ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਸਤੰਬਰ 2027 › ਸਤੰਬਰ 26
ਆਰਥੋਡਾਕਸ ਕੈਲੰਡਰ · 13 ਸਤੰਬਰ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 26 ਸਤੰਬਰ 2027
ਐਤਵਾਰ · ਸੁਰ 5
ਤਿਉਹਾਰ ਅਤੇ ਸੰਤ
ਪੰਤੇਕੁਸਤ ਤੋਂ ਬਾਅਦ 14ਵਾਂ ਐਤਵਾਰ
ਸਲੀਬ ਦੀ ਉਚਿਆਈ ਤੋਂ ਪਹਿਲਾਂ ਦਾ ਐਤਵਾਰ
ਵਰਤ
ਕੋਈ ਵਰਤ ਨਹੀਂ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਸ਼ਾਮ ਦੀ ਪ੍ਰਾਰਥਨਾ: ਪਾਠ
22ਤਦ ਸੁਲੇਮਾਨ ਯਹੋਵਾਹ ਦੀ ਜਗਵੇਦੀ ਦੇ ਅੱਗੇ ਇਸਰਾਏਲ ਦੀ ਸਾਰੀ ਸਭਾ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਆਪਣੇ ਹੱਥ ਅਕਾਸ਼ ਵੱਲ ਚੁੱਕੇ। 23ਉਸ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਤੇਰੇ ਜਿਹਾ ਉਤਾਹਾਂ ਸਵਰਗ ਵਿੱਚ ਅਥਵਾ ਹੇਠਾਂ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਨੇਮ ਅਤੇ ਕਿਰਪਾ ਆਪਣੇ ਦਾਸਾਂ ਨਾਲ ਕਾਇਮ ਰੱਖਦਾ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਚੱਲਦੇ ਹਨ। 27ਭਲਾ, ਪਰਮੇਸ਼ੁਰ ਸੱਚ-ਮੁੱਚ ਧਰਤੀ ਉੱਤੇ ਵਾਸ ਕਰੇਗਾ? ਵੇਖ, ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ? 28ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਅਤੇ ਉਸ ਦੁਹਾਈ ਅਤੇ ਬੇਨਤੀ ਨੂੰ ਸੁਣ ਲੈ ਜੋ ਤੇਰਾ ਦਾਸ ਅੱਜ ਤੇਰੇ ਸਾਹਮਣੇ ਪ੍ਰਾਰਥਨਾ ਕਰਦਾ ਹੈ। 29ਤੇਰੀਆਂ ਅੱਖਾਂ ਰਾਤ-ਦਿਨ ਇਸ ਭਵਨ ਵੱਲ ਖੁੱਲ੍ਹੀਆਂ ਰਹਿਣ ਅਰਥਾਤ ਇਸ ਸਥਾਨ ਵੱਲ ਜਿਸ ਦੇ ਵਿਖੇ ਤੂੰ ਫ਼ਰਮਾਇਆ ਸੀ ਕਿ ਮੇਰਾ ਨਾਮ ਉੱਥੇ ਰਹੇਗਾ, ਆਪਣੇ ਦਾਸ ਦੀ ਬੇਨਤੀ ਨੂੰ ਜੋ ਉਹ ਇਸ ਸਥਾਨ ਵੱਲ ਕਰੇ ਸੁਣ ਲਈਂ। 30ਆਪਣੇ ਦਾਸ ਦੀ ਅਤੇ ਆਪਣੀ ਪਰਜਾ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਲਈਂ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ, ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈਂ ਅਤੇ ਸੁਣ ਕੇ ਮਾਫ਼ ਕਰੀਂ।
ਸ਼ਾਮ ਦੀ ਪ੍ਰਾਰਥਨਾ: ਪਾਠ
19ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਧਰੀ ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ। 20ਉਹ ਦੇ ਗਿਆਨ ਨਾਲ ਹੀ ਡੁੰਘਿਆਈਆਂ ਫੁੱਟ ਨਿੱਕਲੀਆਂ ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ। 21ਹੇ ਮੇਰੇ ਪੁੱਤਰ, ਬੁੱਧ ਅਤੇ ਵਿਵੇਕ ਨੂੰ ਸੰਭਾਲ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ। 22ਤਦ ਇਨ੍ਹਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਤੇਰੇ ਗਲ਼ ਲਈ ਸ਼ਿੰਗਾਰ ਹੋਣਗੀਆਂ। 23ਤਦ ਤੂੰ ਆਪਣੇ ਰਾਹ ਵਿੱਚ ਨਿਡਰ ਚੱਲੇਂਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ। 24ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ, ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ। 25ਅਚਾਨਕ ਆਉਣ ਵਾਲੇ ਭੈਅ ਤੋਂ ਨਾ ਡਰੀਂ ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਬਿਪਤਾ ਤੋਂ, 26ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ। 27ਜੇ ਤੇਰੇ ਵੱਸ ਵਿੱਚ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ, ਉਨ੍ਹਾਂ ਦਾ ਭਲਾ ਕਰਨ ਤੋਂ ਨਾ ਰੁਕੀਂ। 28ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ ਆਖੀਂ, ਕਿ ਤੂੰ ਜਾ, ਫੇਰ ਆਵੀਂ, ਮੈਂ ਕੱਲ ਤੈਨੂੰ ਦਿਆਂਗਾ। 29ਜਦ ਤੇਰਾ ਗੁਆਂਢੀ ਨਿਸ਼ਚਿੰਤ ਤੇਰੇ ਕੋਲ ਵੱਸਦਾ ਹੈ, ਤਾਂ ਉਹ ਦੀ ਹਾਨੀ ਦੀ ਜੁਗਤ ਨਾ ਕਰ। 