Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 27

ਆਰਥੋਡਾਕਸ ਕੈਲੰਡਰ · 14 ਅਪ੍ਰੈਲ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 27 ਅਪ੍ਰੈਲ 2027

ਮੰਗਲਵਾਰ · ਪਵਿੱਤਰ ਹਫ਼ਤਾ

ਤਿਉਹਾਰ ਅਤੇ ਸੰਤ

ਮਹਾਨ ਅਤੇ ਪਵਿੱਤਰ ਮੰਗਲਵਾਰ

ਵੱਡਾ ਚਾਲੀਸਾ

ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਇੰਜੀਲ (ਲਾੜੇ ਦੀ ਸਵੇਰ ਦੀ ਪ੍ਰਾਰਥਨਾ)

ਮੱਤੀ 22:15–23:39

15ਤਦ ਫ਼ਰੀਸੀਆਂ ਨੇ ਯੋਜਨਾ ਬਣਾਈ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ। 16ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਕਿ ਉਸ ਨੂੰ ਆਖਣ, ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ। 17ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਕਰ ਦੇਣਾ ਯੋਗ ਹੈ ਜਾਂ ਨਹੀਂ? 18ਪਰ ਯਿਸੂ ਨੇ ਉਨ੍ਹਾਂ ਦੀ ਚਲਾਕੀ ਸਮਝ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਖਦੇ ਹੋ? 19ਕਰ ਦਾ ਸਿੱਕਾ ਮੈਨੂੰ ਵਿਖਾਓ। ਤਦ ਉਹ ਇੱਕ ਅੱਠਿਆਨੀ ਉਸ ਕੋਲ ਲਿਆਏ। 20ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ? 21ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ। ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ। 22ਅਤੇ ਉਹ ਇਹ ਸੁਣ ਕੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ। 23ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਉਹ ਦੇ ਕੋਲ ਆਏ ਅਤੇ ਉਸ ਤੋਂ ਸਵਾਲ ਪੁੱਛਿਆ 24ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਬੇ-ਔਲਾਦ ਮਰ ਜਾਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਉਤਪੰਨ ਕਰੇ। 25ਸੋ ਸਾਡੇ ਵਿੱਚ ਸੱਤ ਭਰਾ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇ-ਔਲਾਦਾ ਹੋਣ ਕਰਕੇ ਆਪਣੇ ਭਰਾ ਦੇ ਲਈ ਆਪਣੀ ਪਤਨੀ ਛੱਡ ਗਿਆ। 26ਇਸੇ ਤਰ੍ਹਾਂ ਦੂਜਾ ਵੀ ਅਤੇ ਤੀਜਾ ਵੀ, ਇਸੇ ਤਰ੍ਹਾਂ ਸੱਤਵੇਂ ਤੱਕ। 27ਅਤੇ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ। 28ਉਪਰੰਤ ਮੁਰਦਿਆਂ ਦੇ ਜੀ ਉੱਠਣ ਦੇ ਦਿਨ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸਭਨਾਂ ਦੀ ਪਤਨੀ ਬਣੀ ਸੀ? 29ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਪਵਿੱਤਰ ਗ੍ਰੰਥਾਂ ਅਤੇ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਜਾਣਦੇ, ਇਸੇ ਲਈ ਗਲਤੀ ਕਰਦੇ ਹੋ। 30ਕਿਉਂ ਜੋ ਜੀ ਉੱਠਣ ਵਾਲੇ ਦਿਨ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਪਰ ਸਵਰਗ ਵਿੱਚ ਦੂਤਾਂ ਵਰਗੇ ਹਨ। 31ਪਰ ਮੁਰਦਿਆਂ ਦੇ ਜੀ ਉੱਠਣ ਦੇ ਦਿਨ ਦੇ ਵਿਖੇ ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ 32ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜਿਉਂਦਿਆਂ ਦਾ ਹੈ। 33ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ। 34ਪਰ ਜਦ ਫ਼ਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਥਾਂ ਇਕੱਠੇ ਹੋਏ। 35ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਿਹੜਾ ਉਪਦੇਸ਼ਕ ਸੀ ਉਹ ਦੇ ਪਰਖਣ ਲਈ ਸਵਾਲ ਕੀਤਾ 36ਕਿ ਗੁਰੂ ਜੀ, ਮੂਸਾ ਦੀ ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ? 37ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। 38ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। 