Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 28

ਆਰਥੋਡਾਕਸ ਕੈਲੰਡਰ · 15 ਅਪ੍ਰੈਲ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 28 ਅਪ੍ਰੈਲ 2027

ਬੁੱਧਵਾਰ · ਪਵਿੱਤਰ ਹਫ਼ਤਾ

ਤਿਉਹਾਰ ਅਤੇ ਸੰਤ

ਮਹਾਨ ਅਤੇ ਪਵਿੱਤਰ ਬੁੱਧਵਾਰ

ਵੱਡਾ ਚਾਲੀਸਾ

ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਇੰਜੀਲ (ਲਾੜੇ ਦੀ ਸਵੇਰ ਦੀ ਪ੍ਰਾਰਥਨਾ)

ਯੂਹ 12:17–50

17ਜਦੋਂ ਯਿਸੂ ਨੇ ਲਾਜ਼ਰ ਨੂੰ ਜਿਉਂਦਾ ਕੀਤਾ ਉਸ ਸਮੇਂ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿੱਕਲ ਆ। ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆਂ ਨੂੰ ਦੱਸ ਰਹੇ ਸਨ। 18ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਚਮਤਕਾਰ ਬਾਰੇ ਸੁਣਿਆ ਸੀ। 19ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਆਖਣਾ ਸ਼ੁਰੂ ਕਰ ਦਿੱਤਾ, “ਦੇਖੋ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸ ਦੇ ਮਗਰ ਲੱਗ ਰਹੇ ਹਨ।” 20ਉੱਥੇ ਉਨ੍ਹਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਬੰਦਗੀ ਕਰਨ ਲਈ ਆਏ ਸਨ। 21ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ, “ਕਿ ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।” 22ਫ਼ਿਲਿਪੁੱਸ ਨੇ ਆ ਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆ ਕੇ ਯਿਸੂ ਨੂੰ ਦੱਸਿਆ। 23ਯਿਸੂ ਨੇ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਵਡਿਆਈ ਹੋਣ ਦਾ ਸਮਾਂ ਆ ਗਿਆ ਹੈ। 24ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਗਿਰ ਕੇ ਨਾ ਮਰੇ ਇਕੱਲਾ ਦਾਣਾ ਹੀ ਰਹਿੰਦਾ ਹੈ। ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫਲ ਦਿੰਦਾ ਹੈ। 25ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ। 26ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਸੇਵਾ ਕਰਦਾ ਹੈ, ਪਿਤਾ ਉਸ ਦਾ ਆਦਰ ਕਰਦਾ ਹੈ।” 27ਹੁਣ ਮੇਰਾ ਦਿਲ ਘਬਰਾਉਂਦਾ ਹੈ। ਮੈਨੂੰ ਕੀ ਆਖਣਾ ਚਾਹੀਦਾ ਹੈ? ਕੀ ਮੈਂ ਇਹ ਆਖਾਂ, “ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?” ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ। 28ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ! ਫ਼ਿਰ ਸਵਰਗ ਤੋਂ ਇੱਕ ਅਵਾਜ਼ ਆਈ, “ਮੈਂ ਆਪਣੇ ਆਪ ਨੂੰ ਵਡਿਆਈ ਦਿੱਤੀ ਅਤੇ ਮੈਂ ਫ਼ਿਰ ਵੀ ਇਸ ਨੂੰ ਵਡਿਆਈ ਦੇਵਾਂਗਾ।” 29ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਇਹ ਬੱਦਲ ਗਰਜਿਆ ਹੈ।” ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।” 30ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੇ ਕਰਕੇ ਨਹੀਂ ਆਈ, ਸਗੋਂ ਤੁਹਾਡੀ ਲਈ ਆਈ ਹੈ। 31ਹੁਣ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ। ਹੁਣ ਇਸ ਸੰਸਾਰ ਦਾ ਹਾਕਮ ਬਾਹਰ ਕੱਢਿਆ ਜਾਵੇਗਾ। 32ਮੈਂ ਵੀ ਇਸ ਸੰਸਾਰ ਤੋਂ ਉੱਚਾ ਕੀਤਾ ਜਾਂਵਾਂਗਾ ਅਤੇ ਜਦੋਂ ਇਉਂ ਹੋਵੇਗਾ ਤਾਂ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।” 33ਇਹ ਆਖ ਕੇ, ਯਿਸੂ ਦੱਸ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ। 