Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਯਰੂਸ਼ਲਮ ਵਿੱਚ

ਇੰਜੀਲਾਂ ਨਾਲ-ਨਾਲ · ਯਰੂਸ਼ਲਮ ਵਿੱਚ

ਮਾਲੀਆਂ ਦਾ ਦ੍ਰਿਸ਼ਟਾਂਤ

ਮੱਤੀ 21:33–46 · ਮਰਕੁ 12:1–12 · ਲੂਕਾ 20:9–19

ਮੱਤੀ

ਮੱਤੀ 21:33–46

33ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਕੀਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ।

34ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ।

35ਅਤੇ ਮਾਲੀਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਉ ਕੀਤਾ।

36ਫੇਰ ਉਸ ਨੇ ਪਹਿਲਾਂ ਨਾਲੋਂ ਵੱਧ ਨੌਕਰਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ।

37ਅੰਤ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।

38ਪਰ ਮਾਲੀਆਂ ਨੇ ਜਦ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ।

39ਅਤੇ ਉਨ੍ਹਾਂ ਉਸ ਨੂੰ ਫੜਿਆ ਅਤੇ ਬਾਗ਼ੋਂ ਬਾਹਰ ਕੱਢ ਕੇ ਮਾਰ ਸੁੱਟਿਆ।

40ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?

41ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ।

42ਯਿਸੂ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਪਵਿੱਤਰ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ।

43ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਅਤੇ ਪਰਾਈ ਕੌਮ ਨੂੰ ਦਿੱਤਾ ਜਾਵੇਗਾ, ਜਿਹੜੀ ਉਹ ਦੇ ਫਲ ਦੇਵੇ।

44ਅਤੇ ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਉਹ ਡਿੱਗੇ ਉਹ ਨੂੰ ਪੀਹ ਸੁੱਟੇਗਾ।

45ਜਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਹ ਦੇ ਦ੍ਰਿਸ਼ਟਾਂਤ ਸੁਣੇ ਤਾਂ ਸਮਝਿਆ ਜੋ ਉਹ ਸਾਡੇ ਹੀ ਬਾਰੇ ਵਿੱਚ ਆਖਦਾ ਹੈ।

46ਅਤੇ ਜਦ ਉਹ ਉਸ ਨੂੰ ਫੜ੍ਹਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ, ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।

ਮਰਕੁਸ

ਮਰਕੁ 12:1–12

1ਫੇਰ ਪ੍ਰਭੂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, ਕਿ ਇੱਕ ਮਨੁੱਖ ਨੇ ਅੰਗੂਰਾਂ ਦਾ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਦਿੱਤੀ ਅਤੇ ਰਸ ਲਈ ਇੱਕ ਹੋਦ ਬਣਾਇਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਆਪ ਪਰਦੇਸ ਚੱਲਿਆ ਗਿਆ।

2ਅਤੇ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਮਾਲੀਆਂ ਤੋਂ ਬਾਗ਼ ਦੇ ਫਲ ਵਿੱਚੋਂ ਕੁਝ ਲੈ ਕੇ ਆਵੇ।

3ਅਤੇ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਕੁੱਟਿਆ ਅਤੇ ਖਾਲੀ ਹੱਥੀਂ ਮੋੜ ਦਿੱਤਾ।

4ਉਸ ਨੇ ਇੱਕ ਹੋਰ ਨੌਕਰ ਉਨ੍ਹਾਂ ਦੇ ਕੋਲ ਭੇਜਿਆ ਅਤੇ ਉਨ੍ਹਾਂ ਨੇ ਉਹ ਦਾ ਸਿਰ ਭੰਨਿਆ ਅਤੇ ਉਹ ਨੂੰ ਬੇਇੱਜ਼ਤ ਕੀਤਾ।

5ਫੇਰ ਉਸ ਨੇ ਇੱਕ ਹੋਰ ਭੇਜਿਆ ਅਤੇ ਉਨ੍ਹਾਂ ਨੇ ਉਹ ਨੂੰ ਵੀ ਮਾਰ ਸੁੱਟਿਆ ਅਤੇ ਉਸ ਨੇ ਹੋਰ ਬਹੁਤ ਸਾਰੇ ਭੇਜੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਤੇ ਕਈਆਂ ਨੂੰ ਮਾਰ ਦਿੱਤਾ।

6ਅਜੇ ਉਸ ਦੇ ਕੋਲ ਇੱਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤਰ। ਆਖੀਰ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਇਹ ਕਹਿ ਕੇ ਭੇਜਿਆ ਜੋ ਉਹ ਮੇਰੇ ਪੁੱਤਰ ਦਾ ਮਾਣ ਰੱਖਣਗੇ।

7ਅਤੇ ਉਨ੍ਹਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਿਸ ਇਹੋ ਹੈ। ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ।