39ਅਤੇ ਦੂਜਾ ਇਸ ਤਰ੍ਹਾਂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। 40ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦੀ ਸਾਰੀ ਬਿਵਸਥਾ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ। 41ਜਿਸ ਵੇਲੇ ਫ਼ਰੀਸੀ ਇਕੱਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ 42ਮਸੀਹ ਦੇ ਬਾਰੇ ਤੁਸੀਂ ਕੀ ਸਮਝਦੇ ਹੋ, ਉਹ ਕਿਹ ਦਾ ਪੁੱਤਰ ਹੈ? ਉਨ੍ਹਾਂ ਉਸ ਨੂੰ ਆਖਿਆ, ਦਾਊਦ ਦਾ। 43ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਊਦ ਆਤਮਾ ਦੀ ਰਾਹੀਂ ਕਿਵੇਂ ਉਹ ਨੂੰ ਪ੍ਰਭੂ ਆਖਦਾ ਹੈ? ਕਿ 44ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ। 45ਸੋ ਜਦ ਦਾਊਦ ਉਹ ਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ? 46ਅਤੇ ਕੋਈ ਉਹ ਨੂੰ ਜਵਾਬ ਵਿੱਚ ਇੱਕ ਬਚਨ ਵੀ ਨਾ ਕਹਿ ਸਕਿਆ, ਨਾ ਉਸ ਦਿਨ ਤੋਂ ਕਿਸੇ ਦੀ ਹਿੰਮਤ ਹੋਈ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ। 23:1ਤਦ ਯਿਸੂ ਨੇ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ, 2ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ। 3ਇਸ ਲਈ ਸਭ ਕੁਝ ਜੋ ਉਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ। 4ਉਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ, ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਉਹ ਆਪ ਉਨ੍ਹਾਂ ਨੂੰ ਉਂਗਲ ਨਾਲ ਖਿਸਕਾਉਣਾ ਵੀ ਨਹੀਂ ਚਾਹੁੰਦੇ। 5ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ ਕਿਉਂ ਜੋ ਉਹ ਆਪਣੇ ਪੋਥੀਆਂ ਵਾਲੇ ਥੈਲੇ ਚੌੜੇ ਕਰਦੇ ਅਤੇ ਆਪਣੀਆਂ ਝਾਲਰਾਂ ਵਧਾਉਂਦੇ ਹਨ। 6ਅਤੇ ਦਾਵਤ ਵਿੱਚ ਖ਼ਾਸ ਥਾਵਾਂ ਅਤੇ ਪ੍ਰਾਰਥਨਾ ਘਰ ਵਿੱਚ ਅਗਲੀਆਂ ਕੁਰਸੀਆਂ। 7ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਅਤੇ ਮਨੁੱਖਾਂ ਕੋਲੋਂ ਗੁਰੂ ਜੀ ਅਖਵਾਉਣ ਦੇ ਭੁੱਖੇ ਹਨ। 8ਪਰ ਤੁਸੀਂ ਗੁਰੂ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਾਈ ਹੋ। 9ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ। 10ਅਤੇ ਨਾ ਤੁਸੀਂ ਮਾਲਕ ਅਖਵਾਓ, ਕਿਉਂ ਜੋ ਤੁਹਾਡਾ ਮਾਲਕ ਇੱਕੋ ਹੈ ਅਰਥਾਤ ਮਸੀਹ। 11ਪਰ ਉਹ ਜਿਹੜਾ ਤੁਹਾਡੇ ਵਿੱਚੋਂ ਹੋਰਨਾਂ ਨਾਲੋਂ ਵੱਡਾ ਹੈ, ਉਹ ਤੁਹਾਡਾ ਸੇਵਾਦਾਰ ਹੋਵੇ। 12ਅਤੇ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ। 13ਪਰ ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ। 14ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾਵਾਂ ਦੇ ਘਰ ਨੂੰ ਲੁੱਟ ਲੈਂਦੇ ਹੋ। ਤੁਹਾਨੂੰ ਵੱਡੀ ਸਜ਼ਾ ਮਿਲੇਗੀ। 15ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਰਲਾਉਣ ਲਈ ਜਲ-ਥਲ ਗਾਹੁੰਦੇ ਹੋ ਅਤੇ ਜਦ ਉਹ ਤੁਹਾਡੇ ਪੰਥ ਵਿੱਚ ਰਲ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਦੁਗਣਾ ਨਰਕ ਦਾ ਪੁੱਤਰ ਬਣਾਉਂਦੇ ਹੋ। 16ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ! ਜਿਹੜੇ ਆਖਦੇ ਹੋ ਕਿ ਜੇ ਕੋਈ ਹੈਕਲ ਦੀ ਸਹੁੰ ਖਾਵੇ ਤਾਂ ਕੁਝ ਗੱਲ ਨਹੀਂ ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਪੂਰੀ ਕਰਨੀ ਪਵੇਗੀ। 17ਹੇ ਮੂਰਖੋ ਅਤੇ ਅੰਨ੍ਹਿਓ ਕਿਹੜਾ ਵੱਡਾ ਹੈ ਸੋਨਾ ਜਾਂ ਹੈਕਲ, ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ? 18ਅਤੇ ਇਹ ਆਖਦੇ ਹੋ ਕਿ ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੁਝ ਗੱਲ ਨਹੀਂ, ਪਰ ਜਿਹੜੀ ਉਸ ਭੇਟ ਦੀ ਜੋ ਉਸ ਉੱਤੇ ਹੈ ਸਹੁੰ ਖਾਵੇ ਤਾਂ ਉਹ ਨੂੰ ਪੂਰੀ ਕਰਨੀ ਪਵੇਗੀ। 