Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਯਿਸੂ ਦੇ ਦੁੱਖ

ਇੰਜੀਲਾਂ ਨਾਲ-ਨਾਲ · ਯਿਸੂ ਦੇ ਦੁੱਖ

ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ

ਮੱਤੀ 26:20–25 · ਮਰਕੁ 14:17–21 · ਲੂਕਾ 22:21–23 · ਯੂਹ 13:21–30

ਮੱਤੀ

ਮੱਤੀ 26:20–25

20ਜਦ ਸ਼ਾਮ ਹੋਈ ਤਾਂ ਉਹ ਬਾਰਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ।

21ਅਤੇ ਜਦ ਉਹ ਖਾ ਰਹੇ ਸਨ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।

22ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ?

23ਉਹ ਨੇ ਉੱਤਰ ਦਿੱਤਾ, ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੋ ਮੈਨੂੰ ਫੜਵਾਏਗਾ।

24ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਂਦਾ ਹੈ, ਜਿਵੇਂ ਉਹ ਦੇ ਬਾਰੇ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ।

25ਤਦ ਯਹੂਦਾ, ਜਿਸ ਨੇ ਉਹ ਨੂੰ ਫੜਵਾਇਆ ਅੱਗੋਂ ਬੋਲਿਆ, ਗੁਰੂ ਜੀ, ਕੀ ਉਹ ਮੈਂ ਹਾਂ? ਉਸ ਨੇ ਉਹ ਨੂੰ ਆਖਿਆ, ਤੂੰ ਆਪ ਹੀ ਆਖ ਦਿੱਤਾ।

ਮਰਕੁਸ

ਮਰਕੁ 14:17–21

17ਜਦ ਸ਼ਾਮ ਪਈ ਉਹ ਉਨ੍ਹਾਂ ਬਾਰਾਂ ਦੇ ਨਾਲ ਆਇਆ।

18ਅਤੇ ਜਦ ਉਹ ਬੈਠੇ ਖਾਂਦੇ ਸਨ ਤਦ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਏਗਾ।

19ਤਦ ਉਹ ਉਦਾਸ ਹੋਏ ਅਤੇ ਇੱਕ-ਇੱਕ ਕਰ ਕੇ ਉਹ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ?

20ਉਸ ਨੇ ਉਨ੍ਹਾਂ ਨੂੰ ਆਖਿਆ, ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਉਹ ਹੀ ਹੈ।

21ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਾ ਜੰਮਦਾ।

ਲੂਕਾ

ਲੂਕਾ 22:21–23

21ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ।

22ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ!

23ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ।

ਯੂਹੰਨਾ

ਯੂਹ 13:21–30

21ਯਿਸੂ ਇਹ ਗੱਲਾਂ ਆਖਦੇ ਹੋਏ ਬੜਾ ਦੁੱਖੀ ਹੋਇਆ ਅਤੇ ਉਸ ਨੇ ਸਾਫ਼ ਆਖਿਆ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਇੱਕ ਮੈਨੂੰ ਧੋਖਾ ਦੇਵੇਗਾ।”

22ਯਿਸੂ ਦੇ ਚੇਲੇ ਭਰਮ ਵਿੱਚ ਪੈ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਵੱਲ ਵੇਖਿਆ। ਉਨ੍ਹਾਂ ਨੂੰ ਇਹ ਸਮਝ ਨਾ ਆਇਆ ਕਿ ਯਿਸੂ ਕਿਸ ਮਨੁੱਖ ਦੇ ਬਾਰੇ ਗੱਲ ਕਰ ਰਿਹਾ ਸੀ।

23ਉਨ੍ਹਾਂ ਵਿੱਚੋਂ ਇੱਕ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਯਿਸੂ ਦੀ ਛਾਤੀ ਨਾਲ ਢਾਸਣਾ ਲਾਈ ਹੋਈ ਸੀ।

24ਇਸ ਲਈ ਸ਼ਮਊਨ ਪਤਰਸ ਨੇ ਯਿਸੂ ਤੋਂ ਇਹ ਪੁੱਛਣ ਲਈ ਇਸ਼ਾਰਾ ਕੀਤਾ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਿਹਾ ਸੀ।

25ਉਹ ਚੇਲਾ ਯਿਸੂ ਦੇ ਹੋਰ ਨੇੜੇ ਹੋਇਆ ਅਤੇ ਉਸ ਨੂੰ ਪੁਛੱਣ ਲੱਗਾ, “ਹੇ ਪ੍ਰਭੂ, ਕੌਣ ਹੈ ਜੋ ਤੈਨੂੰ ਤੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ।”

26ਯਿਸੂ ਨੇ ਆਖਿਆ, “ਜਿਸ ਲਈ ਮੈਂ ਰੋਟੀ ਕਟੋਰੇ ਵਿੱਚ ਡਬੋਵਾਂਗਾ ਅਤੇ ਉਸ ਨੂੰ ਦੇਵਾਂਗਾ ਉਹੀ ਇੱਕ ਹੈ ਜੋ ਮੈਨੂੰ ਮੇਰੇ ਦੁਸ਼ਮਣਾਂ ਹੱਥੀਂ ਫ਼ੜਵਾਏਗਾ।” ਸੋ ਯਿਸੂ ਨੇ ਰੋਟੀ ਲਈ ਕਟੋਰੇ ਵਿੱਚ ਡਬੋਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ।

27ਜਿਵੇਂ ਹੀ ਯਹੂਦਾ ਨੇ ਰੋਟੀ ਲਈ ਸ਼ੈਤਾਨ ਉਸ ਵਿੱਚ ਵੜ ਗਿਆ। ਯਿਸੂ ਨੇ ਯਹੂਦਾ ਨੂੰ ਕਿਹਾ, “ਜੋ ਤੂੰ ਕਰਨਾ ਛੇਤੀ ਕਰ।”

28ਮੇਜ਼ ਤੇ ਬੈਠਿਆਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਕੀ ਆਖ ਰਿਹਾ ਹੈ ਅਤੇ ਉਸ ਨੇ ਇਹ ਗੱਲ ਯਹੂਦਾ ਨੂੰ ਕਿਉਂ ਆਖੀ।

29ਯਹੂਦਾ ਕੋਲ ਧਨ ਵਾਲੀ ਥੈਲੀ ਰਹਿੰਦੀ ਸੀ। ਉਨ੍ਹਾਂ ਵਿੱਚੋਂ ਕੁਝ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਉਹ ਚੀਜ਼ਾਂ ਖਰੀਦਣ ਲਈ ਕਿਹਾ ਹੈ, ਜਿਨ੍ਹਾਂ ਦੀ ਤਿਉਹਾਰ ਲਈ ਲੋੜ ਹੈ ਜਾਂ ਉਸ ਨੂੰ ਗਰੀਬਾਂ ਨੂੰ ਕੁਝ ਦੇਣ ਲਈ ਕਿਹਾ ਹੈ।

30ਤਾਂ ਯਹੂਦਾ ਰੋਟੀ ਲੈ ਕੇ ਝੱਟ ਬਾਹਰ ਨਿੱਕਲ ਗਿਆ। ਇਹ ਰਾਤ ਦਾ ਸਮਾਂ ਸੀ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