Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਗਲੀਲ ਵਿੱਚ

ਇੰਜੀਲਾਂ ਨਾਲ-ਨਾਲ · ਗਲੀਲ ਵਿੱਚ

ਜੈਰੁਸ ਦੀ ਧੀ ਅਤੇ ਉਹ ਔਰਤ ਜਿਸ ਨੇ ਉਸ ਦੇ ਕੱਪੜੇ ਨੂੰ ਛੂਹਿਆ

ਮੱਤੀ 9:18–26 · ਮਰਕੁ 5:21–43 · ਲੂਕਾ 8:40–56

ਮੱਤੀ

ਮੱਤੀ 9:18–26

18ਜਦੋਂ ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਹਾਕਮ ਨੇ ਆ ਕੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ, ਪਰ ਤੂੰ ਆ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜਿਉਂਦੀ ਹੋ ਜਾਵੇਗੀ।

19ਫਿਰ ਯਿਸੂ ਉੱਠ ਕੇ ਉਹ ਦੇ ਪਿੱਛੇ ਤੁਰ ਪਿਆ, ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਤੁਰ ਪਏ।

20ਅਤੇ ਵੇਖੋ, ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ, ਪਿੱਛੋਂ ਆ ਕੇ ਉਹ ਦੇ ਕੱਪੜੇ ਦਾ ਪੱਲਾ ਛੂਹਿਆ।

21ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ।

22ਤਦ ਯਿਸੂ ਨੇ ਪਿੱਛੇ ਮੁੜ ਕੇ ਉਹ ਨੂੰ ਵੇਖਿਆ ਅਤੇ ਆਖਿਆ, ਬੇਟੀ ਹੌਂਸਲਾ ਰੱਖ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਉਹ ਔਰਤ ਉਸੇ ਵੇਲੇ ਚੰਗੀ ਹੋ ਗਈ।

23ਫਿਰ ਯਿਸੂ ਹਾਕਮ ਦੇ ਘਰ ਵਿੱਚ ਗਿਆ ਅਤੇ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦਿਆਂ ਵੇਖ ਕੇ ਆਖਿਆ,

24ਪਰੇ ਹੋ ਜਾਵੋ ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ, ਪਰ ਉਹ ਉਸ ਉੱਤੇ ਹੱਸੇ।

25ਜਦੋਂ ਭੀੜ ਬਾਹਰ ਕੱਢੀ ਗਈ, ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠ ਖੜੀ ਹੋਈ।

26ਅਤੇ ਇਹ ਖ਼ਬਰ ਉਸ ਸਾਰੇ ਦੇਸ ਵਿੱਚ ਫੈਲ ਗਈ।

ਮਰਕੁਸ

ਮਰਕੁ 5:21–43

21ਜਦ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋਈ ਅਤੇ ਉਹ ਝੀਲ ਦੇ ਕਿਨਾਰੇ ਉੱਤੇ ਸੀ।

22ਅਤੇ ਪ੍ਰਾਰਥਨਾ ਘਰ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ।

23ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਬੇਟੀ ਬਿਮਾਰੀ ਦੇ ਕਾਰਨ ਮਰਨ ਵਾਲੀ ਹੈ, ਤੁਸੀਂ ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖੋ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।

24ਤਦ ਉਹ ਉਸ ਦੇ ਨਾਲ ਗਿਆ ਅਤੇ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ।

25ਤਦ ਇੱਕ ਔਰਤ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ

26ਅਤੇ ਜਿਹਨੇ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖ਼ਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ,

27ਉਹ ਯਿਸੂ ਦੀ ਖ਼ਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹ ਦੇ ਕੱਪੜੇ ਦਾ ਪੱਲਾ ਛੂਹ ਲਿਆ।

28ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਹੀ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ।

29ਅਤੇ ਤੁਰੰਤ ਉਸ ਦੇ ਲਹੂ ਦਾ ਵਹਿਣਾ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਿਮਾਰੀ ਤੋਂ ਚੰਗੀ ਹੋ ਗਈ।

30ਅਤੇ ਯਿਸੂ ਨੇ ਉਸ ਸਮੇਂ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਸ ਨੇ ਛੂਹਿਆ?

31ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੁਸੀਂ ਵੇਖਦੇ ਹੀ ਹੋ ਜੋ ਲੋਕ ਤੁਹਾਡੇ ਉੱਤੇ ਡਿੱਗਦੇ ਜਾਂਦੇ ਹਨ, ਅਤੇ ਤੁਸੀਂ ਆਖਦੇ ਹੋ, ਮੈਨੂੰ ਕਿਸ ਨੇ ਛੂਹਿਆ?

32ਅਤੇ ਉਸ ਨੇ ਇੱਧਰ-ਉੱਧਰ ਨਿਗਾਹ ਕੀਤੀ ਕਿ ਇਸ ਕੰਮ ਦੇ ਕਰਨ ਵਾਲੇ ਨੂੰ ਵੇਖੇ।

33ਤਦ ਉਹ ਔਰਤ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਕੰਬਦੀ ਹੋਈ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਵਾਰਤਾ ਉਹ ਨੂੰ ਦੱਸ ਦਿੱਤੀ।

34ਤਾਂ ਉਹ ਨੇ ਉਸ ਨੂੰ ਆਖਿਆ, ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ।

35ਉਹ ਇਹ ਗੱਲ ਕਰ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਕਿਉਂ ਖੇਚਲ ਪਾਉਂਦਾ ਹੈਂ?

36ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ।

37ਤਾਂ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਦੇ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ।

38ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ।

39ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ।

40ਤਾਂ ਉਹ ਉਸ ਉੱਤੇ ਹੱਸੇ। ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ।

41ਅਤੇ ਉਸ ਨੇ ਕੁੜੀ ਦਾ ਹੱਥ ਫੜ੍ਹ ਕੇ ਉਹ ਨੂੰ ਕਿਹਾ “ਤਲੀਥਾ ਕੂਮੀ” ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!

42ਉਹ ਕੁੜੀ ਉਸੇ ਵੇਲੇ ਉੱਠ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਸਾਲਾਂ ਦੀ ਸੀ ਅਤੇ ਇਸ ਗੱਲ ਤੋਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।

43ਅਤੇ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ, ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।

ਲੂਕਾ

ਲੂਕਾ 8:40–56

40ਜਦ ਯਿਸੂ ਵਾਪਸ ਮੁੜ ਆਇਆ ਤਾਂ ਲੋਕਾਂ ਨੇ ਉਸ ਨੂੰ ਖੁਸ਼ੀ ਨਾਲ ਕਬੂਲ ਕੀਤਾ ਕਿਉਂ ਜੋ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ।

41ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ।

42ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ।

43ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ।

44ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ।

45ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ।

46ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ।

47ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ।

48ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ।

49ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ।

50ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ।

51ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ।

52ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।

53ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ।

54ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ!

55ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।

56ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