47ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ।
48ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ੍ਹ ਲੈਣਾ।
49ਅਤੇ ਝੱਟ ਯਿਸੂ ਕੋਲ ਆ ਕੇ ਉਹ ਨੇ ਗੁਰੂ ਜੀ ਨਮਸਕਾਰ ਆਖਿਆ! ਅਤੇ ਉਹ ਨੂੰ ਚੁੰਮਿਆ।
50ਤਾਂ ਯਿਸੂ ਨੇ ਉਹ ਨੂੰ ਆਖਿਆ, ਮਿੱਤਰਾ ਕਿਵੇਂ ਆਇਆ? ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ੍ਹ ਲਿਆ।
51ਅਤੇ ਵੇਖੋ, ਯਿਸੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ।
52ਤਦ ਯਿਸੂ ਨੇ ਉਹ ਨੂੰ ਆਖਿਆ, ਆਪਣੀ ਤਲਵਾਰ ਮਿਆਨ ਵਿੱਚ ਪਾ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ।
53ਕੀ ਤੂੰ ਇਹ ਸਮਝਦਾ ਹੈਂ ਕਿ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵੱਧ ਮੇਰੇ ਕੋਲ ਹਾਜ਼ਰ ਨਾ ਕਰੇਗਾ?
54ਫੇਰ ਉਹ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਕਿ ਇਹ ਹੋਣਾ ਜ਼ਰੂਰੀ ਹੈ?
55ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰਾਂ ਅਤੇ ਡਾਂਗਾਂ ਫੜ੍ਹ ਕੇ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ।
56ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ।