Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਗਸਤ 2027 › ਅਗਸਤ 19

ਆਰਥੋਡਾਕਸ ਕੈਲੰਡਰ · 6 ਅਗਸਤ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 19 ਅਗਸਤ 2027

ਵੀਰਵਾਰ · ਪੰਤੇਕੁਸਤ ਤੋਂ ਬਾਅਦ 9ਵਾਂ ਹਫ਼ਤਾ · ਸੁਰ 7

ਤਿਉਹਾਰ ਅਤੇ ਸੰਤ

The Holy Transfiguration of Our Lord God and Saviour Jesus Christ

ਮਰਿਯਮ ਦੇ ਦੇਹਾਂਤ ਦਾ ਵਰਤ

ਮੱਛੀ ਦੀ ਇਜਾਜ਼ਤ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸ਼ਾਮ ਦੀ ਪ੍ਰਾਰਥਨਾ: ਪਾਠ

ਕੂਚ 24:12–18

12ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਕੋਲ ਪਰਬਤ ਉੱਤੇ ਆ ਅਤੇ ਉੱਥੇ ਰਹਿ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਅਤੇ ਬਿਵਸਥਾ ਅਤੇ ਹੁਕਮ ਜਿਹੜੇ ਮੈਂ ਉਨ੍ਹਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ। 13ਸੋ ਮੂਸਾ ਅਤੇ ਉਸ ਦਾ ਸੇਵਕ ਯਹੋਸ਼ੁਆ ਉੱਠੇ ਅਤੇ ਮੂਸਾ ਪਰਮੇਸ਼ੁਰ ਦੇ ਪਰਬਤ ਉੱਤੇ ਗਿਆ। 14ਅਤੇ ਉਸ ਨੇ ਬਜ਼ੁਰਗਾਂ ਨੂੰ ਆਖਿਆ, ਤੁਸੀਂ ਸਾਡੇ ਨਾਲ ਏਥੇ ਠਹਿਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਮੁੜ ਆਈਏ ਅਤੇ ਵੇਖੋ ਹਾਰੂਨ ਅਤੇ ਹੂਰ ਤੁਹਾਡੇ ਨਾਲ ਹਨ। ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਨ੍ਹਾਂ ਦੇ ਕੋਲ ਜਾਵੇ। 15ਸੋ ਮੂਸਾ ਪਰਬਤ ਉੱਤੇ ਚੜ੍ਹਿਆ ਅਤੇ ਬੱਦਲ ਪਰਬਤ ਉੱਤੇ ਛਾ ਗਿਆ। 16ਅਤੇ ਯਹੋਵਾਹ ਦਾ ਪਰਤਾਪ ਸੀਨਈ ਪਰਬਤ ਉੱਤੇ ਠਹਿਰਿਆ ਅਤੇ ਬੱਦਲ ਉਸ ਉੱਤੇ ਛੇ ਦਿਨ ਛਾਇਆ ਰਿਹਾ ਤਾਂ ਸੱਤਵੇਂ ਦਿਨ ਉਸ ਨੇ ਬੱਦਲ ਦੇ ਵਿੱਚੋਂ ਮੂਸਾ ਨੂੰ ਸੱਦਿਆ। 17ਯਹੋਵਾਹ ਦੇ ਤੇਜ ਦਾ ਦਰਸ਼ਣ ਭਸਮ ਕਰਨ ਵਾਲੀ ਅੱਗ ਵਾਂਗੂੰ ਪਰਬਤ ਦੀ ਟੀਸੀ ਉੱਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਸੀ। 18ਅਤੇ ਮੂਸਾ ਬੱਦਲ ਦੇ ਵਿਚਕਾਰ ਚੱਲਿਆ ਗਿਆ ਅਤੇ ਪਰਬਤ ਉੱਤੇ ਚੜ੍ਹ ਗਿਆ ਤਾਂ ਮੂਸਾ ਪਰਬਤ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਰਿਹਾ।