19ਹੇ ਅੰਨ੍ਹਿਓ ਕਿਹੜੀ ਵੱਡੀ ਹੈ ਭੇਟ ਜਾਂ ਜਗਵੇਦੀ, ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ? 20ਇਸ ਲਈ ਜੋ ਕੋਈ ਜਗਵੇਦੀ ਦੀ ਸਹੁੰ ਖਾਂਦਾ ਹੈ, ਸੋ ਉਹ ਦੀ ਅਤੇ ਸਭ ਚੀਜ਼ਾਂ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ। 21ਅਤੇ ਜੋ ਕੋਈ ਹੈਕਲ ਦੀ ਸਹੁੰ ਖਾਂਦਾ ਹੈ, ਸੋ ਉਸ ਦੀ ਅਤੇ ਉਸ ਦੇ ਵਿੱਚ ਰਹਿਣ ਵਾਲੇ ਦੀ ਵੀ ਸਹੁੰ ਖਾਂਦਾ ਹੈ। 22ਅਤੇ ਜੋ ਕੋਈ ਸਵਰਗ ਦੀ ਸਹੁੰ ਖਾਂਦਾ ਹੈ, ਸੋ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਉਸ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ। 23ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ, ਸੌਂਫ਼ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ, ਪਰ ਮੂਸਾ ਦੀ ਬਿਵਸਥਾ ਦੇ ਵੱਡੇ ਹੁਕਮਾਂ ਨੂੰ ਅਰਥਾਤ ਨਿਆਂ, ਦਯਾ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ। 24ਹੇ ਅੰਨ੍ਹੇ ਆਗੂਓ, ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਗਲ ਜਾਂਦੇ ਹੋ! 25ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਕਟੋਰੇ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦ-ਪਰਹੇਜ਼ੀ ਨਾਲ ਭਰੇ ਹੋਏ ਹਨ। 26ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰੋ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ। 27ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਰੰਗ ਕੀਤੀਆਂ ਕਬਰਾਂ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆਂ ਹਨ। 28ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ। 29ਹੇ ਕਪਟੀ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਸਮਾਧਾਂ ਸੁਆਰਦੇ ਹੋ। 30ਅਤੇ ਆਖਦੇ ਹੋ ਜੇ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੇ ਖੂਨ ਵਿੱਚ ਸਾਂਝੀ ਨਾ ਹੁੰਦੇ। 31ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ। 32ਸੋ ਤੁਸੀਂ ਆਪਣੇ ਪਿਉ-ਦਾਦਿਆਂ ਦੇ ਪਾਪ ਦੇ ਘੜੇ ਨੂੰ ਭਰੀ ਜਾਓ। 33ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਸ ਤਰ੍ਹਾਂ ਬਚੋਗੇ? 34ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜਦਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਨ੍ਹਾਂ ਦੇ ਮਗਰ ਪਓਗੇ। 35ਤਾਂ ਕਿ ਧਰਮੀਆਂ ਦਾ ਜਿੰਨਾਂ ਲਹੂ ਧਰਤੀ ਉੱਤੇ ਵਹਾਇਆ ਗਿਆ ਸੱਭੋ ਤੁਹਾਡੇ ਜੁੰਮੇ ਆਵੇ, ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਕਰਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ ਜਿਸ ਨੂੰ ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ। 36ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ। 37ਹੇ ਯਰੂਸ਼ਲਮ, ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਗਏ ਪਥਰਾਉ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠੇ ਕਰਾਂ ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ, ਪਰ ਤੁਸੀਂ ਨਾ ਚਾਹਿਆ। 38ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। 39ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਸੀਂ ਮੈਨੂੰ ਇਸ ਤੋਂ ਬਾਅਦ ਨਾ ਵੇਖੋਗੇ ਜਦ ਤੱਕ ਇਹ ਨਾ ਕਹੋਗੇ ਕਿ ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।

