ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 26
ਆਰਥੋਡਾਕਸ ਕੈਲੰਡਰ · 13 ਅਪ੍ਰੈਲ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 26 ਅਪ੍ਰੈਲ 2027
ਸੋਮਵਾਰ · ਪਵਿੱਤਰ ਹਫ਼ਤਾ
ਤਿਉਹਾਰ ਅਤੇ ਸੰਤ
ਮਹਾਨ ਅਤੇ ਪਵਿੱਤਰ ਸੋਮਵਾਰ
ਵੱਡਾ ਚਾਲੀਸਾ
ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਇੰਜੀਲ (ਲਾੜੇ ਦੀ ਸਵੇਰ ਦੀ ਪ੍ਰਾਰਥਨਾ)
18ਜਦ ਤੜਕੇ ਉਹ ਸ਼ਹਿਰ ਨੂੰ ਮੁੜਿਆ ਜਾਂਦਾ ਸੀ, ਤਾਂ ਉਸ ਨੂੰ ਭੁੱਖ ਲੱਗੀ। 19ਅਤੇ ਰਸਤੇ ਕੋਲ ਹੰਜ਼ੀਰ ਦਾ ਇੱਕ ਰੁੱਖ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਿਆਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਬਾਅਦ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜ਼ੀਰ ਦਾ ਦਰਖ਼ੱਤ ਸੁੱਕ ਗਿਆ। 20ਅਤੇ ਚੇਲੇ ਇਹ ਵੇਖ ਕੇ ਹੈਰਾਨ ਹੋਏ ਅਤੇ ਬੋਲੇ ਕਿ ਹੰਜ਼ੀਰ ਦਾ ਰੁੱਖ਼ ਐਨੀ ਜਲਦੀ ਕਿਵੇਂ ਸੁੱਕ ਗਿਆ? 21ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਨੂੰ ਵਿਸ਼ਵਾਸ ਹੋਵੇ ਅਤੇ ਤੁਸੀਂ ਭਰਮ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਹੰਜ਼ੀਰ ਦੇ ਦਰਖ਼ਤ ਨਾਲ ਹੋਇਆ ਸਗੋਂ ਜੇ ਤੁਸੀਂ ਇਸ ਪਹਾੜ ਨੂੰ ਆਖੋ ਜੋ ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ, ਤਾਂ ਅਜਿਹਾ ਹੋ ਜਾਵੇਗਾ। 22ਅਤੇ ਸਭ ਕੁਝ ਜੋ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰ ਕੇ ਮੰਗੋ ਸੋ ਪਾਓਗੇ। 23ਜਦ ਉਹ ਹੈਕਲ ਵਿੱਚ ਆ ਕੇ ਉਪਦੇਸ਼ ਦਿੰਦਾ ਸੀ ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਹ ਦੇ ਕੋਲ ਆਏ ਅਤੇ ਬੋਲੇ, ਤੂੰ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਅਤੇ ਇਹ ਅਧਿਕਾਰ ਕਿਸ ਨੇ ਤੈਨੂੰ ਦਿੱਤਾ? 24ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਵੀ ਤੁਹਾਡੇ ਤੋਂ ਇੱਕ ਗੱਲ ਪੁੱਛਦਾ ਹਾਂ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਹੜੇ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 25ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸਵਰਗ ਵੱਲੋਂ ਜਾਂ ਮਨੁੱਖਾਂ ਵੱਲੋਂ? ਅਤੇ ਉਹ ਆਪਸ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ, ਜੇ ਆਖੀਏ, “ਸਵਰਗ ਵੱਲੋਂ” ਤਾਂ ਉਹ ਸਾਨੂੰ ਕਹੇਗਾ, ਫੇਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ? 26ਅਤੇ ਜੇ ਆਖੀਏ, “ਮਨੁੱਖਾਂ ਵੱਲੋਂ” ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ। 27ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, ਅਸੀਂ ਨਹੀਂ ਜਾਣਦੇ। ਉਸ ਨੇ ਵੀ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਅਧਿਕਾਰ ਨਾਲ ਮੈਂ ਇਹ ਕੰਮ ਕਰਦਾ ਹਾਂ। 28ਪਰ ਤੁਸੀਂ ਕੀ ਸਮਝਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆ ਕੇ ਬੋਲਿਆ, ਪੁੱਤਰ ਜਾ। ਅੱਜ ਅੰਗੂਰੀ ਬਾਗ਼ ਵਿੱਚ ਕੰਮ ਕਰ। 29ਅਤੇ ਉਸ ਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ ਪਰ ਬਾਅਦ ਵਿੱਚ ਪਛਤਾਇਆ ਅਤੇ ਚਲਾ ਗਿਆ। 30ਫੇਰ ਦੂਜੇ ਦੇ ਕੋਲ ਆ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿੱਤਾ, ਠੀਕ ਹੈ ਜੀ, ਪਰ ਨਾ ਗਿਆ। 31ਸੋ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਉਨ੍ਹਾਂ ਆਖਿਆ ਪਹਿਲੇ ਨੇ। ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਚੂੰਗੀ ਲੈਣ ਵਾਲੇ ਅਤੇ ਵੇਸਵਾ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਵੜਨਗੇ। 32ਕਿਉਂ ਜੋ ਯੂਹੰਨਾ ਧਾਰਮਿਕਤਾ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸੀਂ ਉਸ ਉੱਤੇ ਵਿਸ਼ਵਾਸ ਨਾ ਕੀਤਾ ਪਰ ਮਸੂਲੀਆਂ ਅਤੇ ਕੰਜਰੀਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਤੁਸੀਂ ਇਹ ਵੇਖ ਕੇ ਬਾਅਦ ਵਿੱਚ ਵੀ ਨਾ ਪਛਤਾਏ ਕਿ ਉਸ ਉੱਤੇ ਵਿਸ਼ਵਾਸ ਕਰਦੇ। 33ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਕੀਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। 34ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ। 35ਅਤੇ ਮਾਲੀਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਉ ਕੀਤਾ। 36ਫੇਰ ਉਸ ਨੇ ਪਹਿਲਾਂ ਨਾਲੋਂ ਵੱਧ ਨੌਕਰਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ। 37ਅੰਤ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ। 38ਪਰ ਮਾਲੀਆਂ ਨੇ ਜਦ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। 39ਅਤੇ ਉਨ੍ਹਾਂ ਉਸ ਨੂੰ ਫੜਿਆ ਅਤੇ ਬਾਗ਼ੋਂ ਬਾਹਰ ਕੱਢ ਕੇ ਮਾਰ ਸੁੱਟਿਆ। 40ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ? 41ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ। 42ਯਿਸੂ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਪਵਿੱਤਰ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ। 43ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਅਤੇ ਪਰਾਈ ਕੌਮ ਨੂੰ ਦਿੱਤਾ ਜਾਵੇਗਾ, ਜਿਹੜੀ ਉਹ ਦੇ ਫਲ ਦੇਵੇ।
ਛੇਵਾਂ ਘੰਟਾ
1ਤੀਹਵੇਂ ਸਾਲ ਦੇ ਚੌਥੇ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਗੁਲਾਮਾਂ ਦੇ ਵਿਚਕਾਰ ਸੀ, ਤਾਂ ਅਕਾਸ਼ ਖੁੱਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਦੇਖੇ। 2ਉਸ ਮਹੀਨੇ ਦੀ ਪੰਜ ਤਾਰੀਖ਼ ਨੂੰ ਯਹੋਯਾਕੀਨ ਰਾਜੇ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ 3ਯਹੋਵਾਹ ਦਾ ਬਚਨ, ਬੂਜ਼ੀ ਦੇ ਪੁੱਤਰ ਹਿਜ਼ਕੀਏਲ ਜਾਜਕ ਕੋਲ ਆਇਆ, ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ। 4ਜਦੋਂ ਮੈਂ ਵੇਖਿਆ ਤਾਂ ਵੇਖੋ, ਉੱਤਰ ਵੱਲੋਂ ਵੱਡੀ ਹਨੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ। 5ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ, 6ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ 7ਅਤੇ ਉਹਨਾਂ ਦੇ ਪੈਰ ਸਿੱਧੇ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਰਗੀਆਂ ਸਨ ਅਤੇ ਉਹ ਮਾਂਜੇ ਹੋਏ ਪਿੱਤਲ ਵਾਂਗੂੰ ਚਮਕਦੇ ਸਨ। 8ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਇਸ ਤਰ੍ਹਾਂ ਸਨ 9ਕਿ ਉਹਨਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ। ਉਹ ਤੁਰਦੇ ਹੋਏ ਮੁੜਦੇ ਨਹੀਂ ਸਨ, ਉਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ। 10ਉਹਨਾਂ ਦੇ ਚਿਹਰੇ ਮਨੁੱਖ ਦੇ ਚਿਹਰੇ ਵਰਗੇ ਸਨ, ਉਹਨਾਂ ਚਾਰਾਂ ਦੇ ਸੱਜੇ ਪਾਸੇ ਬੱਬਰ ਸ਼ੇਰ ਦੇ ਚਿਹਰੇ ਸਨ, ਉਹਨਾਂ ਚਾਰਾਂ ਦੇ ਖੱਬੇ ਪਾਸੇ ਬਲ਼ਦ ਦੇ ਚਿਹਰੇ ਸਨ ਅਤੇ ਉਹਨਾਂ ਪਿੱਛਲੇ ਪਾਸੇ ਉਕਾਬ ਦੇ ਚਿਹਰੇ ਸਨ। 