ਸ਼ਾਮ ਦੀ ਪ੍ਰਾਰਥਨਾ: ਪਾਠ

ਕੂਚ 33:11–23; 34:4–6, 8

11ਤਾਂ ਯਹੋਵਾਹ ਮੂਸਾ ਨਾਲ ਆਹਮੋ-ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸੱਜਣ ਨਾਲ ਬੋਲਦਾ ਹੈ ਅਤੇ ਉਹ ਫੇਰ ਡੇਰੇ ਨੂੰ ਮੁੜ ਜਾਂਦਾ ਸੀ ਪਰ ਉਸ ਦਾ ਇੱਕ ਗੱਭਰੂ ਸੇਵਾਦਾਰ ਨੂਨ ਦਾ ਪੁੱਤਰ ਯਹੋਸ਼ੁਆ ਤੰਬੂ ਦੇ ਵਿੱਚੋਂ ਨਾ ਹਿੱਲਦਾ ਸੀ। 12ਫਿਰ ਮੂਸਾ ਨੇ ਯਹੋਵਾਹ ਨੂੰ ਆਖਿਆ, ਵੇਖ ਤੂੰ ਮੈਨੂੰ ਆਖਦਾ ਹੈਂ ਕਿ ਇਨ੍ਹਾਂ ਲੋਕਾਂ ਨੂੰ ਉਤਾਹਾਂ ਲੈ ਜਾ ਪਰ ਤੂੰ ਮੈਨੂੰ ਨਹੀਂ ਦੱਸਿਆ ਕਿਹ ਨੂੰ ਤੂੰ ਮੇਰੇ ਨਾਲ ਭੇਜੇਂਗਾ ਤਾਂ ਵੀ ਤੂੰ ਆਖਿਆ ਹੈ, ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ ਅਤੇ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ। 13ਸੋ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈਂ ਤਾਂ ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ ਅਤੇ ਸਮਝ ਲੈ ਕਿ ਇਹ ਕੌਮ ਤੇਰੀ ਪਰਜਾ ਹੈ। 14ਤਾਂ ਉਸ ਆਖਿਆ, ਮੇਰੀ ਹਜ਼ੂਰੀ ਤੇਰੇ ਨਾਲ ਜਾਵੇਗੀ ਅਤੇ ਮੈਂ ਤੈਨੂੰ ਵਿਸ਼ਰਾਮ ਦਿਆਂਗਾ। 15ਫੇਰ ਉਸ ਆਖਿਆ, ਜੇ ਤੇਰੀ ਹਜ਼ੂਰੀ ਸਾਡੇ ਨਾਲ ਨਹੀਂ ਜਾਂਦੀ ਤਾਂ ਸਾਨੂੰ ਇੱਥੋਂ ਉਤਾਹਾਂ ਨਾ ਲੈ ਜਾਵੀਂ। 16ਫੇਰ ਇਹ ਕਿਵੇਂ ਜਾਣਿਆ ਜਾਵੇਗਾ ਕਿ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਅਤੇ ਤੇਰੀ ਪਰਜਾ ਉੱਤੇ ਹੈ? ਕੀ ਇਹ ਇਸ ਤਰ੍ਹਾਂ ਨਹੀਂ ਕਿ ਤੂੰ ਸਾਡੇ ਨਾਲ ਜਾਂਦਾ ਹੈਂ ਸੋ ਅਸੀਂ ਅਰਥਾਤ ਮੈਂ ਅਤੇ ਤੇਰੀ ਇਹ ਪਰਜਾ ਸਾਰਿਆਂ ਲੋਕਾਂ ਵਿੱਚੋਂ ਜਿਹੜੇ ਜ਼ਮੀਨ ਉੱਤੇ ਹਨ ਅਨੋਖੇ ਰੱਖੇ ਹੋਏ ਹਾਂ? 17ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਹੜੀ ਗੱਲ ਤੂੰ ਕੀਤੀ ਹੈ ਮੈਂ ਇਹ ਵੀ ਕਰਾਂਗਾ ਕਿਉਂ ਜੋ ਮੇਰੀ ਕਿਰਪਾ ਦੀ ਨਿਗਾਹ ਤੇਰੇ ਉੱਤੇ ਹੈ ਅਤੇ ਮੈਂ ਤੈਨੂੰ ਨਾਮ ਤੋਂ ਜਾਣਦਾ ਹਾਂ। 