Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਉਪਦੇਸ਼

ਇੰਜੀਲਾਂ ਨਾਲ-ਨਾਲ · ਉਪਦੇਸ਼

ਵਿਆਹ ਦੀ ਦਾਵਤ

ਮੱਤੀ 22:1–14 · ਲੂਕਾ 14:15–24

ਮੱਤੀ

ਮੱਤੀ 22:1–14

1ਯਿਸੂ ਨੇ ਉਨ੍ਹਾਂ ਦੇ ਨਾਲ ਫਿਰ ਦ੍ਰਿਸ਼ਟਾਂਤਾਂ ਵਿੱਚ ਕਿਹਾ,

2ਸਵਰਗ ਰਾਜ ਕਿਸੇ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ।

3ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਨੌਕਰਾਂ ਨੂੰ ਭੇਜਿਆ ਪਰ ਉਹ ਆਉਣ ਲਈ ਤਿਆਰ ਨਾ ਹੋਏ।

4ਫਿਰ ਉਹ ਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ ਜੋ ਸੱਦੇ ਹੋਇਆਂ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ ਅਤੇ ਮੇਰੇ ਬੈਲ ਤੇ ਮੋਟੇ-ਮੋਟੇ ਜਾਨਵਰ ਵੱਢੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਆਓ।

5ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਵਣਜ-ਵਪਾਰ ਨੂੰ,

6ਅਤੇ ਕਈਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਅਤੇ ਮਾਰ ਸੁੱਟਿਆ।

7ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਭੇਜ ਕੇ ਉਨ੍ਹਾਂ ਖ਼ੂਨੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।

8ਤਦ ਉਸ ਨੇ ਆਪਣੇ ਨੌਕਰਾਂ ਨੂੰ ਆਖਿਆ, ਵਿਆਹ ਦਾ ਸਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਯੋਗ ਨਹੀਂ ਹਨ।

9ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।

10ਤਦ ਉਹ ਨੌਕਰ ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।

11ਪਰ ਜਦ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਦ ਉੱਥੇ ਇੱਕ ਮਨੁੱਖ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ।

12ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਬਿਨ੍ਹਾਂ ਕਿਵੇਂ ਅੰਦਰ ਆਇਆ? ਪਰ ਉਹ ਚੁੱਪ ਹੀ ਰਿਹਾ।

13ਤਦ ਰਾਜੇ ਨੇ ਸੇਵਾਦਾਰਾਂ ਨੂੰ ਆਖਿਆ, ਇਹ ਦੇ ਹੱਥ-ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।

14ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ।

ਲੂਕਾ

ਲੂਕਾ 14:15–24

15ਉਸ ਦੇ ਨਾਲ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਯਿਸੂ ਨੂੰ ਕਿਹਾ ਕਿ ਧੰਨ ਉਹ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਭੋਜਨ ਕਰੇਗਾ।

16ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਦਾਵਤ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ।

17ਅਤੇ ਉਸ ਨੇ ਭੋਜਨ ਦੇ ਸਮੇਂ ਆਪਣੇ ਨੌਕਰ ਨੂੰ ਭੇਜਿਆ ਜੋ ਉਹ ਸੱਦੇ ਹੋਇਆਂ ਨੂੰ ਆਖੇ ਕਿ ਆਓ ਕਿਉਂ ਜੋ ਹੁਣ ਸਭ ਕੁਝ ਤਿਆਰ ਹੈ

18ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।

19ਅਤੇ ਦੂਜੇ ਨੇ ਆਖਿਆ, ਮੈਂ ਬਲ਼ਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ।

20ਅਤੇ ਹੋਰ ਨੇ ਆਖਿਆ, ਮੇਰਾ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ।

21ਤਦ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਹ ਗੱਲਾਂ ਦੱਸੀਆਂ। ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ ਜਲਦੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾ ਅਤੇ ਕੰਗਾਲਾਂ, ਟੁੰਡਿਆਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ।

22ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸੀਂ ਹੁਕਮ ਦਿੱਤਾ ਸੀ। ਉਸੇ ਤਰ੍ਹਾਂ ਹੀ ਹੋਇਆ ਹੈ ਪਰ ਅਜੇ ਜਗ੍ਹਾ ਖਾਲੀ ਹੈ।

23ਮਾਲਕ ਨੇ ਨੌਕਰ ਨੂੰ ਕਿਹਾ ਕਿ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨ੍ਹਿਆ ਵੱਲ ਜਾ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਮਹਿਮਾਨਾਂ ਨਾਲ ਭਰ ਜਾਵੇ।

24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰੇ ਭੋਜ ਵਿੱਚ ਸ਼ਾਮਲ ਨਹੀਂ ਹੋਵੇਗਾ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