ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 29
ਆਰਥੋਡਾਕਸ ਕੈਲੰਡਰ · 16 ਅਪ੍ਰੈਲ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 29 ਅਪ੍ਰੈਲ 2027
ਵੀਰਵਾਰ · ਪਵਿੱਤਰ ਹਫ਼ਤਾ
ਤਿਉਹਾਰ ਅਤੇ ਸੰਤ
ਮਹਾਨ ਅਤੇ ਪਵਿੱਤਰ ਵੀਰਵਾਰ
ਵੱਡਾ ਚਾਲੀਸਾ
ਵਰਤ: ਤੇਲ ਨਾਲ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਇੰਜੀਲ (ਲਾੜੇ ਦੀ ਸਵੇਰ ਦੀ ਪ੍ਰਾਰਥਨਾ)
1ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ। 2ਅਤੇ ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਕਿ ਯਿਸੂ ਉਸ ਨੂੰ ਕਿਵੇਂ ਜਾਨੋਂ ਮਾਰੀਏ? ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ। 3ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਯੋਤੀ ਕਰਕੇ ਅਖਵਾਉਂਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਰਸੂਲਾਂ ਵਿੱਚੋਂ ਇੱਕ ਸੀ। 4ਅਤੇ ਉਸ ਨੇ ਜਾ ਕੇ ਮੁੱਖ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਯੋਜਨਾ ਬਣਾਈ ਜੋ ਯਿਸੂ ਨੂੰ ਉਨ੍ਹਾਂ ਦੇ ਹੱਥ ਕਿਸ ਤਰ੍ਹਾਂ ਫੜ੍ਹਵਾ ਦੇਵੇ। 5ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਵਾਇਦਾ ਕੀਤਾ। 6ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ। 7ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ। 8ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ। 9ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ? 10ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ। 11ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ? 12ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ। 13ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ। 14ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ। 15ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। 16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ। 17ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ। 18ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ। 19ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। 20ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। 21ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ। 22ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ! 23ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ। 24ਉਨ੍ਹਾਂ ਵਿੱਚ ਇਹ ਬਹਿਸ ਵੀ ਹੋਈ ਜੋ ਸਾਡੇ ਵਿੱਚੋਂ ਕੌਣ ਵੱਡਾ ਸਮਝਿਆ ਜਾਂਦਾ ਹੈ? 25ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਸੋ ਮਦਦਗਾਰ ਅਖਵਾਉਂਦੇ ਹਨ। 26ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਸੇਵਕ ਵਰਗਾ ਬਣੇ। 27ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਸੇਵਕ ਵਰਗਾ ਹਾਂ। 28ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। 29ਜਿਸ ਤਰ੍ਹਾਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। 30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ। 31ਹੇ ਸ਼ਮਊਨ, ਸ਼ਮਊਨ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ। 32ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ। 33ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ। 34ਤਦ ਯਿਸੂ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਮੁਰਗਾ ਬਾਂਗ ਨਾ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਇਹ ਨਾ ਆਖੇਂ ਕਿ ਮੈਂ ਉਸ ਨੂੰ ਨਹੀਂ ਜਾਣਦਾ। 35ਉਸ ਨੇ ਉਨ੍ਹਾਂ ਨੂੰ ਆਖਿਆ, “ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨ੍ਹਾਂ ਭੇਜਿਆ ਸੀ, ਤਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੋਈ? ਉਹ ਬੋਲੇ, ਕਿਸੇ ਚੀਜ਼ ਦੀ ਨਹੀਂ।” 36ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ। 37ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ “ਉਹ ਅਪਰਾਧੀਆਂ ਵਿੱਚ ਗਿਣਿਆ ਗਿਆ” ਸੋ ਮੇਰੇ ਹੱਕ ਵਿੱਚ ਉਸ ਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁਝ ਮੇਰੇ ਬਾਰੇ ਹੈ ਸੋ ਉਸ ਨੇ ਪੂਰਾ ਹੋਣਾ ਹੀ ਹੈ। 38ਉਹ ਬੋਲੇ, ਪ੍ਰਭੂ ਜੀ ਵੇਖੋ, ਇੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬਹੁਤ ਹਨ! 39ਉਹ ਬਾਹਰ ਨਿੱਕਲ ਕੇ ਆਪਣੀ ਰੀਤ ਅਨੁਸਾਰ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ।
ਪਹਿਲਾ ਘੰਟਾ
18ਯਹੋਵਾਹ ਨੇ ਮੈਨੂੰ ਸਮਝਾਇਆ ਅਤੇ ਮੈਂ ਸਮਝ ਗਿਆ, ਤਦ ਤੂੰ ਉਹਨਾਂ ਦੀਆਂ ਕਰਤੂਤਾਂ ਮੈਨੂੰ ਵਿਖਾਈਆਂ। 19ਪਰ ਮੈਂ ਤਾਂ ਇੱਕ ਅਸੀਲ ਲੇਲੇ ਵਾਂਗੂੰ ਸੀ, ਜਿਹੜਾ ਕੱਟੇ ਜਾਣ ਲਈ ਲਿਆਂਦਾ ਜਾਂਦਾ ਹੈ। ਮੈਂ ਨਹੀਂ ਜਾਣਦਾ ਸੀ ਕਿ ਇਹ ਮੇਰੇ ਵਿਰੁੱਧ ਮਤੇ ਪਕਾਏ ਸਨ, ਕਿ ਆਓ, ਅਤੇ ਰੁੱਖ ਨੂੰ ਉਹ ਦੇ ਫਲ ਸਣੇ ਬਰਬਾਦ ਕਰ ਦੇਈਏ, ਆਓ, ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਵੱਢ ਸੁੱਟੀਏ, ਭਈ ਅੱਗੇ ਨੂੰ ਉਸ ਦਾ ਨਾਮ ਵੀ ਨਾ ਚੇਤੇ ਕੀਤਾ ਜਾਵੇ! 20ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮ ਨਾਲ ਨਿਆਂ ਕਰਦਾ ਹੈ, ਜਿਹੜਾ ਦਿਲ ਅਤੇ ਮਨ ਨੂੰ ਪਰਖਦਾ ਹੈ ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ ਹੈ। 21ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ ਕਿ ਯਹੋਵਾਹ ਦੇ ਨਾਮ ਦਾ ਅਗੰਮ ਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ! 22ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਉਹਨਾਂ ਦੀ ਖ਼ਬਰ ਲਵਾਂਗਾ! ਜੁਆਨ ਤਲਵਾਰ ਨਾਲ ਮਾਰੇ ਜਾਣਗੇ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ 23ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ। 12:1ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਬਾਰੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫ਼ਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ? 2ਤੂੰ ਉਹਨਾਂ ਨੂੰ ਲਾਇਆ ਤਾਂ ਉਹਨਾਂ ਨੇ ਜੜ੍ਹ ਵੀ ਫੜ ਲਈ, ਉਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਉਹਨਾਂ ਦੇ ਮੂੰਹ ਦੇ ਨੇੜੇ ਅਤੇ ਉਹਨਾਂ ਦੇ ਦਿਲ ਤੋਂ ਦੂਰ ਹੈ। 3ਪਰ ਹੇ ਯਹੋਵਾਹ, ਤੂੰ ਮੈਨੂੰ ਜਾਣਦਾ ਹੈ, ਤੂੰ ਮੈਨੂੰ ਦੇਖਦਾ ਹੈਂ ਅਤੇ ਮੇਰਾ ਦਿਲ ਜਿਹੜਾ ਤੇਰੇ ਵੱਲ ਹੈ ਪਰਖਦਾ ਹੈ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਅਤੇ ਉਹਨਾਂ ਨੂੰ ਕੱਟੇ ਜਾਣ ਦੇ ਦਿਨ ਲਈ ਵੱਖਰਾ ਕਰ! 4ਧਰਤੀ ਕਦੋਂ ਤੱਕ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪੱਤ ਕੁਮਲਾਇਆ ਰਹੇ? ਉਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸ਼ੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਉਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ। 5ਜੇ ਤੂੰ ਪੈਦਲ ਤੁਰਨ ਵਾਲਿਆਂ ਨਾਲ ਦੌੜਿਆ ਅਤੇ ਉਹਨਾਂ ਤੈਨੂੰ ਥਕਾ ਦਿੱਤਾ, ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰੇਂਗਾ? ਜੇ ਸ਼ਾਂਤੀ ਦੀ ਧਰਤੀ ਉੱਤੇ ਤੇਰਾ ਭਰੋਸਾ ਹੈ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ? 9ਕੀ ਮੇਰੀ ਮਿਰਾਸ ਤੇਰੇ ਲਈ ਚਿਤਲਾ ਸ਼ਿਕਾਰੀ ਪੰਛੀ ਹੈ? ਕੀ ਸ਼ਿਕਾਰੀ ਪੰਛੀ ਉਹ ਦੇ ਚੌਹੀਂ ਪਾਸੀਂ ਹਨ? ਤੁਸੀਂ ਜਾਓ ਅਤੇ ਰੜ ਦੇ ਸਾਰੇ ਦਰਿੰਦਿਆਂ ਨੂੰ ਇਕੱਠਾ ਕਰੋ, ਉਹਨਾਂ ਨੂੰ ਲਿਆਓ ਭਈ ਉਹ ਖਾਣ! 10ਬਹੁਤੇ ਆਜੜੀਆਂ ਨੇ ਮੇਰੇ ਅੰਗੂਰੀ ਬਾਗ਼ ਨੂੰ ਉਜਾੜ ਦਿੱਤਾ, ਉਹਨਾਂ ਮੇਰਾ ਹਿੱਸਾ ਪੈਰਾਂ ਹੇਠ ਮਿੱਧਿਆ ਹੈ, ਉਹਨਾਂ ਮੇਰੇ ਸੁਥਰੇ ਹਿੱਸੇ ਨੂੰ ਇੱਕ ਵਿਰਾਨ ਉਜਾੜ ਬਣਾ ਦਿੱਤਾ ਹੈ। 11ਉਹਨਾਂ ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ, ਪਰ ਕੋਈ ਮਨੁੱਖ ਇਸ ਨੂੰ ਦਿਲ ਉੱਤੇ ਨਹੀਂ ਲਿਆਉਂਦਾ। 14ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੂਹੰਦੇ ਹਨ ਜਿਹੜਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੂਦਾਹ ਦੇ ਘਰਾਣੇ ਨੂੰ ਉਹਨਾਂ ਵਿੱਚੋਂ ਪੁੱਟ ਸੁੱਟਾਂਗਾ 15ਤਾਂ ਇਸ ਤਰ੍ਹਾਂ ਹੋਵੇਗਾ ਕਿ ਇਸ ਤੋਂ ਪਿੱਛੋਂ ਭਈ ਮੈਂ ਉਹਨਾਂ ਨੂੰ ਉਖਾੜ ਸੁੱਟਾਂ ਮੈਂ ਉਹਨਾਂ ਨੂੰ ਮੋੜਾਂਗਾ, ਮੈਂ ਉਹਨਾਂ ਤੇ ਰਹਮ ਕਰਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਰਥਾਤ ਹਰੇਕ ਨੂੰ ਉਹ ਦੀ ਮਿਰਾਸ ਉੱਤੇ ਅਤੇ ਹਰੇਕ ਨੂੰ ਉਹ ਦੀ ਧਰਤੀ ਉੱਤੇ