18ਤਾਂ ਉਸ ਆਖਿਆ, ਮੈਨੂੰ ਆਪਣਾ ਤੇਜ ਵਿਖਾਈਂ। 19ਉਸ ਆਖਿਆ, ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਤੇ ਤੇਰੇ ਅੱਗੇ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ ਅਤੇ ਜਿਸ ਉੱਤੇ ਮੈਂ ਦਯਾ ਕਰਨਾ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ। 20ਤਾਂ ਉਸ ਆਖਿਆ, ਤੂੰ ਮੇਰਾ ਮੂੰਹ ਨਹੀਂ ਵੇਖ ਸਕਦਾ ਕਿਉਂ ਜੋ ਕੋਈ ਆਦਮੀ ਮੈਨੂੰ ਵੇਖ ਕੇ ਜੀ ਨਹੀਂ ਸਕਦਾ। 21ਤਾਂ ਯਹੋਵਾਹ ਨੇ ਆਖਿਆ, ਵੇਖ ਮੇਰੇ ਕੋਲ ਇੱਕ ਥਾਂ ਹੈ ਅਤੇ ਤੂੰ ਇੱਕ ਚੱਟਾਨ ਉੱਤੇ ਖੜਾ ਹੋ ਜਾਵੀਂ 22ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੇਰਾ ਤੇਜ ਲੰਘ ਜਾਵੇ ਤਾਂ ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਮੈਂ ਤੈਨੂੰ ਆਪਣੇ ਹੱਥ ਨਾਲ ਢੱਕਾਂਗਾ 23ਮੈਂ ਆਪਣਾ ਹੱਥ ਹਟਾਵਾਂਗਾ ਅਤੇ ਤੂੰ ਮੇਰੀ ਪਿੱਠ ਵੇਖੇਂਗਾ ਪਰ ਮੇਰਾ ਮੂੰਹ ਨਾ ਦਿੱਸੇਗਾ। 34:4ਉਪਰੰਤ ਉਸ ਨੇ ਪਹਿਲਾਂ ਵਾਂਗੂੰ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾਈਆਂ ਅਤੇ ਮੂਸਾ ਸਵੇਰ ਨੂੰ ਉੱਠ ਕੇ ਸੀਨਈ ਪਰਬਤ ਉੱਤੇ ਚੜ੍ਹ ਗਿਆ ਜਿਵੇਂ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਅਤੇ ਆਪਣੇ ਹੱਥ ਵਿੱਚ ਪੱਥਰ ਦੀਆਂ ਦੋ ਫੱਟੀਆਂ ਲਈਆਂ। 5ਯਹੋਵਾਹ ਬੱਦਲ ਵਿੱਚ ਉੱਤਰਿਆ ਅਤੇ ਉੱਥੇ ਉਸ ਦੇ ਨਾਲ ਖੜੇ ਹੋ ਕੇ ਯਹੋਵਾਹ ਦੇ ਨਾਮ ਦਾ ਪਰਚਾਰ ਕੀਤਾ 6ਅਤੇ ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਇਸ ਤਰ੍ਹਾਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ 8ਤਾਂ ਮੂਸਾ ਨੇ ਛੇਤੀ ਕਰ ਕੇ ਆਪਣਾ ਸੀਸ ਧਰਤੀ ਉੱਤੇ ਨਿਵਾਇਆ ਅਤੇ ਮੱਥਾ ਟੇਕਿਆ

