ਜਿਹੜੀ ਪ੍ਰਾਰਥਨਾ ਤੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਵਿਖੇ ਮੇਰੇ ਅੱਗੇ ਕੀਤੀ ਹੈ, ਉਹ ਮੈਂ ਸੁਣ ਲਈ ਹੈ। ਉਹ ਦੇ ਵਿਖੇ ਜੋ ਬਚਨ ਯਹੋਵਾਹ ਨੇ ਆਖਿਆ ਹੈ, ਸੋ ਇਹ ਹੈ, ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ, ਉਹ ਤੇਰਾ ਮਖ਼ੌਲ ਉਡਾਉਂਦੀ ਹੈ ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ। ਤੂੰ ਕਿਸਨੂੰ ਬੋਲੀਆਂ ਮਾਰੀਆਂ ਅਤੇ ਕਿਸ ਦੇ ਵਿਰੁੱਧ ਕੁਫ਼ਰ ਬਕਿਆ ਹੈ? ਕਿਸ ਦੇ ਵਿਰੁੱਧ ਤੂੰ ਆਪਣੀ ਅਵਾਜ਼ ਉੱਚੀ ਕੀਤੀ? ਹਾਂ, ਤੂੰ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ ਘਮੰਡ ਨਾਲ, ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ। ਤੂੰ ਆਪਣਿਆਂ ਸੰਦੇਸ਼ਵਾਹਕਾਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ ਅਤੇ ਆਖਿਆ ਹੈ, ਮੈਂ ਆਪਣੇ ਬਾਹਲਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਸਗੋਂ ਲਬਾਨੋਨ ਦੇ ਵਿੱਚਕਾਰ ਤੱਕ ਚੜ੍ਹ ਆਇਆ ਹਾਂ, ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ ਅਤੇ ਉਹ ਦੀ ਟੀਸੀ ਦੇ ਟਿਕਾਣਿਆਂ ਵਿੱਚ ਅਤੇ ਉਹ ਦੀ ਫਲਦਾਰ ਜੰਗਲੀ ਵਾੜੀ ਵਿੱਚ ਜਾ ਵੜਿਆ। ਮੈਂ ਤਾਂ ਪੁੱਟ-ਪੁੱਟ ਕੇ ਪਰਦੇਸਾਂ ਦਾ ਪਾਣੀ ਪੀਤਾ ਹੈ ਅਤੇ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਸੁਕਾ ਦਿੱਤਾ। ਕੀ ਤੂੰ ਨਹੀਂ ਸੁਣਿਆ ਜੋ ਬਹੁਤ ਚਿਰ ਤੋਂ ਮੈਂ ਇਹ ਠਾਣ ਲਿਆ ਸੀ ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦੇ ਲਈ ਕੰਮ ਕੀਤਾ ਸੀ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ, ਕਿ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ-ਪੁਜਾੜ ਕੇ ਖੰਡਰ ਕਰ ਛੱਡੇਂ। ਸੋ ਉਨ੍ਹਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ, ਘਬਰਾ ਗਏ ਅਤੇ ਸ਼ਰਮਿੰਦੇ ਹੋਏ, ਉਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ ਵਰਗੇ ਹੋ ਗਏ ਅਤੇ ਛੱਤ ਉੱਤੇ ਦਾ ਘਾਹ ਅਤੇ ਅੰਨ ਵਾਂਗੂੰ ਹੋ ਗਏ, ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ। ਪਰ ਮੈਂ ਤੇਰਾ ਬੈਠਣਾ ਤੇ ਤੇਰਾ ਅੰਦਰ-ਬਾਹਰ ਆਉਣਾ ਜਾਣਾ ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ। ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਰੌਲ਼ਾ ਮੇਰੇ ਕੰਨਾਂ ਤੱਕ ਪਹੁੰਚਿਆ ਹੈ, ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਜਿਹੜੇ ਰਾਹ ਤੂੰ ਆਇਆ ਉਸੇ ਰਾਹ ਤੈਨੂੰ ਪਿਛਾਹਾਂ ਮੋੜ ਦਿਆਂਗਾ। ਤੇਰੇ ਲਈ ਇਹ ਨਿਸ਼ਾਨ ਹੋਵੇਗਾ। ਇਸ ਸਾਲ ਉਹ ਖਾਓ ਜੋ ਕਿਰੇ ਹੋਏ ਬੀ ਤੋਂ ਉੱਗੇ, ਦੂਜੇ ਸਾਲ ਉਹ ਜੋ ਬਾਅਦ ਵਿੱਚ ਉਤਪਤ ਹੋਵੇ, ਤਦ ਤੀਜੇ ਸਾਲ ਤੁਸੀਂ ਬੀ ਬੀਜੋ ਤੇ ਵੱਢੋ, ਅੰਗੂਰੀ ਬਾਗ਼ ਲਾਓ ਅਤੇ ਉਨ੍ਹਾਂ ਦਾ ਫਲ ਖਾਓ। ਤਦ ਉਹ ਬਚੇ-ਖੁਚੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਫੇਰ ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ। ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ ਅਤੇ ਬਚੇ ਹੋਏ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ। ਇਸ ਲਈ ਅੱਸ਼ੂਰ ਦੇ ਰਾਜੇ ਦੇ ਵਿਖੇ ਯਹੋਵਾਹ ਇਹ ਫ਼ਰਮਾਉਂਦਾ ਹੈ ਕਿ ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਤੀਰ ਚਲਾਵੇਗਾ। ਨਾ ਢਾਲ਼ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ ਤੇ ਨਾ ਉਹ ਦੇ ਅੱਗੇ ਘੇਰਾ ਬਣਾਵੇਗਾ। ਜਿਸ ਰਾਹ ਉਹ ਆਇਆ ਉਸੇ ਰਾਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਇਹ ਯਹੋਵਾਹ ਦਾ ਵਾਕ ਹੈ। ਇਸ ਤਰ੍ਹਾਂ ਮੈਂ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ। ਫਿਰ ਇਸ ਤਰ੍ਹਾਂ ਹੋਇਆ ਕਿ ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਸੁੱਟੇ ਅਤੇ ਜਦ ਲੋਕ ਸਵੇਰੇ ਉੱਠੇ, ਤਾਂ ਵੇਖੋ ਉਹ ਸਭ ਲੋਥਾਂ ਹੀ ਲੋਥਾਂ ਸਨ। ਸੋ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਤੁਰ ਪਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ। ਫੇਰ ਇਸ ਤਰ੍ਹਾਂ ਹੋਇਆ ਜਦ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਅਦਰਮਲਕ ਅਤੇ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਤੇ ਉਹ ਅਰਾਰਾਤ ਦੇ ਦੇਸ ਨੂੰ ਭੱਜ ਗਏ ਅਤੇ ਉਹ ਦਾ ਪੁੱਤਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ।ਉਸੇ ਸਮੇਂ ਸੰਸਾਰ ਵਿੱਚ