ਸ਼ਾਮ ਦੀ ਪ੍ਰਾਰਥਨਾ: ਪਾਠ
10ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਕੋਲ ਜਾ ਅਤੇ ਅੱਜ ਅਤੇ ਕੱਲ ਉਨ੍ਹਾਂ ਨੂੰ ਪਵਿੱਤਰ ਕਰ ਅਤੇ ਉਹ ਆਪਣੇ ਬਸਤਰ ਧੋਣ। 11ਤੀਜੇ ਦਿਨ ਲਈ ਤਿਆਰ ਰਹਿਣ ਕਿਉਂਕਿ ਤੀਜੇ ਦਿਨ ਯਹੋਵਾਹ ਸਾਰੀ ਪਰਜਾ ਦੇ ਸਾਹਮਣੇ ਸੀਨਈ ਦੇ ਪਰਬਤ ਉੱਤੇ ਉੱਤਰੇਗਾ। 12ਤੂੰ ਪਰਜਾ ਲਈ ਚੁਫ਼ੇਰੇ ਇਹ ਆਖ ਕੇ ਹੱਦਾਂ ਬਣਾਈ ਕਿ ਤੁਸੀਂ ਧਿਆਨ ਰੱਖੋ ਅਤੇ ਪਰਬਤ ਉੱਤੇ ਨਾ ਚੜ੍ਹਿਓ, ਨਾ ਉਸ ਦੀ ਹੱਦ ਨੂੰ ਛੂਹਿਓ ਅਤੇ ਹਰ ਇੱਕ ਜਿਹੜਾ ਪਰਬਤ ਨੂੰ ਛੂਹੇ ਉਹ ਜ਼ਰੂਰ ਮਾਰਿਆ ਜਾਵੇ। 13ਕੋਈ ਹੱਥ ਉਸ ਨੂੰ ਨਾ ਛੂਹੇ ਪਰ ਉਹ ਵੱਟਿਆਂ ਨਾਲ ਮਾਰਿਆ ਜਾਵੇ ਜਾਂ ਤੀਰ ਨਾਲ ਵਿੰਨ੍ਹਿਆ ਜਾਵੇ ਭਾਵੇਂ ਪਸ਼ੂ ਹੋਵੇ ਭਾਵੇਂ ਮਨੁੱਖ ਹੋਵੇ, ਉਹ ਜਿਉਂਦਾ ਨਾ ਰਹੇ। ਜਦ ਤੁਰ੍ਹੀ ਦੀ ਅਵਾਜ਼ ਗੂੰਜੇ ਤਾਂ ਉਹ ਪਰਬਤ ਉੱਤੇ ਚੜ੍ਹਨ। 14ਮੂਸਾ ਪਰਬਤ ਤੋਂ ਪਰਜਾ ਕੋਲ ਉੱਤਰਿਆ ਅਤੇ ਪਰਜਾ ਨੂੰ ਪਵਿੱਤਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਬਸਤਰ ਧੋਤੇ। 15ਫਿਰ ਉਸ ਨੇ ਪਰਜਾ ਨੂੰ ਆਖਿਆ, ਤੀਜੇ ਦਿਨ ਲਈ ਤਿਆਰ ਰਹੋ ਅਤੇ ਔਰਤ ਦੇ ਨੇੜੇ ਨਾ ਜਾਓ। 16ਇਸ ਤਰ੍ਹਾਂ ਹੋਇਆ ਕਿ ਜਦ ਤੀਜੇ ਦਿਨ ਸਵੇਰਾ ਹੋਇਆ ਤਾਂ ਗਰਜਾਂ ਹੋਈਆਂ, ਲਿਸ਼ਕਾਂ ਪਈਆਂ ਅਤੇ ਇੱਕ ਕਾਲਾ ਬੱਦਲ ਪਰਬਤ ਉੱਤੇ ਸੀ, ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ। 17ਮੂਸਾ ਲੋਕਾਂ ਨੂੰ ਪਰਮੇਸ਼ੁਰ ਨਾਲ ਮਿਲਣ ਲਈ ਡੇਰੇ ਤੋਂ ਬਾਹਰ ਲੈ ਆਇਆ ਅਤੇ ਉਹ ਪਰਬਤ ਦੇ ਹੇਠਾਂ ਖੜੇ ਹੋ ਗਏ। 18ਅਤੇ ਸਾਰੇ ਸੀਨਈ ਪਰਬਤ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆਂ ਉਸ ਦੇ ਉੱਤੋਂ ਉੱਠ ਰਿਹਾ ਸੀ, ਸਾਰਾ ਪਰਬਤ ਬਹੁਤ ਕੰਬ ਰਿਹਾ ਸੀ। 19ਜਦ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਹੁੰਦੀ ਜਾਂਦੀ ਸੀ ਤਾਂ ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਉਹ ਨੂੰ ਅਵਾਜ਼ ਨਾਲ ਉੱਤਰ ਦਿੱਤਾ।
ਸ਼ਾਮ ਦੀ ਪ੍ਰਾਰਥਨਾ: ਪਾਠ
1ਤਦ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਦੇ ਵਿੱਚੋਂ ਉੱਤਰ ਦਿੱਤਾ ਅਤੇ ਆਖਿਆ, 2“ਇਹ ਕੌਣ ਹੈ ਜਿਹੜਾ ਗਿਆਨਹੀਣ ਗੱਲਾਂ ਨਾਲ ਮੇਰੀ ਸਲਾਹ ਨੂੰ ਹਨੇਰੇ ਵਿੱਚ ਰੱਖਦਾ ਹੈ? 3ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ!” 4“ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ! 5ਕਿਸ ਨੇ ਉਹ ਦਾ ਨਾਪ ਠਹਿਰਾਇਆ, ਤੂੰ ਤਾਂ ਜ਼ਰੂਰ ਹੀ ਜਾਣਦਾ ਹੋਵੇਂਗਾ, ਜਾਂ ਕਿਸ ਨੇ ਉਹ ਦੇ ਉੱਤੇ ਜ਼ਰੀਬ ਖਿੱਚੀ? 6ਕਿਸ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਜਾਂ ਕਿਸ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ, 7ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ?” 8“ਜਾਂ ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿੱਕਲਿਆ? 9ਜਦ ਮੈਂ ਬੱਦਲ ਨੂੰ ਉਹ ਦਾ ਲਿਬਾਸ ਪਹਿਨਾਇਆ, ਅਤੇ ਘੁੱਪ ਹਨੇਰੇ ਵਿੱਚ ਉਸ ਨੂੰ ਲਪੇਟ ਦਿੱਤਾ, 10ਅਤੇ ਉਹ ਦੀਆਂ ਹੱਦਾਂ ਠਹਿਰਾਈਆਂ, ਅਤੇ ਅਰਲ ਤੇ ਕਵਾੜ ਲਾਏ? 11ਅਤੇ ਆਖਿਆ, ਐਥੇ ਤੱਕ ਹੀ ਆਈਂ, ਅੱਗੇ ਨਾ ਵਧੀਂ, ਅਤੇ ਐਥੇ ਹੀ ਤੇਰੀਆਂ ਠਾਠਾਂ ਮਾਰਦੀਆਂ ਲਹਿਰਾਂ ਰੁੱਕ ਜਾਣ!” 12“ਕੀ ਤੂੰ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ? ਕੀ ਤੂੰ ਸਾਜਰੇ ਨੂੰ ਉਹ ਦਾ ਥਾਂ ਸਿਖਾਇਆ, 13ਭਈ ਉਹ ਧਰਤੀ ਦੀਆਂ ਹੱਦਾਂ ਨੂੰ ਫੜ੍ਹ ਲਵੇ, ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ? 14ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਦ ਸਾਰੀਆਂ ਵਸਤਾਂ ਜਾਣੋ ਬਸਤਰ ਪਹਿਨੇ ਵਿਖਾਈ ਦਿੰਦੀਆਂ ਹਨ, 15ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ।” 