ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਈ 2027 › ਮਈ 1
ਆਰਥੋਡਾਕਸ ਕੈਲੰਡਰ · 18 ਅਪ੍ਰੈਲ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 1 ਮਈ 2027
ਸ਼ਨੀਵਾਰ · ਪਵਿੱਤਰ ਹਫ਼ਤਾ
ਤਿਉਹਾਰ ਅਤੇ ਸੰਤ
ਮਹਾਨ ਅਤੇ ਪਵਿੱਤਰ ਸ਼ਨੀਵਾਰ
ਵੱਡਾ ਚਾਲੀਸਾ
ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਸਵੇਰ ਦੀ ਪ੍ਰਾਰਥਨਾ (ਭਵਿੱਖਬਾਣੀ)
1ਯਹੋਵਾਹ ਦਾ ਹੱਥ ਮੇਰੇ ਉੱਤੇ ਸੀ, ਉਹ ਮੈਨੂੰ ਯਹੋਵਾਹ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ, ਮੈਨੂੰ ਉਤਾਰ ਦਿੱਤਾ। 2ਮੈਨੂੰ ਉਹਨਾਂ ਦੇ ਆਲੇ-ਦੁਆਲੇ ਚਾਰੇ ਪਾਸੇ ਘੁਮਾਇਆ ਅਤੇ ਵੇਖੋ, ਉਹ ਉਸ ਵਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ, ਉਹ ਬਹੁਤ ਸੁੱਕੀਆਂ ਹੋਈਆਂ ਸਨ। 3ਉਹ ਨੇ ਮੇਰੇ ਕੋਲੋਂ ਪੁੱਛਿਆ, ਹੇ ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ? ਮੈਂ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਹੀ ਜਾਣਦਾ ਹੈ। 4ਫੇਰ ਉਸ ਮੈਨੂੰ ਆਖਿਆ, ਤੂੰ ਇਹਨਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਹੇ ਸੁੱਕੀ ਹੱਡੀਓ, ਯਹੋਵਾਹ ਦਾ ਬਚਨ ਸੁਣੋ! 5ਪ੍ਰਭੂ ਯਹੋਵਾਹ ਇਹਨਾਂ ਹੱਡੀਆਂ ਨੂੰ ਇਹ ਆਖਦਾ ਹੈ, ਵੇਖੋ! ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ। 6ਮੈਂ ਤੁਹਾਡੇ ਉੱਤੇ ਨਾੜਾਂ ਦਿਆਂਗਾ, ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚੰਮ ਨਾਲ ਢੱਕਾਂਗਾ। ਤੁਹਾਡੇ ਵਿੱਚ ਆਤਮਾ ਪਾਵਾਂਗਾ, ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ! 7ਇਸ ਲਈ ਮੈਂ ਹੁਕਮ ਅਨੁਸਾਰ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ। 8ਮੈਂ ਵੇਖਿਆ ਤਾਂ ਕੀ ਵੇਖਦਾ ਹਾਂ, ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ੍ਹ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ, ਪਰ ਉਹਨਾਂ ਵਿੱਚ ਸਾਹ ਨਹੀਂ ਸੀ। 9ਤਦ ਉਹ ਨੇ ਮੈਨੂੰ ਆਖਿਆ ਕਿ ਸਾਹ ਲਈ ਭਵਿੱਖਬਾਣੀ ਕਰ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ! ਤੂੰ ਸਾਹ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸਾਹ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਸਾਹ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ। 10ਇਸ ਲਈ ਮੈਂ ਉਹ ਦੇ ਹੁਕਮ ਦੇ ਅਨੁਸਾਰ ਭਵਿੱਖਬਾਣੀ ਅਤੇ ਉਹਨਾਂ ਵਿੱਚ ਸਾਹ ਪੈ ਗਿਆ। ਉਹ ਜੀਉਂਦੀਆਂ ਹੋ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਗਈਆਂ, ਇੱਕ ਬਹੁਤ ਹੀ ਵੱਡੀ ਫੌਜ ਸੀ। 11ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦਾ ਸਾਰਾ ਘਰਾਣਾ ਹੈ। ਵੇਖ, ਇਹ ਆਖਦੇ ਹਨ, ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ, ਅਸੀਂ ਤਾਂ ਪੂਰੀ ਤਰ੍ਹਾਂ ਨਾਲ ਕੱਟੇ ਗਏ ਹਾਂ! 12ਇਸ ਲਈ ਤੂੰ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮੇਰੇ ਲੋਕੋ, ਵੇਖੋ! ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਸਰਾਏਲ ਦੀ ਭੂਮੀ ਵਿੱਚ ਲਿਆਵਾਂਗਾ। 13ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 14ਮੈਂ ਆਪਣਾ ਸਾਹ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜੀਉਂਦੇ ਹੋ ਜਾਵੋਗੇ। ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਖਿਆ ਹੈ ਅਤੇ ਮੈਂ ਹੀ ਪੂਰਾ ਕੀਤਾ, ਯਹੋਵਾਹ ਦਾ ਵਾਕ ਹੈ।
ਸਵੇਰ ਦੀ ਪ੍ਰਾਰਥਨਾ: ਪੱਤ੍ਰੀ
6ਤੁਹਾਡਾ ਘਮੰਡ ਕਰਨਾ ਚੰਗਾ ਨਹੀਂ, ਕੀ ਤੁਸੀਂ ਨਹੀਂ ਜਾਣਦੇ ਜੋ ਥੋੜ੍ਹਾ ਜਿਹਾ ਖ਼ਮੀਰ ਸਾਰੇ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ? 7ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਤੁਸੀਂ ਤਾਜੇ ਗੁੰਨੇ ਹੋਏ ਆਟੇ ਵਰਗੇ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ। 8ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖ਼ਮੀਰ ਨਾਲ ਨਹੀਂ, ਨਾ ਬੁਰਿਆਈ ਅਤੇ ਦੁਸ਼ਟਪੁਣੇ ਦੇ ਖ਼ਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ। 3:13ਮਸੀਹ ਨੇ ਸਾਨੂੰ ਮੁੱਲ ਲੈ ਕੇ ਬਿਵਸਥਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਕਿ ਸਰਾਪੀ ਹੈ ਹਰੇਕ ਜਿਹੜਾ ਰੁੱਖ ਅਰਥਾਤ ਕਾਠ ਉੱਤੇ ਟੰਗਿਆ ਜਾਂਦਾ ਹੈ। 14ਇਹ ਇਸ ਲਈ ਹੋਇਆ ਕਿ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਵਾਇਦੇ ਦੇ ਆਤਮਾ ਨੂੰ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਕਰੀਏ।
ਸਵੇਰ ਦੀ ਪ੍ਰਾਰਥਨਾ: ਇੰਜੀਲ
62ਅਗਲੇ ਦਿਨ ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ ਮੁੱਖ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਤੇ ਬੋਲੇ, 63ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਧੋਖ਼ੇਬਾਜ ਆਪਣੇ ਜਿਉਂਦੇ ਜੀ ਕਹਿ ਗਿਆ ਸੀ, ਜੋ ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ। 64ਇਸ ਲਈ ਹੁਕਮ ਕਰੋ ਜੋ ਤੀਜੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੋ ਇਹ ਗਲਤੀ ਪਹਿਲੀ ਨਾਲੋਂ ਬੁਰੀ ਹੋਵੇਗੀ। 65ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਰੱਖਿਅਕ ਤੁਹਾਡੇ ਕੋਲ ਹਨ। ਜਾਓ, ਜਿਸ ਤਰ੍ਹਾਂ ਸਮਝੋ ਉਹ ਦੀ ਰਾਖੀ ਕਰੋ। 66ਸੋ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ, ਪਹਿਰੇ ਵਾਲਿਆਂ ਕੋਲੋਂ ਕਬਰ ਦੀ ਰਾਖੀ ਕਰਵਾਈ।
ਸ਼ਾਮ ਦੀ ਪ੍ਰਾਰਥਨਾ: ਪਾਠ (ਪਹਿਲਾ ਪਾਠ)
1ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ। 2ਧਰਤੀ ਬੇਡੌਲ ਅਤੇ ਵਿਰਾਨ ਸੀ ਅਤੇ ਡੁੰਘਿਆਈ ਉੱਤੇ ਹਨ੍ਹੇਰਾ ਸੀ, ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ। 3ਪਰਮੇਸ਼ੁਰ ਨੇ ਆਖਿਆ, ਚਾਨਣ ਹੋਵੇ, ਤਦ ਚਾਨਣ ਹੋ ਗਿਆ। 4ਪਰਮੇਸ਼ੁਰ ਨੇ ਚਾਨਣ ਨੂੰ ਵੇਖਿਆ ਕਿ ਚੰਗਾ ਹੈ, ਪਰਮੇਸ਼ੁਰ ਨੇ ਚਾਨਣ ਨੂੰ ਹਨ੍ਹੇਰੇ ਤੋਂ ਵੱਖਰਾ ਕੀਤਾ। 5ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨ੍ਹੇਰੇ ਨੂੰ ਰਾਤ ਆਖਿਆ। ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ। 6ਫੇਰ ਪਰਮੇਸ਼ੁਰ ਨੇ ਆਖਿਆ, ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਾ ਕਰੇ। 7ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਅਜਿਹਾ ਹੀ ਹੋ ਗਿਆ। 8ਤਦ ਪਰਮੇਸ਼ੁਰ ਨੇ ਅੰਬਰ ਨੂੰ ਅਕਾਸ਼ ਆਖਿਆ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਜਾ ਦਿਨ ਹੋਇਆ। 9ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂ ਜੋ ਸੁੱਕੀ ਜ਼ਮੀਨ ਦਿਸੇ ਅਤੇ ਅਜਿਹਾ ਹੀ ਹੋ ਗਿਆ। 10ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਆਖਿਆ, ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 11ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਬੀਜ ਵਾਲਾ ਸਾਗ ਪੱਤ ਅਤੇ ਫਲਦਾਰ ਰੁੱਖ ਉਗਾਵੇ ਜਿਹੜੇ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲਾ ਫਲ ਧਰਤੀ ਉੱਤੇ ਪੈਦਾ ਕਰਨ ਅਤੇ ਅਜਿਹਾ ਹੀ ਹੋ ਗਿਆ। 12ਸੋ ਧਰਤੀ ਨੇ ਘਾਹ ਤੇ ਬੀਜ ਵਾਲਾ ਸਾਗ ਪੱਤ ਉਹ ਦੀ ਕਿਸਮ ਦੇ ਅਨੁਸਾਰ ਤੇ ਫਲਦਾਰ ਰੁੱਖ ਜਿਨ੍ਹਾਂ ਵਿੱਚ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਹੈ, ਉਗਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 13ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਤੀਜਾ ਦਿਨ ਹੋਇਆ।
ਸ਼ਾਮ ਦੀ ਪ੍ਰਾਰਥਨਾ: ਪਾਠ (ਦੂਜਾ ਪਾਠ)
1ਉੱਠ, ਚਮਕ, ਕਿਉਂ ਜੋ ਤੇਰਾ ਚਾਨਣ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਤੇਰੇ ਉੱਤੇ ਚਮਕਿਆ ਹੈ। 2ਵੇਖੋ, ਹਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਉੱਤੇ ਘੁੱਪ ਹਨ੍ਹੇਰਾ ਛਾਇਆ ਹੈ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਪਰਗਟ ਹੋਵੇਗਾ। 3ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕ ਵੱਲ। 4ਆਪਣੀਆਂ ਅੱਖਾਂ ਚੁੱਕ ਕੇ ਆਲੇ-ਦੁਆਲੇ ਵੇਖ! ਉਹ ਸਭ ਦੇ ਸਭ ਇਕੱਠੇ ਹੁੰਦੇ, ਉਹ ਤੇਰੇ ਕੋਲ ਆਉਂਦੇ, ਤੇਰੇ ਪੁੱਤਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ। 5ਤਦ ਤੂੰ ਇਸ ਨੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਅਤੇ ਅਨੰਦ ਨਾਲ ਭਰ ਜਾਵੇਗਾ, ਕਿਉਂ ਜੋ ਸਮੁੰਦਰ ਦੀ ਬਹੁਤਾਇਤ ਤੇਰੇ ਵੱਲ ਫਿਰੇਗੀ, ਅਤੇ ਕੌਮਾਂ ਦਾ ਮਾਲ-ਧਨ ਤੇਰੇ ਵੱਲ ਆਵੇਗਾ। 6ਊਠਾਂ ਦੇ ਝੁੰਡ ਤੇਰੇ ਦੇਸ ਨੂੰ ਭਰ ਦੇਣਗੇ, ਮਿਦਯਾਨ ਅਤੇ ਏਫਾਹ ਦੇਸ ਦੇ ਜੁਆਨ ਊਠ, ਸ਼ਬਾ ਦੇਸ ਤੋਂ ਸਾਰੇ ਲੋਕ ਆਉਣਗੇ, ਅਤੇ ਸੋਨਾ ਅਤੇ ਲੁਬਾਨ ਲਿਆਉਣਗੇ ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ। 7ਕੇਦਾਰ ਦੇਸ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਤ ਦੇਸ ਦੇ ਮੇਂਢੇ ਤੇਰੀ ਸੇਵਾ ਕਰਨਗੇ, ਉਹ ਮੇਰੀ ਜਗਵੇਦੀ ਉੱਤੇ ਕਬੂਲ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ। 8ਇਹ ਕੌਣ ਹਨ ਜਿਹੜੇ ਬੱਦਲ ਵਾਂਗੂੰ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਆਲ੍ਹਣਿਆਂ ਨੂੰ? 9ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਤਾਂ ਜੋ ਉਹ ਤੇਰੇ ਪੁੱਤਰਾਂ ਨੂੰ ਉਹਨਾਂ ਦੀ ਚਾਂਦੀ ਤੇ ਸੋਨੇ ਸਮੇਤ ਯਹੋਵਾਹ ਤੇਰੇ ਪਰਮੇਸ਼ੁਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਸ਼ਾਨੋ-ਸ਼ੌਕਤ ਨਾਲ ਭਰਿਆ ਹੈ। 10ਪਰਦੇਸੀ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਉਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ, ਭਾਵੇਂ ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਮਾਰਿਆ, ਪਰ ਮੈਂ ਆਪਣੀ ਪ੍ਰਸੰਨਤਾ ਵਿੱਚ ਤੇਰੇ ਉੱਤੇ ਰਹਮ ਕਰਾਂਗਾ। 11ਤੇਰੇ ਫਾਟਕ ਸਦਾ ਖੁੱਲ੍ਹੇ ਰਹਿਣਗੇ, ਉਹ ਦਿਨ ਰਾਤ ਬੰਦ ਨਾ ਹੋਣਗੇ, ਤਾਂ ਜੋ ਲੋਕ ਤੇਰੇ ਕੋਲ ਕੌਮਾਂ ਦਾ ਧਨ, ਅਤੇ ਉਹਨਾਂ ਦੇ ਰਾਜਿਆਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਲੂਸ ਵਿੱਚ ਤੇਰੇ ਕੋਲ ਲਿਆਉਣ। 12ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ, ਉਹ ਨਾਸ ਹੋ ਜਾਵੇਗਾ, ਹਾਂ, ਉਹ ਕੌਮਾਂ ਪੂਰੀ ਤਰ੍ਹਾਂ ਹੀ ਬਰਬਾਦ ਹੋ ਜਾਣਗੀਆਂ। 13ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ ਅਰਥਾਤ ਸਰੂ, ਚੀਲ ਅਤੇ ਚਨਾਰ ਤੇਰੇ ਕੋਲ ਇਕੱਠੇ ਕੀਤੇ ਜਾਣਗੇ ਤਾਂ ਜੋ ਉਹ ਮੇਰੇ ਪਵਿੱਤਰ ਸਥਾਨ ਨੂੰ ਸਜਾਉਣ, ਇਸ ਤਰ੍ਹਾਂ ਮੈਂ ਆਪਣੇ ਪੈਰਾਂ ਦੇ ਸਥਾਨ ਨੂੰ ਸ਼ਾਨਦਾਰ ਬਣਾਵਾਂਗਾ। 14ਤੈਨੂੰ ਦੁੱਖ ਦੇਣ ਵਾਲਿਆਂ ਦੀ ਸੰਤਾਨ ਤੇਰੇ ਕੋਲ ਸਿਰ ਝੁਕਾ ਕੇ ਆਵੇਗੀ, ਤੈਨੂੰ ਤੁੱਛ ਜਾਣਨ ਵਾਲੇ ਸਾਰੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਉਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਯੋਨ ਆਖਣਗੇ। 15ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੀ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਮਾਣ ਅਤੇ ਪੀੜ੍ਹੀਓਂ ਪੀੜ੍ਹੀ ਤੱਕ ਖੁਸ਼ੀ ਦਾ ਕਾਰਨ ਬਣਾਵਾਂਗਾ। 16ਤੂੰ ਕੌਮਾਂ ਦਾ ਦੁੱਧ ਚੁੰਘੇਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਗੀ, ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸਰਬ ਸ਼ਕਤੀਮਾਨ ਹਾਂ।
ਸ਼ਾਮ ਦੀ ਪ੍ਰਾਰਥਨਾ: ਪਾਠ (ਤੀਜਾ ਪਾਠ)
1ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਅਤੇ ਹਾਰੂਨ ਨੂੰ ਆਖਿਆ ਕਿ 2ਇਹ ਮਹੀਨਾ ਤੁਹਾਡੇ ਮਹੀਨਿਆਂ ਦਾ ਅਰੰਭ ਹੋਵੇਗਾ ਅਤੇ ਇਹ ਤੁਹਾਡੇ ਸਾਲ ਦੇ ਮਹੀਨਿਆਂ ਵਿੱਚੋਂ ਪਹਿਲਾ ਹੈ। 3ਇਸਰਾਏਲ ਦੀ ਸਾਰੀ ਮੰਡਲੀ ਨੂੰ ਇਹ ਬੋਲੋ ਕਿ ਇਸ ਮਹੀਨੇ ਦੀ ਦਸਵੀਂ ਨੂੰ ਇੱਕ-ਇੱਕ ਜਣਾ ਆਪੋ ਆਪਣੇ ਪੁਰਖਿਆਂ ਦੇ ਘਰਾਣੇ ਅਨੁਸਾਰ ਹਰ ਘਰ ਪਿੱਛੇ ਇੱਕ-ਇੱਕ ਲੇਲਾ ਲਵੇ। 4ਜੇਕਰ ਕੋਈ ਟੱਬਰ ਇੱਕ ਲੇਲੇ ਲਈ ਛੋਟਾ ਹੋਵੇ ਤਾਂ ਉਹ ਅਤੇ ਉਸ ਦਾ ਗੁਆਂਢੀ ਜਿਹੜਾ ਉਸ ਦੇ ਘਰ ਕੋਲ ਰਹਿੰਦਾ ਹੈ ਪ੍ਰਾਣੀਆਂ ਦੇ ਲੇਖੇ ਦੇ ਅਨੁਸਾਰ ਲਵੇ ਅਤੇ ਤੁਸੀਂ ਇੱਕ ਮਨੁੱਖ ਦੇ ਖਾਣ ਦੇ ਅਨੁਸਾਰ ਲੇਲੇ ਦਾ ਲੇਖਾ ਠਹਿਰਾਇਓ। 5ਤੁਹਾਡਾ ਲੇਲਾ ਬੱਜ ਤੋਂ ਰਹਿਤ ਅਤੇ ਇੱਕ ਸਾਲ ਦਾ ਨਰ ਹੋਵੇ। ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ 6ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ ਚੌਧਵੀਂ ਤੱਕ ਰੱਖ ਛੱਡਣਾ ਅਤੇ ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ 7ਅਤੇ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਨ੍ਹਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ। 8ਫੇਰ ਉਹ ਸ਼ਾਮ ਨੂੰ ਉਸੇ ਰਾਤ ਅੱਗ ਨਾਲ ਭੁੰਨ ਕੇ ਪਤੀਰੀ ਰੋਟੀ ਨਾਲ ਖਾਣ ਨਾਲੇ ਕੌੜੀ ਭਾਜੀ ਨਾਲ ਖਾਣ। 9ਉਸ ਵਿੱਚੋਂ ਕੱਚਾ ਅਥਵਾ ਪਾਣੀ ਵਿੱਚ ਰਿੰਨ੍ਹਿਆ ਹੋਇਆ ਕਦੀ ਨਾ ਖਾਓ ਸਗੋਂ ਅੱਗ ਨਾਲ ਭੁੰਨਿਆ ਹੋਇਆ ਸਿਰ ਅਤੇ ਪੈਰਾਂ ਅਤੇ ਆਂਦਰਾਂ ਸਣੇ। 10ਤੁਸੀਂ ਸਵੇਰ ਤੱਕ ਉਹ ਦੇ ਵਿੱਚੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਤੱਕ ਕੁਝ ਬਚ ਰਹੇ ਤਾਂ ਉਸ ਨੂੰ ਅੱਗ ਵਿੱਚ ਸਾੜ ਦਿਓ। 11ਤੁਸੀਂ ਉਸ ਨੂੰ ਇਸ ਤਰ੍ਹਾਂ ਖਾਣਾ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀਂ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਹ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਹੋਵਾਹ ਦਾ ਪਸਾਹ ਹੈ।
ਸ਼ਾਮ ਦੀ ਪ੍ਰਾਰਥਨਾ: ਪਾਠ (ਚੌਥਾ ਪਾਠ)
1ਯਹੋਵਾਹ ਦਾ ਬਚਨ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਇਆ, 2ਯਹੋਵਾਹ ਨੇ ਆਖਿਆ, “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਦੇ ਲੋਕਾਂ ਕੋਲ ਜਾ ਅਤੇ ਉਹਨਾਂ ਦੇ ਵਿਰੁੱਧ ਪੁਕਾਰ ਕਿਉਂਕਿ ਉਹਨਾਂ ਦੀ ਬੁਰਿਆਈ ਮੇਰੇ ਸਨਮੁਖ ਬਹੁਤ ਵੱਧ ਗਈ ਹੈ।” 3ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਉਹ ਯਾਫ਼ਾ ਵੱਲ ਚਲਾ ਗਿਆ, ਉੱਥੇ ਉਸ ਨੂੰ ਇੱਕ ਜਹਾਜ਼ ਮਿਲਿਆ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਤਦ ਯੂਨਾਹ ਉਸ ਦਾ ਭਾੜਾ ਦੇ ਕੇ ਜਹਾਜ਼ ਉੱਤੇ ਚੜ੍ਹ ਗਿਆ ਤਾਂ ਜੋ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਭੱਜ ਜਾਵੇ। 4ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਪ੍ਰਚੰਡ ਹਨੇਰੀ ਵਗਾਈ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਆ ਗਿਆ, ਅਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। 5ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵਤੇ ਦੇ ਅੱਗੇ ਦੁਹਾਈ ਦੇਣ ਲੱਗਾ। ਉਨ੍ਹਾਂ ਨੇ ਵਪਾਰ ਦੇ ਸਮਾਨ ਨੂੰ ਜੋ ਜਹਾਜ਼ ਵਿੱਚ ਸੀ, ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਹਲਕਾ ਕਰ ਦੇਣ। ਪਰ ਯੂਨਾਹ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਜਾ ਕੇ ਸੌਂ ਗਿਆ ਅਤੇ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ। 6ਤਦ ਕਪਤਾਨ ਯੂਨਾਹ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ, “ਤੂੰ ਕਿਸ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂ ਸਕਦਾ ਹੈਂ? ਉੱਠ! ਆਪਣੇ ਦੇਵਤੇ ਨੂੰ ਪੁਕਾਰ! ਸ਼ਾਇਦ ਤੇਰਾ ਦੇਵਤਾ ਸਾਨੂੰ ਯਾਦ ਕਰੇ ਅਤੇ ਅਸੀਂ ਨਾਸ ਨਾ ਹੋਈਏ!” 7ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਆਓ, ਅਸੀਂ ਪਰਚੀਆਂ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ।” ਤਦ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਪਰਚੀ ਯੂਨਾਹ ਦੇ ਨਾਮ ਦੀ ਨਿੱਕਲੀ। 8ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਸਾਨੂੰ ਦੱਸ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ? ਤੂੰ ਕੀ ਕੰਮ ਕਰਦਾ ਹੈਂ ਅਤੇ ਤੂੰ ਕਿੱਥੋਂ ਆਇਆ ਹੈਂ? ਤੂੰ ਕਿਹੜੇ ਦੇਸ਼ ਦਾ ਹੈਂ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂ?” 9ਯੂਨਾਹ ਨੇ ਉਨ੍ਹਾਂ ਨੂੰ ਕਿਹਾ, “ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ, ਜਿਸ ਨੇ ਸਮੁੰਦਰ ਅਤੇ ਧਰਤੀ ਦੋਹਾਂ ਨੂੰ ਬਣਾਇਆ ਹੈ, ਉਸੇ ਤੋਂ ਡਰਦਾ ਹਾਂ।” 10ਤਦ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ, “ਤੂੰ ਇਹ ਕੀ ਕੀਤਾ?” ਉਹ ਮਨੁੱਖ ਜਾਣ ਗਏ ਸਨ ਕਿ ਯੂਨਾਹ ਯਹੋਵਾਹ ਦੇ ਹਜ਼ੂਰੋਂ ਭੱਜ ਰਿਹਾ ਸੀ, ਕਿਉਂਕਿ ਉਸ ਨੇ ਆਪ ਹੀ ਇਹ ਗੱਲ ਉਨ੍ਹਾਂ ਨੂੰ ਦੱਸ ਦਿੱਤੀ ਸੀ। 11ਤਦ ਉਨ੍ਹਾਂ ਨੇ ਕਿਹਾ, “ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵੱਧਦੀਆਂ ਹੀ ਜਾਂਦੀਆਂ ਸਨ। 12ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਉ, ਫੇਰ ਸਮੁੰਦਰ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਇਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ।” 13ਫੇਰ ਵੀ ਉਹ ਵੱਡੇ ਜ਼ੋਰ ਨਾਲ ਚੱਪੇ ਲਾਉਂਦੇ ਰਹੇ ਤਾਂ ਜੋ ਜਹਾਜ਼ ਕੰਢੇ ਲੱਗ ਜਾਵੇ ਪਰ ਉਹ ਲਾ ਨਾ ਸਕੇ, ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵੱਧਦੀਆਂ ਜਾਂਦੀਆਂ ਸਨ। 14ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਕਿਹਾ, ਹੇ ਯਹੋਵਾਹ, ਅਸੀਂ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਬੇਦੋਸ਼ ਦਾ ਖੂਨ ਸਾਡੇ ਉੱਤੇ ਨਾ ਪਾ ਕਿਉਂਕਿ ਹੇ ਯਹੋਵਾਹ, ਜੋ ਕੁਝ ਤੂੰ ਚਾਹਿਆ, ਤੂੰ ਉਹੋ ਕੀਤਾ ਹੈ! 15ਫਿਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ। 16ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਬਹੁਤ ਭੈਅ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ। 17ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾਈ ਸੀ, ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਉਸ ਮੱਛੀ ਦੇ ਢਿੱਡ ਵਿੱਚ ਰਿਹਾ। 2:1ਤਦ ਯੂਨਾਹ ਨੇ ਮੱਛੀ ਦੇ ਢਿੱਡ ਵਿੱਚੋਂ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਇਸ ਤਰ੍ਹਾਂ ਪ੍ਰਾਰਥਨਾ ਕੀਤੀ, - 2“ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਅਵਾਜ਼ ਸੁਣੀ।” 3“ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।” 