Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 20

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 20 ਮਾਰਚ 2027

ਸ਼ਨੀਵਾਰ · ਚਾਲੀਸੇ ਦਾ ਪੰਜਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਚਾਲੀਸੇ ਦੇ ਪੰਜਵੇਂ ਹਫ਼ਤੇ ਦਾ ਸ਼ਨੀਵਾਰ

ਆਮ ਦਿਨ · ਉਪਾਸਨਾ ਦਾ ਰੰਗ: ਬੈਂਗਣੀ

ਦਿਨ ਦੇ ਪਾਠ

ਪਹਿਲਾ ਪਾਠ

ਹਿਜ਼ 37:21–28

21ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਇਸਰਾਏਲੀਆਂ ਨੂੰ ਕੌਮਾਂ ਦੇ ਵਿੱਚੋਂ ਜਿੱਥੇ-ਜਿੱਥੇ ਉਹ ਗਏ ਹਨ, ਲਵਾਂਗਾ ਅਤੇ ਹਰ ਪਾਸਿਓਂ ਉਹਨਾਂ ਨੂੰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ। 22ਮੈਂ ਉਹਨਾਂ ਨੂੰ ਉਸ ਦੇਸ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਇੱਕੋ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਰਾਜ ਕਰਨ ਲਈ ਇੱਕੋ ਹੀ ਰਾਜਾ ਹੋਵੇਗਾ, ਉਹ ਅੱਗੇ ਲਈ ਨਾ ਦੋ ਕੌਮਾਂ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਰਾਜਾਂ ਵਿੱਚ ਵੰਡੇ ਜਾਣਗੇ। 23ਨਾ ਹੀ ਅੱਗੇ ਨੂੰ ਉਹ ਆਪਣੀਆਂ ਮੂਰਤੀਆਂ ਨਾਲ, ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾ, ਇਸ ਲਈ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ। 24ਮੇਰਾ ਦਾਸ ਦਾਊਦ ਉਹਨਾਂ ਉੱਤੇ ਰਾਜਾ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ। ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ। 25ਉਹ ਉਸ ਦੇਸ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਉ-ਦਾਦੇ ਵੱਸਦੇ ਸਨ, ਵੱਸਣਗੇ ਅਤੇ ਉਹ, ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੱਕ ਉਸ ਵਿੱਚ ਸਦਾ ਲਈ ਵੱਸਣਗੇ। ਮੇਰਾ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ। 26ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ। ਉਹਨਾਂ ਦੇ ਵਿਚਕਾਰ ਆਪਣੇ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ। 27ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ, ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। 28ਮੇਰਾ ਪਵਿੱਤਰ ਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ, ਤਾਂ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਜਿਹੜਾ ਇਸਰਾਏਲ ਨੂੰ ਪਵਿੱਤਰ ਕਰਦਾ ਹਾਂ!

ਜਵਾਬੀ ਭਜਨ

ਯਿਰ 31:10–13

10ਹੇ ਕੌਮੋਂ ਯਹੋਵਾਹ ਦਾ ਬਚਨ ਸੁਣੋ, ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ਅਤੇ ਆਖੋ, ਉਹ ਜਿਸ ਇਸਰਾਏਲ ਨੂੰ ਖੇਰੂੰ-ਖੇਰੂੰ ਕੀਤਾ ਉਹ ਨੂੰ ਇਕੱਠਾ ਕਰੇਗਾ, ਅਤੇ ਆਜੜੀ ਵਾਂਗੂੰ ਆਪਣੇ ਇੱਜੜ ਦੀ ਰਾਖੀ ਕਰੇਗਾ, 11ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਨੂੰ ਉਹ ਦੇ ਹੱਥੋਂ ਜਿਹੜਾ ਉਹ ਦੇ ਨਾਲੋਂ ਤਕੜਾ ਸੀ ਛੁਡਾਇਆ ਹੈ। 12ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲ਼ਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ। 13ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ।

