ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 21
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 21 ਮਾਰਚ 2027
ਐਤਵਾਰ · ਪਵਿੱਤਰ ਹਫ਼ਤਾ
ਤਿਉਹਾਰ ਅਤੇ ਸੰਤ
ਖਜ਼ੂਰ ਐਤਵਾਰ — ਪ੍ਰਭੂ ਦਾ ਦੁੱਖ-ਭੋਗ
ਐਤਵਾਰ · ਉਪਾਸਨਾ ਦਾ ਰੰਗ: ਲਾਲ
ਦਿਨ ਦੇ ਪਾਠ
ਜਲੂਸ ਦੀ ਇੰਜੀਲ
ਜਾਂ: ਯੂਹ 12:12–16
1ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਦੇ ਕੋਲ ਪਹੁੰਚੇ, ਤਾਂ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ, 2ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਹ ਨੂੰ ਖੋਲ੍ਹ ਲਿਆਓ। 3ਅਤੇ ਜੇ ਕੋਈ ਤੁਹਾਨੂੰ ਪੁੱਛੇ ਜੋ ਤੁਸੀਂ ਇਹ ਕਿਉਂ ਕਰਦੇ ਹੋ? ਤਾਂ ਆਖਣਾ ਜੋ ਪ੍ਰਭੂ ਨੂੰ ਇਹ ਦੀ ਲੋੜ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ। 4ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਦੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨ੍ਹਿਆ ਹੋਇਆ ਵੇਖਿਆ ਅਤੇ ਉਹ ਨੂੰ ਖੋਲ੍ਹਿਆ। 5ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ? 6ਤਾਂ ਉਨ੍ਹਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਨ੍ਹਾਂ ਨੂੰ ਕਹਿ ਦਿੱਤਾ, ਤਦ ਉਨ੍ਹਾਂ ਨੇ ਇਨ੍ਹਾਂ ਨੂੰ ਜਾਣ ਦਿੱਤਾ। 7ਉਹ ਉਸ ਗਧੀ ਦੇ ਬੱਚੇ ਨੂੰ ਪ੍ਰਭੂ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਸਵਾਰ ਹੋਇਆ। 8ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਹਰੀਆਂ ਟਹਿਣੀਆਂ ਵੱਢ ਕੇ ਵਿਛਾ ਦਿੱਤੀਆਂ। 9ਅਤੇ ਉਹ ਜਿਹੜੇ ਅੱਗੇ ਪਿੱਛੇ ਚੱਲੇ ਜਾਂਦੇ ਸਨ ਉੱਚੀ ਅਵਾਜ਼ ਨਾਲ ਕਹਿੰਦੇ ਸਨ, ਹੋਸੰਨਾ! ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ! 10ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ! ਪਰਮ ਧਾਮ ਵਿੱਚ ਹੋਸੰਨਾ!
ਪਹਿਲਾ ਪਾਠ
4ਪ੍ਰਭੂ ਯਹੋਵਾਹ ਨੇ ਮੈਨੂੰ ਸੂਝਵਾਨਾਂ ਦੀ ਜ਼ਬਾਨ ਦਿੱਤੀ, ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ-ਸਵੇਰੇ ਜਗਾਉਂਦਾ ਹੈ, ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ, ਤਾਂ ਜੋ ਮੈਂ ਚੇਲਿਆਂ ਵਾਂਗੂੰ ਸੁਣਾਂ। 5ਪ੍ਰਭੂ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ ਹਨ, ਤਾਂ ਮੈਂ ਵਿਰੋਧ ਨਾ ਕੀਤਾ, ਨਾ ਪਿੱਛੇ ਹਟਿਆ, 6ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮਿੰਦਗੀ ਅਤੇ ਥੁੱਕ ਤੋਂ ਨਾ ਲੁਕਾਇਆ। 7ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ, ਇਸ ਲਈ ਮੈਂ ਆਪਣਾ ਮੂੰਹ ਚਕਮਕ ਵਾਂਗੂੰ ਬਣਾਇਆ, ਅਤੇ ਮੈਂ ਜਾਣਦਾ ਹਾਂ ਕਿ ਮੈਂ ਲੱਜਿਆਵਾਨ ਨਾ ਹੋਵਾਂਗਾ।
ਜਵਾਬੀ ਭਜਨ
7ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖ਼ੌਲ ਵਿੱਚ ਉਡਾਉਂਦੇ ਹਨ, ਓਹ ਬੁੱਲ ਪਸਾਰਦੇ ਅਤੇ ਸਿਰ ਹਿਲਾਉਂਦੇ ਹਨ, 8“ਯਹੋਵਾਹ ਦੇ ਅਧੀਨ ਹੋ ਜਾ, ਉਹ ਹੀ ਉਸ ਨੂੰ ਛੁਡਾਵੇ, ਉਹ ਹੀ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ।” 16ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, ਉਨ੍ਹਾਂ ਨੇ ਮੇਰੇ ਹੱਥ-ਪੈਰ ਵਿੰਨ੍ਹ ਸੁੱਟੇ ਹਨ। 17ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ, ਓਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ। 18ਓਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ, ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ। 19ਪਰ ਤੂੰ ਯਹੋਵਾਹ ਦੂਰ ਨਾ ਰਹਿ, ਹੇ ਮੇਰੇ ਬਲ, ਮੇਰੀ ਸਹਾਇਤਾ ਲਈ ਛੇਤੀ ਕਰ, 22ਮੈਂ ਆਪਣਿਆਂ ਭਰਾਵਾਂ ਨੂੰ ਤੇਰਾ ਨਾਮ ਸੁਣਾਵਾਂਗਾ, ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ। 23ਯਹੋਵਾਹ ਤੋਂ ਡਰਨ ਵਾਲਿਓ, ਉਹ ਦੀ ਉਸਤਤ ਕਰੋ, ਯਾਕੂਬ ਦਾ ਸਾਰਾ ਵੰਸ਼, ਉਹ ਦੀ ਮਹਿਮਾ ਕਰੋ, ਅਤੇ ਇਸਰਾਏਲ ਦਾ ਸਾਰਾ ਵੰਸ਼, ਉਸ ਤੋਂ ਡਰੋ,
ਦੂਜਾ ਪਾਠ
6ਕਿ ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ। 7ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ (ਜੋ ਕੁਝ ਉਸ ਕੋਲ ਸੀ, ਸਭ ਕੁਝ ਤਿਆਗ ਦਿੱਤਾ) ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। 8ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤੱਕ ਸਗੋਂ ਸਲੀਬ ਦੀ ਮੌਤ ਤੱਕ ਆਗਿਆਕਾਰ ਬਣਿਆ। 9ਇਸ ਕਾਰਨ ਪਰਮੇਸ਼ੁਰ ਨੇ ਵੀ ਉਸ ਨੂੰ ਅੱਤ ਉੱਚਿਆਂ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। 10ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ। 11ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੂ ਹੈ।
ਇੰਜੀਲ
1ਦੋ ਦਿਨਾਂ ਦੇ ਬਾਅਦ ਪਸਾਹ ਅਤੇ ਅਖ਼ਮੀਰੀ ਰੋਟੀ ਦਾ ਤਿਉਹਾਰ ਹੋਣ ਵਾਲਾ ਸੀ, ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਜੋ ਉਹ ਨੂੰ ਕਿਵੇਂ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ? 2ਪਰ ਉਨ੍ਹਾਂ ਨੇ ਆਖਿਆ, ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋਵੇ। 3ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ, ਤਦ ਇੱਕ ਔਰਤ ਬਹਮੁੱਲਾ ਜਟਾਮਾਂਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਤੋੜ ਕੇ ਉਸ ਦੇ ਸਿਰ ਉੱਤੇ ਡੋਹਲ ਦਿੱਤਾ। 4ਤਦ ਕਈਆਂ ਨੇ ਆਪਣੇ ਮਨ ਵਿੱਚ ਖਿਝ ਕੇ ਆਖਿਆ ਜੋ ਇਸ ਅਤਰ ਦਾ ਇਹ ਨੁਕਸਾਨ ਕਿਉਂ ਕੀਤਾ ਗਿਆ? 5ਕਿਉਂਕਿ ਇਹ ਅਤਰ ਤਿੰਨ ਸੋ ਦਿਨ ਦੀ ਮਜ਼ਦੂਰੀ ਦੀ ਕੀਮਤ ਤੋਂ (ਤਿੰਨ ਸੋ ਦੀਨਾਰ) ਵੀ ਵੱਧ ਨੂੰ ਵੇਚ ਕੇ ਕੰਗਾਲਾਂ ਨੂੰ ਵੰਡਿਆ ਜਾ ਸਕਦਾ ਸੀ, ਸੋ ਉਹ ਉਸ ਔਰਤ ਨੂੰ ਝਿੜਕਣ ਲੱਗੇ। 6ਪਰ ਯਿਸੂ ਨੇ ਆਖਿਆ, ਇਸ ਨੂੰ ਛੱਡ ਦਿਓ, ਕਿਉਂ ਇਸ ਨੂੰ ਸਤਾਉਂਦੇ ਹੋ? ਉਸ ਨੇ ਤਾਂ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। 7ਕਿਉਂ ਜੋ ਕੰਗਾਲ ਤਾਂ ਸਦਾ ਤੁਹਾਡੇ ਨਾਲ ਰਹਿੰਦੇ ਹਨ, ਅਤੇ ਤੁਸੀਂ ਜਦੋਂ ਚਾਹੋ ਉਦੋਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। 8ਜੋ ਉਹ ਕਰ ਸਕਦੀ ਸੀ ਉਸ ਨੇ ਕੀਤਾ। ਉਸ ਨੇ ਪਹਿਲਾਂ ਹੀ ਮੇਰੇ ਸਰੀਰ ਨੂੰ ਦਫ਼ਨਾਉਣ ਦੀ ਤਿਆਰੀ ਲਈ ਅਤਰ ਮਲਿਆ। 9ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ। 10ਯਹੂਦਾ ਇਸਕਰਿਯੋਤੀ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਮੁੱਖ ਜਾਜਕਾਂ ਕੋਲ ਚੱਲਿਆ ਗਿਆ ਕਿ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ। 11ਅਤੇ ਉਹ ਇਹ ਸੁਣ ਕੇ ਅਨੰਦ ਹੋਏ ਅਤੇ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ। ਤਦ ਉਹ ਇਸ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰ੍ਹਾਂ ਮੌਕਾ ਪਾ ਕੇ ਉਹ ਨੂੰ ਫੜਵਾ ਦੇਵੇ। 12ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਤਾਂ ਉਹ ਦੇ ਚੇਲਿਆਂ ਨੇ ਉਹ ਨੂੰ ਕਿਹਾ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਜਾ ਕੇ ਤੇਰੇ ਪਸਾਹ ਖਾਣ ਲਈ ਤਿਆਰੀ ਕਰੀਏ? 13ਤਦ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਨੂੰ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਸ਼ਹਿਰ ਵਿੱਚ ਜਾਓ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ। ਉਹ ਦੇ ਮਗਰ ਤੁਰ ਪਓ। 14ਅਤੇ ਜਿਸ ਘਰ ਵਿੱਚ ਉਹ ਜਾਵੇ ਤੁਸੀਂ ਘਰ ਦੇ ਮਾਲਕ ਨੂੰ ਕਹੋ ਜੋ ਗੁਰੂ ਆਖਦਾ ਹੈ ਮੇਰਾ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਖਾਵਾਂ? 15ਉਹ ਤੁਹਾਨੂੰ ਤਿਆਰ ਕੀਤਾ ਹੋਇਆ ਅਤੇ ਸਜਾਇਆ ਹੋਇਆ ਇੱਕ ਵੱਡਾ ਚੁਬਾਰਾ ਵਿਖਾਵੇਗਾ ਅਤੇ ਉੱਥੇ ਜਾ ਕੇ ਤੁਸੀਂ ਤਿਆਰੀ ਕਰੋ। 16ਤਾਂ ਚੇਲੇ ਚਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਉਸੇ ਤਰ੍ਹਾਂ ਵੇਖਿਆ ਅਤੇ ਪਸਾਹ ਦੀ ਤਿਆਰੀ ਕੀਤੀ। 17ਜਦ ਸ਼ਾਮ ਪਈ ਉਹ ਉਨ੍ਹਾਂ ਬਾਰਾਂ ਦੇ ਨਾਲ ਆਇਆ। 18ਅਤੇ ਜਦ ਉਹ ਬੈਠੇ ਖਾਂਦੇ ਸਨ ਤਦ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਏਗਾ। 19ਤਦ ਉਹ ਉਦਾਸ ਹੋਏ ਅਤੇ ਇੱਕ-ਇੱਕ ਕਰ ਕੇ ਉਹ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ? 20ਉਸ ਨੇ ਉਨ੍ਹਾਂ ਨੂੰ ਆਖਿਆ, ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਉਹ ਹੀ ਹੈ। 21ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਹ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਾ ਜੰਮਦਾ। 22ਜਦ ਉਹ ਖਾ ਰਹੇ ਸਨ ਤਦ ਉਹ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ। 23ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਅਤੇ ਸਭਨਾਂ ਨੇ ਉਸ ਵਿੱਚੋਂ ਪੀਤਾ। 24ਅਤੇ ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। 25ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਫੇਰ ਕਦੇ ਅੰਗੂਰ ਦਾ ਰਸ ਨਾ ਪੀਵਾਂਗਾ ਜਿਸ ਦਿਨ ਤੱਕ ਪਰਮੇਸ਼ੁਰ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। 26ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ। 27ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸੱਭੇ ਠੋਕਰ ਖਾਓਗੇ ਕਿਉਂ ਜੋ ਇਹ ਲਿਖਿਆ ਹੈ ਕਿ ਮੈਂ ਅਯਾਲੀ ਨੂੰ ਮਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ। 28ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ। 29ਤਦ ਪਤਰਸ ਨੇ ਉਹ ਨੂੰ ਆਖਿਆ, ਭਾਵੇਂ ਸੱਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ! 30ਅਤੇ ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ। 31ਪਰ ਉਹ ਨੇ ਜੋਰ ਦੇ ਕੇ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸੱਭੇ ਇਸੇ ਤਰ੍ਹਾਂ ਬੋਲੇ। 32ਫੇਰ ਉਹ ਗਥਸਮਨੀ ਨਾਮੇ ਇੱਕ ਥਾਂ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਐਥੇ ਬੈਠੋ। 33ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ ਅਤੇ ਪਰੇਸ਼ਾਨ ਅਤੇ ਬਹੁਤ ਦੁੱਖੀ ਹੋਣ ਲੱਗਾ। 34ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਐਥੇ ਠਹਿਰੋ ਅਤੇ ਜਾਗਦੇ ਰਹੋ। 35ਅਤੇ ਉਹ ਥੋੜ੍ਹਾ ਅੱਗੇ ਵੱਧ ਕੇ ਭੁੰਜੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੇਰੇ ਤੋਂ ਟਲ ਜਾਏ। 36ਅਤੇ ਉਸ ਨੇ ਆਖਿਆ, ਅੱਬਾ, ਹੇ ਪਿਤਾ, ਤੇਰੇ ਕੋਲੋਂ ਸੱਭੋ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ। 37ਫੇਰ ਉਹ ਨੇ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਹੇ ਸ਼ਮਊਨ, ਤੂੰ ਸੌਂਦਾ ਹੈਂ? ਕੀ ਤੇਰੇ ਕੋਲੋਂ ਇੱਕ ਘੜੀ ਵੀ ਨਾ ਜਾਗ ਹੋਇਆ? 38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਓ, ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। 39ਤਾਂ ਉਹ ਫੇਰ ਗਿਆ ਅਤੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ। 40ਅਤੇ ਫੇਰ ਆਣ ਕੇ ਉਸ ਨੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਪਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਜੋ ਉਸ ਨੂੰ ਕੀ ਉੱਤਰ ਦੇਣ। 41ਅਤੇ ਉਸ ਨੇ ਤੀਜੀ ਵਾਰ ਆ ਕੇ ਉਨ੍ਹਾਂ ਨੂੰ ਕਿਹਾ, ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ। ਹੁਣ ਉਹ ਘੜੀ ਆ ਪਹੁੰਚੀ ਹੈ। ਵੇਖੋ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 42ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ। 