34ਲੋਕਾਂ ਨੇ ਕਿਹਾ, “ਸਾਡੀ ਬਿਵਸਥਾ ਤਾਂ ਆਖਦੀ ਹੈ ਕਿ ਮਸੀਹ ਸਦਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ ਕਿ ਮਨੁੱਖ ਦਾ ਪੁੱਤਰ ਜ਼ਰੂਰ ਉੱਤੇ ਉੱਠਾਇਆ ਜਾਵੇਗਾ। ਇਹ ਮਨੁੱਖ ਦਾ ਪੁੱਤਰ ਕੌਣ ਹੈ?” 35ਤਦ ਯਿਸੂ ਨੇ ਕਿਹਾ “ਚਾਨਣ ਕੁਝ ਹੀ ਸਮੇਂ ਲਈ ਤੁਹਾਡੇ ਨਾਲ ਹੈ, ਇਸ ਲਈ ਚਾਨਣ ਵਿੱਚ ਤੁਰੋ। ਜਿਹੜਾ ਮਨੁੱਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ। 36ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋ।” ਇਹ ਸਭ ਕਹਿਣ ਤੋਂ ਬਾਅਦ ਯਿਸੂ ਅਜਿਹੀ ਜਗਾ ਚਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸਕੇ। 37ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ। 38ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸਕੇ: “ਹੇ ਪ੍ਰਭੂ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ? ਪ੍ਰਭੂ ਦੀ ਸ਼ਕਤੀ ਕਿਸ ਨੇ ਵੇਖੀ?” 39ਇਸੇ ਕਾਰਨ ਲੋਕ ਵਿਸ਼ਵਾਸ ਨਾ ਕਰ ਸਕੇ। ਜਿਵੇਂ ਕਿ ਯਸਾਯਾਹ ਫਿਰ ਆਖਦਾ ਹੈ, 40“ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖੀਆਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ। ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਣ, ਨਾ ਦਿਮਾਗ ਨਾਲ ਸਮਝ ਸਕਣ ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸਕਾਂ।” 41ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ। 42ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁੱਲਕੇ ਨਾ ਆਖਿਆ ਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਘਰ ਤੋਂ ਕੱਢ ਦਿੱਤੇ ਜਾਣਗੇ। 43ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਨਾਲੋਂ ਵਧ ਲੋਕਾਂ ਦੀ ਵਡਿਆਈ ਨੂੰ ਪਿਆਰ ਕੀਤਾ। 44ਤਦ ਯਿਸੂ ਨੇ ਉੱਚੀ ਅਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ ਸਗੋਂ ਉਸ ਉੱਤੇ ਵਿਸ਼ਵਾਸ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ। 45ਜੋ ਵਿਅਕਤੀ ਮੈਨੂੰ ਵੇਖਦਾ ਹੈ ਉਹ ਉਸ ਨੂੰ ਵੇਖਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ। 46ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਮਨੁੱਖ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ, ਹਨੇਰੇ ਵਿੱਚ ਨਾ ਰਹੇ। 47ਜੋ ਮੇਰੀਆਂ ਸਿਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ। ਮੈਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ। 48ਜੋ ਮੇਰੇ ਉੱਤੇ ਵਿਸ਼ਵਾਸ ਕਰਨ ਤੋਂ ਇੰਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲ ਕਰਦਾ। ਇਹੀ ਬਚਨ ਜਿਹੜਾ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਏਗਾ। 49ਕਿਉਂਕਿ ਮੈਂ ਆਪਣੇ ਮਨੋਂ ਨਹੀਂ ਕਿਹਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਆਖਣਾ ਚਾਹੀਦਾ ਅਤੇ ਕੀ ਸਿਖਾਉਣਾ ਚਾਹੀਦਾ। 50ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਬਚਨ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਬਚਨ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

