Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਗਲੀਲ ਵਿੱਚ

ਇੰਜੀਲਾਂ ਨਾਲ-ਨਾਲ · ਗਲੀਲ ਵਿੱਚ

ਮਨੁੱਖ ਨੂੰ ਕੀ ਅਸ਼ੁੱਧ ਕਰਦਾ ਹੈ

ਮੱਤੀ 15:1–20 · ਮਰਕੁ 7:1–23

ਮੱਤੀ

ਮੱਤੀ 15:1–20

1ਤਦ ਯਰੂਸ਼ਲਮ ਤੋਂ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਯਿਸੂ ਦੇ ਕੋਲ ਆ ਕੇ ਕਿਹਾ,

2ਤੇਰੇ ਚੇਲੇ ਬਜ਼ੁਰਗਾਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ, ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ?

3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿਉਂ ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਦੇ ਹੋ?

4ਕਿਉਂ ਜੋ ਪਰਮੇਸ਼ੁਰ ਨੇ ਕਿਹਾ ਹੈ, ਕਿ ਆਪਣੇ ਮਾਤਾ-ਪਿਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ।

5ਪਰ ਤੁਸੀਂ ਆਖਦੇ ਹੋ ਕਿ ਜੇਕਰ ਕੋਈ ਆਪਣੇ ਮਾਤਾ-ਪਿਤਾ ਨੂੰ ਕਹੇ, “ਮੇਰੇ ਵੱਲੋਂ ਤਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ, ਉਹ ਪਰਮੇਸ਼ੁਰ ਨੂੰ ਭੇਟ ਚੜ੍ਹਾਇਆ ਗਿਆ।” ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ।

6ਇਸ ਤਰ੍ਹਾਂ ਤੁਸੀਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਟਾਲ਼ ਦਿੱਤਾ।

7ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ

8ਇਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।

9ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।

10ਉਸ ਨੇ ਲੋਕਾਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਸੁਣੋ ਅਤੇ ਸਮਝੋ।

11ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਨਹੀਂ ਕਰਦਾ ਪਰ ਜੋ ਮੂੰਹ ਵਿੱਚੋਂ ਨਿੱਕਲਦਾ ਹੈ, ਉਹ ਮਨੁੱਖ ਨੂੰ ਅਸ਼ੁੱਧ ਕਰਦਾ ਹੈ।

12ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਆਖਿਆ, ਕੀ, ਤੁਸੀਂ ਜਾਣਦੇ ਹੋ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ?

13ਉਸ ਨੇ ਉੱਤਰ ਦਿੱਤਾ ਕਿ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ, ਸੋ ਜੜ੍ਹੋਂ ਪੁੱਟਿਆ ਜਾਵੇਗਾ।

14ਉਨ੍ਹਾਂ ਨੂੰ ਜਾਣ ਦਿਓ, ਉਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।

15ਤਦ ਪਤਰਸ ਨੇ ਉਸ ਨੂੰ ਆਖਿਆ ਕਿ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ।

16ਉਸ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ?

17ਕੀ ਤੁਸੀਂ ਨਹੀਂ ਸਮਝਦੇ, ਕਿ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਪੇਟ ਵਿੱਚ ਪੈਂਦਾ ਅਤੇ ਬਾਹਰ ਕੱਢਿਆ ਜਾਂਦਾ ਹੈ?

18ਪਰ ਜਿਹੜੀਆਂ ਗੱਲਾਂ ਮੂੰਹ ਵਿੱਚੋਂ ਨਿੱਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਉਹੀ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ।

19ਕਿਉਂਕਿ ਬੁਰੇ ਖ਼ਿਆਲ, ਖੂਨ, ਹਰਾਮਕਾਰੀ, ਵਿਭਚਾਰ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ ਦਿਲ ਵਿੱਚੋਂ ਨਿੱਕਲਦੇ ਹਨ।

20ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ, ਪਰ ਹੱਥ ਧੋਤੇ ਬਿਨ੍ਹਾਂ ਰੋਟੀ ਖਾਣੀ ਮਨੁੱਖ ਨੂੰ ਅਸ਼ੁੱਧ ਨਹੀਂ ਕਰਦੀ।