43ਉਹ ਅਜੇ ਬੋਲਦਾ ਹੀ ਸੀ ਕਿ ਉਸੇ ਵੇਲੇ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆਇਆ ਅਤੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੀ ਵੱਲੋਂ ਇੱਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ। 44ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ। ਉਹ ਨੂੰ ਫੜ੍ਹ ਕੇ ਤਕੜਾਈ ਨਾਲ ਲੈ ਜਾਣਾ! 45ਸੋ ਜਦ ਉਹ ਆ ਗਿਆ ਝੱਟ ਉਹ ਦੇ ਕੋਲ ਜਾ ਕੇ ਉਸ ਨੇ ਕਿਹਾ, ਗੁਰੂ ਜੀ! ਅਤੇ ਉਹ ਨੂੰ ਚੁੰਮਿਆ। 46ਤਦ ਉਨ੍ਹਾਂ ਉਸ ਤੇ ਹੱਥ ਪਾਏ ਅਤੇ ਉਹ ਨੂੰ ਫੜ ਲਿਆ। 47ਅਤੇ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਵਿੱਚੋਂ ਇੱਕ ਨੇ ਤਲਵਾਰ ਕੱਢ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ। 48ਤਦ ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ ਕਿ ਤਲਵਾਰਾਂ ਅਤੇ ਡਾਂਗਾਂ ਫੜ੍ਹੀ ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ? 49ਮੈਂ ਰੋਜ਼ ਹੈਕਲ ਵਿੱਚ ਤੁਹਾਡੇ ਕੋਲ ਹੁੰਦਾ ਅਤੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ, ਪਰ ਇਹ ਇਸ ਲਈ ਹੋਇਆ ਜੋ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਪੂਰੀਆਂ ਹੋਣ। 50ਅਤੇ ਸੱਭੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ। 51ਇੱਕ ਜੁਆਨ ਜਿਸ ਨੇ ਚਾਦਰ ਆਪਣੇ ਨੰਗੇ ਪਿੰਡੇ ਉੱਤੇ ਪਾਈ ਹੋਈ ਸੀ, ਉਹ ਦੇ ਮਗਰ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ। 52ਪਰ ਉਹ ਕੱਪੜਾ ਛੱਡ ਕੇ ਨੰਗਾ ਭੱਜ ਗਿਆ। 53ਤਦ ਉਹ ਯਿਸੂ ਨੂੰ ਪ੍ਰਧਾਨ ਜਾਜਕ ਕੋਲ ਲੈ ਗਏ ਅਤੇ ਉਹ ਦੇ ਕੋਲ ਸਾਰੇ ਮੁੱਖ ਜਾਜਕ ਅਤੇ ਬਜ਼ੁਰਗ ਅਤੇ ਉਪਦੇਸ਼ਕ ਇਕੱਠੇ ਹੋਏ। 54ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਦੇ ਅੰਦਰ ਤੱਕ ਚੱਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ। 55ਤਦ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਨੇ ਯਿਸੂ ਦੇ ਵਿਰੁੱਧ ਉਹ ਨੂੰ ਜਾਨੋਂ ਮਾਰਨ ਲਈ ਗਵਾਹੀ ਭਾਲੀ, ਪਰ ਨਾ ਲੱਭੀ। 56ਬਹੁਤਿਆਂ ਨੇ ਉਹ ਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ। 57ਤਦ ਕਈਆਂ ਨੇ ਉੱਠ ਕੇ ਉਹ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ 58ਜੋ ਅਸੀਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨ੍ਹਾਂ ਹੱਥ ਲਾਏ ਬਣਾਵਾਂਗਾ। 59ਤਾਂ ਵੀ ਉਨ੍ਹਾਂ ਦੀ ਗਵਾਹੀ ਇੱਕੋ ਜਿਹੀ ਨਾ ਸੀ। 60ਤਦ ਪ੍ਰਧਾਨ ਜਾਜਕ ਵਿਚਾਲੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਕੀ ਤੂੰ ਕੁਝ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ? 61ਪਰ ਉਹ ਚੁੱਪ ਹੀ ਰਿਹਾ ਅਤੇ ਕੁਝ ਜ਼ਵਾਬ ਨਾ ਦਿੱਤਾ ਤਾਂ ਪ੍ਰਧਾਨ ਜਾਜਕ ਨੇ ਫੇਰ ਉਹ ਨੂੰ ਪੁੱਛਿਆ, ਕੀ ਤੂੰ ਮਸੀਹ ਮੁਬਾਰਕ ਪਰਮੇਸ਼ੁਰ ਦਾ ਪੁੱਤਰ ਹੈਂ? 