Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਯਿਸੂ ਦੇ ਦੁੱਖ

ਇੰਜੀਲਾਂ ਨਾਲ-ਨਾਲ · ਯਿਸੂ ਦੇ ਦੁੱਖ

ਪ੍ਰਧਾਨ ਜਾਜਕ ਅਤੇ ਮਹਾਂ ਸਭਾ ਦੇ ਅੱਗੇ

ਮੱਤੀ 26:57–68 · ਮਰਕੁ 14:53–65 · ਲੂਕਾ 22:63–71

ਮੱਤੀ

ਮੱਤੀ 26:57–68

57ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਪ੍ਰਧਾਨ ਜਾਜਕ ਕਯਾਫ਼ਾ ਦੇ ਕੋਲ ਜਿੱਥੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ, ਉਹ ਨੂੰ ਲੈ ਗਏ।

58ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ, ਕਿ ਅੰਤ ਨੂੰ ਵੇਖੇ।

59ਮੁੱਖ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਦੀ ਸੀ।

60ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ। ਪਰ ਆਖਿਰ ਨੂੰ ਦੋ ਜਣੇ ਅੱਗੇ ਆ ਕੇ ਬੋਲੇ,

61ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਹ ਨੂੰ ਬਣਾ ਸਕਦਾ ਹਾਂ।

62ਅਤੇ ਪ੍ਰਧਾਨ ਜਾਜਕ ਨੇ ਖੜ੍ਹੇ ਹੋ ਕੇ ਉਹ ਨੂੰ ਆਖਿਆ, ਕੀ ਤੂੰ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?

63ਪਰ ਯਿਸੂ ਚੁੱਪ ਹੀ ਰਿਹਾ ਅਤੇ ਪ੍ਰਧਾਨ ਜਾਜਕ ਨੇ ਉਹ ਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ ਕਿ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਾਨੂੰ ਦੱਸ।

64ਯਿਸੂ ਨੇ ਉਹ ਨੂੰ ਕਿਹਾ, ਤੂੰ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।

65ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਨੇ ਨਿੰਦਿਆ ਕੀਤੀ ਹੈ, ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਨਿੰਦਿਆ ਸੁਣੀ ਹੈ। ਤੁਹਾਡੀ ਕੀ ਸਲਾਹ ਹੈ?

66ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ।

67ਤਦ ਉਨ੍ਹਾਂ ਨੇ ਉਹ ਦੇ ਮੂੰਹ ਉੱਤੇ ਥੁੱਕਿਆ ਅਤੇ ਉਹ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ,

68ਹੇ ਮਸੀਹ, ਸਾਨੂੰ ਅਗੰਮ ਭਵਿੱਖਬਾਣੀ ਨਾਲ ਦੱਸ, ਤੈਨੂੰ ਕਿਸ ਨੇ ਮਾਰਿਆ?

ਮਰਕੁਸ

ਮਰਕੁ 14:53–65

53ਤਦ ਉਹ ਯਿਸੂ ਨੂੰ ਪ੍ਰਧਾਨ ਜਾਜਕ ਕੋਲ ਲੈ ਗਏ ਅਤੇ ਉਹ ਦੇ ਕੋਲ ਸਾਰੇ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਉਪਦੇਸ਼ਕ ਇਕੱਠੇ ਹੋਏ।

54ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਦੇ ਅੰਦਰ ਤੱਕ ਚੱਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ।

55ਤਦ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਨੇ ਯਿਸੂ ਦੇ ਵਿਰੁੱਧ ਉਹ ਨੂੰ ਜਾਨੋਂ ਮਾਰਨ ਲਈ ਗਵਾਹੀ ਭਾਲੀ, ਪਰ ਨਾ ਲੱਭੀ।

56ਬਹੁਤਿਆਂ ਨੇ ਉਹ ਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ।

57ਤਦ ਕਈਆਂ ਨੇ ਉੱਠ ਕੇ ਉਹ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ

58ਜੋ ਅਸੀਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨ੍ਹਾਂ ਹੱਥ ਲਾਏ ਬਣਾਵਾਂਗਾ।

59ਤਾਂ ਵੀ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ।

60ਤਦ ਪ੍ਰਧਾਨ ਜਾਜਕ ਵਿਚਾਲੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਕੀ ਤੂੰ ਕੁਝ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?

