Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਸਤੰਬਰ 2027 › ਸਤੰਬਰ 26

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 26 ਸਤੰਬਰ 2027

ਐਤਵਾਰ · ਆਮ ਸਮੇਂ ਦਾ 26ਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਆਮ ਸਮੇਂ ਦਾ 26ਵਾਂ ਐਤਵਾਰ

ਐਤਵਾਰ · ਉਪਾਸਨਾ ਦਾ ਰੰਗ: ਹਰਾ

ਦਿਨ ਦੇ ਪਾਠ

ਪਹਿਲਾ ਪਾਠ

ਗਿਣ 11:25–29

25ਤਦ ਯਹੋਵਾਹ ਬੱਦਲ ਵਿੱਚ ਉਤਰਿਆ ਅਤੇ ਉਸ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੇ ਉਸ ਆਤਮਾ ਤੋਂ ਲੈ ਕੇ, ਜਿਹੜਾ ਉਹ ਦੇ ਉੱਤੇ ਸੀ, ਉਹਨਾਂ ਸੱਤਰ ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਜਦ ਆਤਮਾ ਉਹਨਾਂ ਉੱਤੇ ਉਤਰਿਆ, ਤਦ ਉਹ ਭਵਿੱਖਬਾਣੀ ਕਰਨ ਲੱਗ ਪਏ ਪਰ ਇਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਭਵਿੱਖਬਾਣੀ ਨਾ ਕੀਤੀ। 26ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਜਿਹਨਾਂ ਵਿੱਚੋਂ ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ। ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਇਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ। ਉਹ ਡੇਰੇ ਵਿੱਚ ਹੀ ਭਵਿੱਖਬਾਣੀ ਕਰਨ ਲੱਗੇ। 27ਤਾਂ ਇੱਕ ਜਵਾਨ ਨੇ ਭੱਜ ਕੇ ਮੂਸਾ ਨੂੰ ਦੱਸਿਆ ਅਤੇ ਆਖਿਆ ਕਿ ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰਦੇ ਹਨ! 28ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੁਣੇ ਹੋਇਆਂ ਵਿੱਚੋਂ ਸੀ, ਉਹ ਨੇ ਮੂਸਾ ਨੂੰ ਆਖਿਆ ਹੇ ਮੇਰੇ ਸੁਆਮੀ, ਉਨ੍ਹਾਂ ਨੂੰ ਮਨ੍ਹਾ ਕਰ ਦਿਓ! 29ਮੂਸਾ ਨੇ ਆਖਿਆ, ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਅਜਿਹਾ ਹੁੰਦਾ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਘੱਲਦਾ!

ਜਵਾਬੀ ਭਜਨ

ਜ਼ਬੂ 19:7, 9, 11–13

7ਯਹੋਵਾਹ ਦੀ ਬਿਵਸਥਾ ਪੂਰੀ ਖਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। 9ਯਹੋਵਾਹ ਦਾ ਭੈਅ ਸ਼ੁੱਧ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ, ਯਹੋਵਾਹ ਦੇ ਨਿਆਂ ਸੱਚੇ ਹਨ, ਓਹ ਨਿਰੇ ਪੁਰੇ ਧਰਮ ਹਨ। 11ਅਤੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ। 12ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ? ਤੂੰ ਮੈਨੂੰ ਗੁੱਝੇ ਪਾਪਾਂ ਤੋਂ ਅਜ਼ਾਦ ਕਰ, 13ਅਤੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ, ਉਹ ਮੇਰੇ ਉੱਤੇ ਹਕੂਮਤ ਨਾ ਕਰਨ, ਤਾਂ ਮੈਂ ਪੂਰਾ ਖਰਾ ਉਤਰਾਂਗਾ, ਅਤੇ ਵੱਡੇ ਪਾਪਾਂ ਤੋਂ ਬਰੀ ਠਹਿਰਾਂਗਾ।