4ਤਦ ਮੈਂ ਕਿਹਾ, “ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ, ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਭਵਨ ਵੱਲ ਤੱਕਾਂਗਾ। 5“ਪਾਣੀਆਂ ਨੇ ਮੈਨੂੰ ਜਾਨ ਤੱਕ ਘੁੱਟ ਲਿਆ, ਡੁੰਘਿਆਈ ਨੇ ਚੁਫ਼ੇਰਿਓਂ ਮੈਨੂੰ ਘੇਰ ਲਿਆ, ਸਾਗਰੀ ਜਾਲ ਮੇਰੇ ਸਿਰ ਉੱਤੇ ਲਪੇਟਿਆ ਗਿਆ! 6“ਮੈਂ ਪਹਾੜਾਂ ਦੇ ਮੁੱਢਾਂ ਤੱਕ ਡੁੱਬ ਗਿਆ, ਧਰਤੀ ਦੀਆਂ ਪਰਤਾਂ ਨੇ ਸਦਾ ਦੇ ਲਈ ਮੈਨੂੰ ਢੱਕ ਲਿਆ, ਪਰ ਹੇ ਯਹੋਵਾਹ! ਮੇਰੇ ਪਰਮੇਸ਼ੁਰ ਤੂੰ ਮੇਰੀ ਜਾਨ ਨੂੰ ਟੋਭੇ ਵਿੱਚੋਂ ਉੱਪਰ ਲਿਆਇਆ। 7“ਜਿਸ ਵੇਲੇ ਮੇਰਾ ਮਨ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਯਾਦ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ। 8“ਜਿਹੜੇ ਵਿਅਰਥ ਮੂਰਤੀਆਂ ਨੂੰ ਮੰਨਦੇ ਹਨ, ਉਹ ਪਰਮੇਸ਼ੁਰ ਦੀ ਦਯਾ ਨੂੰ ਛੱਡ ਬੈਠੇ ਹਨ। 9“ਪਰ ਮੈਂ ਉੱਚੀ ਆਵਾਜ਼ ਨਾਲ ਧੰਨਵਾਦ ਕਰਦੇ ਹੋਏ ਤੇਰੇ ਅੱਗੇ ਬਲੀ ਚੜ੍ਹਾਵਾਂਗਾ, ਮੈਂ ਜੋ ਕੁਝ ਸੁੱਖਣਾ ਸੁੱਖੀ ਉਸ ਨੂੰ ਪੂਰੀ ਕਰਾਂਗਾ, ਬਚਾਉ ਯਹੋਵਾਹ ਵੱਲੋਂ ਹੀ ਹੈ।” 10ਤਦ ਯਹੋਵਾਹ ਨੇ ਮੱਛੀ ਨੂੰ ਆਗਿਆ ਦਿੱਤੀ ਅਤੇ ਉਸ ਨੇ ਯੂਨਾਹ ਨੂੰ ਸਮੁੰਦਰ ਦੇ ਕੰਢੇ ਉੱਤੇ ਉਗਲ ਦਿੱਤਾ। 3:1ਤਦ ਯਹੋਵਾਹ ਦਾ ਬਚਨ ਦੂਸਰੀ ਵਾਰ ਯੂਨਾਹ ਕੋਲ ਆਇਆ, 2“ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਦੇ ਲੋਕਾਂ ਕੋਲ ਜਾ ਅਤੇ ਉੱਥੇ ਇਸ ਗੱਲ ਦਾ ਪ੍ਰਚਾਰ ਕਰ, ਜਿਹੜੀ ਮੈਂ ਤੈਨੂੰ ਦੱਸਦਾ ਹਾਂ!” 3ਤਦ ਯੂਨਾਹ ਯਹੋਵਾਹ ਦੇ ਬਚਨ ਅਨੁਸਾਰ ਉੱਠ ਕੇ ਨੀਨਵਾਹ ਦੇ ਲੋਕਾਂ ਕੋਲ ਗਿਆ। ਨੀਨਵਾਹ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ, ਜਿਸ ਵਿੱਚ ਘੁੰਮਣ ਲਈ ਤਿੰਨ ਦਿਨਾਂ ਦਾ ਸਫ਼ਰ, ਤਕਰੀਬਨ ਸੋਲਾਂ ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ। 4ਯੂਨਾਹ ਨੇ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਅਤੇ ਇੱਕ ਦਿਨ ਦਾ ਸਫ਼ਰ ਪੂਰਾ ਕੀਤਾ, ਤਦ ਉਸ ਨੇ ਪੁਕਾਰ ਕੇ ਕਿਹਾ, “ਹੁਣ ਤੋਂ ਚਾਲ੍ਹੀ ਦਿਨ ਹੋਰ ਅਤੇ ਫੇਰ ਨੀਨਵਾਹ ਢਾਹਿਆ ਜਾਵੇਗਾ!” 5ਤਦ ਨੀਨਵਾਹ ਦੇ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਉੱਤੇ ਵਿਸ਼ਵਾਸ ਕੀਤਾ ਅਤੇ ਵਰਤ ਰੱਖਣ ਦੀ ਮੁਨਾਦੀ ਕੀਤੀ ਅਤੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਸਭ ਨੇ ਤੱਪੜ ਪਾ ਲਏ। 6ਜਦ ਇਹ ਖ਼ਬਰ ਨੀਨਵਾਹ ਦੇ ਰਾਜੇ ਕੋਲ ਪਹੁੰਚੀ ਤਾਂ ਉਹ ਆਪਣੀ ਰਾਜ ਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਬਸਤਰ ਲਾਹ ਸੁੱਟਿਆ ਅਤੇ ਤੱਪੜ ਪਾ ਕੇ ਰਾਖ਼ ਵਿੱਚ ਬੈਠ ਗਿਆ। 7ਤਦ ਉਸ ਨੇ ਇਹ ਮੁਨਾਦੀ ਕਰਵਾਈ ਅਤੇ ਨੀਨਵਾਹ ਵਿੱਚ ਇਹ ਪ੍ਰਚਾਰ ਕੀਤਾ, ਰਾਜਾ ਅਤੇ ਉਸ ਦੇ ਸਰਦਾਰਾਂ ਦਾ ਫ਼ਰਮਾਨ - “ਨਾ ਆਦਮੀ, ਨਾ ਪਸ਼ੂ, ਨਾ ਵਗ, ਨਾ ਇੱਜੜ ਕੁਝ ਚੱਖਣ, ਉਹ ਨਾ ਤਾਂ ਕੁਝ ਖਾਣ ਅਤੇ ਨਾ ਹੀ ਪਾਣੀ ਪੀਣ, 8ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ੁਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਹਰੇਕ ਆਪੋ ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ! 9ਹੋ ਸਕਦਾ ਹੈ ਕਿ ਪਰਮੇਸ਼ੁਰ ਦਯਾ ਕਰੇ ਅਤੇ ਫੇਰ ਵਿਚਾਰ ਕਰੇ ਅਤੇ ਉਸ ਦਾ ਭੜਕਿਆ ਹੋਇਆ ਕ੍ਰੋਧ ਸ਼ਾਂਤ ਹੋ ਜਾਵੇ ਅਤੇ ਅਸੀਂ ਨਾਸ ਨਾ ਹੋਈਏ?” 10ਜਦ ਪਰਮੇਸ਼ੁਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ੁਰ ਉਸ ਬੁਰਿਆਈ ਤੋਂ ਪਛਤਾਇਆ; ਜੋ ਉਸ ਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ। 4:1ਇਹ ਗੱਲ ਯੂਨਾਹ ਨੂੰ ਬਹੁਤ ਹੀ ਬੁਰੀ ਲੱਗੀ ਅਤੇ ਉਹ ਬਹੁਤ ਹੀ ਗੁੱਸੇ ਹੋ ਗਿਆ। 2ਉਸ ਨੇ ਯਹੋਵਾਹ ਦੇ ਅੱਗੇ ਇਹ ਕਹਿ ਕੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ! ਜਦ ਮੈਂ ਆਪਣੇ ਦੇਸ਼ ਵਿੱਚ ਹੀ ਸੀ, ਤਾਂ ਕੀ ਮੈਂ ਇਹੋ ਗੱਲ ਨਹੀਂ ਸੀ ਕਹਿੰਦਾ? ਇਸੇ ਕਾਰਨ ਹੀ ਮੈਂ ਤੇਰੀ ਆਗਿਆ ਸੁਣਦੇ ਸਾਰ ਹੀ ਛੇਤੀ ਨਾਲ ਤਰਸ਼ੀਸ਼ ਨੂੰ ਭੱਜਿਆ ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਅਤੇ ਦਯਾਲੂ ਪਰਮੇਸ਼ੁਰ ਹੈ, ਜੋ ਕ੍ਰੋਧ ਵਿੱਚ ਧੀਰਜ ਕਰਨ ਵਾਲਾ ਅਤੇ ਕਿਰਪਾਵਾਨ ਹੈਂ ਅਤੇ ਦੁੱਖ ਦੇਣ ਨਾਲ ਪ੍ਰਸੰਨ ਨਹੀਂ ਹੁੰਦਾ। 3ਇਸ ਲਈ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ, ਕਿਉਂਕਿ ਮੇਰੇ ਲਈ ਮਰਨਾ ਜੀਉਣ ਨਾਲੋਂ ਚੰਗਾ ਹੈ।” 4ਤਦ ਯਹੋਵਾਹ ਨੇ ਕਿਹਾ, “ਕੀ ਤੇਰਾ ਕ੍ਰੋਧ ਕਰਨਾ ਚੰਗਾ ਹੈ?” 5ਤਦ ਯੂਨਾਹ ਬਾਹਰ ਨਿੱਕਲ ਕੇ ਸ਼ਹਿਰ ਦੇ ਪੂਰਬ ਵੱਲ ਜਾ ਕੇ ਬੈਠ ਗਿਆ, ਅਤੇ ਉੱਥੇ ਆਪਣੇ ਲਈ ਇੱਕ ਛੱਪਰ ਪਾ ਲਿਆ ਅਤੇ ਉਸ ਦੇ ਹੇਠ ਛਾਂ ਵਿੱਚ ਬੈਠ ਗਿਆ ਤਾਂ ਜੋ ਵੇਖੇ ਕਿ ਸ਼ਹਿਰ ਦਾ ਕੀ ਹਾਲ ਹੋਵੇਗਾ? 6ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ, ਤਾਂ ਜੋ ਉਸ ਦੇ ਸਿਰ ਉੱਤੇ ਛਾਂ ਕਰੇ ਅਤੇ ਉਸ ਨੂੰ ਪਰੇਸ਼ਾਨੀ ਨਾ ਹੋਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਅਨੰਦ ਹੋਇਆ। 7ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ੁਰ ਨੇ ਇੱਕ ਕੀੜੇ ਨੂੰ ਠਹਿਰਾਇਆ ਜਿਸ ਨੇ ਉਸ ਬੂਟੇ ਨੂੰ ਅਜਿਹਾ ਡੰਗਿਆ ਕਿ ਉਹ ਸੁੱਕ ਗਿਆ। 8ਜਦ ਸੂਰਜ ਚੜ੍ਹਿਆ ਤਾਂ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਪੂਰਬੀ ਲੂ ਵਗਾਈ ਅਤੇ ਜਦ ਸੂਰਜ ਦੀ ਧੁੱਪ ਯੂਨਾਹ ਦੇ ਸਿਰ ਉੱਤੇ ਲੱਗੀ ਤਾਂ ਉਹ ਬੇਹੋਸ਼ ਹੋਣ ਲੱਗਾ ਅਤੇ ਇਹ ਕਹਿ ਕੇ ਆਪਣੇ ਲਈ ਮੌਤ ਮੰਗਣ ਲੱਗਾ ਕਿ “ਮੇਰੇ ਲਈ ਮਰਨਾ, ਮੇਰੇ ਜੀਉਣ ਨਾਲੋਂ ਚੰਗਾ ਹੈ!” 9ਤਦ ਪਰਮੇਸ਼ੁਰ ਨੇ ਯੂਨਾਹ ਨੂੰ ਕਿਹਾ, “ਤੇਰਾ ਕ੍ਰੋਧ ਜੋ ਉਸ ਬੂਟੇ ਦੇ ਕਾਰਨ ਹੈ, ਕੀ ਉਹ ਚੰਗਾ ਹੈ?” ਅੱਗੋਂ ਯੂਨਾਹ ਨੇ ਕਿਹਾ, “ਹਾਂ, ਸਗੋਂ ਕ੍ਰੋਧ ਦੇ ਕਾਰਨ ਮਰਨ ਤੱਕ ਚੰਗਾ ਹੈ!” 10ਫੇਰ ਯਹੋਵਾਹ ਨੇ ਕਿਹਾ, “ਤੈਨੂੰ ਉਸ ਬੂਟੇ ਉੱਤੇ ਤਰਸ ਆਇਆ, ਜਿਸ ਦੇ ਲਈ ਤੂੰ ਨਾ ਤਾਂ ਕੁਝ ਮਿਹਨਤ ਕੀਤੀ ਅਤੇ ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉੱਗਿਆ ਅਤੇ ਇੱਕ ਹੀ ਰਾਤ ਵਿੱਚ ਸੁੱਕ ਗਿਆ। 11ਤਦ ਕੀ ਇਸ ਵੱਡੇ ਸ਼ਹਿਰ ਨੀਨਵਾਹ ਉੱਤੇ ਜਿਸ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਤੋਂ ਵੱਧ ਲੋਕ ਹਨ, ਜਿਹੜੇ ਆਪਣੇ ਸੱਜੇ ਖੱਬੇ ਹੱਥ ਦਾ ਭੇਤ ਵੀ ਨਹੀਂ ਪਛਾਣ ਸਕਦੇ ਅਤੇ ਬਹੁਤ ਸਾਰੇ ਪਸ਼ੂ ਵੀ ਹਨ, ਮੈਨੂੰ ਤਰਸ ਨਹੀਂ ਆਉਣਾ ਚਾਹੀਦਾ?”