ਛੇਵਾਂ ਘੰਟਾ

ਹਿਜ਼ 1:21–28

21ਜਦੋਂ ਜੀਵ ਤੁਰਦੇ ਸਨ, ਤਾਂ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਜੀਵ ਰੁੱਕਦੇ ਸਨ, ਤਾਂ ਪਹੀਏ ਵੀ ਰੁੱਕ ਜਾਂਦੇ ਸਨ ਅਤੇ ਜਦੋਂ ਉਹ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਉਹ ਪਹੀਏ ਵੀ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਦੇ ਵਿੱਚ ਸੀ। 22ਜੀਵਾਂ ਦੇ ਸਿਰ ਉੱਤੇ ਅੰਬਰ ਸੀ, ਉਹ ਬਲੌਰ ਦੇ ਰੰਗ ਵਰਗਾ ਸੀ ਅਤੇ ਉਹਨਾਂ ਦੇ ਸਿਰਾਂ ਦੇ ਉੱਪਰ ਤਾਣਿਆ ਹੋਇਆ ਸੀ। 23ਉਸ ਅੰਬਰ ਦੇ ਹੇਠਾਂ ਉਹਨਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਖੰਭਾ ਨਾਲ ਉਹਨਾਂ ਦਾ ਇੱਕ ਪਾਸਾ ਢੱਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਹਨਾਂ ਦੇ ਸਰੀਰ ਦਾ ਦੂਜਾ ਪਾਸਾ ਢੱਕਿਆ ਹੋਇਆ ਸੀ। 24ਜਦੋਂ ਉਹ ਤੁਰਦੇ ਸਨ, ਤਾਂ ਉਹਨਾਂ ਦੇ ਖੰਭਾਂ ਦੀ ਅਵਾਜ਼ ਬਹੁਤੇ ਪਾਣੀਆਂ ਦੀ ਅਵਾਜ਼ ਵਰਗੀ, ਸਰਬ ਸ਼ਕਤੀਮਾਨ ਦੀ ਅਵਾਜ਼ ਵਰਗੀ ਅਤੇ ਸੈਨਾਂ ਦੀ ਅਵਾਜ਼ ਵਰਗੀ ਸੀ। ਜਦੋਂ ਉਹ ਰੁੱਕਦੇ ਸਨ ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ। 25ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ। 26ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ। 27ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ। 28ਜਿਵੇਂ ਵਰਖਾ ਦੇ ਦਿਨ ਬੱਦਲ ਵਿੱਚ ਧਣੁੱਖ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਚਾਰੇ ਪਾਸੇ ਦਾ ਪਰਕਾਸ਼ ਦਿਖਾਈ ਦਿੰਦਾ ਸੀ। ਇਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਉਸ ਨੂੰ ਵੇਖਦੇ ਹੀ ਮੈਂ ਮੂਧੇ ਮੂੰਹ ਡਿੱਗਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਕੂਚ 2:5–10

