ਨਬੂਕਦਨੱਸਰ ਨੇ ਬਾਬਲ ਨੂੰ ਬੜੀ ਸ਼ਾਨ ਨਾਲ ਦੁਬਾਰਾ ਬਣਾਇਆ। ਇਸ ਦਾ ਇਸ਼ਤਾਰ ਦਰਵਾਜ਼ਾ, ਜਿਸ ਉੱਤੇ ਨੀਲੀਆਂ ਚਮਕਦਾਰ ਇੱਟਾਂ ਅਤੇ ਬਲਦਾਂ ਅਤੇ ਅਜਗਰਾਂ ਦੀਆਂ ਕਤਾਰਾਂ ਸਨ, ਖੁਦਾਈ ਵਿੱਚ ਮਿਲੇ ਟੁਕੜਿਆਂ ਤੋਂ ਬਰਲਿਨ ਵਿੱਚ ਦੁਬਾਰਾ ਖੜ੍ਹਾ ਕੀਤਾ ਗਿਆ।
ਵਿਸ਼ਵਕੋਸ਼ › ਇਸੇ ਦੌਰਾਨ ਦੁਨੀਆਂ ਵਿੱਚ
ਬਾਈਬਲ ਵਿੱਚ · 587/586 ਈ.ਪੂ. · ਯਰੂਸ਼ਲਮ
ਯਰੂਸ਼ਲਮ ਦਾ ਪਤਨ
ਨਬੂਕਦਨੱਸਰ ਦੀ ਬਾਬਲੀ ਫ਼ੌਜ ਯਰੂਸ਼ਲਮ ਵਿੱਚ ਵੜ ਜਾਂਦੀ ਹੈ, ਹੈਕਲ ਨੂੰ ਸਾੜ ਦਿੰਦੀ ਹੈ ਅਤੇ ਲੋਕਾਂ ਨੂੰ ਗ਼ੁਲਾਮੀ ਵਿੱਚ ਲੈ ਜਾਂਦੀ ਹੈ।
ਇਸ ਤਰ੍ਹਾਂ ਹੋਇਆ ਕਿ ਉਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਸੈਨਾਂ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮਦਮਾ ਬਣਾਇਆ। ਅਤੇ ਸਿਦਕੀਯਾਹ ਰਾਜਾ ਦੇ ਸ਼ਾਸਨ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਘੇਰਿਆ ਰਿਹਾ। ਚੌਥੇ ਮਹੀਨੇ ਦੇ ਨੌਵੇਂ ਦਿਨ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਤੇ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ। ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਯੋਧੇ ਰਾਤੋਂ-ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਰਾਜਾ ਮੈਦਾਨ ਦੇ ਰਾਹ ਗਿਆ। ਅਤੇ ਕਸਦੀਆਂ ਦੀ ਸੈਨਾਂ ਨੇ ਰਾਜਾ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਉਹ ਨੂੰ ਜਾ ਲਿਆ ਅਤੇ ਉਹ ਦੀ ਸਾਰੀ ਸੈਨਾਂ ਉਹ ਦੇ ਕੋਲੋਂ ਖਿੰਡ-ਪੁੰਡ ਗਈ। ਸੋ ਉਨ੍ਹਾਂ ਨੇ ਰਾਜਾ ਨੂੰ ਫੜ੍ਹ ਲਿਆ ਅਤੇ ਉਹ ਨੂੰ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਨ੍ਹਾਂ ਨੇ ਉਹ ਦਾ ਨਿਆਂ ਕੀਤਾ। ਅਤੇ ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਅਤੇ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਏ। ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਉੱਨੀਵਾਂ ਸਾਲ ਸੀ ਸ਼ਾਹੀ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਰਾਜਾ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ। ਅਤੇ ਯਹੋਵਾਹ ਦਾ ਭਵਨ ਅਤੇ ਰਾਜਾ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ। ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ। ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਦਲ ਦੇ ਬਚੇ-ਖੁਚੇ ਉਨ੍ਹਾਂ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਸਰਦਾਰ ਗ਼ੁਲਾਮ ਕਰ ਕੇ ਲੈ ਗਿਆ। ਪਰ ਜੱਲਾਦਾਂ ਦੇ ਸਰਦਾਰ ਨੇ ਦੇਸ ਦੇ ਅੱਤ ਕੰਗਾਲਾਂ ਨੂੰ ਛੱਡ ਦਿੱਤਾ ਕਿ ਦਾਖ ਦੇ ਬਾਗ਼ਾਂ ਦੇ ਰਾਖੇ ਤੇ ਬਾਗਬਾਨ ਹੋਣ। ਅਤੇ ਪਿੱਤਲ ਦੇ ਉਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਤੇ ਕੁਰਸੀਆਂ ਨੂੰ ਅਤੇ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਉਹ ਉਹਨਾਂ ਦਾ ਪਿੱਤਲ ਬਾਬਲ ਨੂੰ ਲੈ ਗਏ। ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ। ਅਤੇ ਅੰਗੀਠੀਆਂ ਅਤੇ ਬਾਟੇ ਜੋ ਸੋਨੇ ਦੇ ਸਨ ਉਹਨਾਂ ਦਾ ਸੋਨਾ ਅਤੇ ਜੋ ਚਾਂਦੀ ਦੇ ਸਨ ਉਹਨਾਂ ਦੀ ਚਾਂਦੀ ਜੱਲਾਦਾਂ ਦਾ ਸਰਦਾਰ ਲੈ ਗਿਆ। ਰਹੇ ਦੋ ਥੰਮ੍ਹ, ਵੱਡਾ ਹੌਦ ਅਤੇ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ। ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਤੇ ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਤਿੰਨ ਹੱਥ ਉੱਚਾ ਸੀ ਅਤੇ ਉਸ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਵੀ ਇਹੋ ਜਿਹਾ ਸੀ ਅਤੇ ਉਸ ਉੱਤੇ ਵੀ ਜਾਲੀ ਸੀ। ਅਤੇ ਜੱਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ। ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਯੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਉਨ੍ਹਾਂ ਵਿੱਚੋਂ ਪੰਜਾਂ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ। ਇਨ੍ਹਾਂ ਨੂੰ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ। ਅਤੇ ਬਾਬਲ ਦੇ ਰਾਜਾ ਨੇ ਉਨ੍ਹਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਨ੍ਹਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਗ਼ੁਲਾਮ ਹੋ ਗਿਆ।ਉਸੇ ਸਮੇਂ ਸੰਸਾਰ ਵਿੱਚ