ਸ਼ਾਮ ਦੀ ਪ੍ਰਾਰਥਨਾ: ਪਾਠ (ਪੰਜਵਾਂ ਪਾਠ)
10ਫਿਰ ਇਸਰਾਏਲੀਆਂ ਨੇ ਗਿਲਗਾਲ ਵਿੱਚ ਡੇਰੇ ਕੀਤੇ, ਉਹਨਾਂ ਨੇ ਯਰੀਹੋ ਦੇ ਮੈਦਾਨ ਵਿੱਚ ਉਸ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਸ਼ਾਮਾਂ ਦੇ ਵੇਲੇ ਪਸਾਹ ਦਾ ਪਰਬ ਮਨਾਇਆ। 11ਪਸਾਹ ਦੇ ਇੱਕ ਦਿਨ ਤੋਂ ਬਾਅਦ ਉਹਨਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਭੁੱਜੇ ਹੋਏ ਦਾਣੇ ਅਤੇ ਪਤੀਰੀ ਰੋਟੀ ਉਸੇ ਦਿਨ ਖਾਧੀ। 12ਜਦ ਉਹਨਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਮੰਨਾ ਬੰਦ ਹੋ ਗਿਆ। ਫਿਰ ਇਸਰਾਏਲੀਆਂ ਨੂੰ ਮੰਨਾ ਕਦੀ ਨਾ ਮਿਲਿਆ ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ ਦੀ ਪੈਦਾਵਾਰ ਤੋਂ ਖਾਧਾ। 13ਜਦ ਯਹੋਸ਼ੁਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਵੇਖਿਆ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਨੰਗੀ ਤਲਵਾਰ ਲਈ ਉਹ ਦੇ ਸਾਹਮਣੇ ਖੜ੍ਹਾ ਸੀ ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ, “ਕੀ ਤੂੰ ਸਾਡੀ ਵੱਲ ਹੈਂ ਜਾਂ ਸਾਡੇ ਵੈਰੀਆਂ ਵੱਲ?” 14ਉਸ ਨੇ ਆਖਿਆ, “ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ,” ਤਦ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? 15ਯਹੋਵਾਹ ਦੇ ਸੈਨਾਪਤੀ ਨੇ ਯਹੋਸ਼ੁਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜ੍ਹਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ੁਆ ਨੇ ਉਸੇ ਤਰ੍ਹਾਂ ਹੀ ਕੀਤਾ।
ਸ਼ਾਮ ਦੀ ਪ੍ਰਾਰਥਨਾ: ਪਾਠ (ਛੇਵਾਂ ਪਾਠ)
20ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰ ਕੇ ਉਜਾੜ ਦੇ ਕੰਢੇ ਏਥਾਮ ਵਿੱਚ ਡੇਰਾ ਕੀਤਾ। 21ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ। 22ਬੱਦਲ ਦਾ ਥੰਮ੍ਹ ਦਿਨ ਨੂੰ ਅਤੇ ਅੱਗ ਦਾ ਥੰਮ੍ਹ ਰਾਤ ਨੂੰ ਉਨ੍ਹਾਂ ਲੋਕਾਂ ਦੇ ਅੱਗੋਂ ਕਦੀ ਨਾ ਹਟਿਆ। 14:1ਯਹੋਵਾਹ ਮੂਸਾ ਨਾਲ ਬੋਲਿਆ, 2ਇਸਰਾਏਲੀਆਂ ਨੂੰ ਆਖ ਕਿ ਉਹ ਮੁੜ ਜਾਣ ਅਤੇ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ। 3ਫ਼ਿਰਊਨ ਇਸਰਾਏਲੀਆਂ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਤੇ ਉਜਾੜ ਨੇ ਉਨ੍ਹਾਂ ਨੂੰ ਰੋਕ ਲਿਆ ਹੈ। 4ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ। ਫੇਰ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ। 5ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਉਹ ਲੋਕ ਨੱਠ ਗਏ ਹਨ। ਤਾਂ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਦੇ ਮਨ ਉਨ੍ਹਾਂ ਲੋਕਾਂ ਵੱਲੋਂ ਫਿਰ ਗਏ ਅਤੇ ਉਨ੍ਹਾਂ ਨੇ ਆਖਿਆ, ਇਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਸਰਾਏਲ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ? 6ਤਾਂ ਉਸ ਨੇ ਆਪਣਾ ਰੱਥ ਜੁੜਾਇਆ ਅਤੇ ਆਪਣੀ ਪਰਜਾ ਨੂੰ ਨਾਲ ਲਿਆ 7ਨਾਲੇ ਉਸ ਨੇ ਛੇ ਸੌ ਚੁਗਵੇਂ ਰੱਥ ਅਤੇ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫ਼ਸਰ ਬਹਾਏ। 8ਅਤੇ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਇਸਰਾਏਲੀ ਜ਼ਬਰਦਸਤੀ ਨਾਲ ਨਿੱਕਲਦੇ ਜਾਂਦੇ ਸਨ। 9ਅਤੇ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਸਾਰੇ ਘੋੜੇ ਅਤੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਅਤੇ ਉਸ ਦੀ ਫੌਜ ਉਨ੍ਹਾਂ ਦੇ ਤੰਬੂ ਲਾਉਂਦਿਆਂ ਤੇ ਸਮੁੰਦਰ ਦੇ ਕੋਲ ਅਤੇ ਪੀ-ਹਹੀਰੋਥ ਦੇ ਕੋਲ ਬਆਲ-ਸਫ਼ੋਨ ਦੇ ਸਾਹਮਣੇ ਜਾ ਟੱਕਰੀ। 10ਜਦ ਫ਼ਿਰਊਨ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ ਤਾਂ ਉਹ ਬਹੁਤ ਹੀ ਡਰੇ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ। 11ਉਪਰੰਤ ਉਨ੍ਹਾਂ ਨੇ ਮੂਸਾ ਨੂੰ ਆਖਿਆ, ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈਂ? ਇਹ ਤੂੰ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈਂ? 12ਇਹ ਉਹੋ ਹੀ ਗੱਲ ਤਾਂ ਨਹੀਂ ਜਿਹੜੀ ਅਸੀਂ ਤੈਨੂੰ ਮਿਸਰ ਵਿੱਚ ਆਖੀ ਸੀ ਕਿ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ? 13ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਤੇ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫੇਰ ਸਦਾ ਤੱਕ ਕਦੀ ਨਾ ਵੇਖੋਗੇ। 14ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ। 15ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ? ਇਸਰਾਏਲੀਆਂ ਨਾਲ ਗੱਲ ਕਰ ਕਿ ਉਹ ਅੱਗੇ ਤੁਰਨ। 16ਤੂੰ ਆਪਣਾ ਢਾਂਗਾ ਚੁੱਕ ਅਤੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਤੇ ਉਸ ਨੂੰ ਦੋ ਭਾਗ ਕਰ ਦੇ ਕਿ ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਥਾਣੀ ਲੰਘ ਜਾਣ। 17ਵੇਖ ਮੈਂ ਮਿਸਰੀਆਂ ਦੇ ਮਨ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦੇ ਪਿੱਛੇ ਜਾਣਗੇ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਅਤੇ ਰੱਥਾਂ ਅਤੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ। 18ਜਦ ਮੈਂ ਫ਼ਿਰਊਨ ਉਸ ਦੇ ਰਥਾਂ ਅਤੇ ਉਸ ਦੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ। 19ਅਤੇ ਪਰਮੇਸ਼ੁਰ ਦਾ ਦੂਤ ਜਿਹੜਾ ਇਸਰਾਏਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ ਅਤੇ ਬੱਦਲ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖੜਾ ਹੋਇਆ। 20ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ। 21ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ। 22ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਜ਼ਮੀਨ ਉੱਤੋਂ ਦੀ ਆਏ ਅਤੇ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਗੂੰ ਸਨ। 23ਮਿਸਰੀਆਂ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਸਾਰੇ ਘੋੜੇ ਅਤੇ ਉਸ ਦੇ ਰੱਥ ਅਤੇ ਘੋੜ ਚੜ੍ਹੇ ਸਮੁੰਦਰ ਵਿੱਚ ਆ ਗਏ। 24ਤਾਂ ਇਸ ਤਰ੍ਹਾਂ ਹੋਇਆ ਕਿ ਸਵੇਰ ਦੇ ਪਹਿਰ ਯਹੋਵਾਹ ਨੇ ਮਿਸਰੀਆਂ ਦੇ ਡੇਰੇ ਨੂੰ ਅੱਗ ਅਤੇ ਬੱਦਲ ਦੇ ਥੰਮ੍ਹ ਦੇ ਵਿੱਚੋਂ ਦੀ ਡਿੱਠਾ ਅਤੇ ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ। 