30ਜਿਸ ਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ, ਉਸ ਦੇ ਨਾਲ ਐਂਵੇਂ ਹੀ ਝਗੜਾ ਨਾ ਕਰ। 31ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਉੱਤੇ ਨਾ ਚੱਲ, 32ਕਿਉਂ ਜੋ ਟੇਡੇ ਮਨੁੱਖਾਂ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ। 33ਦੁਸ਼ਟਾਂ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ, ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ। 34ਸੱਚੀਂ ਮੁੱਚੀਂ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ, ਪਰ ਹਲੀਮਾਂ ਉੱਤੇ ਉਹ ਕਿਰਪਾ ਕਰਦਾ ਹੈ।
ਸ਼ਾਮ ਦੀ ਪ੍ਰਾਰਥਨਾ: ਪਾਠ
1ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਹ ਨੇ ਆਪਣੇ ਸੱਤ ਥੰਮ੍ਹ ਘੜ੍ਹ ਲਏ ਹਨ। 2ਉਹ ਨੇ ਰਾਤ ਦੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ, ਉਹ ਨੇ ਆਪਣੀ ਮੈ ਰਲਾ ਲਈ, ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ। 3ਉਹ ਨੇ ਆਪਣੀਆਂ ਦਾਸੀਆਂ ਕੋਲ ਸੱਦਾ ਭੇਜਿਆ ਹੈ, ਉਹ ਨਗਰ ਦੇ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ, 4ਜੋ ਕੋਈ ਭੋਲਾ ਹੈ ਉਹ ਉਰੇ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਇਹ ਆਖਦੀ ਹੈ, 5ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ! 6ਭੋਲਿਆਂ ਦੀ ਸੰਗਤ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਉੱਤੇ ਸਿੱਧੇ ਤੁਰੋ! 7ਮਖ਼ੌਲੀਏ ਨੂੰ ਤਾੜਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ, ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ। 8ਮਖ਼ੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ, ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ। 9ਬੁੱਧਵਾਨ ਨੂੰ ਸਿੱਖਿਆ ਦੇ, ਉਹ ਹੋਰ ਵੀ ਬੁੱਧਵਾਨ ਹੋਵੇਗਾ, ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ। 10ਯਹੋਵਾਹ ਦਾ ਭੈਅ ਮੰਨਣਾ ਬੁੱਧ ਦਾ ਮੁੱਢ ਹੈ, ਅਤੇ ਅੱਤ ਪਵਿੱਤਰ ਦਾ ਗਿਆਨ ਹੀ ਸਮਝ ਹੈ। 11ਮੇਰੇ ਰਾਹੀਂ ਤੇਰੀ ਉਮਰ ਵਧੇਗੀ, ਅਤੇ ਤੇਰੇ ਜੀਵਨ ਦੇ ਸਾਲ ਢੇਰ ਸਾਰੇ ਹੋਣਗੇ।
ਸਵੇਰ ਦੀ ਪ੍ਰਾਰਥਨਾ ਦੀ ਤੀਜੀ ਇੰਜੀਲ
9ਹਫ਼ਤੇ ਦੇ ਪਹਿਲੇ ਦਿਨ ਉਹ ਨੇ ਤੜਕੇ ਜੀ ਉੱਠ ਕੇ ਪਹਿਲਾਂ ਮਰਿਯਮ ਮਗਦਲੀਨੀ ਨੂੰ ਜਿਹ ਦੇ ਵਿੱਚੋਂ ਉਹ ਨੇ ਸੱਤ ਭੂਤ ਕੱਢੇ ਸਨ, ਦਿਖਾਈ ਦਿੱਤਾ। 10ਉਸ ਨੇ ਜਾ ਕੇ ਉਹ ਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਅਤੇ ਰੋਂਦੇ ਸਨ ਖ਼ਬਰ ਦਿੱਤੀ। 11ਪਰ ਉਨ੍ਹਾਂ ਨੇ ਇਹ ਸੁਣ ਕੇ ਜੋ ਉਹ ਜਿਉਂਦਾ ਹੈ ਅਤੇ ਉਸ ਨੂੰ ਦਿਖਾਈ ਦਿੱਤਾ ਸੱਚ ਨਾ ਮੰਨਿਆ। 12ਇਹ ਦੇ ਪਿੱਛੋਂ ਉਹ ਨੇ ਹੋਰ ਰੂਪ ਵਿੱਚ ਹੋ ਕੇ ਉਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਜਦ ਉਹ ਚੱਲਦੇ ਅਤੇ ਪਿੰਡ ਦੀ ਵੱਲ ਤੁਰੇ ਜਾਂਦੇ ਸਨ ਦਿਖਾਈ ਦਿੱਤਾ। 13ਅਤੇ ਇਨ੍ਹਾਂ ਨੇ ਜਾ ਕੇ ਬਾਕੀ ਦਿਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਨੇ ਵੀ ਵਿਸ਼ਵਾਸ ਨਾ ਕੀਤਾ। 14ਇਹ ਦੇ ਮਗਰੋਂ ਉਸ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੇ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ। 15ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ। 16ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। 17ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ, 18ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। 19ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ। 20ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ।
