Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਉਪਦੇਸ਼

ਇੰਜੀਲਾਂ ਨਾਲ-ਨਾਲ · ਉਪਦੇਸ਼

ਬੀਜਣ ਵਾਲੇ ਦਾ ਦ੍ਰਿਸ਼ਟਾਂਤ

ਮੱਤੀ 13:1–9 · ਮਰਕੁ 4:1–9 · ਲੂਕਾ 8:4–8

ਮੱਤੀ

ਮੱਤੀ 13:1–9

1ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ।

2ਅਤੇ ਬਹੁਤ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋ ਗਈ, ਸੋ ਉਹ ਬੇੜੀ ਤੇ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ।

3ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਆਖੀਆਂ ਕਿ ਵੇਖੋ ਇੱਕ ਬੀਜ ਬੀਜਣ ਵਾਲਾ, ਬੀਜਣ ਨੂੰ ਨਿੱਕਲਿਆ।

4ਅਤੇ ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀ ਆ ਕੇ ਉਸ ਨੂੰ ਚੁਗ ਲੈ ਗਏ

5ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਾਰਨ ਉਹ ਛੇਤੀ ਉੱਗ ਪਿਆ।

6ਪਰ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।

7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ।

8ਅਤੇ ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਫਲ ਲਿਆਇਆ, ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ।

9ਜਿਸ ਦੇ ਕੰਨ ਹੋਣ ਉਹ ਸੁਣੇ।

ਮਰਕੁਸ

ਮਰਕੁ 4:1–9

1ਉਹ ਫੇਰ ਝੀਲ ਦੇ ਕਿਨਾਰੇ ਉੱਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਐਨੀ ਵੱਡੀ ਭੀੜ ਉਹ ਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਝੀਲ ਦੇ ਕਿਨਾਰੇ ਧਰਤੀ ਉੱਤੇ ਰਹੀ।

2ਤੇ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ,

3ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ।

4ਅਤੇ ਇਸ ਤਰ੍ਹਾਂ ਹੋਇਆ ਕਿ ਉਹ ਦੇ ਬੀਜਦਿਆਂ ਕੁਝ ਰਾਹ ਦੇ ਕੰਢੇ ਡਿੱਗ ਪਏ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ।

5ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਕਰਕੇ ਉਹ ਛੇਤੀ ਉੱਗ ਪਿਆ।

6ਅਤੇ ਜਦੋਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।

7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਹ ਨੂੰ ਦਬਾ ਲਿਆ ਅਤੇ ਉਹ ਨਾ ਫਲਿਆ।

8ਪਰ ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਉੱਗਦਿਆਂ ਸਾਰ ਵਧਿਆ ਅਤੇ ਫਲਿਆ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ, ਕੁਝ ਸੌ ਗੁਣਾ ਫਲ ਦਿੱਤਾ।

9ਫੇਰ ਉਹ ਨੇ ਕਿਹਾ, ਜਿਹ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ।

ਲੂਕਾ

ਲੂਕਾ 8:4–8

4ਜਦ ਵੱਡੀ ਭੀੜ ਇਕੱਠੀ ਸੀ ਅਤੇ ਨਗਰਾਂ ਦੇ ਲੋਕ ਉਸ ਦੇ ਕੋਲ ਆਉਂਦੇ ਸਨ, ਤਾਂ ਉਸ ਨੇ ਦ੍ਰਿਸ਼ਟਾਂਤ ਨਾਲ ਆਖਿਆ

5ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁਝ ਬੀਜ ਸੜਕ ਦੇ ਕੰਢੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ।

6ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜੋ ਉੱਗਦਿਆਂ ਹੀ ਸੁੱਕ ਗਏ ਕਿਉਂ ਜੋ ਉਹਨਾਂ ਨੂੰ ਪਾਣੀ ਨਾ ਮਿਲਿਆ।

7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਲੀਆਂ ਝਾੜੀਆਂ ਨੇ ਨਾਲ ਹੀ ਵੱਧ ਕੇ ਉਹਨਾਂ ਨੂੰ ਦਬਾ ਲਿਆ।

8ਅਤੇ ਕੁਝ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਉੱਗ ਕੇ ਸੌ ਗੁਣਾ ਫਲ ਦਿੱਤਾ। ਉਹ ਇਹ ਗੱਲਾਂ ਕਹਿ ਕੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ!

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