Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਗਲੀਲ ਵਿੱਚ

ਇੰਜੀਲਾਂ ਨਾਲ-ਨਾਲ · ਗਲੀਲ ਵਿੱਚ

ਅਧਰੰਗੀ ਦਾ ਚੰਗਾ ਹੋਣਾ

ਮੱਤੀ 9:1–8 · ਮਰਕੁ 2:1–12 · ਲੂਕਾ 5:17–26

ਮੱਤੀ

ਮੱਤੀ 9:1–8

1ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ।

2ਅਤੇ ਵੇਖੋ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਅਧਰੰਗੀ ਨੂੰ ਆਖਿਆ, ਹੇ ਪੁੱਤਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ।

3ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ।

4ਤਾਂ ਯਿਸੂ ਨੇ ਉਨ੍ਹਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ?

5ਭਲਾ, ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ?

6ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ।

7ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ।

8ਭੀੜ ਇਹ ਵੇਖ ਕੇ ਡਰ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ।

ਮਰਕੁਸ

ਮਰਕੁ 2:1–12

1ਕਈ ਦਿਨਾਂ ਦੇ ਪਿੱਛੋਂ ਜਦੋਂ ਉਹ ਕਫ਼ਰਨਾਹੂਮ ਵਿੱਚ ਦੁਬਾਰਾ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ।

2ਤਾਂ ਐਨੇ ਲੋਕ ਇਕੱਠੇ ਹੋਏ ਜੋ ਦਰਵਾਜ਼ੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਨ੍ਹਾਂ ਨੂੰ ਬਚਨ ਸੁਣਾਇਆ।

3ਅਤੇ ਲੋਕ ਇੱਕ ਅਧਰੰਗੀ ਨੂੰ ਚਾਰ ਮਨੁੱਖਾਂ ਕੋਲੋਂ ਚੁਕਵਾ ਕੇ ਉਸ ਦੇ ਕੋਲ ਲਿਆਏ।

4ਅਤੇ ਜਦੋਂ ਉਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸਕੇ ਤਾਂ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਉਹ ਸੀ ਉਧੇੜਿਆ ਅਤੇ ਉਸ ਮੰਜੀ ਨੂੰ ਜਿਸ ਦੇ ਉੱਤੇ ਉਹ ਅਧਰੰਗੀ ਪਿਆ ਸੀ, ਹੇਠਾਂ ਉਸ ਦੇ ਕੋਲ ਉਤਾਰ ਦਿੱਤਾ।

5ਅਤੇ ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ ਤੇਰੇ ਪਾਪ ਮਾਫ਼ ਹੋਏ।

6ਪਰ ਕਈ ਉਪਦੇਸ਼ਕ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ

7ਜੋ ਇਹ ਮਨੁੱਖ ਕਿਉਂ ਇਸ ਤਰ੍ਹਾਂ ਬੋਲਦਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। ਇੱਕ ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?

8ਅਤੇ ਯਿਸੂ ਨੇ ਆਪਣੇ ਆਤਮਾ ਨਾਲ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਰਦੇ ਹੋ?

9ਕਿਹੜੀ ਗੱਲ ਸੌਖੀ ਹੈ, ਇਸ ਅਧਰੰਗੀ ਨੂੰ ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਫਿਰ।

10ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ; ਫਿਰ ਉਸ ਨੇ ਅਧਰੰਗੀ ਨੂੰ ਕਿਹਾ,

11ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ।

12ਤਾਂ ਉਹ ਉੱਠਿਆ ਅਤੇ ਉਸੇ ਸਮੇਂ ਆਪਣੀ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ! ਤਦ ਉਹ ਸੱਭੇ ਹੈਰਾਨ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ!

ਲੂਕਾ

ਲੂਕਾ 5:17–26

17ਇੱਕ ਦਿਨ ਇਹ ਹੋਇਆ ਕਿ ਜਿਸ ਸਮੇਂ ਉਹ ਉਪਦੇਸ਼ ਦਿੰਦਾ ਸੀ ਤਾਂ ਕਈ ਫ਼ਰੀਸੀ ਅਤੇ ਬਿਵਸਥਾ ਦੇ ਪੜ੍ਹਾਉਣ ਵਾਲੇ ਉੱਥੇ ਬੈਠੇ ਸਨ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ।

18ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਲਿਆਏ ਅਤੇ ਚਾਹਿਆ ਜੋ ਉਸ ਨੂੰ ਅੰਦਰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ।

19ਅਤੇ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਜਾਣ ਦਾ ਕੋਈ ਤਰੀਕਾ ਨਾ ਲੱਭਿਆ ਤਾਂ ਛੱਤ ਉੱਤੇ ਚੜ੍ਹ ਗਏ ਅਤੇ ਟਾਇਲਾਂ ਦੇ ਵਿੱਚੋਂ ਦੀ ਉਸ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਉਤਾਰ ਦਿੱਤਾ।

20ਅਤੇ ਉਸ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਮਾਫ਼ ਹੋਏ।

21ਤਦ ਉਪਦੇਸ਼ਕ ਅਤੇ ਫ਼ਰੀਸੀ ਵਿਵਾਦ ਕਰਨ ਲੱਗੇ ਕਿ ਇਹ ਕੌਣ ਹੈ ਜੋ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ? ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਨੂੰ ਮਾਫ਼ ਕਰ ਸਕਦਾ ਹੈ?

22ਤਦ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹੋ?

23ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ?

24ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ।

25ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਤੇ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ।

26ਅਤੇ ਉਹ ਸਾਰੇ ਬਹੁਤ ਹੈਰਾਨ ਹੋ ਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ ਅਤੇ ਡਰ ਨਾਲ ਭਰ ਗਏ ਤੇ ਕਹਿਣ ਲੱਗੇ, ਅਸੀਂ ਅੱਜ ਅਚਰਜ਼ ਗੱਲਾਂ ਵੇਖੀਆਂ ਹਨ!।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