5ਫ਼ਿਰਊਨ ਦੀ ਧੀ ਨਹਾਉਣ ਲਈ ਨੀਲ ਨਦੀ ਵਿੱਚ ਉੱਤਰੀ, ਜਦ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ-ਕੰਢੇ ਫਿਰਦੀਆਂ ਸਨ ਤਦ ਉਸ ਨੇ ਝਾੜੀਆਂ ਵਿੱਚ ਟੋਕਰੀ ਵੇਖੀ। ਉਸ ਨੇ ਆਪਣੀ ਦਾਸੀ ਨੂੰ ਉਹ ਟੋਕਰੀ ਲਿਆਉਣ ਲਈ ਭੇਜਿਆ। 6ਜਦ ਉਸ ਨੇ ਉਸ ਨੂੰ ਖੋਲ੍ਹਿਆ ਤਦ ਉਸ ਨੇ ਬੱਚੇ ਨੂੰ ਵੇਖਿਆ ਅਤੇ ਉਹ ਮੁੰਡਾ ਰੋ ਰਿਹਾ ਸੀ। ਉਸ ਨੂੰ ਉਸ ਬੱਚੇ ਉੱਤੇ ਤਰਸ ਆਇਆ, ਉਸ ਨੇ ਆਖਿਆ ਕਿ ਇਹ ਇਬਰਾਨੀਆਂ ਦੇ ਬੱਚਿਆਂ ਵਿੱਚੋਂ ਹੈ। 7ਤਦ ਉਸ ਦੀ ਭੈਣ ਨੇ ਫ਼ਿਰਊਨ ਦੀ ਧੀ ਨੂੰ ਆਖਿਆ, “ਮੈਂ ਜਾ ਕੇ ਇਬਰਾਨਣਾਂ ਵਿੱਚੋਂ ਕਿਸੇ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਇਆ ਕਰੇ?” 8ਤਦ ਫ਼ਿਰਊਨ ਦੀ ਧੀ ਨੇ ਆਖਿਆ, “ਜਾ।” ਉਹ ਲੜਕੀ ਜਾ ਕੇ ਬੱਚੇ ਦੀ ਮਾਂ ਨੂੰ ਸੱਦ ਲਿਆਈ। 9ਤਦ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਇਸ ਬੱਚੇ ਨੂੰ ਲੈ ਅਤੇ ਮੇਰੇ ਲਈ ਦੁੱਧ ਪਿਲਾ, ਮੈਂ ਤੈਨੂੰ ਮਜ਼ਦੂਰੀ ਦੇਵਾਂਗੀ। ਤਦ ਉਸ ਔਰਤ ਨੇ ਬੱਚੇ ਨੂੰ ਲੈ ਕੇ ਦੁੱਧ ਪਿਲਾਇਆ। 10ਜਦ ਬੱਚਾ ਵੱਡਾ ਹੋ ਗਿਆ ਤਦ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਹ ਉਸ ਦਾ ਪੁੱਤਰ ਅਖਵਾਇਆ ਅਤੇ ਉਸ ਨੇ ਇਹ ਕਹਿ ਕੇ ਉਸ ਦਾ ਨਾਮ ਮੂਸਾ ਰੱਖਿਆ ਕਿ ਮੈਂ ਇਸ ਨੂੰ ਪਾਣੀ ਵਿੱਚੋਂ ਕੱਢਿਆ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਅੱਯੂਬ 1:13–22

13ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ। 14ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, “ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ। 15ਸ਼ਬਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਕੇ ਨਿੱਕਲਿਆ ਹਾਂ, ਜੋ ਤੈਨੂੰ ਦੱਸਾਂ।” 16ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, “ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ। ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” 17ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, “ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ।” 18ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, “ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ, 19ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” 20ਤਦ ਅੱਯੂਬ ਉੱਠਿਆ, ਉਸ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਯਹੋਵਾਹ ਨੂੰ ਮੱਥਾ ਟੇਕਿਆ। 21ਅਤੇ ਆਖਿਆ, “ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ।” 22ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇਸਮਝੀ ਨਾਲ ਦੋਸ਼ ਲਾਇਆ।

ਇੰਜੀਲ (ਪਹਿਲਾਂ ਪਵਿੱਤਰ ਕੀਤੀਆਂ ਭੇਟਾਂ ਦੀ ਉਪਾਸਨਾ)

ਮੱਤੀ 24:36–26:2

36ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ ਨਾ ਪੁੱਤਰ ਪਰ ਕੇਵਲ ਪਿਤਾ। 37ਅਤੇ ਜਿਸ ਤਰ੍ਹਾਂ ਨੂਹ ਦੇ ਦਿਨ ਸਨ, ਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ। 38ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ। 39ਅਤੇ ਉਹ ਨਹੀਂ ਜਾਣਦੇ ਸਨ ਜਦ ਤੱਕ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੋੜ੍ਹ ਕੇ ਲੈ ਗਈ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 40ਤਦ ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡਿਆ ਜਾਵੇਗਾ। 41ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡੀ ਜਾਵੇਗੀ। 42ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ। 43ਪਰ ਇਹ ਜਾਣੋ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਕਿਸ ਪਹਿਰ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਚੋਰੀ ਨਾ ਹੋਣ ਦਿੰਦਾ। 44ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਸਮੇਂ ਤੁਹਾਨੂੰ ਖਿਆਲ ਵੀ ਨਾ ਹੋਵੇ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ। 45ਉਪਰੰਤ ਉਹ ਵਫ਼ਾਦਾਰ ਅਤੇ ਬੁੱਧਵਾਨ ਨੌਕਰ ਕੌਣ ਹੈ, ਜਿਸ ਨੂੰ ਮਾਲਕ ਨੇ ਆਪਣੇ ਨੌਕਰਾਂ ਉੱਤੇ ਪ੍ਰਧਾਨ ਠਹਿਰਾਇਆ ਕਿ ਵੇਲੇ ਸਿਰ ਉਨ੍ਹਾਂ ਨੂੰ ਭੋਜਨ ਦੇਵੇ? 46ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ, ਅਜਿਹਾ ਹੀ ਕਰਦਿਆਂ ਵੇਖੇ। 47ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਉੱਤੇ ਅਧਿਕਾਰੀ ਠਹਿਰਾਵੇਗਾ। 48ਪਰ ਜੇ ਉਹ ਦੁਸ਼ਟ ਨੌਕਰ ਆਪਣੇ ਮਨ ਵਿੱਚ ਆਖੇ, ਜੋ ਮੇਰਾ ਮਾਲਕ ਚਿਰ ਲਾਉਂਦਾ ਹੈ 49ਅਤੇ ਆਪਣੇ ਨਾਲ ਦੇ ਨੌਕਰਾਂ ਨੂੰ ਮਾਰਨ ਲੱਗੇ ਅਤੇ ਸ਼ਰਾਬੀਆਂ ਨਾਲ ਖਾਏ ਪੀਏ। 50ਤਾਂ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ, ਉਸ ਨੌਕਰ ਦਾ ਮਾਲਕ ਆਵੇਗਾ। 