ਛੇਵਾਂ ਘੰਟਾ

ਹਿਜ਼ 2:3–3:3

3ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਹਨਾਂ ਵਿਦਰੋਹੀ ਕੌਮਾਂ ਦੇ ਕੋਲ ਜਿਹਨਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਭੇਜਦਾ ਹਾਂ। ਉਹ ਅਤੇ ਉਹਨਾਂ ਦੇ ਪਿਉ-ਦਾਦੇ ਅੱਜ ਦੇ ਦਿਨ ਤੱਕ ਮੇਰੇ ਅਪਰਾਧੀ ਹੁੰਦੇ ਆਏ ਹਨ। 4ਉਹਨਾਂ ਦੇ ਬੱਚੇ ਢੀਠ ਅਤੇ ਪੱਥਰ ਦਿਲ ਹਨ। ਮੈਂ ਤੈਨੂੰ ਉਹਨਾਂ ਦੇ ਕੋਲ ਭੇਜ ਰਿਹਾ ਹਾਂ। ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ 5ਭਾਵੇਂ ਉਹ ਸੁਣਨ ਜਾਂ ਨਾ ਸੁਣਨ ਕਿਉਂ ਜੋ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਪਰਗਟ ਹੋਇਆ ਹੈ। 6ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਕੋਲੋਂ ਭੈ ਨਾ ਖਾਈਂ ਅਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈਂ ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਬਰਾ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ। 7ਤੂੰ ਮੇਰੀਆਂ ਗੱਲਾਂ ਉਹਨਾਂ ਨੂੰ ਆਖ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਵਿਦਰੋਹੀ ਹਨ। 8ਪਰ ਤੂੰ, ਹੇ ਮਨੁੱਖ ਦੇ ਪੁੱਤਰ, ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਤੂੰ ਉਸ ਵਿਦਰੋਹੀ ਘਰਾਣੇ ਵਾਂਗੂੰ ਵਿਦਰੋਹੀ ਨਾ ਹੋ! ਤੂੰ ਆਪਣਾ ਮੂੰਹ ਖੋਲ੍ਹ ਅਤੇ ਜੋ ਕੁਝ ਮੈਂ ਤੈਨੂੰ ਦਿੰਦਾ ਹਾਂ ਖਾ ਲੈ! 9ਜਦ ਮੈਂ ਵੇਖਿਆ ਤਾਂ ਵੇਖੋ, ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਹੈ ਅਤੇ ਵੇਖੋ, ਉਸ ਵਿੱਚ ਇੱਕ ਲਪੇਟਵੀਂ ਪੱਤ੍ਰੀ ਸੀ। 10ਉਹ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ। 3:1ਫਿਰ ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਜੋ ਕੁਝ ਤੈਨੂੰ ਮਿਲਿਆ ਹੈ, ਉਸ ਨੂੰ ਖਾ ਲੈ! ਇਸ ਲਪੇਟਵੀਂ ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ! 2ਤਦ ਮੈਂ ਮੂੰਹ ਖੋਲ੍ਹਿਆ ਅਤੇ ਉਹ ਨੇ ਉਹ ਲਪੇਟਵੀਂ ਪੱਤ੍ਰੀ ਮੈਨੂੰ ਖੁਆ ਦਿੱਤੀ। 3ਫਿਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਉਸ ਨੂੰ ਪਚਾ ਲੈ ਅਤੇ ਇਸ ਲਪੇਟਵੀਂ ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ। ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਗੂੰ ਮਿੱਠੀ ਲੱਗੀ ਸੀ।