11ਉਹਨਾਂ ਦੇ ਚਿਹਰੇ ਅਤੇ ਉਹਨਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਬਾਕੀ ਦੋ-ਦੋ ਖੰਭਾਂ ਨਾਲ ਉਹਨਾਂ ਦਾ ਸਰੀਰ ਢੱਕਿਆ ਹੋਇਆ ਸੀ। 12ਉਹਨਾਂ ਵਿੱਚੋਂ ਹਰੇਕ ਸਿੱਧਾ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ, ਜਿੱਧਰ ਜਾਣ ਨੂੰ ਆਤਮਾ ਅਗਵਾਈ ਕਰਦਾ ਸੀ, ਉਹ ਜਾਂਦੇ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। 13ਉਹਨਾਂ ਜੀਵਾਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸ਼ਾਲਾਂ ਵਰਗਾ ਸੀ, ਇੱਕ ਚਮਕਦੀ ਹੋਈ ਅੱਗ ਜੀਵਾਂ ਦੇ ਵਿਚਾਲੇ ਇੱਧਰ-ਉੱਧਰ ਆਉਂਦੀ ਜਾਂਦੀ ਸੀ ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ। 14ਜੀਵਾਂ ਦਾ ਦੌੜਨਾ ਅਤੇ ਮੁੜਨਾ ਬਿਜਲੀ ਵਾਂਗੂੰ ਦਿਖਾਈ ਦਿੰਦਾ ਸੀ। 15ਮੈਂ ਉਹਨਾਂ ਜੀਵਾਂ ਨੂੰ ਵੇਖਿਆ ਤਾਂ ਵੇਖੋ, ਕਿ ਉਹਨਾਂ ਚਾਰਾਂ ਜੀਵਾਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ-ਇੱਕ ਪਹੀਆ ਸੀ। 16ਉਹਨਾਂ ਪਹੀਆਂ ਦਾ ਰੂਪ ਅਤੇ ਬਣਾਵਟ ਇਹ ਸੀ: ਹਰੇਕ ਪਹੀਆ ਪੁਖਰਾਜ ਵਾਂਗੂੰ ਚਮਕਦਾ ਸੀ ਅਤੇ ਉਹ ਚਾਰੇ ਇੱਕੋ ਜਿਹੇ ਸਨ; ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਵਿੱਚ ਹੋਵੇ। 17ਜਦੋਂ ਪਹੀਏ ਚੱਲਦੇ ਸਨ, ਉਹ ਕਿਸੇ ਵੀ ਦਿਸ਼ਾ ਦੇ ਵਿੱਚ ਚੱਲਦੇ ਹੋਏ, ਕਿਸੇ ਹੋਰ ਦਿਸ਼ਾ ਦੇ ਵਿੱਚ ਮੁੜਦੇ ਨਹੀਂ ਸਨ। 18ਉਹਨਾਂ ਦੇ ਚੱਕੇ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਹਨਾਂ ਚਾਰਾਂ ਚੱਕਿਆਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ। 19ਜਦੋਂ ਉਹ ਜੀਵ ਤੁਰਦੇ ਸਨ, ਤਾਂ ਉਹਨਾਂ ਦੇ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਉਹ ਜੀਵ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਪਹੀਏ ਵੀ ਚੁੱਕੇ ਜਾਂਦੇ ਸਨ। 20ਜਿੱਥੇ ਕਿਤੇ ਆਤਮਾ ਜਾਣਾ ਚਾਹੁੰਦਾ ਸੀ, ਉਹ ਜਾਂਦੇ ਸਨ। ਪਹੀਏ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਵਿੱਚ ਸੀ।
ਸ਼ਾਮ ਦੀ ਪ੍ਰਾਰਥਨਾ: ਪਾਠ
1ਹੁਣ ਇਸਰਾਏਲ ਦੇ ਪੁੱਤਰਾਂ ਦੇ ਨਾਮ, ਜਿਹੜੇ ਮਿਸਰ ਵਿੱਚ ਇੱਕ-ਇੱਕ ਜਣਾ ਆਪੋ ਆਪਣੇ ਟੱਬਰ ਨਾਲ ਯਾਕੂਬ ਦੇ ਨਾਲ ਆਏ ਸੋ ਇਹ ਹਨ; 2ਰਊਬੇਨ ਸ਼ਿਮਓਨ ਲੇਵੀ ਯਹੂਦਾਹ 3ਯਿੱਸਾਕਾਰ ਜ਼ਬੂਲੁਨ ਬਿਨਯਾਮੀਨ 4ਦਾਨ ਨਫ਼ਤਾਲੀ ਗਾਦ ਅਤੇ ਆਸ਼ੇਰ। 5ਇਸ ਤਰ੍ਹਾਂ ਇਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿੱਕਲੇ ਸੱਤਰ ਪ੍ਰਾਣੀ ਸਨ ਅਤੇ ਯੂਸੁਫ਼ ਮਿਸਰ ਵਿੱਚ ਹੀ ਸੀ। 6ਯੂਸੁਫ਼, ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ। 7ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ, ਵਧ ਕੇ ਬਹੁਤ ਬਲਵੰਤ ਹੋ ਗਏ ਕਿ ਧਰਤੀ ਉਨ੍ਹਾਂ ਨਾਲ ਭਰ ਗਈ। 8ਤਦ ਮਿਸਰ ਵਿੱਚ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਡੇ ਨਾਲੋਂ ਵਧੀਕ ਅਤੇ ਬਲਵੰਤ ਹਨ। 10ਆਓ ਅਸੀਂ ਉਨ੍ਹਾਂ ਨਾਲ ਸਮਝ ਨਾਲ ਵਰਤਾਓ ਕਰੀਏ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਉਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਇਸ ਦੇਸ਼ ਤੋਂ ਉਤਾਹਾਂ ਨੂੰ ਚਲੇ ਜਾਣ। 11ਤਦ ਉਸ ਉਨ੍ਹਾਂ ਦੇ ਉੱਪਰ ਬੇਗ਼ਾਰੀਆਂ ਦੇ ਕੋਰੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ। 12ਪਰ ਜਿੰਨਾਂ ਉਹ ਉਨ੍ਹਾਂ ਨੂੰ ਦੁੱਖ ਦਿੰਦੇ ਸਨ ਉਹ ਉੱਨਾ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਇਸ ਤਰ੍ਹਾਂ ਉਹ ਇਸਰਾਏਲੀਆਂ ਤੋਂ ਅੱਕ ਗਏ। 