16“ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ, ਜਾਂ ਡੂੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚਲਿਆ ਹੈਂ? 17ਕੀ ਮੌਤ ਦੇ ਫਾਟਕ ਤੇਰੇ ਲਈ ਪਰਗਟ ਕੀਤੇ ਗਏ, ਜਾਂ ਘੋਰ ਅੰਧਕਾਰ ਦੇ ਫਾਟਕਾਂ ਨੂੰ ਤੂੰ ਵੇਖਿਆ ਹੈ? 18ਕੀ ਤੂੰ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ? ਤੂੰ ਦੱਸ, ਜੇ ਤੂੰ ਇਹ ਸਭ ਕੁਝ ਜਾਣਦਾ ਹੈ!” 19“ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਹਨੇਰੇ ਦਾ ਸਥਾਨ ਕਿੱਥੇ ਹੈ? 20ਕੀ ਤੂੰ ਉਹ ਨੂੰ ਉਹ ਦੇ ਸਥਾਨ ਤੱਕ ਪਹੁੰਚਾ ਸਕਦਾ ਹੈਂ, ਅਤੇ ਉਹ ਦੇ ਘਰ ਦੇ ਰਾਹਾਂ ਨੂੰ ਜਾਣਦਾ ਹੈਂ। 21ਤੂੰ ਜ਼ਰੂਰ ਹੀ ਇਹ ਸਭ ਕੁਝ ਜਾਣਦਾ ਹੋਵੇਂਗਾ, ਕਿਉਂ ਜੋ ਤੂੰ ਉਸ ਵੇਲੇ ਜੰਮਿਆ ਸੀ, ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ!” 22“ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ, 23ਜਿਹਨਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਅਤੇ ਲੜਾਈ ਤੇ ਯੁੱਧ ਦੇ ਦਿਨਾਂ ਲਈ ਬਚਾ ਕੇ ਰੱਖਿਆ ਹੈ? 42:1ਫੇਰ ਅੱਯੂਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, 2ਹੇ ਯਹੋਵਾਹ, “ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ। 3ਤੂੰ ਪੁੱਛਿਆ, ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਮੇਰੀ ਯੋਜਨਾ ਨੂੰ ਢੱਕਦਾ ਹੈ? ਮੈਂ ਤਾਂ ਉਹ ਹੀ ਬੋਲਿਆ ਜਿਸ ਨੂੰ ਮੈਂ ਨਹੀਂ ਸਮਝਦਾ, ਜੋ ਗੱਲਾਂ ਮੇਰੇ ਲਈ ਅਚਰਜ਼ ਗੱਲਾਂ ਸਨ ਅਤੇ ਜਿਹਨਾਂ ਨੂੰ ਮੈਂ ਨਹੀਂ ਜਾਣਦਾ ਸੀ! 4“ਤੂੰ ਆਖਿਆ, ਜ਼ਰਾ ਸੁਣ ਅਤੇ ਮੈਂ ਬੋਲਾਂਗਾ, ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ! 5ਮੇਰੇ ਕੰਨਾਂ ਨੇ ਤੇਰੇ ਵਿਖੇ ਗੱਲਾਂ ਸੁਣੀਆਂ ਸਨ, ਪਰ ਹੁਣ ਮੇਰੀਆਂ ਅੱਖਾਂ ਤੈਨੂੰ ਵੇਖਦੀਆਂ ਹਨ।
ਸ਼ਾਮ ਦੀ ਪ੍ਰਾਰਥਨਾ: ਪਾਠ
4ਪ੍ਰਭੂ ਯਹੋਵਾਹ ਨੇ ਮੈਨੂੰ ਸੂਝਵਾਨਾਂ ਦੀ ਜ਼ਬਾਨ ਦਿੱਤੀ, ਤਾਂ ਜੋ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ-ਸਵੇਰੇ ਜਗਾਉਂਦਾ ਹੈ, ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ, ਤਾਂ ਜੋ ਮੈਂ ਚੇਲਿਆਂ ਵਾਂਗੂੰ ਸੁਣਾਂ। 5ਪ੍ਰਭੂ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ ਹਨ, ਤਾਂ ਮੈਂ ਵਿਰੋਧ ਨਾ ਕੀਤਾ, ਨਾ ਪਿੱਛੇ ਹਟਿਆ, 6ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ, ਮੈਂ ਆਪਣਾ ਮੂੰਹ ਸ਼ਰਮਿੰਦਗੀ ਅਤੇ ਥੁੱਕ ਤੋਂ ਨਾ ਲੁਕਾਇਆ। 7ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਇਸ ਲਈ ਮੈਂ ਸ਼ਰਮਿੰਦਾ ਨਾ ਹੋਇਆ, ਇਸ ਲਈ ਮੈਂ ਆਪਣਾ ਮੂੰਹ ਚਕਮਕ ਵਾਂਗੂੰ ਬਣਾਇਆ, ਅਤੇ ਮੈਂ ਜਾਣਦਾ ਹਾਂ ਕਿ ਮੈਂ ਲੱਜਿਆਵਾਨ ਨਾ ਹੋਵਾਂਗਾ। 8ਮੈਨੂੰ ਧਰਮੀ ਠਹਿਰਾਉਣ ਵਾਲਾ ਪਰਮੇਸ਼ੁਰ ਨੇੜੇ ਹੈ, ਕੌਣ ਮੇਰੇ ਨਾਲ ਝਗੜੇਗਾ? ਆਓ, ਅਸੀਂ ਆਹਮੋ-ਸਾਹਮਣੇ ਖੜ੍ਹੇ ਹੋਈਏ, ਮੇਰਾ ਵਿਰੋਧੀ ਕੌਣ ਹੈ? ਉਹ ਮੇਰੇ ਨੇੜੇ ਆਵੇ! 9ਵੇਖੋ, ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ, ਕੌਣ ਮੈਨੂੰ ਦੋਸ਼ੀ ਠਹਿਰਾਵੇਗਾ? ਵੇਖੋ, ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, ਕੀੜਾ ਉਹਨਾਂ ਨੂੰ ਖਾ ਜਾਵੇਗਾ। 10ਤੁਹਾਡੇ ਵਿੱਚ ਕੌਣ ਯਹੋਵਾਹ ਤੋਂ ਡਰਦਾ ਹੈ, ਅਤੇ ਉਸ ਦੇ ਦਾਸ ਦੀ ਅਵਾਜ਼ ਸੁਣਦਾ ਹੈ? ਜਿਹੜਾ ਹਨੇਰੇ ਵਿੱਚ ਚੱਲਦਾ ਅਤੇ ਉਸ ਦੇ ਲਈ ਚਾਨਣ ਨਾ ਹੋਵੇ, ਉਹ ਯਹੋਵਾਹ ਦੇ ਨਾਮ ਉੱਤੇ ਭਰੋਸਾ ਰੱਖੇ, ਅਤੇ ਆਪਣੇ ਪਰਮੇਸ਼ੁਰ ਉੱਤੇ ਢਾਸਣਾ ਲਾਵੇ। 11ਵੇਖੋ, ਤੁਸੀਂ ਸਾਰੇ ਅੱਗ ਬਾਲਣ ਵਾਲਿਓ, ਜਿਹੜੇ ਆਪਣੇ ਕੋਲ ਮਸ਼ਾਲਾਂ ਜਗਾਈ ਰੱਖਦੇ ਹੋ, ਤੁਸੀਂ ਆਪਣੀ ਅੱਗ ਦੀ ਲੋ ਵਿੱਚ ਅਤੇ ਆਪਣੀਆਂ ਹੀ ਜਗਦੀਆਂ ਮਸ਼ਾਲਾਂ ਦੇ ਵਿਚਕਾਰ ਤੁਰੋ ਫਿਰੋ! ਮੇਰੇ ਹੱਥੋਂ ਤੁਹਾਡੇ ਲਈ ਇਹ ਫਲ ਹੋਵੇਗਾ, ਤੁਸੀਂ ਤਕਲੀਫ਼ ਵਿੱਚ ਪਏ ਰਹੋਗੇ।
ਪੱਤ੍ਰੀ
23ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਉਸ ਨੇ ਰੋਟੀ ਲਈ। 24ਅਤੇ ਧੰਨਵਾਦ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। 25ਇਸੇ ਤਰ੍ਹਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। 26ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ। 27ਇਸ ਕਰਕੇ ਜੋ ਕੋਈ ਬਿਨ੍ਹਾਂ ਯੋਗਤਾ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। 28ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ, ਅਤੇ ਪਿਆਲੇ ਵਿੱਚੋਂ ਪੀਵੇ। 29ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਸਜ਼ਾ ਲੈ ਕੇ ਖਾਂਦਾ ਪੀਂਦਾ ਹੈ। 30ਇਸੇ ਕਾਰਨ ਤੁਹਾਡੇ ਵਿੱਚ ਬਹੁਤ ਸਾਰੇ ਕਮਜ਼ੋਰ ਅਤੇ ਰੋਗੀ ਹਨ, ਅਤੇ ਕਈ ਮਰ ਗਏ ਹਨ। 31ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਂਚੇ ਨਾ ਜਾਂਦੇ। 32ਪਰ ਜਦ ਜਾਂਚੇ ਜਾਂਦੇ ਹਾਂ ਤਾਂ ਪ੍ਰਭੂ ਤੋਂ ਤਾੜੇ ਜਾਂਦੇ ਹਾਂ ਤਾਂ ਜੋ ਅਸੀਂ ਸੰਸਾਰ ਨਾਲ ਦੋਸ਼ੀ ਨਾ ਠਹਿਰਾਏ ਜਾਈਏ।
ਇੰਜੀਲ (ਜੋੜਿਆ ਹੋਇਆ ਪਾਠ)
ਮੱਤੀ 26:1–20 · ਯੂਹ 13:3–17 · ਮੱਤੀ 26:21–39 · ਲੂਕਾ 22:43–45 · ਮੱਤੀ 26:40–27:2
1ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ, 2ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ। 3ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾ ਨਾਮ ਦੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ। 4ਅਤੇ ਯੋਜਨਾ ਬਣਾਈ ਜੋ ਯਿਸੂ ਨੂੰ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ। 5ਪਰ ਉਨ੍ਹਾਂ ਆਖਿਆ ਜੋ ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋ ਜਾਵੇ। 6ਅਤੇ ਜਦ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। 7ਤਾਂ ਇੱਕ ਔਰਤ ਮਹਿੰਗੇ ਮੁੱਲ ਦਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਤੇ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਲ੍ਹ ਦਿੱਤਾ। 8ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਿਉਂ ਹੋਇਆ? 9ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। 10ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। 11ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। 12ਇਹ ਅਤਰ ਜੋ ਉਸ ਨੇ ਮੇਰੀ ਦੇਹੀ ਉੱਤੇ ਪਾਇਆ ਸੋ ਮੇਰੇ ਦਫ਼ਨਾਉਣ ਲਈ ਕੀਤਾ ਹੈ। 13ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖਬਰੀ ਦਾ ਪਰਚਾਰ ਹੋਵੇਗਾ, ਉੱਥੇ ਉਹ ਦੀ ਯਾਦਗਾਰੀ ਲਈ ਜੋ ਉਸ ਨੇ ਕੀਤਾ ਹੈ, ਉਹ ਆਖਿਆ ਜਾਵੇਗਾ। 14ਤਦ ਉਨ੍ਹਾਂ ਬਾਰਾਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾ ਇਸਕਰਿਯੋਤੀ ਸੀ, ਮੁੱਖ ਜਾਜਕਾਂ ਕੋਲ ਜਾ ਕੇ ਆਖਿਆ 15ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਦ ਉਨ੍ਹਾਂ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। 16ਅਤੇ ਉਹ ਉਸੇ ਸਮੇਂ ਤੋਂ ਉਸ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ। 17ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ, ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? 18ਤਦ ਉਹ ਨੇ ਕਿਹਾ, ਸ਼ਹਿਰ ਵਿੱਚ ਫਲ਼ਾਣੇ ਕੋਲ ਜਾ ਕੇ ਉਹ ਨੂੰ ਆਖੋ ਕਿ ਗੁਰੂ ਆਖਦਾ ਹੈ, ਮੇਰਾ ਸਮਾਂ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ। 19ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। 20ਜਦ ਸ਼ਾਮ ਹੋਈ ਤਾਂ ਉਹ ਬਾਰਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ। 13:3ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ। 4ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖੜ੍ਹਾ ਹੋਇਆ ਅਤੇ ਆਪਣਾ ਚੋਗਾ ਲਾਹ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ। 5ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ, ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਸਾਫ਼ ਕੀਤੇ। 6ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?” 7ਯਿਸੂ ਨੇ ਆਖਿਆ “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ।” 8ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।” ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਮੇਰੀ ਤੇਰੇ ਨਾਲ ਕੋਈ ਸਾਂਝ ਨਹੀਂ ਹੋਵੇਂਗੀ।” 9ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ।” 10ਯਿਸੂ ਨੇ ਆਖਿਆ, “ਉਹ ਮਨੁੱਖ ਜਿਸ ਨੇ ਆਪਣਾ ਸਾਰਾ ਸਰੀਰ ਸਾਫ਼ ਕੀਤਾ ਹੈ ਅਤੇ ਸਿਰਫ਼ ਉਸ ਦੇ ਪੈਰ ਧੋਣੇ ਚਾਹੀਦੇ ਹਨ। ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ।” 11ਯਿਸੂ ਨੂੰ ਪਤਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ।” 12ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾ ਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ?” 13ਤੁਸੀਂ ਮੈਨੂੰ “ਗੁਰੂ” ਅਤੇ “ਪ੍ਰਭੂ” ਕਹਿੰਦੇ ਹੋ ਅਤੇ ਇਹ ਠੀਕ ਹੈ, ਕਿਉਂਕਿ ਮੈਂ ਉਹੀ ਹਾਂ। 14ਮੈਂ ਤੁਹਾਡਾ ਪ੍ਰਭੂ ਵੀ ਹਾਂ ਅਤੇ ਗੁਰੂ ਵੀ। ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗੂੰ ਧੋਤੇ ਹਨ, ਇਸ ਲਈ ਤੁਹਾਨੂੰ ਵੀ ਚਾਹੀਦਾ ਹੈ ਇੱਕ ਦੂਜੇ ਦੇ ਪੈਰ ਧੋਵੋ। 15ਮੈਂ ਇਹ ਤੁਹਾਡੇ ਲਈ ਇੱਕ ਨਮੂਨਾ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸਕੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੁੰਦਾ। 17ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਮੁਬਾਰਕ ਹੋਵੋਂਗੇ। 26:21ਅਤੇ ਜਦ ਉਹ ਖਾ ਰਹੇ ਸਨ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। 22ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ? 23ਉਹ ਨੇ ਉੱਤਰ ਦਿੱਤਾ, ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੋ ਮੈਨੂੰ ਫੜਵਾਏਗਾ। 24ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਂਦਾ ਹੈ, ਜਿਵੇਂ ਉਹ ਦੇ ਬਾਰੇ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ। 25ਤਦ ਯਹੂਦਾ, ਜਿਸ ਨੇ ਉਹ ਨੂੰ ਫੜਵਾਇਆ ਅੱਗੋਂ ਬੋਲਿਆ, ਗੁਰੂ ਜੀ, ਕੀ ਉਹ ਮੈਂ ਹਾਂ? ਉਸ ਨੇ ਉਹ ਨੂੰ ਆਖਿਆ, ਤੂੰ ਆਪ ਹੀ ਆਖ ਦਿੱਤਾ। 26ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। 27ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। 28ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। 29ਅਤੇ ਮੈਂ ਤੁਹਾਨੂੰ ਆਖਦਾ ਹਾਂ, ਜੋ ਇਸ ਤੋਂ ਬਾਅਦ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। 30ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ। 31ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ। 32ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ। 33ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਾ ਖਾਵਾਂਗਾ। 34ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਅੱਜ ਰਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ। 35ਪਤਰਸ ਨੇ ਉਹ ਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ। 36ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮ ਦੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ, ਜਿੰਨਾਂ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ। 37ਅਤੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗਾ। 38ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਮਨ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। 39ਅਤੇ ਥੋੜ੍ਹਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਕੋਲੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ। 22:43ਅਤੇ ਸਵਰਗੋਂ ਇੱਕ ਦੂਤ ਉਸ ਨੂੰ ਵਿਖਾਈ ਦਿੱਤਾ ਜੋ ਉਸ ਨੂੰ ਸਹਾਰਾ ਦਿੰਦਾ ਸੀ। 44ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂੰ ਹੇਠਾਂ ਡਿੱਗਦਾ ਸੀ। 45ਫੇਰ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਵੇਖਿਆ। 