ਦੂਜਾ ਪਾਠ

ਯਾਕੂ 5:1–6

1ਹੇ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ! 2ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ। 3ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ। ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ। 4ਵੇਖੋ, ਜਿਨ੍ਹਾਂ ਮਜ਼ਦੂਰਾਂ ਨੇ ਤੁਹਾਡੇ ਖੇਤ ਵੱਢੇ ਉਹਨਾਂ ਦੀ ਮਜ਼ਦੂਰੀ ਜਿਹੜੀ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ ਫ਼ਰਿਆਦ ਕਰਦੀ ਹੈ ਅਤੇ ਵਾਢਿਆਂ ਦੀਆਂ ਦੁਹਾਈਆਂ ਸੈਨਾਂ ਦੇ ਪ੍ਰਭੂ ਦੇ ਕੰਨੀਂ ਪਹੁੰਚ ਗਈਆਂ ਹਨ! 5ਤੁਸੀਂ ਧਰਤੀ ਉੱਤੇ ਮੌਜਾਂ ਮਾਣੀਆਂ ਅਤੇ ਬੜਾ ਹੀ ਸੁੱਖ ਭੋਗਿਆ। ਤੁਸੀਂ ਨਾਸ ਦੇ ਦਿਨ ਲਈ ਆਪਣੇ ਹਿਰਦਿਆਂ ਨੂੰ ਪਾਲਿਆ ਹੈ! 6ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾ ਕੇ, ਉਸ ਨੂੰ ਮਾਰ ਦਿੱਤਾ ਉਹ ਤੁਹਾਡਾ ਸਾਹਮਣਾ ਨਹੀਂ ਕਰਦਾ।

ਇੰਜੀਲ

ਮਰਕੁ 9:38–48

38ਯੂਹੰਨਾ ਨੇ ਉਸ ਨੂੰ ਆਖਿਆ, ਗੁਰੂ ਜੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਰੋਕਿਆ ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ। 39ਪਰ ਯਿਸੂ ਨੇ ਉਨ੍ਹਾ ਨੂੰ ਕਿਹਾ, ਉਹ ਨੂੰ ਨਾ ਰੋਕੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਚਮਤਕਾਰ ਕਰੇ ਅਤੇ ਛੇਤੀ ਮੈਨੂੰ ਬੁਰਾ ਕਹਿ ਸਕੇ। 40ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ। 41ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਗਿਲਾਸ ਪਾਣੀ ਦਾ ਪੀਣ ਨੂੰ ਦੇਵੇ ਇਸ ਕਰ ਕੇ ਜੋ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾਏ ਬਿਨ੍ਹਾਂ ਕਦੇ ਨਾ ਰਹੇਗਾ। 42ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੋ ਚੱਕੀ ਦਾ ਪੁੜ ਉਹ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ! 43ਅਤੇ ਜੇ ਤੇਰਾ ਹੱਥ ਤੇਰੇ ਕੋਲੋਂ ਪਾਪ ਕਰਾਵੇ ਤਾਂ ਉਸ ਨੂੰ ਵੱਢ ਕੇ ਸੁੱਟ ਦੇ। ਟੁੰਡਾ ਹੋ ਕੇ ਜੀਉਣ ਵਿੱਚ ਵੜਨਾ, ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ, ਜਿਹੜੀ ਬੁਝਣ ਵਾਲੀ ਨਹੀਂ। 44ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ। 45ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਸੁੱਟ ਦੇ। ਲੰਗੜਾ ਹੋ ਕੇ ਜੀਉਣ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ ਜੋ ਦੋ ਪੈਰ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। 46ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ। 47ਅਤੇ ਜੇ ਤੇਰੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਉਸ ਨੂੰ ਕੱਢ ਕੇ ਸੁੱਟ ਦੇ। ਇੱਕ ਅੱਖ ਨਾਲ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। 48ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਦੀ।

ਅੱਜ ਦੇ ਸੰਤ

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