ਸ਼ਾਮ ਦੀ ਪ੍ਰਾਰਥਨਾ: ਪਾਠ

1 ਰਾਜਾ 19:3–9, 11–13, 15–16

3ਤਾਂ ਜਾਂ ਉਸ ਵੇਖਿਆ ਉਹ ਉੱਠਿਆ ਅਤੇ ਆਪਣੀ ਜਾਨ ਲਈ ਭੱਜ ਕੇ ਬਏਰਸ਼ਬਾ ਸ਼ਹਿਰ ਨੂੰ ਗਿਆ ਜੋ ਯਹੂਦਾਹ ਦਾ ਹੈ ਅਤੇ ਆਪਣੇ ਬਾਲਕੇ ਨੂੰ ਤਾਂ ਉੱਥੇ ਹੀ ਛੱਡਿਆ। 4ਪਰ ਆਪ ਇੱਕ ਦਿਨ ਦੇ ਰਾਹ ਤੱਕ ਉਜਾੜ ਵਿੱਚ ਅੱਗੇ ਚਲਿਆ ਗਿਆ ਅਤੇ ਰਤਮੇ ਦੇ ਰੁੱਖ ਹੇਠ ਜਾ ਬੈਠਾ ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਅਤੇ ਆਖਿਆ, ਹੇ ਯਹੋਵਾਹ, ਹੁਣ ਇੰਨ੍ਹਾਂ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪੁਰਖਿਆਂ ਨਾਲੋਂ ਨੇਕ ਨਹੀਂ ਹਾਂ। 5ਤਾਂ ਉਹ ਰਤਮੇ ਦੇ ਰੁੱਖ ਹੇਠ ਲੰਮਾ ਪੈ ਗਿਆ ਅਤੇ ਉਹ ਸੌਂ ਗਿਆ ਤਾਂ ਵੇਖੋ, ਇੱਕ ਦੂਤ ਉਸ ਨੂੰ ਟੁੰਬ ਰਿਹਾ ਸੀ ਅਤੇ ਆਖਦਾ ਸੀ ਕਿ ਉੱਠ ਅਤੇ ਖਾਹ। 6ਜਦ ਉਸ ਨੇ ਦੇਖਿਆ ਤਾਂ ਵੇਖੋ, ਅੰਗਿਆਰਾਂ ਉੱਤੇ ਪੱਕੀ ਹੋਈ ਇੱਕ ਰੋਟੀ ਅਤੇ ਪਾਣੀ ਦੀ ਇੱਕ ਸੁਰਾਹੀ ਉਸ ਦੇ ਸਿਰਹਾਣੇ ਪਈ ਹੋਈ ਸੀ ਤਾਂ ਉਹ ਖਾ ਪੀ ਕੇ ਫੇਰ ਲੰਮਾ ਪੈ ਗਿਆ। 7ਯਹੋਵਾਹ ਦਾ ਦੂਤ ਉਸ ਦੇ ਕੋਲ ਫੇਰ ਆਇਆ ਅਤੇ ਉਸ ਨੂੰ ਟੁੰਬ ਕੇ ਆਖਿਆ, ਉੱਠ ਕੇ ਖਾ ਲੈ ਕਿਉਂ ਜੋ ਰਾਹ ਤੇਰੇ ਲਈ ਬਹੁਤ ਲੰਮਾ ਹੈ। 8ਉਸ ਨੇ ਉੱਠ ਕੇ ਖਾਧਾ ਅਤੇ ਪੀਤਾ ਤਾਂ ਉਹ ਉਸੇ ਭੋਜਨ ਦੇ ਬਲ ਨਾਲ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਰਮੇਸ਼ੁਰ ਦੇ ਹੋਰੇਬ ਪਰਬਤ ਤੱਕ ਤੁਰਿਆ ਗਿਆ। 9ਉੱਥੇ ਉਹ ਇੱਕ ਗੁਫਾ ਵਿੱਚ ਜਾ ਰਿਹਾ ਤਾਂ ਵੇਖੋ, ਯਹੋਵਾਹ ਦਾ ਬਚਨ ਉਸ ਨੂੰ ਆਇਆ ਅਤੇ ਉਸ ਨੂੰ ਆਖਿਆ, ਹੇ ਏਲੀਯਾਹ ਤੂੰ ਇੱਥੇ ਕੀ ਕਰਦਾ ਹੈਂ? 