62ਯਿਸੂ ਨੇ ਆਖਿਆ, ਮੈਂ ਹਾਂ ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ। 63ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? 64ਤੁਸੀਂ ਇਹ ਕੁਫ਼ਰ ਸੁਣਿਆ, ਤੁਹਾਡੀ ਕੀ ਸਲਾਹ ਹੈ? ਤਦ ਉਨ੍ਹਾਂ ਸਭਨਾਂ ਨੇ ਉਹ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ। 65ਅਤੇ ਬਹੁਤ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਭਵਿੱਖਬਾਣੀ ਕਰਕੇ ਵਿਖਾ! ਅਤੇ ਸਿਪਾਹੀਆਂ ਨੇ ਉਹ ਨੂੰ ਲੈ ਕੇ ਚਪੇੜਾਂ ਮਾਰੀਆਂ। 66ਜਾਂ ਪਤਰਸ ਹੇਠਾਂ ਵਿਹੜੇ ਵਿੱਚ ਸੀ ਪ੍ਰਧਾਨ ਜਾਜਕ ਦੀਆਂ ਗੋਲੀਆਂ ਵਿੱਚੋਂ ਇੱਕ ਆਈ। 67ਅਤੇ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹ ਦੀ ਵੱਲ ਨਿਗਾਹ ਕਰ ਕੇ ਬੋਲੀ, ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ। 68ਪਰ ਉਹ ਮੁੱਕਰ ਕੇਬੋਲਿਆ, ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਜੋ ਤੂੰ ਕੀ ਆਖਦੀ ਹਾਂ, ਅਤੇ ਉਹ ਬਾਹਰ ਡਿਉੜੀ ਵਿੱਚ ਚੱਲਿਆ ਗਿਆ। 69ਤਾਂ ਗੋਲੀ ਉਹ ਨੂੰ ਵੇਖ ਕੇ ਫੇਰ ਉਨ੍ਹਾਂ ਨੂੰ ਜਿਹੜੇ ਉੱਥੇ ਖੜੇ ਸਨ ਆਖਣ ਲੱਗੀ, ਇਹ ਉਨ੍ਹਾਂ ਵਿੱਚੋਂ ਇੱਕ ਹੈ। 70ਪਰ ਉਹ ਫੇਰ ਮੁੱਕਰ ਗਿਆ ਅਤੇ ਥੋੜ੍ਹੇ ਚਿਰ ਪਿੱਛੋਂ ਫੇਰ ਉਨ੍ਹਾਂ ਨੇ ਜਿਹੜੇ ਉੱਥੇ ਖੜੇ ਸਨ ਪਤਰਸ ਨੂੰ ਕਿਹਾ, ਸੱਚ-ਮੁੱਚ ਤੂੰ ਉਨ੍ਹਾਂ ਵਿੱਚੋਂ ਹੈਂ ਕਿਉਂ ਜੋ ਤੂੰ ਗਲੀਲੀ ਹੈਂ। 71ਪਰ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਿਹ ਦੀ ਤੁਸੀਂ ਗੱਲ ਕਰਦੇ ਹੋ ਜਾਣਦਾ ਹੀ ਨਹੀਂ। 72ਅਤੇ ਝੱਟ ਦੂਜੀ ਵਾਰ ਮੁਰਗੇ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਉਹ ਨੂੰ ਆਖੀ ਸੀ ਜੋ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ। 15:1ਸਵੇਰ ਹੁੰਦਿਆਂ ਹੀ ਮੁੱਖ ਜਾਜਕਾਂ ਨੇ ਬਜ਼ੁਰਗਾਂ ਅਤੇ ਉਪਦੇਸ਼ਕਾਂ ਸਣੇ ਅਤੇ ਸਾਰੀ ਮਹਾਂ ਸਭਾ ਨੇ ਸਲਾਹ ਕਰ ਕੇ ਯਿਸੂ ਨੂੰ ਬੰਨ੍ਹਿਆ ਅਤੇ ਲੈ ਜਾ ਕੇ ਪਿਲਾਤੁਸ ਦੇ ਹਵਾਲੇ ਕੀਤਾ। 2ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ? ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ। 3ਤਾਂ ਮੁੱਖ ਜਾਜਕਾਂ ਨੇ ਉਸ ਉੱਤੇ ਬਹੁਤ ਦੋਸ਼ ਲਾਏ। 4ਪਿਲਾਤੁਸ ਨੇ ਉਸ ਤੋਂ ਫਿਰ ਪੁੱਛਿਆ, ਤੂੰ ਕੁਝ ਜ਼ਵਾਬ ਨਹੀਂ ਦਿੰਦਾ? ਵੇਖ ਉਹ ਤੇਰੇ ਉੱਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ! 5ਪਰ ਯਿਸੂ ਨੇ ਫੇਰ ਕੁਝ ਜ਼ਵਾਬ ਨਾ ਦਿੱਤਾ ਐਥੋਂ ਤੱਕ ਜੋ ਪਿਲਾਤੁਸ ਹੈਰਾਨ ਹੋਇਆ। 6ਉਹ ਉਸ ਤਿਉਹਾਰ ਉੱਤੇ ਇੱਕ ਕੈਦੀ ਜਿਸ ਦੇ ਲਈ ਲੋਕ ਅਰਜ਼ ਕਰਦੇ ਸਨ ਉਨ੍ਹਾਂ ਦੀ ਖ਼ਾਤਰ ਛੱਡਦਾ ਹੁੰਦਾ ਸੀ। 7ਬਰੱਬਾ ਨਾਮ ਦਾ ਇੱਕ ਮਨੁੱਖ ਸੀ ਜਿਹੜਾ ਉਨ੍ਹਾਂ ਫਸਾਦੀਆਂ ਦੇ ਨਾਲ ਸੀ ਜਿਨ੍ਹਾਂ ਫਸਾਦ ਵਿੱਚ ਖੂਨ ਕੀਤਾ ਕੈਦ ਵਿੱਚ ਪਿਆ ਹੋਇਆ ਸੀ। 8ਅਤੇ ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਜੋ ਦਸਤੂਰ ਅਨੁਸਾਰ ਸਾਡੇ ਲਈ ਕਰੋ। 9ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ? 10ਕਿਉਂ ਜੋ ਉਹ ਨੇ ਮਲੂਮ ਕੀਤਾ ਸੀ ਜੋ ਮੁੱਖ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ। 11ਪਰ ਮੁੱਖ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰੱਬਾ ਹੀ ਉਨ੍ਹਾਂ ਦੀ ਖ਼ਾਤਰ ਛੱਡ ਦੇਵੇ। 12ਪਿਲਾਤੁਸ ਨੇ ਅੱਗੋਂ ਉਨ੍ਹਾਂ ਨੂੰ ਫਿਰ ਆਖਿਆ, ਤਾਂ ਜਿਹ ਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ ਮੈਂ ਉਸ ਨਾਲ ਕੀ ਕਰਾਂ? 13ਉਹ ਫੇਰ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ! 14ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਕਿਉਂ? ਇਸ ਨੇ ਕੀ ਬੁਰਿਆਈ ਕੀਤੀ ਹੈ? ਪਰ ਉਹ ਹੋਰ ਵੀ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ! 15ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ। 16ਤਾਂ ਸਿਪਾਹੀ ਉਹ ਨੂੰ ਉਸ ਵਿਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਸੀ ਲੈ ਗਏ ਅਤੇ ਸਾਰੇ ਜੱਥੇ ਨੂੰ ਇਕੱਠਾ ਬੁਲਾ ਲਿਆ। 17ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਬਸਤਰ ਪਹਿਨਾਏ ਅਤੇ ਕੰਡਿਆਂ ਵਾਲਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ। 18ਅਤੇ ਉਹ ਨੂੰ ਵਧਾਈਆਂ ਦੇਣ ਲੱਗੇ ਕਿ ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ! 19ਅਤੇ ਉਹ ਦੇ ਸਿਰ ਉੱਤੇ ਕਾਨੇ ਮਾਰਦੇ ਅਤੇ ਉਸ ਉੱਤੇ ਥੁੱਕਦੇ ਅਤੇ ਗੋਡੇ ਟੇਕ ਕੇ ਉਹ ਨੂੰ ਮੱਥਾ ਟੇਕਦੇ ਸਨ। 20ਜਦੋਂ ਉਸ ਨਾਲ ਮਖ਼ੌਲ ਕਰ ਹਟੇ ਤਾਂ ਉਸ ਦੇ ਉੱਤੋਂ ਬੈਂਗਣੀ ਬਸਤਰ ਲਾਹ ਲਿਆ ਅਤੇ ਉਹ ਦੇ ਆਪਣੇ ਬਸਤਰ ਉਹ ਨੂੰ ਪਹਿਨਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ। 21ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਤਾ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆਂ ਉੱਥੋਂ ਦੀ ਲੰਘਦਾ ਸੀ ਵਗਾਰੇ ਫੜਿਆ ਜੋ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ। 22ਅਤੇ ਉਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ “ਖੋਪੜੀ ਦਾ ਥਾਂ ਹੈ” ਲਿਆਏ। 23ਅਤੇ ਮੈਅ ਵਿੱਚ ਗੰਧਰਸ ਮਿਲਾ ਕੇ ਉਸ ਨੂੰ ਦੇਣ ਲੱਗੇ ਪਰ ਉਸ ਨੇ ਨਾ ਲਈ। 24ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾ ਕੇ ਉਹ ਦੇ ਕੱਪੜੇ ਵੰਡਣ ਲਈ ਗੁਣੇ ਪਾਏ ਜੋ ਕਿਹੜਾ ਕਿਹ ਦੇ ਹਿੱਸੇ ਆਵੇ। 25ਪਹਿਰ ਦਿਨ ਚੜ੍ਹਿਆ ਸੀ ਜਦ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ। 26ਅਤੇ ਉਹ ਦੀ ਇਹ ਦੋਸ਼ ਪੱਤ੍ਰੀ ਉੱਪਰ ਲਿਖੀ ਹੋਈ ਸੀ, ਕਿ ਇਹ “ਯਹੂਦੀਆਂ ਦਾ ਰਾਜਾ ਹੈ”। 27ਉਨ੍ਹਾਂ ਨੇ ਉਹ ਦੇ ਨਾਲ ਦੋ ਡਾਕੂਆਂ ਨੂੰ ਇੱਕ ਉਹ ਦੇ ਸੱਜੇ ਤੇ ਦੂਜਾ ਉਹ ਦੇ ਖੱਬੇ ਸਲੀਬ ਉੱਤੇ ਚੜ੍ਹਾਇਆ। 