ਸ਼ਾਮ ਦੀ ਪ੍ਰਾਰਥਨਾ: ਪਾਠ

ਕੂਚ 2:11–22

11ਫਿਰ ਅਜਿਹਾ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਜਦ ਮੂਸਾ ਵੱਡਾ ਹੋਇਆ ਤਦ ਉਸ ਨੇ ਆਪਣੇ ਭਰਾਵਾਂ ਕੋਲ ਬਾਹਰ ਜਾ ਕੇ ਉਨ੍ਹਾਂ ਦੇ ਦੁੱਖਾਂ ਨੂੰ ਵੇਖਿਆ ਅਤੇ ਇੱਕ ਮਿਸਰੀ ਨੂੰ ਵੇਖਿਆ ਜੋ ਉਸ ਦੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰ ਰਿਹਾ ਸੀ। 12ਉਸ ਨੇ ਇੱਧਰ-ਉੱਧਰ ਵੇਖਿਆ ਅਤੇ ਜਦ ਵੇਖਿਆ ਕਿ ਕੋਈ ਨਹੀਂ ਹੈ ਤਦ ਉਸ ਨੇ ਉਸ ਮਿਸਰੀ ਨੂੰ ਮਾਰ ਦਿੱਤਾ ਅਤੇ ਉਸ ਨੂੰ ਰੇਤ ਵਿੱਚ ਲੁਕਾ ਦਿੱਤਾ। 13ਜਦ ਮੂਸਾ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ, ਦੋ ਇਬਰਾਨੀ ਆਪਸ ਵਿੱਚ ਲੜ ਰਹੇ ਸਨ, ਉਸ ਨੇ ਦੋਸ਼ੀ ਨੂੰ ਆਖਿਆ, ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈਂ? 14ਤਦ ਉਸ ਨੇ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈਂ ਬਣਾ ਦਿੱਤਾ? ਕੀ ਤੂੰ ਇਹ ਸੋਚਦਾ ਹੈਂ ਕਿ ਜਿਵੇਂ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਉਸੇ ਤਰ੍ਹਾਂ ਹੀ ਮੈਨੂੰ ਵੀ ਮਾਰ ਸੁੱਟੇਂਗਾ? ਤਦ ਮੂਸਾ ਡਰ ਗਿਆ ਅਤੇ ਉਸ ਨੇ ਆਖਿਆ, ਇਹ ਗੱਲ ਜ਼ਰੂਰ ਖੁੱਲ੍ਹ ਗਈ ਹੈ। 15ਜਦ ਫ਼ਿਰਊਨ ਨੇ ਇਹ ਗੱਲ ਸੁਣੀ ਤਦ ਮੂਸਾ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਵਿੱਚ ਰਹਿਣ ਲੱਗਾ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ। 16ਮਿਦਯਾਨ ਦੇ ਜਾਜਕ ਦੀਆਂ ਸੱਤ ਧੀਆਂ ਸਨ। ਉਨ੍ਹਾਂ ਨੇ ਆ ਕੇ ਪਾਣੀ ਕੱਢਿਆ ਅਤੇ ਆਪਣੇ ਪਿਤਾ ਦੇ ਇੱਜੜ ਨੂੰ ਪਿਲਾਉਣ ਲਈ ਚੁਬੱਚਿਆਂ ਨੂੰ ਭਰ ਲਿਆ। 17ਅਯਾਲੀਆਂ ਨੇ ਆਣ ਕੇ ਉਨ੍ਹਾਂ ਨੂੰ ਧੱਕੇ ਨਾਲ ਪਰ੍ਹੇ ਹਟਾ ਦਿੱਤਾ, ਪਰ ਮੂਸਾ ਨੇ ਉੱਠ ਕੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਇੱਜੜ ਨੂੰ ਪਾਣੀ ਪਿਲਾਇਆ। 18ਜਦ ਉਹ ਆਪਣੇ ਪਿਤਾ ਰਊਏਲ ਕੋਲ ਆਈਆਂ ਤਦ ਉਸ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਛੇਤੀ ਮੁੜ ਆਈਆਂ ਹੋ? 19ਉਨ੍ਹਾਂ ਨੇ ਆਖਿਆ, ਇੱਕ ਮਿਸਰੀ ਨੇ ਸਾਨੂੰ ਅਯਾਲੀਆਂ ਦੇ ਹੱਥੋਂ ਛੁਡਾਇਆ ਅਤੇ ਸਾਡੇ ਲਈ ਪਾਣੀ ਕੱਢ-ਕੱਢ ਕੇ ਇੱਜੜ ਨੂੰ ਪਿਲਾਇਆ। 20ਤਦ ਉਸ ਨੇ ਆਪਣੀਆਂ ਧੀਆਂ ਨੂੰ ਆਖਿਆ, ਉਹ ਮਨੁੱਖ ਕਿੱਥੇ ਹੈ? ਤੁਸੀਂ ਉਸ ਨੂੰ ਕਿਉਂ ਛੱਡ ਆਈਆਂ ਹੋ? ਉਸ ਨੂੰ ਬੁਲਾਓ ਤਾਂ ਜੋ ਉਹ ਰੋਟੀ ਖਾਵੇ। 21ਤਦ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਮੰਨ ਗਿਆ ਅਤੇ ਉਸ ਨੇ ਆਪਣੀ ਧੀ ਸਿੱਪੋਰਾਹ ਮੂਸਾ ਨਾਲ ਵਿਆਹ ਦਿੱਤੀ 22ਉਸ ਨੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਉਸ ਦਾ ਨਾਮ ਗੇਰਸ਼ੋਮ ਰੱਖਿਆ ਕਿਉਂ ਜੋ ਉਸ ਨੇ ਆਖਿਆ, “ਮੈਂ ਪਰਦੇਸ ਵਿੱਚ ਪਰਦੇਸੀ ਹੋਇਆ ਹਾਂ।”

