Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਯਿਸੂ ਦੇ ਦੁੱਖ

ਇੰਜੀਲਾਂ ਨਾਲ-ਨਾਲ · ਯਿਸੂ ਦੇ ਦੁੱਖ

ਬਰੱਬਾ, ਅਤੇ ਸਜ਼ਾ ਦਾ ਫ਼ੈਸਲਾ

ਮੱਤੀ 27:15–26 · ਮਰਕੁ 15:6–15 · ਲੂਕਾ 23:13–25 · ਯੂਹ 18:39–40; 19:1–16

ਮੱਤੀ

ਮੱਤੀ 27:15–26

15ਅਤੇ ਹਾਕਮ ਦਾ ਇਹ ਰਿਵਾਜ਼ ਸੀ ਜੋ ਉਸ ਤਿਉਹਾਰ ਤੇ ਲੋਕਾਂ ਦੇ ਲਈ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ, ਜਿਸ ਨੂੰ ਉਹ ਚਾਹੁੰਦੇ ਸਨ।

16ਅਤੇ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ।

17ਸੋ ਜਦ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ, ਬਰੱਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ?

18ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਉਸ ਨੂੰ ਈਰਖਾ ਦੇ ਕਾਰਨ ਹਵਾਲੇ ਕੀਤਾ ਸੀ।

19ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਹ ਦੀ ਪਤਨੀ ਨੇ ਉਹ ਨੂੰ ਸੁਨੇਹਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫ਼ਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਦੇਖਿਆ।

20ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਭੜਕਾਇਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ।

21ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ? ਉਹ ਬੋਲੇ, ਬਰੱਬਾ ਨੂੰ!

22ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ, ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਤੇ ਚੜ੍ਹਾ ਦਿਓ!

23ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ? ਪਰ ਉਨ੍ਹਾਂ ਨੇ ਹੋਰ ਵੀ ਰੌਲ਼ਾ ਪਾ ਕੇ ਆਖਿਆ, ਇਸ ਨੂੰ ਸਲੀਬ ਤੇ ਚੜ੍ਹਾ ਦਿਓ!

24ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ, ਸਗੋਂ ਹੋਰ ਵੀ ਰੌਲ਼ਾ ਪੈਂਦਾ ਜਾਂਦਾ ਹੈ, ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ! ਤੁਸੀਂ ਜਾਣੋ।

25ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਤੇ ਸਾਡੀ ਔਲਾਦ ਉੱਤੇ ਹੋਵੇ!

26ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੇ ਲਈ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।

ਮਰਕੁਸ

ਮਰਕੁ 15:6–15

6ਉਹ ਉਸ ਤਿਉਹਾਰ ਉੱਤੇ ਇੱਕ ਕੈਦੀ ਜਿਸ ਦੇ ਲਈ ਲੋਕ ਅਰਜ਼ ਕਰਦੇ ਸਨ ਉਨ੍ਹਾਂ ਦੀ ਖ਼ਾਤਰ ਛੱਡਦਾ ਹੁੰਦਾ ਸੀ।

7ਬਰੱਬਾ ਨਾਮ ਦਾ ਇੱਕ ਮਨੁੱਖ ਸੀ ਜਿਹੜਾ ਉਨ੍ਹਾਂ ਫਸਾਦੀਆਂ ਦੇ ਨਾਲ ਸੀ ਜਿਨ੍ਹਾਂ ਫਸਾਦ ਵਿੱਚ ਖੂਨ ਕੀਤਾ ਕੈਦ ਵਿੱਚ ਪਿਆ ਹੋਇਆ ਸੀ।

8ਅਤੇ ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਜੋ ਦਸਤੂਰ ਅਨੁਸਾਰ ਸਾਡੇ ਲਈ ਕਰੋ।

9ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?

10ਕਿਉਂ ਜੋ ਉਹ ਨੇ ਮਲੂਮ ਕੀਤਾ ਸੀ ਜੋ ਮੁੱਖ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ।

11ਪਰ ਮੁੱਖ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰੱਬਾ ਹੀ ਉਨ੍ਹਾਂ ਦੀ ਖ਼ਾਤਰ ਛੱਡ ਦੇਵੇ।

12ਪਿਲਾਤੁਸ ਨੇ ਅੱਗੋਂ ਉਨ੍ਹਾਂ ਨੂੰ ਫਿਰ ਆਖਿਆ, ਤਾਂ ਜਿਹ ਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ ਮੈਂ ਉਸ ਨਾਲ ਕੀ ਕਰਾਂ?

13ਉਹ ਫੇਰ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!

14ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਕਿਉਂ? ਇਸ ਨੇ ਕੀ ਬੁਰਿਆਈ ਕੀਤੀ ਹੈ? ਪਰ ਉਹ ਹੋਰ ਵੀ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!

15ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।

ਲੂਕਾ

ਲੂਕਾ 23:13–25

13ਤਦ ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਹਾਕਮਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ

14ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਤੇ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ-ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦਾ ਦੋਸ਼ ਤੁਸੀਂ ਇਸ ਉੱਤੇ ਲਾਇਆ ਹੈ, ਮੈਂ ਉਨ੍ਹਾਂ ਦੇ ਬਾਰੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ।

15ਅਤੇ ਨਾ ਹੇਰੋਦੇਸ ਨੇ ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਅਤੇ ਵੇਖੋ, ਇਸ ਮਨੁੱਖ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ।

16ਇਸ ਲਈ ਮੈਂ ਉਸ ਨੂੰ ਕੋਰੜੇ ਮਾਰ ਕੇ ਰਿਹਾ ਕਰ ਦਿਆਂਗਾ।

17(ਇਹ ਉਹਨਾਂ ਲਈ ਜ਼ਰੂਰੀ ਸੀ ਕਿ ਤਿਉਹਾਰ ਤੇ ਕਿਸੇ ਇੱਕ ਨੂੰ ਰਿਹਾਈ ਦਿੱਤੀ ਜਾਵੇ)

18ਤਦ ਉਨ੍ਹਾਂ ਸਭਨਾਂ ਨੇ ਰਲ ਕੇ ਰੌਲ਼ਾ ਪਾਇਆ ਅਤੇ ਆਖਿਆ ਕਿ ਇਸ ਨੂੰ ਮਾਰ ਦਿਓ! ਅਤੇ ਬਰੱਬਾ ਨੂੰ ਸਾਡੇ ਲਈ ਰਿਹਾ ਕਰ ਦਿਓ!