51ਅਤੇ ਉਹ ਨੂੰ ਦੋ ਟੁੱਕੜੇ ਕਰ ਦੇਵੇਗਾ ਅਤੇ ਕਪਟੀਆਂ ਨਾਲ ਉਹ ਦਾ ਹਿੱਸਾ ਠਹਿਰਾਵੇਗਾ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। 25:1ਉਸ ਵੇਲੇ ਸਵਰਗ ਰਾਜ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿੱਕਲੀਆਂ। 2ਅਤੇ ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ। 3ਕਿਉਂਕਿ ਜਿਹੜੀਆਂ ਮੂਰਖ ਸਨ ਉਨ੍ਹਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ। 4ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਿਆ। 5ਅਤੇ ਜਦ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਉਹ ਸਭ ਊਂਘ ਪਈਆਂ ਅਤੇ ਸੌਂ ਗਈਆਂ। 6ਅਤੇ ਅੱਧੀ ਰਾਤ ਨੂੰ ਧੁੰਮ ਪਈ, ਔਹ ਲਾੜਾ ਆਇਆ, ਉਹ ਦੇ ਮਿਲਣ ਨੂੰ ਨਿੱਕਲੋ! 7ਤਦ ਉਨ੍ਹਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। 8ਅਤੇ ਮੂਰਖਾਂ ਨੇ ਸਮਝਦਾਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ। 9ਪਰ ਸਮਝਦਾਰਾਂ ਨੇ ਉੱਤਰ ਦਿੱਤਾ, ਨਾ, ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ। 10ਅਤੇ ਜਦ ਉਹ ਮੁੱਲ ਲੈਣ ਗਈਆਂ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਦਰਵਾਜ਼ਾ ਬੰਦ ਕੀਤਾ ਗਿਆ। 11ਅਤੇ ਬਾਅਦ ਵਿੱਚ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਹੇ ਮਹਾਰਾਜ! ਸਾਡੇ ਲਈ ਦਰਵਾਜ਼ਾ ਖੋਲ੍ਹ ਦਿਓ! 12ਪਰ ਉਹ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ। 13ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ। 14ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਸ ਨੇ ਪਰਦੇਸ ਨੂੰ ਜਾਣ ਲੱਗਿਆਂ ਆਪਣੇ ਨੌਕਰਾਂ ਨੂੰ ਸੱਦ ਕੇ ਆਪਣਾ ਮਾਲ ਉਨ੍ਹਾਂ ਨੂੰ ਸੌਂਪਿਆ। 15ਅਤੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ, ਹਰੇਕ ਨੂੰ ਉਹ ਦੀ ਯੋਗਤਾ ਦੇ ਅਨੁਸਾਰ ਦਿੱਤਾ ਤਾਂ ਪਰਦੇਸ ਨੂੰ ਚੱਲਿਆ ਗਿਆ। 16ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਝੱਟ ਜਾ ਕੇ ਉਨ੍ਹਾਂ ਨਾਲ ਬਣਜ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ। 17ਇਸੇ ਤਰ੍ਹਾਂ ਜਿਸ ਨੇ ਦੋ ਲਏ ਸਨ ਉਹ ਨੇ ਵੀ ਹੋਰ ਦੋ ਕਮਾ ਲਏ। 18ਪਰ ਜਿਸ ਨੇ ਇੱਕੋ ਲਿਆ ਸੀ ਉਹ ਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਤੋੜੇ ਨੂੰ ਲੁਕਾ ਦਿੱਤਾ। 19ਬਹੁਤ ਸਮੇਂ ਬਾਅਦ, ਉਨ੍ਹਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਲੇਖਾ ਲੈਣ ਲੱਗਾ। 20ਸੋ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਵੀ ਕਮਾਏ। 21ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਤਾਂ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ। 22ਅਤੇ ਜਿਸ ਨੇ ਦੋ ਤੋੜੇ ਲਏ ਸਨ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ। ਵੇਖੋ ਮੈਂ ਦੋ ਤੋੜੇ ਹੋਰ ਵੀ ਕਮਾਏ। 23ਉਹ ਦੇ ਮਾਲਕ ਨੇ ਉਸ ਨੂੰ ਕਿਹਾ, ਹੇ ਚੰਗੇ ਅਤੇ ਵਫ਼ਾਦਾਰ ਨੌਕਰ ਸ਼ਾਬਾਸ਼! ਤੂੰ ਥੋੜ੍ਹੇ ਜਿਹੇ ਵਿੱਚ ਵਫ਼ਾਦਾਰ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ। 24ਫੇਰ ਜਿਸ ਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ, ਸੁਆਮੀ ਜੀ ਮੈਂ ਤੁਹਾਨੂੰ ਜਾਣਦਾ ਹਾਂ ਜੋ ਤੁਸੀਂ ਕਰੜੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ। 25ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ। ਇਹ ਆਪਣਾ ਤੋੜਾ ਵਾਪਸ ਲੈ ਲਵੋ। 