25ਅਤੇ ਉਨ੍ਹਾਂ ਦੇ ਰੱਥ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਉਹ ਭਾਰੀ ਚੱਲਦੇ ਸਨ। ਸੋ ਮਿਸਰੀਆਂ ਨੇ ਆਖਿਆ, ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ। 26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣੇ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ, ਉਨ੍ਹਾਂ ਦੇ ਰਥਾਂ ਉੱਤੇ ਅਤੇ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ। 27ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਪਹੁ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ ਪਰ ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ। 28ਉਪਰੰਤ ਪਾਣੀ ਮੁੜੇ ਅਤੇ ਉਨ੍ਹਾਂ ਨੇ ਰੱਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ ਜਿਹੜੀ ਉਨ੍ਹਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ। 29ਪਰ ਇਸਰਾਏਲੀ ਖੁਸ਼ਕੀ ਉੱਤੋਂ ਸਮੁੰਦਰ ਦੇ ਵਿੱਚ ਦੀ ਚੱਲਦੇ ਗਏ ਅਤੇ ਪਾਣੀ ਉਨ੍ਹਾਂ ਦੇ ਸੱਜੇ ਖੱਬੇ ਕੰਧ ਵਾਂਗੂੰ ਸਨ। 30ਸੋ ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਅਤੇ ਇਸਰਾਏਲ ਨੇ ਮਿਸਰੀਆਂ ਦੇ ਮੁਰਦੇ ਸਮੁੰਦਰ ਦੇ ਕੰਢੇ ਉੱਤੇ ਵੇਖੇ। 31ਇਸ ਤਰ੍ਹਾਂ ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਤੇ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ। 15:1ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਉਂਦੇ ਹੋਇਆਂ ਆਖਿਆ - ਮੈਂ ਯਹੋਵਾਹ ਲਈ ਗਾਵਾਂਗਾ ਕਿਉਂਕਿ ਉਹ ਬਹੁਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। 2ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ। 3ਯਹੋਵਾਹ ਯੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ। 4ਫ਼ਿਰਊਨ ਦੇ ਰੱਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਉੱਤਮ ਅਫ਼ਸਰ ਲਾਲ ਸਮੁੰਦਰ ਵਿੱਚ ਗਰਕ ਹੋ ਗਏ। 5ਡੁੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਪੱਥਰ ਵਾਂਗੂੰ ਤਹਿ ਵਿੱਚ ਚਲੇ ਗਏ। 6ਹੇ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜਵਾਨ ਹੈ, ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਕਨਾ-ਚੂਰ ਕਰ ਸੁੱਟਦਾ ਹੈ। 7ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾਹ ਲੈਂਦਾ ਹੈਂ, ਤੂੰ ਆਪਣਾ ਕ੍ਰੋਧ ਭੇਜਦਾ ਹੈਂ ਜਿਹੜਾ ਉਨ੍ਹਾਂ ਨੂੰ ਭੱਠੇ ਵਾਂਗੂੰ ਭੱਖ ਲੈਂਦਾ ਹੈ। 8ਤੇਰੀਆਂ ਨਾਸਾਂ ਦੀ ਸੂਕਰ ਨਾਲ ਪਾਣੀ ਜਮਾਂ ਹੋ ਗਏ, ਮੌਜਾਂ ਢੇਰ ਵਾਂਗੂੰ ਖੜੀਆਂ ਹੋ ਗਈਆਂ, ਡੁੰਘਿਆਈ ਸਮੁੰਦਰ ਦੇ ਵਿਚਕਾਰ ਜੰਮ ਗਈਆਂ। 9ਵੈਰੀ ਨੇ ਆਖਿਆ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਤਲਵਾਰ ਸੂਤਾਂਗਾ ਅਤੇ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ। 10ਤੂੰ ਆਪਣੀ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ। 11ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈਅ ਦਾਇਕ ਅਤੇ ਅਚਰਜ਼ ਕੰਮਾਂ ਵਾਲਾ? 12ਤੂੰ ਆਪਣਾ ਸੱਜਾ ਹੱਥ ਪਸਾਰਿਆ, ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ। 13ਤੂੰ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੂੰ ਛੁਟਕਾਰਾ ਦਿੱਤਾ ਸੀ, ਤੂੰ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤਰ ਨਿਵਾਸ ਦੇ ਰਾਹ ਪਾ ਦਿੱਤਾ। 14ਲੋਕਾਂ ਨੇ ਸੁਣਿਆ, ਉਹ ਕੰਬਦੇ ਹਨ, ਫ਼ਲਿਸਤੀਨ ਦੇ ਵਾਸੀਆਂ ਨੂੰ ਚੁਬਕ ਪਈ। 15ਤਦ ਅਦੋਮ ਦੇ ਸਰਦਾਰ ਘਬਰਾ ਗਏ, ਮੋਆਬ ਦੇ ਸੂਰਮਿਆਂ ਨੂੰ ਕੰਬਣੀ ਲੱਗੀ, ਕਨਾਨ ਦੇ ਸਾਰੇ ਵਾਸੀ ਢੱਲ਼ ਗਏ। 16ਹੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਪੈਂਦਾ ਹੈ, ਉਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਗੂੰ ਚੁੱਪ ਰਹਿ ਜਾਂਦੇ ਹਨ। ਹੇ ਯਹੋਵਾਹ ਜਦ ਤੱਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੱਕ ਉਹ ਪਰਜਾ ਜਿਹੜੀ ਤੂੰ ਵਿਹਾਝੀ ਹੈ ਪਾਰ ਨਾ ਲੰਘ ਜਾਵੇ, 17ਤੂੰ ਉਨ੍ਹਾਂ ਨੂੰ ਅੰਦਰ ਲਿਆਵੇਂਗਾ ਅਤੇ ਆਪਣੀ ਮਿਲਖ਼ ਦੇ ਪਰਬਤ ਵਿੱਚ ਲਗਾਵੇਂਗਾ, ਹੇ ਯਹੋਵਾਹ ਉਸ ਸਥਾਨ ਵਿੱਚ ਜਿਹੜਾ ਤੂੰ ਆਪਣੇ ਰਹਿਣ ਲਈ ਬਣਾਇਆ ਹੈ, ਹੇ ਮੇਰੇ ਪ੍ਰਭੂ ਉਹ ਪਵਿੱਤਰ ਸਥਾਨ ਜਿਹੜਾ ਤੇਰੇ ਹੱਥਾਂ ਨੇ ਸਥਿਰ ਕੀਤਾ ਹੈ। 18ਯਹੋਵਾਹ ਸਦਾ ਤੱਕ ਰਾਜ ਕਰਦਾ ਰਹੇਗਾ। 19ਫ਼ਿਰਊਨ ਦੇ ਘੋੜੇ ਅਤੇ ਉਸ ਦੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾਹ ਨੇ ਸਮੁੰਦਰ ਦੇ ਪਾਣੀ ਨੂੰ ਉਨ੍ਹਾਂ ਉੱਤੇ ਮੋੜ ਲਿਆਂਦਾ ਪਰ ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਗਏ।
ਸ਼ਾਮ ਦੀ ਪ੍ਰਾਰਥਨਾ: ਪਾਠ (ਸੱਤਵਾਂ ਪਾਠ)
8ਇਸ ਲਈ ਯਹੋਵਾਹ ਦਾ ਵਾਕ ਹੈ, “ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਰਾਜਾਂ ਨੂੰ ਜਮਾਂ ਕਰਾਂ, ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ, ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।” 9ਤਦ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ, ਤਾਂ ਜੋ ਉਹ ਸਾਰੇ ਦੇ ਸਾਰੇ ਯਹੋਵਾਹ ਦੇ ਨਾਮ ਨੂੰ ਪੁਕਾਰਨ, ਅਤੇ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ। 10ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ, ਸਗੋਂ ਮੇਰੇ ਖਿੱਲਰੇ ਹੋਏ ਲੋਕਾਂ ਦੀਆਂ ਧੀਆਂ, ਮੇਰੇ ਲਈ ਭੇਟ ਲਿਆਉਣਗੀਆਂ। 11ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਦੇ ਕਾਰਨ ਸ਼ਰਮਿੰਦਾ ਨਾ ਹੋਵੇਂਗੀ, ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਹਰੇਕ ਹੰਕਾਰੀ ਅਭਿਮਾਨੀਆਂ ਨੂੰ ਕੱਢ ਦਿਆਂਗਾ, ਤਾਂ ਜੋ ਤੂੰ ਮੇਰੇ ਪਵਿੱਤਰ ਪਰਬਤ ਵਿੱਚ ਫੇਰ ਘਮੰਡ ਨਾ ਕਰੇਂ। 12ਕਿਉਂ ਜੋ ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕਾਂ ਨੂੰ ਬਚਾ ਕੇ ਰੱਖਾਂਗਾ ਅਤੇ ਉਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ। 13ਇਸਰਾਏਲ ਦੇ ਬਚੇ ਹੋਏ ਲੋਕ ਬਦੀ ਨਾ ਕਰਨਗੇ, ਨਾ ਝੂਠ ਬੋਲਣਗੇ ਅਤੇ ਨਾ ਉਹਨਾਂ ਦੇ ਮੂੰਹ ਵਿੱਚ ਫਰੇਬ ਦੀਆਂ ਗੱਲਾਂ ਨਿੱਕਲਣਗੀਆਂ, ਕਿਉਂ ਜੋ ਉਹ ਚਰਨਗੇ ਅਤੇ ਲੰਮੇ ਪੈਣਗੇ ਅਤੇ ਕੋਈ ਉਹਨਾਂ ਨੂੰ ਨਾ ਡਰਾਵੇਗਾ। 14ਹੇ ਸੀਯੋਨ ਦੀਏ ਧੀਏ, ਉੱਚੀ ਅਵਾਜ਼ ਨਾਲ ਗਾ, ਹੇ ਇਸਰਾਏਲ, ਜੈਕਾਰਾ ਗਜਾ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਅਨੰਦ ਕਰ ਅਤੇ ਮਗਨ ਹੋ! 15ਯਹੋਵਾਹ ਨੇ ਤੇਰੇ ਦੰਡ ਨੂੰ ਦੂਰ ਕੀਤਾ ਹੈ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ ਹੈ, ਇਸਰਾਏਲ ਦਾ ਰਾਜਾ, ਹਾਂ, ਯਹੋਵਾਹ ਤੇਰੇ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੇਂਗੀ।
ਸ਼ਾਮ ਦੀ ਪ੍ਰਾਰਥਨਾ: ਪਾਠ (ਅੱਠਵਾਂ ਪਾਠ)
8ਤਾਂ ਯਹੋਵਾਹ ਦਾ ਇਹ ਬਚਨ ਉਹ ਨੂੰ ਆਇਆ। 9ਕਿ ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚਲਾ ਜਾ ਅਤੇ ਉੱਥੇ ਜਾ ਟਿੱਕ। ਵੇਖ ਮੈਂ ਇੱਕ ਵਿਧਵਾ ਔਰਤ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ। 10ਸੋ ਉਹ ਉੱਠਿਆ ਅਤੇ ਸਾਰਫਥ ਨੂੰ ਚੱਲਿਆ ਗਿਆ ਅਤੇ ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਲੱਕੜੀਆਂ ਚੁੱਗਦੀ ਸੀ ਤਾਂ ਉਸ ਉਹ ਨੂੰ ਉੱਚੀ ਦਿੱਤੀ ਆਖਿਆ, ਜ਼ਰਾ ਮੈਨੂੰ ਆਪਣੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਲਿਆ ਦੇ ਕਿ ਮੈਂ ਪੀ ਲਵਾਂ। 11ਜਦ ਉਹ ਲਿਆਉਣ ਲਈ ਚੱਲੀ ਤਾਂ ਉਸ ਨੇ ਉਹ ਉੱਚੀ ਦਿੱਤੀ ਆਖਿਆ, ਜ਼ਰਾ ਇੱਕ ਚੱਪਾ ਟੁੱਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ। 12ਅੱਗੋਂ ਉਸ ਆਖਿਆ, ਜਿਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਤੌਲੇ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਹ ਨੂੰ ਖਾਈਏ ਅਤੇ ਮਰੀਏ। 13ਤਾਂ ਏਲੀਯਾਹ ਨੇ ਉਸ ਨੂੰ ਆਖਿਆ ਨਾ ਡਰ। ਜਾ ਅਤੇ ਆਪਣੀ ਗੱਲ ਦੇ ਅਨੁਸਾਰ ਕਰ ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੱਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਲਈ ਪਕਾਈਂ। 14ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ ਜਿੰਨਾਂ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ। 15ਤਾਂ ਉਹ ਗਈ ਅਤੇ ਏਲੀਯਾਹ ਦੇ ਆਖਣ ਅਨੁਸਾਰ ਕੀਤਾ। ਫੇਰ ਇਹ ਅਤੇ ਉਹ ਅਤੇ ਉਹ ਦਾ ਘਰਾਣਾ ਕਈ ਦਿਨਾਂ ਤੱਕ ਖਾਂਦੇ ਰਹੇ। 16ਅਤੇ ਨਾ ਤੌਲੇ ਵਿੱਚੋਂ ਆਟਾ ਮੁੱਕਿਆ ਨਾ ਕੁੱਜੀ ਦਾ ਤੇਲ ਘਟਿਆ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ। 17ਤਾਂ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਔਰਤ ਦਾ ਪੁੱਤਰ ਬਿਮਾਰ ਪੈ ਗਿਆ ਅਤੇ ਉਹ ਦੀ ਬਿਮਾਰੀ ਬਹੁਤ ਸਖ਼ਤ ਸੀ ਐਥੋਂ ਤੋੜੀ ਜੋ ਉਹ ਦੇ ਵਿੱਚ ਪ੍ਰਾਣ ਨਾ ਰਹੇ। 18ਤਾਂ ਉਸ ਏਲੀਯਾਹ ਨੂੰ ਆਖਿਆ, ਮੇਰਾ ਤੇਰੇ ਨਾਲ ਕੀ ਕੰਮ ਹੈ ਹੇ ਪਰਮੇਸ਼ੁਰ ਦੇ ਬੰਦੇ? ਕੀ ਤੂੰ ਇਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤਰ ਨੂੰ ਮਾਰ ਸੁੱਟੇਂ? 19ਤਾਂ ਉਸ ਨੇ ਉਹ ਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ। ਉਹ ਉਸ ਦੀ ਹਿੱਕ ਨਾਲੋਂ ਲੈ ਕੇ ਉੱਪਰ ਚੁਬਾਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਚੜ੍ਹ ਗਿਆ ਅਤੇ ਉਹ ਨੂੰ ਆਪਣੇ ਮੰਜੇ ਉੱਤੇ ਲਿਟਾ ਲਿਆ। 20ਤਾਂ ਉਸ ਨੇ ਯਹੋਵਾਹ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਇਸ ਵਿਧਵਾ ਉੱਤੇ ਵੀ ਬੁਰਿਆਈ ਲਿਆਇਆ ਜਿਹ ਦੇ ਘਰ ਮੈਂ ਟਿਕਿਆ ਹਾਂ ਕਿ ਤੂੰ ਇਸ ਦੇ ਪੁੱਤਰ ਨੂੰ ਮਾਰ ਦਿੱਤਾ। 21ਤਾਂ ਉਸ ਨੇ ਤਿੰਨ ਵਾਰ ਆਪ ਨੂੰ ਮੁੰਡੇ ਉੱਤੇ ਪਸਾਰਿਆ ਅਤੇ ਯਹੋਵਾਹ ਨੂੰ ਉੱਚੀ ਦਿੱਤੀ ਆਖਿਆ, ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਮਿੰਨਤ ਹੈ ਕਿ ਇਸ ਮੁੰਡੇ ਦੇ ਪ੍ਰਾਣ ਫੇਰ ਉਹ ਦੇ ਵਿੱਚ ਆ ਜਾਣ। 22ਤਾਂ ਯਹੋਵਾਹ ਨੇ ਏਲੀਯਾਹ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਹ ਦੇ ਵਿੱਚ ਫੇਰ ਆ ਗਏ ਅਤੇ ਉਹ ਜੀ ਉੱਠਿਆ। 23ਤਾਂ ਏਲੀਯਾਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿੱਚੋਂ ਘਰ ਦੇ ਅੰਦਰ ਲੈ ਗਿਆ ਉਹ ਦੀ ਮਾਂ ਨੂੰ ਜਾ ਦਿੱਤਾ ਅਤੇ ਏਲੀਯਾਹ ਨੇ ਆਖਿਆ, ਵੇਖ ਤੇਰਾ ਪੁੱਤਰ ਜਿਉਂਦਾ ਹੈ! 24ਤਾਂ ਉਸ ਔਰਤ ਨੇ ਏਲੀਯਾਹ ਨੂੰ ਆਖਿਆ, ਹੁਣ ਮੈਂ ਜਾਣਿਆ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੇ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ।
ਸ਼ਾਮ ਦੀ ਪ੍ਰਾਰਥਨਾ: ਪਾਠ (9ਵਾਂ ਪਾਠ)
10ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਪ੍ਰਾਣ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ, ਕਿਉਂ ਜੋ ਉਸ ਨੇ ਮੈਨੂੰ ਮੁਕਤੀ ਦੇ ਬਸਤਰ ਪਵਾਏ ਹਨ, ਅਤੇ ਉਸ ਨੇ ਧਰਮ ਦੇ ਚੋਗੇ ਨਾਲ ਮੈਨੂੰ ਢੱਕਿਆ ਹੈ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸੁਆਰਦਾ, ਅਤੇ ਲਾੜੀ ਆਪਣਿਆਂ ਗਹਿਣਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ। 11ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ਼ ਬੀਜਾਂ ਨੂੰ ਉਪਜਾਉਂਦਾ ਹੈ, ਉਸੇ ਤਰ੍ਹਾਂ ਹੀ ਪ੍ਰਭੂ ਯਹੋਵਾਹ ਧਰਮ ਅਤੇ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ। 62:1ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਾ ਲਵਾਂਗਾ, ਜਦ ਤੱਕ ਉਸ ਦਾ ਧਰਮ ਉਜਾਲੇ ਵਾਂਗੂੰ, ਅਤੇ ਉਸ ਦੀ ਮੁਕਤੀ ਬਲਦੇ ਦੀਵੇ ਵਾਂਗੂੰ ਨਾ ਵਿਖਾਈ ਦੇਵੇ। 2ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਮ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲੇਗਾ। 3ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇਂਗੀ। 4ਤੂੰ ਫੇਰ “ਛੱਡੀ ਹੋਈ” ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ “ਉਜਾੜ” ਅਖਵਾਏਗੀ, ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ, ਅਰਥਾਤ “ਮੇਰੀ ਭਾਉਣੀ ਉਹ ਦੇ ਵਿੱਚ ਹੈ,” ਅਤੇ ਤੇਰੀ ਧਰਤੀ ਬਿਯੂਲਾਹ ਅਰਥਾਤ “ਸੁਹਾਗਣ” ਅਖਵਾਏਗੀ, ਕਿਉਂ ਜੋ ਯਹੋਵਾਹ ਤੇਰੇ ਤੋਂ ਪ੍ਰਸੰਨ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ। 5ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ ਹੈ, ਉਸੇ ਤਰ੍ਹਾਂ ਤੇਰੇ ਪੁੱਤਰ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਆਪਣੀ ਲਾੜੀ ਉੱਤੇ ਅਨੰਦ ਹੁੰਦਾ ਹੈ, ਉਸੇ ਤਰ੍ਹਾਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਅਨੰਦ ਹੋਵੇਗਾ।
ਸ਼ਾਮ ਦੀ ਪ੍ਰਾਰਥਨਾ: ਪਾਠ (10ਵਾਂ ਪਾਠ)
