ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 25
ਆਰਥੋਡਾਕਸ ਕੈਲੰਡਰ · 12 ਅਪ੍ਰੈਲ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 25 ਅਪ੍ਰੈਲ 2027
ਐਤਵਾਰ
ਤਿਉਹਾਰ ਅਤੇ ਸੰਤ
ਖਜ਼ੂਰ ਐਤਵਾਰ. ਯਰੂਸ਼ਲਮ ਵਿੱਚ ਸਾਡੇ ਪ੍ਰਭੂ ਦਾ ਪ੍ਰਵੇਸ਼
ਵੱਡਾ ਚਾਲੀਸਾ
ਮੱਛੀ ਦੀ ਇਜਾਜ਼ਤ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਸ਼ਾਮ ਦੀ ਪ੍ਰਾਰਥਨਾ: ਪਾਠ
1ਯਾਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ, ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ, ਜੋ ਤੁਹਾਡੇ ਉੱਤੇ ਆਉਣ ਵਾਲਿਆਂ ਦਿਨਾਂ ਵਿੱਚ ਬੀਤੇਗਾ। 2ਯਾਕੂਬ ਦੇ ਪੁੱਤਰੋ ਇਕੱਠੇ ਹੋ ਜਾਓ, ਸੁਣੋ, ਅਤੇ ਆਪਣੇ ਪਿਤਾ ਇਸਰਾਏਲ ਦੀ ਸੁਣੋ। 8ਹੇ ਯਹੂਦਾਹ ਤੇਰੇ ਭਰਾ ਤੇਰਾ ਧੰਨਵਾਦ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੀ ਧੌਣ ਉੱਤੇ ਹੋਵੇਗਾ; ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਨੀਵੇਂ ਹੋਣਗੇ। 9ਯਹੂਦਾਹ ਸ਼ੇਰ ਦਾ ਬੱਚਾ ਹੈ। ਮੇਰੇ ਪੁੱਤਰ ਤੂੰ ਸ਼ਿਕਾਰ ਮਾਰ ਕੇ ਆਇਆ। ਉਹ ਸ਼ੇਰ ਦੀ ਤਰ੍ਹਾਂ ਸਗੋਂ ਸ਼ੇਰਨੀ ਦੀ ਤਰ੍ਹਾਂ ਦੱਬ ਕੇ ਬੈਠ ਗਿਆ। ਫਿਰ ਕੌਣ ਉਹ ਨੂੰ ਛੇੜੇਗਾ? 10ਯਹੂਦਾਹ ਤੋਂ ਆੱਸਾ ਅਲੱਗ ਨਾ ਹੋਵੇਗਾ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ, ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸੇ ਵੱਲ ਹੋਵੇਗੀ। 11ਉਹ ਆਪਣੇ ਗਧੇ ਨੂੰ ਦਾਖ਼ ਦੀ ਬੇਲ ਨਾਲ ਅਤੇ ਆਪਣੀ ਗਧੀ ਦੇ ਬੱਚੇ ਨੂੰ ਦਾਖ਼ ਦੇ ਉੱਤਮ ਬੂਟੇ ਨਾਲ ਬੰਨ੍ਹੇਗਾ। ਉਸ ਨੇ ਆਪਣੇ ਬਸਤਰ ਨੂੰ ਮਧ ਵਿੱਚ ਅਤੇ ਆਪਣਾ ਪਹਿਰਾਵਾ ਅੰਗੂਰਾਂ ਦੇ ਰਸ ਵਿੱਚ ਧੋਤਾ ਹੈ। 12ਉਹ ਦੀਆਂ ਅੱਖਾਂ ਮਧ ਨਾਲ ਲਾਲ ਅਤੇ ਉਹ ਦੇ ਦੰਦ ਦੁੱਧ ਨਾਲੋਂ ਚਿੱਟੇ ਹਨ।
ਸ਼ਾਮ ਦੀ ਪ੍ਰਾਰਥਨਾ: ਪਾਠ
14ਹੇ ਸੀਯੋਨ ਦੀਏ ਧੀਏ, ਉੱਚੀ ਅਵਾਜ਼ ਨਾਲ ਗਾ, ਹੇ ਇਸਰਾਏਲ, ਜੈਕਾਰਾ ਗਜਾ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ! 15ਯਹੋਵਾਹ ਨੇ ਤੇਰੇ ਦੰਡ ਨੂੰ ਦੂਰ ਕੀਤਾ ਹੈ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਹੈ, ਇਸਰਾਏਲ ਦਾ ਰਾਜਾ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੇਂਗੀ। 