ਪੱਤ੍ਰੀ (ਸਲੀਬ ਦੀ ਉਚਿਆਈ ਤੋਂ ਪਹਿਲਾਂ ਦੇ ਐਤਵਾਰ ਲਈ)
11ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ। 12ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹੁੰਦੇ ਹਨ ਉਹ ਜ਼ਬਰਦਸਤੀ ਤੁਹਾਡੀ ਸੁੰਨਤ ਕਰਾਉਂਦੇ ਹਨ ਸਿਰਫ਼ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। 13ਕਿਉਂਕਿ ਜਿਹੜੇ ਸੁੰਨਤੀ ਹਨ ਉਹ ਆਪ ਵੀ ਬਿਵਸਥਾ ਦੀ ਪਾਲਨਾ ਨਹੀਂ ਕਰਦੇ ਪਰ ਉਹ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਭਈ ਤੁਹਾਡੇ ਹੀ ਸਰੀਰ ਉੱਤੇ ਘਮੰਡ ਕਰਨ। 14ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ। 15ਕਿਉਂ ਜੋ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁਝ ਹੈ, ਸਗੋਂ ਨਵੀਂ ਸਰਿਸ਼ਟ। 16ਅਤੇ ਜਿੰਨੇ ਇਸ ਨਿਯਮ ਉੱਤੇ ਚੱਲਣਗੇ ਉਨ੍ਹਾਂ ਨੂੰ ਸ਼ਾਂਤੀ ਅਤੇ ਕਿਰਪਾ ਪ੍ਰਾਪਤ ਹੋਵੇ ਨਾਲੇ ਪਰਮੇਸ਼ੁਰ ਦੇ ਇਸਰਾਏਲ ਨੂੰ। 17ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੀ ਦੇਹ ਉੱਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ। 18ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ। ਆਮੀਨ।
ਪੱਤ੍ਰੀ
21ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਉਹ ਪਰਮੇਸ਼ੁਰ ਹੈ। 22ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਜੀਵਨਾਂ ਵਿੱਚ ਸਾਨੂੰ ਆਤਮਾ ਦੀ ਸਾਈ ਦਿੱਤੀ। 23ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ੁਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਮੈਂ ਤੁਹਾਡੇ ਬਚਾਓ ਖਾਤਰ ਹੁਣ ਤੱਕ ਕੁਰਿੰਥੁਸ ਨੂੰ ਨਹੀਂ ਆਇਆ। 24ਇਹ ਨਹੀਂ ਜੋ ਅਸੀਂ ਤੁਹਾਡੀ ਵਿਸ਼ਵਾਸ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਵਿੱਚ ਸਾਂਝੀ ਹਾਂ ਕਿਉਂ ਜੋ ਤੁਸੀਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ। 2:1ਪਰ ਮੈਂ ਆਪਣੇ ਆਪ ਵਿੱਚ ਮਜ਼ਬੂਤ ਇਰਾਦਾ ਕਰ ਲਿਆ ਹੈ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ। 2ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ? 3ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ। 4ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ।
ਪੱਤ੍ਰੀ (ਪਵਿੱਤਰ ਕਬਰ ਦੇ ਗਿਰਜਾਘਰ ਦੇ ਸਮਰਪਣ ਲਈ)
1ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਸਾਂਝੀ ਹੋਵੋ, ਤੁਸੀਂ ਯਿਸੂ ਵੱਲ ਧਿਆਨ ਕਰੋ ਜਿਸ ਨੂੰ ਅਸੀਂ ਰਸੂਲ ਅਤੇ ਪ੍ਰਧਾਨ ਜਾਜਕ ਮੰਨਦੇ ਹਾਂ। 2ਜਿਹੜਾ ਆਪਣੇ ਨਿਯੁਕਤ ਕਰਨ ਵਾਲਿਆਂ ਦੇ ਹੱਕ ਵਿੱਚ ਵਫ਼ਾਦਾਰ ਸੀ, ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ। 3ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ। 4ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਉਹ ਪਰਮੇਸ਼ੁਰ ਹੈ।
ਇੰਜੀਲ (ਸਲੀਬ ਦੀ ਉਚਿਆਈ ਤੋਂ ਪਹਿਲਾਂ ਦੇ ਐਤਵਾਰ ਲਈ)