11ਤਾਂ ਉਸ ਆਖਿਆ, ਅੱਗੇ ਜਾ ਅਤੇ ਯਹੋਵਾਹ ਦੇ ਸਨਮੁਖ ਪਰਬਤ ਉੱਤੇ ਖੜ੍ਹਾ ਹੋ ਜਾ। ਤਾਂ ਵੇਖੋ, ਯਹੋਵਾਹ ਲੰਘਿਆ ਅਤੇ ਇੱਕ ਵੱਡੀ ਤੇ ਜ਼ੋਰ ਦੀ ਅਨ੍ਹੇਰੀ ਨੇ ਪਰਬਤ ਪਾੜ ਸੁੱਟੇ ਅਤੇ ਯਹੋਵਾਹ ਦੇ ਅੱਗੇ ਚਟਾਨਾਂ ਨੂੰ ਚੂਰ-ਚੂਰ ਕਰ ਦਿੱਤਾ ਪਰ ਯਹੋਵਾਹ ਅਨ੍ਹੇਰੀ ਵਿੱਚ ਨਹੀਂ ਸੀ। ਤਾਂ ਅਨ੍ਹੇਰੀ ਪਿੱਛੋਂ ਭੁਚਾਲ ਆਇਆ ਪਰ ਯਹੋਵਾਹ ਭੁਚਾਲ ਵਿੱਚ ਵੀ ਨਹੀਂ ਸੀ। 12ਤਾਂ ਭੁਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾਹ ਅੱਗ ਦੇ ਵਿੱਚ ਵੀ ਨਹੀਂ ਸੀ। ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿਮ੍ਹੀ ਅਵਾਜ਼ ਆਈ। 13ਇਸ ਤਰ੍ਹਾਂ ਹੋਇਆ ਕਿ ਜਦ ਏਲੀਯਾਹ ਨੇ ਸੁਣਿਆ ਤਾਂ ਉਸ ਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ ਅਤੇ ਬਾਹਰ ਨਿੱਕਲ ਕੇ ਗੁਫਾ ਦੇ ਮੂੰਹ ਉੱਤੇ ਖੜ੍ਹਾ ਹੋ ਗਿਆ, ਤਾਂ ਵੇਖੋ, ਉਸ ਨੂੰ ਇੱਕ ਅਵਾਜ਼ ਆਈ ਅਤੇ ਆਖਿਆ, ਏਲੀਯਾਹ ਤੂੰ ਇੱਥੇ ਕੀ ਕਰਦਾ ਹੈਂ? 15ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਜਾ ਅਤੇ ਉਜਾੜ ਦੇ ਰਾਹ ਦੰਮਿਸ਼ਕ ਨੂੰ ਮੁੜ ਜਾ ਅਤੇ ਉੱਥੇ ਜਾ ਕੇ ਹਜ਼ਾਏਲ ਨੂੰ ਮਸਹ ਕਰਕੇ ਅਰਾਮ ਦਾ ਪਾਤਸ਼ਾਹ ਬਣਾ। 16ਅਤੇ ਨਿਮਸ਼ੀ ਦੇ ਪੁੱਤਰ ਯੇਹੂ ਨੂੰ ਮਸਹ ਕਰ ਕੇ ਇਸਰਾਏਲ ਦਾ ਪਾਤਸ਼ਾਹ ਬਣਾ ਅਤੇ ਸ਼ਾਫਾਟ ਦੇ ਪੁੱਤਰ ਅਲੀਸ਼ਾ ਨੂੰ ਜੋ ਅਬੇਲ - ਮਹੋਲਾਹ ਦਾ ਹੈ ਮਸਹ ਕਰ ਕਿ ਉਹ ਤੇਰੇ ਥਾਂ ਨਬੀ ਹੋਵੇ।