26:40ਅਤੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ, ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 41ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ। 42ਫੇਰ ਉਹ ਦੂਜੀ ਵਾਰ ਗਿਆ ਅਤੇ ਇਹ ਕਹਿ ਕੇ ਉਹ ਨੇ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨ੍ਹਾਂ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਪੂਰੀ ਹੋਵੇ। 43ਅਤੇ ਉਸ ਨੇ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। 44ਅਤੇ ਉਨ੍ਹਾਂ ਨੂੰ ਫੇਰ ਛੱਡ ਕੇ ਗਿਆ ਅਤੇ ਉਹੋ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ 45ਫੇਰ ਚੇਲਿਆਂ ਕੋਲ ਆ ਕੇ ਉਨ੍ਹਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਆਰਾਮ ਕਰੋ। ਵੇਖੋ, ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 46ਉੱਠੋ, ਚੱਲੀਏ। ਵੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ। 47ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ। 48ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ੍ਹ ਲੈਣਾ। 49ਅਤੇ ਝੱਟ ਯਿਸੂ ਕੋਲ ਆ ਕੇ ਉਹ ਨੇ ਗੁਰੂ ਜੀ ਨਮਸਕਾਰ ਆਖਿਆ! ਅਤੇ ਉਹ ਨੂੰ ਚੁੰਮਿਆ। 50ਤਾਂ ਯਿਸੂ ਨੇ ਉਹ ਨੂੰ ਆਖਿਆ, ਮਿੱਤਰਾ ਕਿਵੇਂ ਆਇਆ? ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ੍ਹ ਲਿਆ। 51ਅਤੇ ਵੇਖੋ, ਯਿਸੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ। 52ਤਦ ਯਿਸੂ ਨੇ ਉਹ ਨੂੰ ਆਖਿਆ, ਆਪਣੀ ਤਲਵਾਰ ਮਿਆਨ ਵਿੱਚ ਪਾ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ। 53ਕੀ ਤੂੰ ਇਹ ਸਮਝਦਾ ਹੈਂ ਕਿ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵੱਧ ਮੇਰੇ ਕੋਲ ਹਾਜ਼ਰ ਨਾ ਕਰੇਗਾ? 54ਫੇਰ ਉਹ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਕਿ ਇਹ ਹੋਣਾ ਜ਼ਰੂਰੀ ਹੈ? 55ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰਾਂ ਅਤੇ ਡਾਂਗਾਂ ਫੜ੍ਹ ਕੇ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ। 56ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ। 57ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਪ੍ਰਧਾਨ ਜਾਜਕ ਕਯਾਫ਼ਾ ਦੇ ਕੋਲ ਜਿੱਥੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ, ਉਹ ਨੂੰ ਲੈ ਗਏ। 58ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ, ਕਿ ਅੰਤ ਨੂੰ ਵੇਖੇ। 59ਮੁੱਖ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਦੀ ਸੀ। 60ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ। ਪਰ ਆਖਿਰ ਨੂੰ ਦੋ ਜਣੇ ਅੱਗੇ ਆ ਕੇ ਬੋਲੇ, 61ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਹ ਨੂੰ ਬਣਾ ਸਕਦਾ ਹਾਂ। 62ਅਤੇ ਪ੍ਰਧਾਨ ਜਾਜਕ ਨੇ ਖੜ੍ਹੇ ਹੋ ਕੇ ਉਹ ਨੂੰ ਆਖਿਆ, ਕੀ ਤੂੰ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ? 63ਪਰ ਯਿਸੂ ਚੁੱਪ ਹੀ ਰਿਹਾ ਅਤੇ ਪ੍ਰਧਾਨ ਜਾਜਕ ਨੇ ਉਹ ਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ ਕਿ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਾਨੂੰ ਦੱਸ। 64ਯਿਸੂ ਨੇ ਉਹ ਨੂੰ ਕਿਹਾ, ਤੂੰ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ। 65ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਨੇ ਨਿੰਦਿਆ ਕੀਤੀ ਹੈ, ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਨਿੰਦਿਆ ਸੁਣੀ ਹੈ। ਤੁਹਾਡੀ ਕੀ ਸਲਾਹ ਹੈ? 66ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ। 67ਤਦ ਉਨ੍ਹਾਂ ਨੇ ਉਹ ਦੇ ਮੂੰਹ ਉੱਤੇ ਥੁੱਕਿਆ ਅਤੇ ਉਹ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ, 68ਹੇ ਮਸੀਹ, ਸਾਨੂੰ ਅਗੰਮ ਭਵਿੱਖਬਾਣੀ ਨਾਲ ਦੱਸ, ਤੈਨੂੰ ਕਿਸ ਨੇ ਮਾਰਿਆ? 69ਅਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਅਤੇ ਇੱਕ ਦਾਸੀ ਉਹ ਦੇ ਕੋਲ ਆ ਕੇ ਬੋਲੀ, ਯਿਸੂ ਗਲੀਲੀ ਦੇ ਨਾਲ ਤੂੰ ਵੀ ਸੀ। 70ਪਰ ਉਹ ਨੇ ਸਭਨਾਂ ਦੇ ਸਾਹਮਣੇ ਮੁੱਕਰ ਕੇ ਆਖਿਆ, ਮੈਂ ਨਹੀਂ ਜਾਣਦਾ ਤੂੰ ਕੀ ਬੋਲਦੀ ਹੈਂ। 