ਬਾਬਲ ਦੇ ਨਬੂਕਦਨੱਸਰ ਨੇ 597 ਈ.ਪੂ. ਵਿੱਚ ਯਰੂਸ਼ਲਮ ਨੂੰ ਲੈ ਲਿਆ ਅਤੇ 587 ਜਾਂ 586 ਈ.ਪੂ. ਵਿੱਚ ਉਸ ਨੂੰ ਤਬਾਹ ਕਰ ਦਿੱਤਾ (ਸਰੋਤ ਦੋਵੇਂ ਤਾਰੀਖ਼ਾਂ ਦੀ ਗੁੰਜਾਇਸ਼ ਦਿੰਦੇ ਹਨ)। ਇੱਕ ਬਾਬਲੀ ਇਤਿਹਾਸ-ਤਖ਼ਤੀ ਤਾਂ ਪਹਿਲੀ ਵਾਰ ਲਏ ਜਾਣ ਦਾ ਦਿਨ ਵੀ ਦੱਸਦੀ ਹੈ: ਅਦਾਰ ਮਹੀਨੇ ਦੀ 2 ਤਾਰੀਖ਼, 597 ਈ.ਪੂ. ਦੇ ਮਾਰਚ ਦੇ ਅੱਧ ਵਿੱਚ। ਇਹ ਰਹੀ ਉਨ੍ਹਾਂ ਸਾਲਾਂ ਦੀ ਦੁਨੀਆਂ।
ਹੈਰੋਡੋਟਸ ਦੱਸਦਾ ਹੈ ਕਿ ਮਿਲੇਤੁਸ ਦੇ ਦਾਰਸ਼ਨਿਕ ਥੇਲਜ਼ ਨੇ ਇੱਕ ਸੂਰਜ-ਗ੍ਰਹਿਣ ਦੀ ਪਹਿਲਾਂ ਹੀ ਖ਼ਬਰ ਦੇ ਦਿੱਤੀ ਸੀ, ਜਿਸ ਨੇ ਲਿਡੀਆਈਆਂ ਅਤੇ ਮਾਦੀਆਂ ਵਿਚਕਾਰ ਇੱਕ ਲੜਾਈ ਰੋਕ ਦਿੱਤੀ; ਖਗੋਲ-ਵਿਗਿਆਨੀ ਇਸ ਨੂੰ 28 ਮਈ 585 ਈ.ਪੂ. ਦਾ ਮਿੱਥਦੇ ਹਨ। ਕੀ ਥੇਲਜ਼ ਨੇ ਸੱਚਮੁੱਚ ਇਸ ਦੀ ਭਵਿੱਖਬਾਣੀ ਕੀਤੀ ਸੀ, ਇਸ ਬਾਰੇ ਬਹਿਸ ਹੈ।
ਲਿਡੀਆ ਵਿੱਚ, ਅੱਜ ਦੇ ਪੱਛਮੀ ਤੁਰਕੀ ਵਿੱਚ, ਪਹਿਲੇ ਸਿੱਕੇ ਇਲੈਕਟ੍ਰਮ ਤੋਂ ਘੜੇ ਗਏ — ਸੋਨੇ ਅਤੇ ਚਾਂਦੀ ਦਾ ਇੱਕ ਕੁਦਰਤੀ ਮਿਸ਼ਰਣ — ਜਿਨ੍ਹਾਂ ਉੱਤੇ ਸ਼ੇਰ ਦੇ ਸਿਰ ਦੀ ਛਾਪ ਸੀ। ਉਸ ਤੋਂ ਪਹਿਲਾਂ ਚਾਂਦੀ ਤੋਲ ਕੇ ਦਿੱਤੀ ਜਾਂਦੀ ਸੀ, ਜਿਵੇਂ ਸ਼ਬਦ ਸ਼ੇਕੇਲ, “ਤੋਲ”, ਯਾਦ ਦਿਲਾਉਂਦਾ ਹੈ।
ਫ਼ਿਰਊਨ ਨਕੋਹ ਦੂਜੇ ਨੇ, ਜਿਸ ਨੇ ਰਾਜਾ ਯੋਸ਼ੀਯਾਹ ਨੂੰ ਮਗਿੱਦੋ ਵਿੱਚ ਮਾਰਿਆ (2 ਰਾਜਿਆਂ 23:29), ਨੀਲ ਤੋਂ ਲਾਲ ਸਮੁੰਦਰ ਤੱਕ ਇੱਕ ਨਹਿਰ ਸ਼ੁਰੂ ਕੀਤੀ। ਹੈਰੋਡੋਟਸ ਇਹ ਵੀ ਦੱਸਦਾ ਹੈ ਕਿ ਉਸ ਦੇ ਭੇਜੇ ਮਲਾਹਾਂ ਨੇ ਅਫ਼ਰੀਕਾ ਦਾ ਚੱਕਰ ਲਾਇਆ।
ਮਿਲੇਤੁਸ ਦੇ ਯੂਨਾਨੀਆਂ ਨੇ ਕਾਲੇ ਸਾਗਰ ਦੇ ਉੱਤਰੀ ਕੰਢੇ ਉੱਤੇ ਵਪਾਰਕ ਨਗਰ ਵਸਾਏ: ਲਗਭਗ 600 ਈ.ਪੂ. ਵਿੱਚ ਪੈਂਟੀਕਾਪੀਅਮ, ਜੋ ਅੱਜ ਕ੍ਰੀਮੀਆ ਦਾ ਕਰਚ ਹੈ, ਅਤੇ ਅੱਜ ਦੇ ਯੂਕਰੇਨ ਵਿੱਚ ਦੱਖਣੀ ਬੂਹ ਦੇ ਦਹਾਨੇ ਨੇੜੇ ਓਲਬੀਆ। ਉਹ ਅਨਾਜ ਅਤੇ ਮੱਛੀ ਦੇ ਬਦਲੇ ਮੈਅ ਅਤੇ ਜ਼ੈਤੂਨ ਦਾ ਤੇਲ ਵਪਾਰ ਕਰਦੇ ਸਨ।
ਉੱਤਰੀ ਭਾਰਤ ਵਿੱਚ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਉੱਤੇ ਵੱਸੇ ਨਵੇਂ ਸ਼ਹਿਰਾਂ ਦੇ ਦੁਆਲੇ ਸੋਲ੍ਹਾਂ ਰਾਜ ਅਤੇ ਗਣਰਾਜ, ਮਹਾਜਨਪਦ, ਉੱਭਰੇ। ਉਨ੍ਹਾਂ ਵਿੱਚੋਂ ਇੱਕ, ਮਗਧ, ਬਾਅਦ ਵਿੱਚ ਭਾਰਤ ਦੇ ਪਹਿਲੇ ਵੱਡੇ ਸਾਮਰਾਜਾਂ ਦਾ ਕੇਂਦਰ ਬਣਿਆ।
ਸਰੋਤ: Theographic Bible Metadata, CC BY-SA 4.0 · OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