ਸਵੇਰ ਦੀ ਪ੍ਰਾਰਥਨਾ: ਇੰਜੀਲ

ਲੂਕਾ 9:28–36

28ਇਨ੍ਹਾਂ ਗੱਲਾਂ ਦੇ ਅੱਠ ਕੁ ਦਿਨਾਂ ਦੇ ਬਾਅਦ ਇਸ ਤਰ੍ਹਾਂ ਹੋਇਆ ਜੋ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ੍ਹਿਆ। 29ਅਤੇ ਉਸ ਦੇ ਪ੍ਰਾਰਥਨਾ ਕਰਦਿਆਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੀ ਪੁਸ਼ਾਕ ਚਿੱਟੀ ਅਤੇ ਚਮਕਣ ਲੱਗੀ। 30ਅਤੇ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ। 31ਉਹ ਮਹਿਮਾ ਨਾਲ ਭਰਪੂਰ ਸਨ ਅਤੇ ਉਸ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਸ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ। 32ਪਤਰਸ ਅਤੇ ਉਸ ਦੇ ਸਾਥੀ ਨੀਂਦਰ ਨਾਲ ਭਰੇ ਹੋਏ ਸਨ ਅਤੇ ਜਦ ਉਹ ਜਾਗੇ ਤਾਂ ਉਸ ਦੇ ਤੇਜ ਨੂੰ ਅਤੇ ਉਨ੍ਹਾਂ ਦੋਨਾਂ ਜਣਿਆਂ ਨੂੰ ਜਿਹੜੇ ਉਸ ਦੇ ਨਾਲ ਖੜੇ ਸਨ, ਵੇਖਿਆ। 33ਅਤੇ ਇਹ ਹੋਇਆ ਕਿ ਜਦ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ। 34ਉਹ ਇਹ ਗੱਲ ਕਰ ਹੀ ਰਿਹਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਹ ਬੱਦਲ ਵਿੱਚ ਵੜਦੇ ਹੀ ਡਰ ਗਏ। 35ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਉਹ ਦੀ ਸੁਣੋ। 36ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।

ਪੱਤ੍ਰੀ (ਪ੍ਰਭੂ ਦੇ ਰੂਪਾਂਤਰਣ ਲਈ)

2 ਪਤ 1:10–19

10ਇਸ ਕਾਰਨ ਹੇ ਭਰਾਵੋ, ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆਂ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੋਕਰ ਨਾ ਖਾਓਗੇ। 11ਕਿਉਂ ਜੋ ਇਸੇ ਪ੍ਰਕਾਰ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਦਾਖਿਲ ਹੋ ਸਕੋਗੇ। 12ਇਸ ਲਈ ਮੈਂ ਤੁਹਾਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ, ਭਾਵੇਂ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋ ਅਤੇ ਉਸ ਸਚਿਆਈ ਉੱਤੇ ਜਿਹੜੀ ਤੁਹਾਡੇ ਕੋਲ ਹੈ, ਸਥਿਰ ਕੀਤੇ ਹੋਏ ਹੋ। 13ਪਰ ਮੈਂ ਇਹ ਯੋਗ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਇਸ ਤੰਬੂ ਵਿੱਚ ਹਾਂ, ਮੈਂ ਤੁਹਾਨੂੰ ਯਾਦ ਕਰਾ ਕੇ ਪ੍ਰੇਰਨਾਂ ਦਿੰਦਾ ਰਹਾਂਗਾ। 14ਕਿਉਂ ਜੋ ਮੈਂ ਜਾਣਦਾ ਹਾਂ ਜੋ ਮੇਰੇ ਤੰਬੂ ਦੇ ਡਿੱਗਣ ਦਾ ਸਮਾਂ ਆ ਗਿਆ ਹੈ ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਇਹ ਪਹਿਲਾਂ ਹੀ ਪਰਗਟ ਕੀਤਾ ਸੀ। 15ਸਗੋਂ ਮੈਂ ਯਤਨ ਕਰਾਂਗਾ ਜੋ ਤੁਸੀਂ ਮੇਰੇ ਜਾਣ ਦੇ ਮਗਰੋਂ ਇਹਨਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ। 16ਕਿਉਂ ਜੋ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਉਸ ਦੇ ਆਉਣ ਤੋਂ ਜਾਣੂ ਕਰਵਾਇਆ, ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ। 17ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ, ਜਿਸ ਵੇਲੇ ਉਸ ਪਰਤਾਪੀ ਮਹਿਮਾ ਤੋਂ ਉਹ ਨੂੰ ਇਹ ਸ਼ਬਦ ਆਇਆ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। 18ਅਤੇ ਅਸੀਂ ਇਹ ਸ਼ਬਦ ਸਵਰਗ ਤੋਂ ਆਉਂਦਾ ਸੁਣਿਆ ਜਿਸ ਵੇਲੇ ਅਸੀਂ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸੀ। 19ਅਤੇ ਭਵਿੱਖਬਾਣੀ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਦੋਂ ਤੱਕ ਪਹੁ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਦਿਲਾਂ ਵਿੱਚ ਨਾ ਚੜ੍ਹ ਆਵੇ