13ਉਪਰੰਤ ਮਿਸਰੀ ਇਸਰਾਏਲੀਆਂ ਤੋਂ ਸਖ਼ਤੀ ਨਾਲ ਟਹਿਲ ਕਰਾਉਣ ਲੱਗੇ। 14ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ। ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਸਖ਼ਤੀ ਨਾਲ ਸੀ। 15ਤਦ ਮਿਸਰ ਦੇ ਰਾਜੇ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਿਫਰਾਹ ਅਤੇ ਦੂਜੀ ਦਾ ਨਾਮ ਫੂਆਹ ਸੀ ਆਖਿਆ 16ਜਦ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਤੇ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇਕਰ ਉਹ ਪੁੱਤਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇਕਰ ਧੀ ਹੋਵੇ ਤਾਂ ਉਹ ਜਿਉਂਦੀ ਰਹੇ। 17ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਉਹ ਮੁੰਡਿਆਂ ਨੂੰ ਜਿਉਂਦੇ ਰੱਖਦੀਆਂ ਸਨ। 18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸੀਂ ਇਹ ਗੱਲ ਕਿਉਂ ਕੀਤੀ ਕਿ ਮੁੰਡਿਆਂ ਨੂੰ ਜਿਉਂਦੇ ਰਹਿਣ ਦਿੱਤਾ? 19ਫਿਰ ਦਾਈਆਂ ਨੇ ਫ਼ਿਰਊਨ ਨੂੰ ਆਖਿਆ ਕਿ ਇਬਰਾਨੀ ਔਰਤਾਂ ਮਿਸਰੀ ਔਰਤਾਂ ਵਾਂਗੂੰ ਨਹੀਂ ਹਨ ਕਿਉਂ ਜੋ ਉਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ। 20ਇਸ ਲਈ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਉਹ ਲੋਕ ਵਧ ਗਏ ਅਤੇ ਬਹੁਤ ਬਲਵੰਤ ਹੋ ਗਏ।
ਸ਼ਾਮ ਦੀ ਪ੍ਰਾਰਥਨਾ: ਪਾਠ
1ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ। 2ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ। 3ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇਸ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ। 4ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ। 5ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ। ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ। 6ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਦੂਤ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ। 7ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?” ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ।” 8ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।” 9ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ। 10ਕੀ ਤੂੰ ਉਸ ਦੇ, ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਆਲੇ-ਦੁਆਲੇ ਵਾੜ ਨਹੀਂ ਲਗਾਈ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ। 11ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ।” 12ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ। ਸਿਰਫ਼ ਉਸ ਨੂੰ ਹੱਥ ਨਾ ਲਾਵੀਂ।” ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ।
ਇੰਜੀਲ (ਪਹਿਲਾਂ ਪਵਿੱਤਰ ਕੀਤੀਆਂ ਭੇਟਾਂ ਦੀ ਉਪਾਸਨਾ)
3ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ। 5ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 6ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਸਾਵਧਾਨ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ। 7ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ। 8ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ। 9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। 10ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ। 11ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 12ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। 13ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ। 14ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ। 15ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਦੀ ਖ਼ਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋਗੇ (ਪੜ੍ਹਨ ਵਾਲਾ ਸਮਝ ਲਵੇ) 16ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। 17ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। 18ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 19ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! 20ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ। 21ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ। 22ਅਤੇ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ। 23ਤਦ ਜੇ ਕੋਈ ਤੁਹਾਨੂੰ ਆਖੇ, ਵੇਖੋ ਮਸੀਹ ਇੱਥੇ ਜਾਂ ਉੱਥੇ ਹੈ ਤਾਂ ਸੱਚ ਨਾ ਮੰਨਣਾ। 24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭਰਮਾ ਲੈਣ। 25ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ। 26ਇਸ ਲਈ ਜੇ ਉਹ ਤੁਹਾਨੂੰ ਆਖਣ, ਵੇਖੋ ਉਹ ਉਜਾੜ ਵਿੱਚ ਹੈ ਤਾਂ ਬਾਹਰ ਨਾ ਜਾਣਾ। ਵੇਖੋ ਮਸੀਹ ਅੰਦਰਲੀਆਂ ਕੋਠੜੀਆਂ ਵਿੱਚ ਹੈ ਤਾਂ ਸੱਚ ਨਾ ਮੰਨਣਾ। 27ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹਦਿਓਂ ਚਮਕਾਰਾ ਮਾਰ ਕੇ ਲਹਿੰਦੇ ਤੱਕ ਦਿਸਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28ਜਿੱਥੇ ਲੋਥ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ। 29ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਬਾਅਦ ਸੂਰਜ ਝੱਟ ਹਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 30ਤਦ ਮਨੁੱਖ ਦੇ ਪੁੱਤਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਤੇ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ। 31ਅਤੇ ਉਹ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਚਾਰੇ ਪਾਸਿਓਂ ਚੌਹਾਂ ਕੂੰਟਾਂ ਤੋਂ ਅਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੱਕ ਉਹ ਦੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰਨਗੇ। 32ਫੇਰ ਹੰਜ਼ੀਰ ਦੇ ਦਰਖ਼ਤ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ। 33ਇਸੇ ਤਰ੍ਹਾਂ ਤੁਸੀਂ ਵੀ ਜਦ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਕਿ ਉਹ ਨੇੜੇ ਸਗੋਂ ਬੂਹੇ ਉੱਤੇ ਹੈ। 34ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। 35ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 13 ਸਿਵਲ ਕੈਲੰਡਰ ਦਾ ਅਪ੍ਰੈਲ 26 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