ਸ਼ਾਮ ਦੀ ਪ੍ਰਾਰਥਨਾ: ਪਾਠ

ਅੱਯੂਬ 2:1–10

1ਅਜਿਹਾ ਹੋਇਆ ਕਿ ਇੱਕ ਦਿਨ ਫਿਰ ਪਰਮੇਸ਼ੁਰ ਦੇ ਦੂਤ ਆਏ ਕਿ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ ਕਿ ਉਹ ਵੀ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰੇ। 2ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈ?” ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਹ ਦੇ ਵਿੱਚ ਇੱਧਰ-ਉੱਧਰ ਘੁੰਮਦਾ ਆਇਆ ਹਾਂ।” 3ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, “ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿਉਂ ਜੋ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ। ਉਹ ਖਰਾ ਅਤੇ ਨੇਕ ਮਨੁੱਖ ਹੈ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ਭਾਵੇਂ ਤੂੰ ਮੈਨੂੰ ਉਕਸਾਇਆ ਕਿ ਮੈਂ ਬਿਨ੍ਹਾਂ ਕਾਰਨ ਉਸ ਨੂੰ ਨਾਸ ਕਰਾਂ, ਪਰ ਫਿਰ ਵੀ ਅੱਜ ਤੱਕ ਉਹ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ।” 4ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਖੱਲ ਦੇ ਬਦਲੇ ਖੱਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੀ ਜਾਨ ਦੇ ਬਦਲੇ ਦੇ ਦੇਵੇਗਾ। 5ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੂਹ ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ।” 6ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਵੇਖ, ਉਹ ਤੇਰੇ ਹੱਥ ਵਿੱਚ ਹੈ ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀਂ।” 7ਤਦ ਸ਼ੈਤਾਨ ਯਹੋਵਾਹ ਦੇ ਅੱਗੋਂ ਚਲਿਆ ਗਿਆ ਅਤੇ ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੇ ਫੋੜਿਆਂ ਨਾਲ ਮਾਰਿਆ। 8ਤਦ ਅੱਯੂਬ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹ ਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ। 9ਉਸ ਦੀ ਪਤਨੀ ਨੇ ਉਸ ਨੂੰ ਆਖਿਆ, “ਕੀ ਤੂੰ ਅਜੇ ਵੀ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ? ਪਰਮੇਸ਼ੁਰ ਦੀ ਨਿੰਦਿਆ ਕਰ ਅਤੇ ਮਰ ਜਾ!” 10ਪਰ ਉਸ ਨੇ ਉਹ ਨੂੰ ਆਖਿਆ, “ਤੂੰ ਇੱਕ ਮੂਰਖ ਇਸਤਰੀ ਦੀ ਤਰ੍ਹਾਂ ਗੱਲ ਕਰਦੀ ਹੈਂ! ਕੀ ਅਸੀਂ ਚੰਗਾ-ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ?” ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੂਬ ਨੇ ਆਪਣੇ ਮੂੰਹ ਨਾਲ ਕੋਈ ਪਾਪ ਨਾ ਕੀਤਾ।

ਇੰਜੀਲ (ਪਹਿਲਾਂ ਪਵਿੱਤਰ ਕੀਤੀਆਂ ਭੇਟਾਂ ਦੀ ਉਪਾਸਨਾ)

ਮੱਤੀ 26:6–16

6ਅਤੇ ਜਦ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7ਤਾਂ ਇੱਕ ਔਰਤ ਮਹਿੰਗੇ ਮੁੱਲ ਦਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਤੇ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਲ੍ਹ ਦਿੱਤਾ। 8ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਿਉਂ ਹੋਇਆ? 9ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। 10ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। 11ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। 12ਇਹ ਅਤਰ ਜੋ ਉਸ ਨੇ ਮੇਰੀ ਦੇਹੀ ਉੱਤੇ ਪਾਇਆ ਸੋ ਮੇਰੇ ਦਫ਼ਨਾਉਣ ਲਈ ਕੀਤਾ ਹੈ। 13ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖਬਰੀ ਦਾ ਪਰਚਾਰ ਹੋਵੇਗਾ, ਉੱਥੇ ਉਹ ਦੀ ਯਾਦਗਾਰੀ ਲਈ ਜੋ ਉਸ ਨੇ ਕੀਤਾ ਹੈ, ਉਹ ਆਖਿਆ ਜਾਵੇਗਾ। 14ਤਦ ਉਨ੍ਹਾਂ ਬਾਰਾਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾ ਇਸਕਰਿਯੋਤੀ ਸੀ, ਮੁੱਖ ਜਾਜਕਾਂ ਕੋਲ ਜਾ ਕੇ ਆਖਿਆ 15ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਦ ਉਨ੍ਹਾਂ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। 16ਅਤੇ ਉਹ ਉਸੇ ਸਮੇਂ ਤੋਂ ਉਸ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 15 ਸਿਵਲ ਕੈਲੰਡਰ ਦਾ ਅਪ੍ਰੈਲ 28 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