ਇੰਜੀਲ (ਪ੍ਰਭੂ ਦੇ ਰੂਪਾਂਤਰਣ ਲਈ)

ਮੱਤੀ 17:1–9

1ਯਿਸੂ ਛੇ ਦਿਨਾਂ ਤੋਂ ਬਾਅਦ ਪਤਰਸ, ਯਾਕੂਬ ਅਤੇ ਉਹ ਦੇ ਭਰਾ ਯੂਹੰਨਾ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ। 2ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ। ਉਹ ਦਾ ਚਿਹਰਾ ਸੂਰਜ ਵਾਂਗੂੰ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ। 3ਅਤੇ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਦਿਖਾਈ ਦਿੱਤੇ। 4ਤਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, ਪ੍ਰਭੂ ਜੀ ਸਾਡਾ ਇੱਥੇ ਰਹਿਣਾ ਚੰਗਾ ਹੈ। ਜੇ ਤੂੰ ਚਾਹੇਂ ਤਾਂ ਇੱਥੇ ਤਿੰਨ ਡੇਰੇ ਬਣਾਵਾਂ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ। 5ਉਹ ਬੋਲ ਹੀ ਰਿਹਾ ਸੀ ਕਿ ਵੇਖੋ ਇੱਕ ਚਮਕਦੇ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਵੇਖੋ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ, ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਪ੍ਰਸੰਨ ਹਾਂ। ਉਹ ਦੀ ਸੁਣੋ! 6ਅਤੇ ਚੇਲੇ ਇਹ ਸੁਣ ਕੇ ਮੂੰਹ ਦੇ ਭਾਰ ਡਿੱਗ ਪਏ ਅਤੇ ਬਹੁਤ ਡਰ ਗਏ। 7ਪਰ ਯਿਸੂ ਨੇ ਨੇੜੇ ਆ ਕੇ ਉਨ੍ਹਾਂ ਨੂੰ ਛੂਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ। 8ਤਦ ਉਨ੍ਹਾਂ ਨੇ ਆਪਣੀਆਂ ਅੱਖੀਆਂ ਚੁੱਕ ਕੇ ਹੋਰ ਕਿਸੇ ਨੂੰ ਨਹੀਂ ਪਰ ਇਕੱਲੇ ਯਿਸੂ ਨੂੰ ਦੇਖਿਆ। 9ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਇਸ ਦਰਸ਼ਣ ਦੀ ਗੱਲ ਕਿਸੇ ਨੂੰ ਨਾ ਦੱਸਿਓ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਗਸਤ 6 ਸਿਵਲ ਕੈਲੰਡਰ ਦਾ ਅਗਸਤ 19 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