ਪੜਚੋਲ › ਇੰਜੀਲਾਂ ਨਾਲ-ਨਾਲ › ਯਿਸੂ ਦੇ ਦੁੱਖ
ਇੰਜੀਲਾਂ ਨਾਲ-ਨਾਲ · ਯਿਸੂ ਦੇ ਦੁੱਖ
ਦਫ਼ਨਾਇਆ ਜਾਣਾ
ਮੱਤੀ 27:57–61 · ਮਰਕੁ 15:42–47 · ਲੂਕਾ 23:50–56 · ਯੂਹ 19:38–42
ਮੱਤੀ 27:57–6157ਜਦ ਸ਼ਾਮ ਹੋਈ ਤਾਂ ਯੂਸੁਫ਼ ਨਾਮ ਦਾ ਅਰਿਮਥੇਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ।
58ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ।
59ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲ੍ਹੇਟਿਆ
60ਅਤੇ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ, ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਕੇ ਚੱਲਿਆ ਗਿਆ।
61ਅਤੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।
ਮਰਕੁ 15:42–4742ਜਦ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ।
43ਅਰਿਮਥੇਆ ਦਾ ਯੂਸੁਫ਼ ਇੱਕ ਮਾਨਯੋਗ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ।
44ਪਰ ਪਿਲਾਤੁਸ ਨੇ ਅਚਰਜ਼ ਮੰਨਿਆ ਜੋ ਐਡੀ ਛੇਤੀ ਉਹ ਕਿਵੇਂ ਮਰ ਗਿਆ ਅਤੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ ਕੀ ਉਹ ਨੂੰ ਮਰੇ ਕੁਝ ਚਿਰ ਹੋ ਗਿਆ ਹੈ?
45ਅਤੇ ਸੂਬੇਦਾਰ ਤੋਂ ਮਲੂਮ ਕਰ ਕੇ ਲੋਥ ਯੂਸੁਫ਼ ਨੂੰ ਦੁਆ ਦਿੱਤੀ।
46ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਤੇ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ।
47ਅਤੇ ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ।
ਲੂਕਾ 23:50–5650ਤਾਂ ਵੇਖੋ, ਯੂਸੁਫ਼ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ, ਭਲਾ ਅਤੇ ਧਰਮੀ ਸੀ।
51ਅਤੇ ਉਨ੍ਹਾਂ ਦੀ ਮੱਤ ਅਤੇ ਕਰਮ ਵਿੱਚ ਨਹੀਂ ਰਲਿਆ ਸੀ, ਉਹ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ।
52ਉਸ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ।
53ਅਤੇ ਉਸ ਨੂੰ ਸਲੀਬ ਤੋਂ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਲਪੇਟ ਕੇ, ਉਸ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ, ਜਿੱਥੇ ਕਦੇ ਕੋਈ ਨਹੀਂ ਸੀ ਪਿਆ।
54ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ।
55ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ।
56ਤਦ ਉਨ੍ਹਾਂ ਘਰ ਆ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ, ਪਰਮੇਸ਼ੁਰ ਦੇ ਹੁਕਮ ਅਨੁਸਾਰ ਅਰਾਮ ਕੀਤਾ।
ਯੂਹ 19:38–4238ਇਸ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲਾਸ਼ ਨੂੰ ਉੱਥੋਂ ਲੈ ਗਿਆ।
39ਨਿਕੋਦਿਮੁਸ ਯੂਸੁਫ਼ ਦੇ ਨਾਲ ਗਿਆ। ਨਿਕੋਦਿਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ। ਉਹ ਆਪਣੇ ਨਾਲ ਪੰਜਾਹ ਕੁ ਸੇਰ ਦੇ ਕਰੀਬ ਗੰਧਰਸ ਨਾਲ ਰਲੇ ਊਦ ਲਿਆਇਆ।
40ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲਾਸ਼ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰੀਤ ਮੁਤਾਬਕ ਸਮੱਗਰੀ ਪਾ ਕੇ ਇੱਕ ਪਤਲੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ।
41ਜਿਸ ਜਗ੍ਹਾ ਯਿਸੂ ਨੂੰ ਸਲੀਬ ਚੜਾਇਆ ਗਿਆ ਸੀ, ਉੱਥੇ ਇੱਕ ਬਾਗ਼ ਸੀ। ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ।
42ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਇਹ ਨੇੜੇ ਸੀ ਅਤੇ ਯਹੂਦੀਆਂ ਲਈ ਸਬਤ ਦੇ ਦਿਨ ਦੀ ਤਿਆਰੀ ਦਾ ਦਿਨ ਸੀ।
ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।
ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