26ਉਸ ਦੇ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ਓਏ ਦੁਸ਼ਟ ਅਤੇ ਆਲਸੀ ਨੌਕਰ! ਕੀ ਤੂੰ ਜਾਣਦਾ ਹੈਂ ਕਿ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦਾ ਹਾਂ? 27ਇਸ ਲਈ ਤੈਨੂੰ ਚਾਹੀਦਾ ਸੀ ਜੋ ਮੇਰੇ ਰੁਪਏ ਸ਼ਾਹੂਕਾਰਾਂ ਨੂੰ ਦਿੰਦਾ ਤਾਂ ਮੈਂ ਆ ਕੇ ਆਪਣਾ ਮਾਲ ਵਿਆਜ ਸਮੇਤ ਲੈਂਦਾ। 28ਸੋ ਉਹ ਤੋੜਾ ਉਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਤੋੜੇ ਹਨ ਉਹ ਨੂੰ ਦਿਓ। 29ਕਿਉਂਕਿ ਜਿਸ ਕਿਸੇ ਕੋਲ ਕੁਝ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਸ ਦੇ ਕੋਲ ਨਹੀਂ ਉਸ ਕੋਲੋਂ ਜੋ ਉਹ ਦਾ ਹੈ ਉਹ ਵੀ ਲੈ ਲਿਆ ਜਾਵੇਗਾ। 30ਇਸ ਨਿਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ। ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। 31ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। 32ਅਤੇ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ। 33ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ। 34ਤਦ ਰਾਜਾ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹ ਦੇ ਵਾਰਿਸ ਹੋਵੋ। 35ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਤਿਹਾਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ, 36ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖ਼ਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ। 37ਤਦ ਧਰਮੀ ਲੋਕ ਉਹ ਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖੁਆਇਆ ਜਾਂ ਤਿਹਾਇਆ ਵੇਖਿਆ ਤੇ ਤੈਨੂੰ ਪਿਲਾਇਆ? 38ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ? 39ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ? 40ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਨ੍ਹਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। 41ਤਦ ਜਿਹੜੇ ਖੱਬੇ ਪਾਸੇ ਹੋਣ ਉਨ੍ਹਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚੱਲੇ ਜਾਓ ਜਿਹੜੀ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਹੈ। 42ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖੁਆਇਆ, ਮੈਂ ਤਿਹਾਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ। 43ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ, ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ, ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖ਼ਬਰ ਨਾ ਲਈ। 44ਤਦ ਉਹ ਵੀ ਉੱਤਰ ਦੇਣਗੇ, ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਤਿਹਾਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਟਹਿਲ ਸੇਵਾ ਨਾ ਕੀਤੀ? 45ਤਦ ਉਹ ਉਨ੍ਹਾਂ ਨੂੰ ਇਹ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਨ੍ਹਾਂ ਸਭਨਾਂ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ। 46ਅਤੇ ਇਹ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ। 26:1ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ, 2ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 14 ਸਿਵਲ ਕੈਲੰਡਰ ਦਾ ਅਪ੍ਰੈਲ 27 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