71ਜਦ ਉਹ ਬਾਹਰ ਡਿਉੜੀ ਵਿੱਚ ਗਿਆ, ਤਾਂ ਦੂਜੀ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ। 72ਅਤੇ ਉਹ ਸਹੁੰ ਖਾ ਕੇ ਫੇਰ ਮੁੱਕਰ ਗਿਆ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। 73ਅਤੇ ਥੋੜ੍ਹੇ ਸਮੇਂ ਪਿੱਛੋਂ ਜਿਹੜੇ ਉੱਥੇ ਖੜ੍ਹੇ ਸਨ ਉਨ੍ਹਾਂ ਦੇ ਕੋਲ ਆ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਵੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਦੱਸਦੀ ਹੈ। 74ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦਿੱਤੀ। 75ਤਦੋਂ ਪਤਰਸ ਨੂੰ ਉਹ ਗੱਲ ਯਾਦ ਆਈ ਜਿਹੜੀ ਯਿਸੂ ਨੇ ਆਖੀ ਸੀ ਕਿ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ। 27:1ਜਦ ਸਵੇਰ ਹੋਈ ਤਾਂ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਯੋਜਨਾਂ ਬਣਾਈ ਜੋ ਉਹ ਨੂੰ ਜਾਨੋਂ ਮਾਰ ਸੁੱਟਣ। 2ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ।
ਇੰਜੀਲ (ਪੈਰ ਧੋਣ ਵੇਲੇ)
1ਇਹ ਸਮਾਂ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸੀ ਅਤੇ ਯਿਸੂ ਜਾਣਦਾ ਸੀ ਕਿ ਉਸਦਾ ਸੰਸਾਰ ਨੂੰ ਛੱਡਣ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਨੇੜੇ ਸੀ। ਜਿਹੜੇ ਲੋਕ ਇਸ ਸੰਸਾਰ ਵਿੱਚ ਉਸ ਦੇ ਨੇੜੇ ਸਨ, ਯਿਸੂ ਨੇ ਸਦਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੱਕ ਪਿਆਰ ਕੀਤਾ। 2ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਯਿਸੂ ਨਾਲ ਧੋਖਾ ਕਰਨ ਲਈ ਦਿਲ ਵਿੱਚ ਪਾ ਚੁੱਕਿਆ ਸੀ। 3ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਕੋਲੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ। 4ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖੜ੍ਹਾ ਹੋਇਆ ਅਤੇ ਆਪਣਾ ਚੋਗਾ ਲਾਹ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ। 5ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ, ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਸਾਫ਼ ਕੀਤੇ। 6ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ?” 7ਯਿਸੂ ਨੇ ਆਖਿਆ “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਅਦ ਵਿੱਚ ਸਮਝੇਂਗਾ।” 8ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।” ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਮੇਰੀ ਤੇਰੇ ਨਾਲ ਕੋਈ ਸਾਂਝ ਨਹੀਂ ਹੋਵੇਂਗੀ।” 9ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ।” 10ਯਿਸੂ ਨੇ ਆਖਿਆ, “ਉਹ ਮਨੁੱਖ ਜਿਸ ਨੇ ਆਪਣਾ ਸਾਰਾ ਸਰੀਰ ਸਾਫ਼ ਕੀਤਾ ਹੈ ਅਤੇ ਸਿਰਫ਼ ਉਸ ਦੇ ਪੈਰ ਧੋਣੇ ਚਾਹੀਦੇ ਹਨ। ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ।” 11ਯਿਸੂ ਨੂੰ ਪਤਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ।”
ਇੰਜੀਲ (ਪੈਰ ਧੋਣ ਤੋਂ ਬਾਅਦ)
12ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾ ਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ?” 13ਤੁਸੀਂ ਮੈਨੂੰ “ਗੁਰੂ” ਅਤੇ “ਪ੍ਰਭੂ” ਕਹਿੰਦੇ ਹੋ ਅਤੇ ਇਹ ਠੀਕ ਹੈ, ਕਿਉਂਕਿ ਮੈਂ ਉਹੀ ਹਾਂ। 14ਮੈਂ ਤੁਹਾਡਾ ਪ੍ਰਭੂ ਵੀ ਹਾਂ ਅਤੇ ਗੁਰੂ ਵੀ। ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗੂੰ ਧੋਤੇ ਹਨ, ਇਸ ਲਈ ਤੁਹਾਨੂੰ ਵੀ ਚਾਹੀਦਾ ਹੈ ਇੱਕ ਦੂਜੇ ਦੇ ਪੈਰ ਧੋਵੋ। 15ਮੈਂ ਇਹ ਤੁਹਾਡੇ ਲਈ ਇੱਕ ਨਮੂਨਾ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸਕੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਕਿ ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੁੰਦਾ। 17ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਮੁਬਾਰਕ ਹੋਵੋਂਗੇ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 16 ਸਿਵਲ ਕੈਲੰਡਰ ਦਾ ਅਪ੍ਰੈਲ 29 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