13ਮਨੁੱਖ ਦੇ ਪੁੱਤਰ ਤੋਂ ਬਿਨਾਂ, ਜੋ ਕੋਈ ਸਵਰਗ ਤੋਂ ਹੇਠਾਂ ਉਤਰਿਆ, ਕੋਈ ਵੀ ਉੱਪਰ ਸਵਰਗ ਨੂੰ ਨਹੀਂ ਗਿਆ। 14ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ ਸੀ, ਇਸੇ ਤਰ੍ਹਾਂ ਜ਼ਰੂਰੀ ਹੈ ਕਿ ਮਨੁੱਖ ਦੇ ਪੁੱਤਰ ਨੂੰ ਵੀ ਉੱਚਾ ਕੀਤਾ ਜਾਵੇ। 15ਇਉਂ ਜੋ ਹਰੇਕ ਵਿਅਕਤੀ, ਜੋ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪਾਵੇ।” 16ਪਰਮੇਸ਼ੁਰ ਨੇ ਸੰਸਾਰ ਨੂੰ ਇੰਨ੍ਹਾਂ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਰੱਖੇ ਉਹ ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ। 17ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਸ ਰਾਹੀਂ ਬਚਾਇਆ ਜਾਵੇ।
ਇੰਜੀਲ
1ਯਿਸੂ ਨੇ ਉਨ੍ਹਾਂ ਦੇ ਨਾਲ ਫਿਰ ਦ੍ਰਿਸ਼ਟਾਂਤਾਂ ਵਿੱਚ ਕਿਹਾ, 2ਸਵਰਗ ਰਾਜ ਕਿਸੇ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ। 3ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਨੌਕਰਾਂ ਨੂੰ ਭੇਜਿਆ ਪਰ ਉਹ ਆਉਣ ਲਈ ਤਿਆਰ ਨਾ ਹੋਏ। 4ਫਿਰ ਉਹ ਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ ਜੋ ਸੱਦੇ ਹੋਇਆਂ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ ਅਤੇ ਮੇਰੇ ਬੈਲ ਤੇ ਮੋਟੇ-ਮੋਟੇ ਜਾਨਵਰ ਵੱਢੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਆਓ। 5ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਵਣਜ-ਵਪਾਰ ਨੂੰ, 6ਅਤੇ ਕਈਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਅਤੇ ਮਾਰ ਸੁੱਟਿਆ। 7ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਭੇਜ ਕੇ ਉਨ੍ਹਾਂ ਖ਼ੂਨੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ। 8ਤਦ ਉਸ ਨੇ ਆਪਣੇ ਨੌਕਰਾਂ ਨੂੰ ਆਖਿਆ, ਵਿਆਹ ਦਾ ਸਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਯੋਗ ਨਹੀਂ ਹਨ। 9ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ। 10ਤਦ ਉਹ ਨੌਕਰ ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ। 11ਪਰ ਜਦ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਦ ਉੱਥੇ ਇੱਕ ਮਨੁੱਖ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ। 12ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਬਿਨ੍ਹਾਂ ਕਿਵੇਂ ਅੰਦਰ ਆਇਆ? ਪਰ ਉਹ ਚੁੱਪ ਹੀ ਰਿਹਾ। 13ਤਦ ਰਾਜੇ ਨੇ ਸੇਵਾਦਾਰਾਂ ਨੂੰ ਆਖਿਆ, ਇਹ ਦੇ ਹੱਥ-ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। 14ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ।
ਇੰਜੀਲ (ਪਵਿੱਤਰ ਕਬਰ ਦੇ ਗਿਰਜਾਘਰ ਦੇ ਸਮਰਪਣ ਲਈ)
13ਯਿਸੂ ਨੇ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਵਿੱਚ ਆ ਕੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? 14ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ। 15ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? 16ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ। 17ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮਊਨ, ਯੋਨਾਹ ਦੇ ਪੁੱਤਰ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ, ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। 18ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਸਤੰਬਰ 13 ਸਿਵਲ ਕੈਲੰਡਰ ਦਾ ਸਤੰਬਰ 26 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