19ਜੋ ਸ਼ਹਿਰ ਵਿੱਚ ਹੋਏ ਕਿਸੇ ਫਸਾਦ ਦੇ ਕਾਰਨ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ।

20ਤਦ ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਸਮਝਾਇਆ, ਕਿਉਂ ਜੋ ਉਹ ਯਿਸੂ ਨੂੰ ਛੱਡਣ ਦੀ ਇੱਛਾ ਰੱਖਦਾ ਸੀ।

21ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲੇ ਕਿ ਇਸ ਨੂੰ ਸਲੀਬ ਤੇ ਚੜਾਓ! ਸਲੀਬ ਚੜਾਓ!

22ਉਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਅਪਰਾਧ ਕੀਤਾ ਹੈ? ਮੈਂ ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਰਿਹਾ ਕਰ ਦਿਆਂਗਾ।

23ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਰੌਲ਼ਾ ਪਾ ਕੇ ਉਸ ਦੇ ਪਿੱਛੇ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਉਸ ਉੱਤੇ ਭਾਰੀਆਂ ਪੈ ਗਈਆਂ।

24ਤਦ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਮੰਗ ਦੇ ਅਨੁਸਾਰ ਹੋਵੇ।

25ਅਤੇ ਉਸ ਨੂੰ ਜਿਹੜਾ ਫਸਾਦ ਅਤੇ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਸ ਨੂੰ ਉਹ ਮੰਗਦੇ ਸਨ, ਰਿਹਾ ਕਰ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।

ਯੂਹੰਨਾ

ਯੂਹ 18:39–40; 19:1–16

18:39ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਛੱਡਦਾ ਹਾਂ। ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?”

18:40ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਬੋਲੇ, “ਨਹੀਂ, ਉਸ ਨੂੰ ਨਹੀਂ, ਪਰ ਤੂੰ ਬਰੱਬਾ ਨੂੰ ਛੱਡ ਦੇ।” ਬਰੱਬਾ ਇੱਕ ਡਾਕੂ ਸੀ।

19:1ਤਦ ਫੇਰ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਾਰਨ ਦਾ ਹੁਕਮ ਦਿੱਤਾ।

19:2ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ।

19:3ਉਹ ਸੈਨਿਕ ਉਸ ਨੂੰ ਮਜ਼ਾਕ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸਕਾਰ।” ਇਸ ਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ।

19:4ਪਿਲਾਤੁਸ ਨੇ ਫਿਰ ਬਾਹਰ ਨਿੱਕਲ ਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ। ਤਾਂ ਜੋ ਤੁਸੀਂ ਵੀ ਜਾਣੋ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁਝ ਵੀ ਨਹੀਂ ਲੱਭਿਆ।”

19:5ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਤੇ ਬੈਂਗਣੀ ਚੋਗਾ ਪਾਇਆ ਹੋਇਆ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ।”

19:6ਜਦੋਂ ਮੁੱਖ ਜਾਜਕਾਂ ਅਤੇ ਸਿਪਾਹੀਆਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲ਼ਾ ਪਾਇਆ, “ਇਸ ਨੂੰ ਸਲੀਬ ਦਿਓ! ਸਲੀਬ ਦਿਓ!” ਪਰ ਪਿਲਾਤੁਸ ਨੇ ਆਖਿਆ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸ ਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਲੱਭਿਆ।”

19:7ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸ ਨੇ ਇਹ ਆਖਿਆ ਹੈ ਕਿ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।”

19:8ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ।

19:9ਉਹ ਮੁੜ ਕਚਹਿਰੀ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਜ਼ਵਾਬ ਨਾ ਦਿੱਤਾ।

19:10ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਸ਼ਕਤੀ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਦੇਵਾਂ?”

19:11ਯਿਸੂ ਨੇ ਕਿਹਾ, “ਇਹ ਅਧਿਕਾਰ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤਾ ਹੋਇਆ ਹੈ। ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀਂ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ।”

19:12ਇਸ ਤੋਂ ਬਾਅਦ ਪਿਲਾਤੁਸ ਨੇ ਯਿਸੂ ਨੂੰ ਅਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਯਹੂਦੀ ਰੌਲ਼ਾ ਪਾ ਰਹੇ ਸਨ, “ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸ ਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ।”

19:13ਪਿਲਾਤੁਸ ਇਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਪੱਥਰ ਦੇ ਚਬੂਤਰੇ ਦੇ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗਬਥਾ ਆਖਿਆ ਜਾਂਦਾ ਹੈ) ਅਤੇ ਅਦਾਲਤ ਦੀ ਗੱਦੀ ਤੇ ਬੈਠ ਗਿਆ।

19:14ਇਹ ਤਕਰੀਬਨ ਦੁਪਹਿਰ ਦਾ ਵੇਲਾ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਹੈ।”

19:15ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।” ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?” ਮੁੱਖ ਜਾਜਕਾਂ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”

19:16ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਸਿਪਾਹੀ ਯਿਸੂ ਨੂੰ ਲੈ ਗਏ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