701 ਈ.ਪੂ. ਵਿੱਚ ਅੱਸ਼ੂਰੀ ਰਾਜਾ ਸਨਹੇਰੀਬ ਨੇ ਯਹੂਦਾਹ ਉੱਤੇ ਹਮਲਾ ਕੀਤਾ, ਅਤੇ ਰਾਜਾ ਹਿਜ਼ਕੀਯਾਹ ਦੇ ਅਧੀਨ ਯਰੂਸ਼ਲਮ ਬਚ ਗਿਆ। ਯਸਾਯਾਹ ਨਬੀ ਲਗਭਗ 740 ਈ.ਪੂ. ਤੋਂ ਸਰਗਰਮ ਸੀ। ਇਹ ਰਹੀ ਯਸਾਯਾਹ ਦੇ ਜੀਵਨ-ਕਾਲ ਦੀ ਦੁਨੀਆਂ।
ਰੋਮੀ ਪਰੰਪਰਾ ਅਨੁਸਾਰ ਰੋਮੂਲਸ ਨੇ 21 ਅਪ੍ਰੈਲ 753 ਈ.ਪੂ. ਨੂੰ ਰੋਮ ਦੀ ਨੀਂਹ ਰੱਖੀ, ਯਸਾਯਾਹ ਦੇ ਸੱਦੇ ਤੋਂ ਕੁਝ ਸਾਲ ਪਹਿਲਾਂ (ਯਸਾਯਾਹ 6:1)। ਪੁਰਾਤੱਤਵ ਦਿਖਾਉਂਦਾ ਹੈ ਕਿ ਪੈਲਾਟਾਈਨ ਪਹਾੜੀ ਉੱਤੇ ਪਿੰਡ ਇਸ ਤੋਂ ਵੀ ਪਹਿਲਾਂ ਸਨ।
ਲਗਭਗ ਇਸੇ ਯੁੱਗ ਵਿੱਚ ਇਲਿਆਡ ਅਤੇ ਓਡੀਸੀ ਨੇ ਉਹ ਲਿਖਤੀ ਰੂਪ ਲਿਆ ਜੋ ਅਸੀਂ ਜਾਣਦੇ ਹਾਂ; ਵਿਦਵਾਨ ਉਨ੍ਹਾਂ ਨੂੰ ਲਗਭਗ 750 ਅਤੇ 650 ਈ.ਪੂ. ਦੇ ਵਿਚਕਾਰ ਦਾ ਮੰਨਦੇ ਹਨ। ਯੂਨਾਨੀਆਂ ਨੇ ਥੋੜ੍ਹਾ ਚਿਰ ਪਹਿਲਾਂ ਹੀ ਫ਼ੀਨੀਕੀ ਅੱਖਰ ਅਪਣਾਏ ਸਨ।
ਚੀਨੀ ਰਾਜ ਲੂ ਦਾ ਇਤਿਹਾਸ-ਗ੍ਰੰਥ, ਬਸੰਤ ਅਤੇ ਪਤਝੜ ਦੇ ਇਤਿਹਾਸ, 722 ਈ.ਪੂ. ਤੋਂ ਸ਼ੁਰੂ ਹੁੰਦਾ ਹੈ — ਉਹੀ ਸਾਲ ਜਦੋਂ ਸਾਮਰਿਯਾ ਅੱਸ਼ੂਰ ਦੇ ਹੱਥ ਆ ਗਿਆ (2 ਰਾਜਿਆਂ 17:6)। ਪਰੰਪਰਾ ਅਨੁਸਾਰ ਬਾਅਦ ਵਿੱਚ ਕਨਫ਼ਿਊਸ਼ੀਅਸ ਨੇ ਇਸ ਦਾ ਸੰਪਾਦਨ ਕੀਤਾ।
2 ਰਾਜਿਆਂ 19:9 ਦੱਸਦਾ ਹੈ ਕਿ ਕੂਸ਼ ਦਾ ਰਾਜਾ ਤਿਰਹਾਕਾਹ ਸਨਹੇਰੀਬ ਨਾਲ ਲੜਨ ਲਈ ਨਿੱਕਲਿਆ। ਤਾਹਰਕਾ 690 ਈ.ਪੂ. ਵਿੱਚ ਫ਼ਿਰਊਨ ਬਣਿਆ; ਇੱਕ ਵਿਚਾਰ ਅਨੁਸਾਰ 701 ਵਿੱਚ ਉਸ ਨੇ ਇੱਕ ਜਵਾਨ ਰਾਜਕੁਮਾਰ ਵਜੋਂ ਫ਼ੌਜ ਦੀ ਅਗਵਾਈ ਕੀਤੀ; ਵੇਰਵਿਆਂ ਬਾਰੇ ਵਿਦਵਾਨਾਂ ਵਿੱਚ ਬਹਿਸ ਹੈ।
ਘੋੜਸਵਾਰ ਸਕੂਥੀ ਪੂਰਬ ਤੋਂ ਕਾਲੇ ਸਾਗਰ ਦੇ ਉੱਤਰ ਵੱਲ ਦੀਆਂ ਸਟੈੱਪੀਆਂ ਵਿੱਚ ਆ ਗਏ। ਉਨ੍ਹਾਂ ਦੇ ਸਰਦਾਰਾਂ ਨੂੰ ਬਾਅਦ ਵਿੱਚ ਵੱਡੇ ਟਿੱਲਿਆਂ, ਕੁਰਗਾਨਾਂ, ਹੇਠਾਂ ਸੋਨੇ ਦੀ ਬਾਰੀਕ ਕਾਰੀਗਰੀ ਸਮੇਤ ਦਫ਼ਨਾਇਆ ਗਿਆ; ਇਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਦੇ ਯੂਕਰੇਨ ਅਤੇ ਦੱਖਣੀ ਰੂਸ ਵਿੱਚ ਮਿਲੇ ਹਨ।
ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