28ਅਤੇ ਲਿਖਤ ਪੂਰੀ ਹੋਈ ਜੋ ਆਖਦੀ ਹੈ, “ਉਸ ਦੀ ਗਿਣਤੀ ਪਾਪੀਆਂ ਵਿੱਚ ਹੋਈ।” 29ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰਨ ਅਤੇ ਸਿਰ ਹਿਲਾ ਕੇ ਕਹਿਣ ਲੱਗੇ, 30ਵਾਹ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ! ਸਲੀਬੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਲੈ। 31ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਆਪੋ ਵਿੱਚ ਉਪਦੇਸ਼ਕਾਂ ਨਾਲ ਮਿਲ ਕੇ ਮਖ਼ੌਲ ਕੀਤਾ ਅਤੇ ਕਿਹਾ, ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! 32ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਉਹ ਵੀ ਉਸ ਨੂੰ ਤਾਅਨੇ ਮਾਰਦੇ ਸਨ। 33ਜਦ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਹਨ੍ਹੇਰਾ ਛਾ ਗਿਆ ਅਤੇ ਤੀਜੇ ਪਹਿਰ ਤੱਕ ਰਿਹਾ। 34ਅਤੇ ਤੀਜੇ ਪਹਿਰ ਯਿਸੂ ਉੱਚੀ ਅਵਾਜ਼ ਨਾਲ ਬੋਲਿਆ “ਏਲੋਈ ਏਲੋਈ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ? 35ਤਾਂ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਇਹ ਸੁਣ ਕੇ ਬੋਲੇ, ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ! 36ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ? 37ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ। 38ਅਤੇ ਹੈਕਲ ਦਾ ਪੜਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਕੇ ਦੋ ਹੋ ਗਿਆ। 39ਜਦ ਉਸ ਸੂਬੇਦਾਰ ਨੇ ਜਿਹੜਾ ਉਹ ਦੇ ਸਾਹਮਣੇ ਖੜ੍ਹਾ ਸੀ ਇਹ ਵੇਖਿਆ ਜੋ ਉਹ ਨੇ ਇਉਂ ਸਾਹ ਛੱਡ ਦਿੱਤਾ ਤਾਂ ਬੋਲਿਆ, ਇਹ ਪੁਰਖ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ! 40ਕਈ ਔਰਤਾਂ ਦੂਰੋਂ ਵੇਖ ਰਹੀਆਂ ਸਨ। ਉਨ੍ਹਾਂ ਵਿੱਚੋਂ ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸੀ। 41ਜਿਸ ਵੇਲੇ ਉਹ ਗਲੀਲ ਵਿੱਚ ਸੀ ਉਸ ਵੇਲੇ ਓਹ ਉਸ ਦੇ ਨਾਲ ਰਹਿੰਦੀਆਂ ਅਤੇ ਉਸ ਦੀ ਟਹਿਲ ਸੇਵਾ ਕਰਦੀਆਂ ਹੁੰਦੀਆਂ ਸਨ ਅਤੇ ਹੋਰ ਵੀ ਬਹੁਤ ਸਾਰੀਆਂ ਸਨ ਜੋ ਉਹ ਦੇ ਨਾਲ ਯਰੂਸ਼ਲਮ ਨੂੰ ਆਈਆਂ ਸਨ। 42ਜਦ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ। 43ਅਰਿਮਥੇਆ ਦਾ ਯੂਸੁਫ਼ ਇੱਕ ਮਾਨਯੋਗ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ। 44ਪਰ ਪਿਲਾਤੁਸ ਨੇ ਅਚਰਜ਼ ਮੰਨਿਆ ਜੋ ਐਡੀ ਛੇਤੀ ਉਹ ਕਿਵੇਂ ਮਰ ਗਿਆ ਅਤੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ ਕੀ ਉਹ ਨੂੰ ਮਰੇ ਕੁਝ ਚਿਰ ਹੋ ਗਿਆ ਹੈ? 45ਅਤੇ ਸੂਬੇਦਾਰ ਤੋਂ ਮਲੂਮ ਕਰ ਕੇ ਲੋਥ ਯੂਸੁਫ਼ ਨੂੰ ਦੁਆ ਦਿੱਤੀ। 46ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਤੇ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ। 47ਅਤੇ ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