ਮਰਕੁਸ

ਮਰਕੁ 7:1–23

1ਫ਼ਰੀਸੀ ਅਤੇ ਕਈ ਉਪਦੇਸ਼ਕ ਯਰੂਸ਼ਲਮ ਤੋਂ ਆ ਕੇ ਪ੍ਰਭੂ ਯਿਸੂ ਦੇ ਕੋਲ ਇਕੱਠੇ ਹੋਏ।

2ਅਤੇ ਉਨ੍ਹਾਂ ਨੇ ਉਹ ਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਬਿਨ੍ਹਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਸੀ।

3(ਕਿਉਂ ਜੋ ਫ਼ਰੀਸੀ ਅਤੇ ਸਾਰੇ ਯਹੂਦੀ ਬਜ਼ੁਰਗਾਂ ਦੀ ਰੀਤ ਅਨੁਸਾਰ ਜਦੋਂ ਤੱਕ ਉਹ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਨਾ ਲੈਣ ਉਦੋਂ ਤੱਕ ਰੋਟੀ ਨਹੀਂ ਸੀ ਖਾਂਦੇ।

4ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਤੇ ਗੜਵਿਆਂ ਅਤੇ ਪਿੱਤਲ ਦੇ ਭਾਂਡਿਆਂ ਨੂੰ ਧੋਣਾ)

5ਤਦ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੇ ਉਹ ਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ-ਬਜ਼ੁਰਗਾਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ ਅਤੇ ਬਿਨ੍ਹਾਂ ਹੱਥ ਧੋਤੇ ਰੋਟੀ ਕਿਉਂ ਖਾਂਦੇ ਹਨ?

6ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਪਟੀਆਂ ਦੇ ਵਿਖੇ; ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਲਿਖਿਆ ਹੋਇਆ ਹੈ ਕਿ ਇਹ ਲੋਕ ਆਪਣੇ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।

7ਉਹ ਵਿਅਰਥ ਮੇਰੀ ਬੰਦਗੀ ਕਰਦੇ ਹਨ, ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।

8ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ।

9ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ।

10ਕਿਉਂਕਿ ਮੂਸਾ ਨੇ ਕਿਹਾ ਸੀ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ।

11ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਜਾਂ ਮਾਤਾ ਨੂੰ ਕਹੇ ਭਈ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਕੁਰਬਾਨ ਅਰਥਾਤ ਭੇਟ ਚੜ੍ਹਾ ਦਿੱਤਾ ਹੈ।

12ਤੁਸੀਂ ਫੇਰ ਉਹ ਨੂੰ ਉਹ ਦੇ ਪਿਤਾ ਜਾਂ ਮਾਤਾ ਦੇ ਲਈ ਕੁਝ ਨਹੀਂ ਕਰਨ ਦਿੰਦੇ।

13ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸੀਂ ਚਲਾਈ ਹੈ, ਟਾਲ ਦਿੰਦੇ ਹੋ ਅਤੇ ਹੋਰ ਬਥੇਰੇ ਏਹੋ ਜਿਹੇ ਕੰਮ ਤੁਸੀਂ ਕਰਦੇ ਹੋ।

14ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਮੇਰੀ ਸੁਣੋ ਅਤੇ ਸਮਝੋ।

15ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ।

16ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ। ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ।

17ਜਦੋਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲਿਆਂ ਨੇ ਉਸ ਗੱਲ ਦਾ ਅਰਥ ਉਸ ਤੋਂ ਪੁੱਛਿਆ।

18ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਵੀ ਅਜਿਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਸੋ ਉਹ ਨੂੰ ਅਸ਼ੁੱਧ ਨਹੀਂ ਕਰ ਸਕਦਾ?

19ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਪਖਾਨੇ ਰਾਹੀਂ ਨਿੱਕਲ ਜਾਂਦਾ ਹੈ। ਇਹ ਕਹਿ ਕੇ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ।

20ਫੇਰ ਉਸ ਨੇ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਅਸ਼ੁੱਧ ਕਰਦਾ ਹੈ।

21ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖ਼ਿਆਲ, ਹਰਾਮਕਾਰੀ,

22ਚੋਰੀਆਂ, ਖੂਨ, ਵਿਭਚਾਰ, ਲੋਭ, ਬਦੀਆਂ, ਛਲ, ਬਦਮਸਤੀ, ਬੁਰੀ ਨਜ਼ਰ, ਨਿੰਦਿਆ, ਹੰਕਾਰ, ਮੂਰਖਤਾਈ ਨਿੱਕਲਦੀ ਹੈ।

23ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਅਸ਼ੁੱਧ ਕਰਦੀਆਂ ਹਨ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