16ਉਸ ਦਿਨ ਯਰੂਸ਼ਲਮ ਨੂੰ ਆਖਿਆ ਜਾਵੇਗਾ, “ਹੇ ਸੀਯੋਨ! ਨਾ ਡਰ, ਤੇਰੇ ਹੱਥ ਢਿੱਲੇ ਨਾ ਪੈ ਜਾਣ!” 17ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿਚਕਾਰ ਹੈ, ਉਹ ਬਚਾਉਣ ਵਿੱਚ ਸਮਰੱਥੀ ਹੈ, ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ ਹੋਵੇਗਾ, ਉਹ ਆਪਣੇ ਪ੍ਰੇਮ ਨੂੰ ਤਾਜ਼ਾ ਕਰੇਗਾ, ਉਹ ਉੱਚੀ ਅਵਾਜ਼ ਨਾਲ ਗਾਉਂਦਾ ਹੋਇਆ ਤੇਰੇ ਕਾਰਨ ਮਗਨ ਹੋਵੇਗਾ। 18ਮੈਂ ਉਹਨਾਂ ਨੂੰ ਜੋ ਨਿਯੁਕਤ ਕੀਤੇ ਹੋਏ ਪਰਬਾਂ ਵਿੱਚ ਸ਼ਾਮਿਲ ਨਾ ਹੋਣ ਦੇ ਕਾਰਨ ਸੋਗ ਕਰਦੇ ਹਨ, ਉਨ੍ਹਾਂ ਨੂੰ ਮੈਂ ਇਕੱਠਾ ਕਰਾਂਗਾ, ਕਿਉਂ ਜੋ ਉਹ ਤੇਰੇ ਹਨ, ਅਤੇ ਤੇਰਾ ਉਲਾਹਮਾ ਉਨ੍ਹਾਂ ਦੇ ਉੱਤੇ ਇੱਕ ਭਾਰ ਸੀ। 19ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁੱਖ ਦੇਣ ਵਾਲਿਆਂ ਨਾਲ ਨਜਿੱਠਾਂਗਾ, ਮੈਂ ਲੰਗੜਿਆਂ ਨੂੰ ਬਚਾਵਾਂਗਾ ਅਤੇ ਹੱਕੇ ਹੋਇਆਂ ਨੂੰ ਇਕੱਠਾ ਕਰਾਂਗਾ, ਅਤੇ ਜਿਨ੍ਹਾਂ ਦੀ ਸ਼ਰਮਿੰਦਗੀ ਦੀ ਚਰਚਾ ਸਾਰੀ ਧਰਤੀ ਵਿੱਚ ਫੈਲੀ ਹੋਈ ਸੀ, ਉਹਨਾਂ ਦੀ ਵਡਿਆਈ ਅਤੇ ਆਦਰ ਮਾਣ ਵਧਾਵਾਂਗਾ।
ਸ਼ਾਮ ਦੀ ਪ੍ਰਾਰਥਨਾ: ਪਾਠ
9ਹੇ ਸੀਯੋਨ ਦੀ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਅਤੇ ਮੁਕਤੀਦਾਤਾ ਹੈ, ਉਹ ਦੀਨ ਹੈ ਅਤੇ ਗਧੀ ਦੇ ਬੱਚੇ ਉੱਤੇ ਸਵਾਰ ਹੈ। 10ਮੈਂ ਇਫ਼ਰਾਈਮ ਤੋਂ ਰਥ ਨੂੰ ਅਤੇ ਯਰੂਸ਼ਲਮ ਤੋਂ ਘੋੜੇ ਨੂੰ ਵੱਢ ਸੁੱਟਾਂਗਾ, ਲੜਾਈ ਦਾ ਧਣੁੱਖ ਤੋੜਿਆ ਜਾਵੇਗਾ। ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੱਕ ਹੋਵੇਗੀ। 11ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਗੁਲਾਮਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ। 12ਹੇ ਆਸਵੰਦ ਗੁਲਾਮੋ, ਗੜ੍ਹ ਨੂੰ ਮੁੜ ਜਾਓ! ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ। 13ਮੈਂ ਯਹੂਦਾਹ ਨੂੰ ਆਪਣੇ ਲਈ ਧਣੁੱਖ ਵਾਂਗੂੰ ਝੁਕਾਇਆ ਹੈ ਅਤੇ ਇਫ਼ਰਾਈਮ ਨੂੰ ਉਹ ਦਾ ਬਾਣ ਬਣਾਉਂਦਾ ਹਾਂ, ਹੇ ਸੀਯੋਨ ਮੈਂ ਤੇਰੇ ਪੁੱਤਰਾਂ ਨੂੰ ਭੜਕਾਵਾਂਗਾ, ਹਾਂ ਤੇਰੇ ਪੁੱਤਰਾਂ ਦੇ ਵਿਰੁੱਧ, ਹੇ ਯਾਵਾਨ, ਤੈਨੂੰ ਇੱਕ ਸੂਰਮੇ ਦੀ ਤਲਵਾਰ ਵਾਂਗੂੰ ਬਣਾਵਾਂਗਾ। 14ਯਹੋਵਾਹ ਉਹਨਾਂ ਉੱਤੇ ਵਿਖਾਈ ਦੇਵੇਗਾ, ਉਸ ਦਾ ਤੀਰ ਬਿਜਲੀ ਵਾਂਗੂੰ ਬਾਹਰ ਨਿੱਕਲੇਗਾ, ਪ੍ਰਭੂ ਯਹੋਵਾਹ ਤੁਰ੍ਹੀ ਫੂਕੇਗਾ, ਅਤੇ ਦੱਖਣੀ ਵਾਵਰੋਲੇ ਵਿੱਚ ਚੱਲੇਗਾ। 15ਸੈਨਾਂ ਦਾ ਯਹੋਵਾਹ ਉਹਨਾਂ ਨੂੰ ਢੱਕ ਲਵੇਗਾ, ਉਹ ਖਾਣਗੇ ਅਤੇ ਗੁਲੇਲ ਦੇ ਪੱਥਰਾਂ ਨੂੰ ਮਿੱਧਣਗੇ, ਉਹ ਪੀਣਗੇ ਅਤੇ ਸ਼ਰਾਬੀਆਂ ਵਾਂਗੂੰ ਰੌਲ਼ਾ ਪਾਉਣਗੇ, ਉਹ ਕਟੋਰਿਆਂ ਵਾਂਗੂੰ ਅਤੇ ਜਗਵੇਦੀ ਦੇ ਖੂੰਜਿਆਂ ਵਾਂਗੂੰ ਭਰ ਜਾਣਗੇ।