ਇੰਜੀਲ

ਯੂਹ 11:45–57

45ਬਹੁਤ ਸਾਰੇ ਯਹੂਦੀ ਉੱਥੇ ਮਰਿਯਮ ਨੂੰ ਵੇਖਣ ਲਈ ਆਏ ਹੋਏ ਸਨ। ਜੋ ਯਿਸੂ ਨੇ ਕੀਤਾ ਉਨ੍ਹਾਂ ਨੇ ਵੇਖਿਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਤੇ ਵਿਸ਼ਵਾਸ ਕੀਤਾ। 46ਪਰ ਕੁਝ ਯਹੂਦੀ ਫ਼ਰੀਸੀਆਂ ਕੋਲ ਗਏ ਤੇ ਜਾ ਕੇ ਫ਼ਰੀਸੀਆਂ ਨੂੰ ਯਿਸੂ ਦੇ ਕੰਮ ਬਾਰੇ ਦੱਸਿਆ ਕਿ ਉਸ ਨੇ ਕੀ ਕੀਤਾ ਸੀ। 47ਤਾਂ ਫਿਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਹੂਦੀਆਂ ਦੀ ਇੱਕ ਸਭਾ ਬੁਲਾਈ ਅਤੇ ਕਿਹਾ, “ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਮਨੁੱਖ ਬਹੁਤ ਚਮਤਕਾਰ ਕਰ ਰਿਹਾ ਹੈ। 48ਜੇਕਰ ਅਸੀਂ ਇਸ ਨੂੰ ਓਵੇਂ ਹੀ ਛੱਡ ਦਿੱਤਾ, ਤਾਂ ਹਰ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ। ਤਦ ਫਿਰ ਰੋਮੀ ਆ ਜਾਣਗੇ ਅਤੇ ਸਾਡੀ ਹੈਕਲ ਅਤੇ ਸਾਡੀ ਕੌਮ ਨੂੰ ਨਾਸ ਕਰ ਦੇਣਗੇ।” 49ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ। ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ। ਉਸ ਨੇ ਆਖਿਆ, “ਤੁਸੀਂ ਲੋਕ ਕੁਝ ਵੀ ਨਹੀਂ ਜਾਣਦੇ। 50ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਰੀ ਕੌਮ ਦੇ ਨਾਸ ਦੀ ਬਜਾਏ ਲੋਕਾਂ ਲਈ ਇੱਕ ਮਨੁੱਖ ਦਾ ਮਰ ਜਾਣਾ ਚੰਗਾ ਹੈ।” 51ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ। ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ। 52ਹਾਂ, ਯਿਸੂ ਸਿਰਫ਼ ਯਹੂਦੀ ਕੌਮ ਲਈ ਨਹੀਂ ਮਰੇਗਾ ਸਗੋਂ ਪਰਮੇਸ਼ੁਰ ਦੇ ਸਾਰੇ ਬੱਚਿਆਂ ਵਾਸਤੇ ਜਿਹੜੇ ਕਿ ਸਾਰੀ ਦੁਨੀਆਂ ਵਿੱਚ ਖਿੰਡੇ ਹੋਏ ਹਨ, ਤਾਂ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰ ਲਵੇ। 53ਉਸ ਦਿਨ ਤੋਂ ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਬਾਰੇ ਮਤਾ ਪਕਾਇਆ। 54ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ। 55ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਨੇੜੇ ਸੀ। ਇਸ ਲਈ ਬਹੁਤ ਸਾਰੇ ਲੋਕ ਕਈ ਦੇਸਾਂ ਤੋਂ ਯਰੂਸ਼ਲਮ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਏ। 56ਇਨ੍ਹਾਂ ਲੋਕਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਹੈਕਲ ਦੇ ਇਲਾਕੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ ਦੂਜੇ ਨੂੰ ਕਿਹਾ, “ਕੀ ਉਹ ਇਸ ਤਿਉਹਾਰ ਤੇ ਨਹੀਂ ਆਵੇਗਾ? ਤੁਸੀਂ ਕੀ ਸੋਚਦੇ ਹੋ?” 57ਪਰ ਮੁੱਖ ਜਾਜਕ ਅਤੇ ਫ਼ਰੀਸੀਆਂ ਨੇ ਆਗਿਆ ਦਿੱਤੀ ਕਿ ਜੇ ਕੋਈ ਜਾਣਦਾ ਹੋਵੇ ਕਿ ਯਿਸੂ ਕਿੱਥੇ ਹੈ। ਉਹ ਉਨ੍ਹਾਂ ਨੂੰ ਦੱਸਣ ਤਾਂ ਜੋ ਪ੍ਰਧਾਨ ਜਾਜਕ ਅਤੇ ਫ਼ਰੀਸੀ ਉਸ ਨੂੰ ਕੈਦ ਕਰ ਸਕਣ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