61ਪਰ ਉਹ ਚੁੱਪ ਹੀ ਰਿਹਾ ਅਤੇ ਕੁਝ ਜ਼ਵਾਬ ਨਾ ਦਿੱਤਾ ਤਾਂ ਪ੍ਰਧਾਨ ਜਾਜਕ ਨੇ ਫੇਰ ਉਹ ਨੂੰ ਪੁੱਛਿਆ, ਕੀ ਤੂੰ ਮਸੀਹ ਮੁਬਾਰਕ ਪਰਮੇਸ਼ੁਰ ਦਾ ਪੁੱਤਰ ਹੈਂ?

62ਯਿਸੂ ਨੇ ਆਖਿਆ, ਮੈਂ ਹਾਂ ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।

63ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ?

64ਤੁਸੀਂ ਇਹ ਕੁਫ਼ਰ ਸੁਣਿਆ, ਤੁਹਾਡੀ ਕੀ ਸਲਾਹ ਹੈ? ਤਦ ਉਨ੍ਹਾਂ ਸਭਨਾਂ ਨੇ ਉਹ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ।

65ਅਤੇ ਬਹੁਤ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਭਵਿੱਖਬਾਣੀ ਕਰਕੇ ਵਿਖਾ! ਅਤੇ ਸਿਪਾਹੀਆਂ ਨੇ ਉਹ ਨੂੰ ਲੈ ਕੇ ਚਪੇੜਾਂ ਮਾਰੀਆਂ।

ਲੂਕਾ

ਲੂਕਾ 22:63–71

63ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜ੍ਹਿਆ ਹੋਇਆ ਸੀ, ਉਹ ਉਸ ਦਾ ਠੱਠਾ ਕਰਨ ਅਤੇ ਮਾਰਨ ਲੱਗੇ।

64ਅਤੇ ਉਨ੍ਹਾਂ ਨੇ ਉਸ ਦੀਆਂ ਅੱਖਾਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਭਵਿੱਖਬਾਣੀ ਨਾਲ ਦੱਸ ਕਿ ਤੈਨੂੰ ਕਿਸ ਨੇ ਮਾਰਿਆ।

65ਉਨ੍ਹਾਂ ਨੇ ਕੁਫ਼ਰ ਬਕਦਿਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।

66ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਮੁੱਖ ਜਾਜਕ ਅਤੇ ਉਪਦੇਸ਼ਕ ਇਕੱਠੇ ਹੋ ਕੇ ਉਸ ਨੂੰ ਆਪਣੀ ਮਹਾਂ-ਸਭਾ ਵਿੱਚ ਲੈ ਗਏ ਅਤੇ ਬੋਲੇ,

67ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੀ ਵਿਸ਼ਵਾਸ ਨਾ ਕਰੋਗੇ।

68ਜੇਕਰ ਮੈਂ ਕੁਝ ਪੁੱਛਾਂ ਤਾਂ ਤੁਸੀਂ ਕਦੀ ਉੱਤਰ ਨਾ ਦਿਓਗੇ।

69ਪਰ ਇਸ ਤੋਂ ਬਾਅਦ ਮਨੁੱਖ ਦਾ ਪੁੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।

70ਤਦ ਉਨ੍ਹਾਂ ਸਭਨਾਂ ਨੇ ਆਖਿਆ, ਭਲਾ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਹੀ ਕਹਿੰਦੇ ਹੋ, ਮੈਂ ਹਾਂ।

71ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਗਵਾਹੀ ਦੀ ਹੋਰ ਕੀ ਲੋੜ ਹੈ? ਕਿਉਂ ਜੋ ਅਸੀਂ ਆਪ ਉਸ ਦੇ ਮੂੰਹੋਂ ਸੁਣਿਆ ਹੈ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