ਸਵੇਰ ਦੀ ਪ੍ਰਾਰਥਨਾ: ਇੰਜੀਲ
1ਜਦ ਉਹ ਯਰੂਸ਼ਲਮ ਦੇ ਨੇੜੇ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਕੋਲ ਪਹੁੰਚੇ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਕਿਹਾ, 2ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਪਿੰਡ ਵਿੱਚ ਵੜਦੇ ਹੀ ਤੁਸੀਂ ਇੱਕ ਗਧੀ ਬੰਨ੍ਹੀ ਹੋਈ ਅਤੇ ਉਹ ਦੇ ਨਾਲ ਬੱਚੇ ਨੂੰ ਪਾਓਗੇ, ਉਸ ਨੂੰ ਖੋਲ੍ਹ ਕੇ ਮੇਰੇ ਕੋਲ ਲਿਆਓ। 3ਅਤੇ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਆਖਣਾ ਕਿ ਪ੍ਰਭੂ ਨੂੰ ਇਨ੍ਹਾਂ ਦੀ ਜ਼ਰੂਰਤ ਹੈ, ਫੇਰ ਉਹ ਉਸੇ ਵੇਲੇ ਉਨ੍ਹਾਂ ਨੂੰ ਭੇਜ ਦੇਵੇਗਾ। 4ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ, 5ਸੀਯੋਨ ਦੀ ਧੀ ਨੂੰ ਆਖੋ, ਵੇਖ ਤੇਰਾ ਰਾਜਾ ਅਧੀਨਗੀ ਨਾਲ, ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ, ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ। 6ਤਦ ਚੇਲਿਆਂ ਨੇ ਜਾ ਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਕੀਤਾ। 7ਅਤੇ ਗਧੀ ਨੂੰ ਬੱਚੇ ਸਣੇ ਲਿਆਏ ਅਤੇ ਆਪਣੇ ਕੱਪੜੇ ਉਨ੍ਹਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਨ੍ਹਾਂ ਤੇ ਚੜ੍ਹ ਬੈਠਾ। 8ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਪਰ ਹੋਰਨਾਂ ਨੇ ਦਰਖ਼ਤਾਂ ਦੀਆਂ ਡਾਲੀਆਂ ਵੱਢ ਕੇ ਰਾਹ ਵਿੱਚ ਵਿਛਾ ਦਿੱਤੀਆਂ। 9ਅਤੇ ਭੀੜ ਜਿਹੜੀ ਉਹ ਦੇ ਅੱਗੇ ਪਿੱਛੇ ਜਾ ਰਹੀ ਸੀ, ਉੱਚੀ ਅਵਾਜ਼ ਨਾਲ ਆਖਣ ਲੱਗੀ, ਹੋਸੰਨਾ ਦਾਊਦ ਦੇ ਪੁੱਤਰ ਨੂੰ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ! 10ਅਤੇ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਆਖ ਕੇ ਹਿੱਲ ਗਿਆ ਕਿ ਇਹ ਕੌਣ ਹੈ? 11ਤਾਂ ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ। 15ਜਦ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ਼ ਕੰਮਾਂ ਨੂੰ ਵੇਖਿਆ ਜਿਹੜੇ ਉਸ ਨੇ ਕੀਤੇ ਸਨ ਅਤੇ ਬੱਚਿਆਂ ਨੂੰ ਹੈਕਲ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ ਦਾਊਦ ਦੇ ਪੁੱਤਰ ਨੂੰ “ਹੋਸੰਨਾ” ਆਖਦੇ ਵੇਖਿਆ, ਤਾਂ ਉਹ ਖਿਝ ਗਏ। 16ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਇਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਜੋ ਬੱਚਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੂੰ ਉਸਤਤ ਪੂਰੀ ਕਰਵਾਈ? 17ਤਾਂ ਉਹ ਉਨ੍ਹਾਂ ਨੂੰ ਛੱਡ ਕੇ ਸ਼ਹਿਰੋਂ ਬਾਹਰ ਨਿੱਕਲਿਆ ਅਤੇ ਬੈਤਅਨੀਆ ਵਿੱਚ ਆ ਕੇ ਉੱਥੇ ਰਾਤ ਕੱਟੀ।
ਪੱਤ੍ਰੀ
4ਪ੍ਰਭੂ ਵਿੱਚ ਸਦਾ ਅਨੰਦ ਕਰੋ। ਫੇਰ ਕਹਿੰਦਾ ਹਾਂ, ਅਨੰਦ ਕਰੋ। 5ਤੁਹਾਡਾ ਕੋਮਲਤਾ ਦਾ ਸੁਭਾਅ ਸਭਨਾਂ ਮਨੁੱਖਾਂ ਉੱਤੇ ਪਰਗਟ ਹੋਵੇ। ਪ੍ਰਭੂ ਨੇੜੇ ਹੈ। 6ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। 7ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੀਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ। 8ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇੰਨ੍ਹਾਂ ਗੱਲਾਂ ਦੀ ਵਿਚਾਰ ਕਰੋ। 9ਜੋ ਕੁਝ ਤੁਸੀਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਉਹੀ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੋਵੇਗਾ।
ਇੰਜੀਲ
1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਵਿੱਚ ਆਇਆ, ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ। 2ਉੱਥੇ ਉਨ੍ਹਾਂ ਨੇ ਯਿਸੂ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ। 3ਮਰਿਯਮ ਨੇ ਜਟਾਮਾਂਸੀ ਦਾ ਮਹਿੰਗਾ ਅਤਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਨਾਂ ਉੱਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਸਾਫ਼ ਕੀਤੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ। 4ਯਹੂਦਾ ਇਸਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। (ਇਹ ਉਹ ਸੀ ਜਿਸ ਨੇ ਯਿਸੂ ਨੂੰ ਫੜਵਾਉਣਾ ਸੀ) ਯਹੂਦਾ ਨੇ ਆਖਿਆ 5“ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਇਸ ਨੂੰ ਯਿਸੂ ਤੇ ਮਲਣ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ।” 6ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਸੀ, ਪਰ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲੀ ਥੈਲੀ ਉਸ ਕੋਲ ਹੁੰਦੀ ਸੀ, ਜਿਸ ਵਿੱਚੋਂ ਜਦੋਂ ਉਹ ਚਾਹੇ ਚੋਰੀ ਕਰ ਲੈਂਦਾ ਸੀ। 7ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ। 8ਕੰਗਾਲ ਲੋਕ ਸਦਾ ਤੁਹਾਡੇ ਨਾਲ ਹੋਣਗੇ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹੋਵਾਂਗਾ।” 9ਬਹੁਤ ਸਾਰੇ ਯਹੂਦੀ ਜਾਣ ਗਏ ਕਿ ਯਿਸੂ ਬੈਤਅਨਿਯਾ ਵਿੱਚ ਸੀ ਅਤੇ ਉਹ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਵੇਖਣ ਆਏ। ਲਾਜ਼ਰ ਨੂੰ ਯਿਸੂ ਨੇ ਮੁਰਦੇ ਤੋਂ ਜਿਵਾਇਆ ਸੀ। 10ਤਦ ਮੁੱਖ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਸੋਚ ਬਣਾਈ। 11ਲਾਜ਼ਰ ਦੇ ਕਾਰਨ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡ ਕੇ ਯਿਸੂ ਤੇ ਵਿਸ਼ਵਾਸ ਕਰਨ ਲੱਗ ਪਏ ਸਨ ਇਸ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ। 12ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆਉਂਦਾ ਹੈ। ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ। 13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ; “ਹੋਸੰਨਾ! ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਇਸਰਾਏਲ ਦੇ ਪਾਤਸ਼ਾਹ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਵੇ!” 14ਯਿਸੂ ਨੇ ਇੱਕ ਗਧੀ ਦਾ ਬੱਚਾ ਲਿਆ ਅਤੇ ਉਸ ਉੱਤੇ ਬੈਠ ਗਿਆ। ਇਸ ਨੇ ਜੋ ਪੋਥੀ ਵਿੱਚ ਲਿਖਿਆ ਪੂਰਾ ਕਰ ਦਿੱਤਾ 15“ਸੀਯੋਨ ਦੀ ਬੇਟੀ ਨਾ ਡਰ! ਵੇਖ, ਤੇਰਾ ਬਾਦਸ਼ਾਹ ਇੱਕ ਗਧੀ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ।” 16ਯਿਸੂ ਦੇ ਚੇਲੇ ਉਸ ਸਮੇਂ ਇਹ ਨਾ ਸਮਝ ਸਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ। ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ। 17ਜਦੋਂ ਯਿਸੂ ਨੇ ਲਾਜ਼ਰ ਨੂੰ ਜਿਉਂਦਾ ਕੀਤਾ ਉਸ ਸਮੇਂ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿੱਕਲ ਆ। ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆਂ ਨੂੰ ਦੱਸ ਰਹੇ ਸਨ। 18ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਚਮਤਕਾਰ ਬਾਰੇ ਸੁਣਿਆ ਸੀ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 12 ਸਿਵਲ ਕੈਲੰਡਰ ਦਾ ਅਪ੍ਰੈਲ 25 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