8ਅਤੇ ਉਨ੍ਹਾਂ ਨੇ ਉਹ ਨੂੰ ਫੜ੍ਹ ਕੇ ਮਾਰ ਦਿੱਤਾ ਅਤੇ ਉਹ ਨੂੰ ਬਾਗ਼ੋਂ ਬਾਹਰ ਸੁੱਟਿਆ।

9ਸੋ ਬਾਗ਼ ਦਾ ਮਾਲਕ ਹੁਣ ਕੀ ਕਰੇਗਾ? ਉਹ ਆਵੇਗਾ ਅਤੇ ਮਾਲੀਆਂ ਦਾ ਨਾਸ ਕਰੇਗਾ ਅਤੇ ਅੰਗੂਰਾਂ ਦਾ ਬਾਗ਼ ਹੋਰਨਾਂ ਨੂੰ ਸੌਂਪੇਗਾ।

10ਕੀ ਤੁਸੀਂ ਇਹ ਲਿਖਤ ਵੀ ਨਹੀਂ ਪੜ੍ਹੀ? ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।

11ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ।

12ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ, ਅਤੇ ਉਹ ਉਸ ਨੂੰ ਛੱਡ ਕੇ ਚਲੇ ਗਏ।

ਲੂਕਾ

ਲੂਕਾ 20:9–19

9ਤਦ ਉਹ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਉਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰੀ ਬਾਗ਼ ਲਾਇਆ ਅਤੇ ਉਸ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਬਹੁਤ ਦਿਨਾਂ ਲਈ ਪਰਦੇਸ ਚੱਲਿਆ ਗਿਆ।

10ਅਤੇ ਉਸ ਨੇ ਰੁੱਤ ਸਮੇਂ ਇੱਕ ਨੌਕਰ ਨੂੰ ਮਾਲੀਆਂ ਕੋਲ ਭੇਜਿਆ ਜੋ ਉਹ ਬਾਗ਼ ਦੇ ਫਲ ਵਿੱਚੋਂ ਉਸ ਨੂੰ ਕੁਝ ਦੇਣ, ਪਰ ਮਾਲੀਆਂ ਨੇ ਉਸ ਨੂੰ ਮਾਰ ਕੁੱਟ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ।

11ਉਸ ਨੇ ਇੱਕ ਹੋਰ ਨੌਕਰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਮਾਰਿਆ ਕੁੱਟਿਆ ਅਤੇ ਉਸ ਦਾ ਅਪਮਾਨ ਕਰ ਕੇ ਖਾਲੀ ਹੱਥ ਵਾਪਸ ਭੇਜ ਦਿੱਤਾ।

12ਫਿਰ ਉਸ ਨੇ ਤੀਜੇ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਵੀ ਜਖ਼ਮੀ ਕਰ ਕੇ ਬਾਹਰ ਕੱਢ ਦਿੱਤਾ।

13ਤਦ ਖੇਤ ਦੇ ਮਾਲਕ ਨੇ ਕਿਹਾ, ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਗਾਂ, ਹੋ ਸਕਦਾ ਹੈ ਉਹ ਉਸ ਦਾ ਆਦਰ ਕਰਨ।

14ਪਰ ਜਦ ਮਾਲੀਆਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਸਲਾਹ ਕਰ ਕੇ ਬੋਲੇ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਾਸਤ ਸਾਡੀ ਹੋ ਜਾਵੇਗੀ।

15ਤਦ ਉਨ੍ਹਾਂ ਨੇ ਉਸ ਨੂੰ ਬਾਗ਼ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ। ਹੁਣ ਬਾਗ਼ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ?

16ਉਹ ਆਵੇਗਾ ਅਤੇ ਉਨ੍ਹਾਂ ਮਾਲੀਆਂ ਦਾ ਨਾਸ ਕਰੇਗਾ ਅਤੇ ਬਾਗ਼ ਹੋਰ ਕਿਸੇ ਨੂੰ ਦੇ ਦੇਵੇਗਾ। ਪਰ ਉਨ੍ਹਾਂ ਇਹ ਸੁਣ ਕੇ ਕਿਹਾ, ਪਰਮੇਸ਼ੁਰ ਇਹ ਨਾ ਕਰੇ!

17ਉਸ ਨੇ ਉਨ੍ਹਾਂ ਵੱਲ ਧਿਆਨ ਕਰ ਕੇ ਆਖਿਆ, ਫਿਰ ਉਹ ਜੋ ਲਿਖਿਆ ਹੋਇਆ ਹੈ, ਸੋ ਕੀ ਹੈ ਕਿ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹ ਹੀ ਖੂੰਜੇ ਦਾ ਸਿਰਾ ਹੋ ਗਿਆ।

18ਹਰੇਕ ਜੋ ਉਸ ਪੱਥਰ ਤੇ ਡਿੱਗੇਗਾ ਸੋ ਚੂਰ-ਚੂਰ ਹੋ ਜਾਵੇਗਾ ਪਰ ਜਿਸ ਦੇ ਉੱਤੇ ਉਹ ਪੱਥਰ ਡਿੱਗੇਗਾ ਉਹ ਨੂੰ ਪੀਹ ਸੁੱਟੇਗਾ।

19ਉਪਦੇਸ਼ਕ ਅਤੇ ਮੁੱਖ ਜਾਜਕ ਉਸ ਦੀ ਖੋਜ ਵਿੱਚ ਸਨ, ਜੋ ਉਸੇ ਵੇਲੇ ਉਸ ਉੱਤੇ ਹੱਥ ਪਾਉਣ ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਸੀ ਕਿ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਦਿੱਤਾ ਹੈ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