1ਇਨ੍ਹਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ ਅਤੇ ਉਸ ਨੇ ਆਖਿਆ, ਹੇ ਅਬਰਾਹਾਮ! ਅੱਗੋਂ ਉਸ ਨੇ ਆਖਿਆ, ਮੈਂ ਹਾਜ਼ਰ ਹਾਂ। 2ਉਸ ਨੇ ਆਖਿਆ, ਹੁਣ ਤੂੰ ਆਪਣੇ ਪੁੱਤਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈ ਕੇ ਮੋਰੀਆਹ ਦੇਸ਼ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ। 3ਤਦ ਅਬਰਾਹਾਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਦੋ ਦਾਸਾਂ ਨੂੰ ਅਤੇ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਅਤੇ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਅਤੇ ਉੱਠ ਕੇ ਉਸ ਸਥਾਨ ਨੂੰ ਤੁਰ ਪਿਆ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਦੱਸੀ ਸੀ। 4ਤੀਜੇ ਦਿਨ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਉਸ ਸਥਾਨ ਨੂੰ ਦੂਰੋਂ ਵੇਖਿਆ 5ਤਦ ਅਬਰਾਹਾਮ ਨੇ ਆਪਣੇ ਦਾਸਾਂ ਨੂੰ ਆਖਿਆ, ਤੁਸੀਂ ਇੱਥੇ ਗਧੇ ਦੇ ਕੋਲ ਰੁਕੋ। ਮੈਂ ਅਤੇ ਇਹ ਮੁੰਡਾ ਥੋੜ੍ਹੀ ਦੂਰ ਅੱਗੇ ਜਾਂਵਾਂਗੇ ਅਤੇ ਉਪਾਸਨਾ ਕਰ ਕੇ ਤੁਹਾਡੇ ਕੋਲ ਮੁੜ ਆਵਾਂਗੇ। 6ਤਦ ਅਬਰਾਹਾਮ ਨੇ ਹੋਮ ਬਲੀ ਦੀਆਂ ਲੱਕੜੀਆਂ ਲੈ ਕੇ ਆਪਣੇ ਪੁੱਤਰ ਇਸਹਾਕ ਨੂੰ ਚੁਕਾ ਦਿੱਤੀਆਂ ਅਤੇ ਆਪਣੇ ਹੱਥ ਵਿੱਚ ਅੱਗ ਅਤੇ ਛੁਰੀ ਫੜ ਲਈ ਅਤੇ ਦੋਵੇਂ ਇਕੱਠੇ ਤੁਰ ਪਏ। 7ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, ਪਿਤਾ ਜੀ, ਉਸ ਨੇ ਆਖਿਆ, ਹੇ ਮੇਰੇ ਪੁੱਤਰ ਕੀ ਗੱਲ ਹੈ? ਉਸ ਨੇ ਆਖਿਆ, ਵੇਖ, ਅੱਗ ਅਤੇ ਲੱਕੜੀਆਂ ਤਾਂ ਹਨ ਪਰ ਹੋਮ ਬਲੀ ਲਈ ਲੇਲਾ ਕਿੱਥੇ ਹੈ? 8ਅਬਰਾਹਾਮ ਨੇ ਆਖਿਆ, ਹੇ ਮੇਰੇ ਪੁੱਤਰ, ਪਰਮੇਸ਼ੁਰ ਹੋਮ ਬਲੀ ਲਈ ਲੇਲਾ ਆਪ ਹੀ ਦੇਵੇਗਾ ਤਾਂ ਓਹ ਦੋਵੇਂ ਇਕੱਠੇ ਤੁਰਦੇ ਗਏ। 9ਓਹ ਉਸ ਸਥਾਨ ਉੱਤੇ ਜਾ ਪਹੁੰਚੇ ਜਿਹੜਾ ਪਰਮੇਸ਼ੁਰ ਨੇ ਉਹ ਨੂੰ ਦੱਸਿਆ ਸੀ। ਉੱਥੇ ਅਬਰਾਹਾਮ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਉੱਤੇ ਲੱਕੜੀਆਂ ਚਿਣ ਦਿੱਤੀਆਂ ਅਤੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਕੇ ਜਗਵੇਦੀ ਦੀਆਂ ਲੱਕੜੀਆਂ ਉੱਤੇ ਰੱਖ ਦਿੱਤਾ। 10ਜਿਵੇਂ ਹੀ ਅਬਰਾਹਾਮ ਨੇ ਆਪਣਾ ਹੱਥ ਵਧਾ ਕੇ ਛੁਰੀ ਫੜੀ ਕਿ ਆਪਣੇ ਪੁੱਤਰ ਨੂੰ ਹੋਮ ਬਲੀ ਕਰਕੇ ਚੜ੍ਹਾਵੇ 11ਤਦ ਯਹੋਵਾਹ ਦੇ ਦੂਤ ਨੇ ਅਕਾਸ਼ ਤੋਂ ਉਸ ਨੂੰ ਪੁਕਾਰਿਆ, “ਅਬਰਾਹਾਮ! ਅਬਰਾਹਾਮ!” ਉਸ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। 12ਉਸ ਨੇ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂ ਜੋ ਤੂੰ ਆਪਣੇ ਪੁੱਤਰ, ਹਾਂ, ਆਪਣੇ ਇਕਲੌਤੇ ਪੁੱਤਰ ਦਾ ਵੀ ਮੈਥੋਂ ਸਰਫ਼ਾ ਨਹੀਂ ਕੀਤਾ। 13ਜਦ ਅਬਰਾਹਾਮ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਤਾਂ ਵੇਖੋ, ਉਹ ਦੇ ਪਿੱਛੇ ਇੱਕ ਲੇਲਾ ਸੀ, ਜਿਸ ਦੇ ਸਿੰਗ ਝਾੜੀ ਵਿੱਚ ਫਸੇ ਹੋਏ ਸਨ ਤਾਂ ਅਬਰਾਹਾਮ ਨੇ ਜਾ ਕੇ ਉਸ ਲੇਲੇ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਦੀ ਥਾਂ ਹੋਮ ਬਲੀ ਕਰਕੇ ਚੜ੍ਹਾਇਆ। 14ਅਬਰਾਹਾਮ ਨੇ ਉਸ ਸਥਾਨ ਦਾ ਨਾਮ ਯਹੋਵਾਹ ਯਿਰਹ ਰੱਖਿਆ, ਅੱਜ ਤੱਕ ਵੀ ਇਹ ਕਿਹਾ ਜਾਂਦਾ ਹੈ “ਯਹੋਵਾਹ ਦੇ ਪਰਬਤ ਉੱਤੇ ਪ੍ਰਬੰਧ ਕੀਤਾ ਜਾਵੇਗਾ।” 15ਫੇਰ ਯਹੋਵਾਹ ਦੇ ਦੂਤ ਨੇ ਦੂਜੀ ਵਾਰ ਅਕਾਸ਼ ਤੋਂ ਅਬਰਾਹਾਮ ਨੂੰ ਪੁਕਾਰ ਕੇ ਆਖਿਆ, 16ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਂ ਆਪ ਆਪਣੀ ਹੀ ਸਹੁੰ ਖਾਧੀ ਹੈ, ਕਿ ਤੂੰ ਜੋ ਇਹ ਕੰਮ ਕੀਤਾ ਅਤੇ ਆਪਣੇ ਪੁੱਤਰ ਸਗੋਂ ਆਪਣੇ ਇਕਲੌਤੇ ਪੁੱਤਰ ਦਾ ਵੀ ਸਰਫ਼ਾ ਨਹੀਂ ਕੀਤਾ, 17ਇਸ ਲਈ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਮੈਂ ਤੇਰੀ ਅੰਸ ਨੂੰ ਅਕਾਸ਼ ਤੇ ਤਾਰਿਆਂ ਜਿੰਨ੍ਹੀਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅੱਤ ਵਧਾਵਾਂਗਾ ਅਤੇ ਤੇਰੀ ਅੰਸ ਆਪਣੇ ਵੈਰੀਆਂ ਦੇ ਫਾਟਕ ਉੱਤੇ ਕਬਜ਼ਾ ਕਰੇਗੀ। 18ਧਰਤੀ ਦੀਆਂ ਸਾਰੀਆਂ ਕੌਮਾਂ ਤੇਰੀ ਅੰਸ ਦੇ ਕਾਰਨ ਬਰਕਤ ਪਾਉਣਗੀਆਂ ਕਿਉਂ ਜੋ ਤੂੰ ਮੇਰੇ ਹੁਕਮ ਨੂੰ ਮੰਨਿਆ ਹੈ।
ਸ਼ਾਮ ਦੀ ਪ੍ਰਾਰਥਨਾ: ਪਾਠ (11ਵਾਂ ਪਾਠ)
1ਪ੍ਰਭੂ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਕਿਉਂ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ ਤਾਂ ਜੋ ਮੈਂ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਨੇ ਮੈਨੂੰ ਇਸ ਲਈ ਭੇਜਿਆ ਹੈ, ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਕੈਦੀਆਂ ਨੂੰ ਹਨੇਰੇ ਤੋਂ ਛੁੱਟਣ ਦਾ ਪਰਚਾਰ ਕਰਾਂ, 2ਤਾਂ ਜੋ ਮੈਂ ਯਹੋਵਾਹ ਦੇ ਮਨਭਾਉਂਦੇ ਸਾਲ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ, 3ਅਤੇ ਸੀਯੋਨ ਦੇ ਸੋਗੀਆਂ ਲਈ ਇਹ ਕਰਾਂ, - ਉਹਨਾਂ ਦੇ ਸਿਰ ਤੋਂ ਸੁਆਹ ਦੂਰ ਕਰਕੇ ਸੋਹਣਾ ਤਾਜ ਰੱਖਣ, ਸੋਗ ਦੇ ਥਾਂ ਖੁਸ਼ੀ ਦਾ ਤੇਲ ਲਾਵਾਂ, ਨਿਰਾਸ਼ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂ, ਤਦ ਉਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਤਾਂ ਜੋ ਉਸ ਦੀ ਮਹਿਮਾ ਪਰਗਟ ਹੋਵੇ। 4ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਉਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ ਬਰਬਾਦ ਸ਼ਹਿਰਾਂ ਨੂੰ, ਜਿਹੜੇ ਬਹੁਤ ਪੀੜ੍ਹੀਆਂ ਤੋਂ ਵਿਰਾਨ ਪਏ ਸਨ, ਉਹਨਾਂ ਨੂੰ ਨਵੇਂ ਸਿਰਿਓਂ ਉਸਾਰਨਗੇ। 5ਪਰਦੇਸੀ ਆ ਖੜ੍ਹੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲ੍ਹੀ ਤੇ ਮਾਲੀ ਹੋਣਗੇ, 6ਪਰ ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਉਹਨਾਂ ਦੇ ਮਾਲ-ਧਨ ਉੱਤੇ ਮਾਣ ਕਰੋਗੇ। 7ਤੁਹਾਡੀ ਲਾਜ ਦੇ ਬਦਲੇ ਤੁਹਾਨੂੰ ਦੁਗਣਾ ਹਿੱਸਾ ਮਿਲੇਗਾ, ਬੇਪਤੀ ਦੇ ਬਦਲੇ ਤੁਸੀਂ ਆਪਣੇ ਹਿੱਸੇ ਵਿੱਚ ਮੌਜ ਮਾਣੋਗੇ, ਇਸ ਲਈ ਤੁਸੀਂ ਆਪਣੇ ਦੇਸ ਵਿੱਚ ਦੁਗਣੇ ਹਿੱਸੇ ਦੇ ਅਧਿਕਾਰੀ ਹੋਵੋਗੇ, ਸਦੀਪਕ ਅਨੰਦ ਤੁਹਾਡਾ ਹੋਵੇਗਾ। 8ਕਿਉਂਕਿ, ਮੈਂ ਯਹੋਵਾਹ, ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਅਤੇ ਬੁਰਿਆਈ ਤੋਂ ਘਿਣ ਕਰਦਾ ਹਾਂ, ਇਸ ਲਈ ਮੈਂ ਆਪਣੇ ਲੋਕਾਂ ਨੂੰ ਸਚਿਆਈ ਨਾਲ ਬਦਲਾ ਦਿਆਂਗਾ, ਮੈਂ ਉਹਨਾਂ ਦੇ ਨਾਲ ਇੱਕ ਸਦੀਪਕ ਨੇਮ ਬੰਨ੍ਹਾਂਗਾ। 9ਉਹਨਾਂ ਦਾ ਵੰਸ਼ ਕੌਮਾਂ ਵਿੱਚ, ਅਤੇ ਉਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ, ਉਹਨਾਂ ਦੇ ਸਾਰੇ ਵੇਖਣ ਵਾਲੇ ਜਾਣ ਲੈਣਗੇ ਕਿ ਇਹ ਯਹੋਵਾਹ ਦਾ ਮੁਬਾਰਕ ਵੰਸ਼ ਹੈ।
ਸ਼ਾਮ ਦੀ ਪ੍ਰਾਰਥਨਾ: ਪਾਠ (12ਵਾਂ ਪਾਠ)
8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਪਤਵੰਤੀ ਔਰਤ ਸੀ। ਉਹ ਨੇ ਉਸ ਨੂੰ ਰੋਟੀ ਖਾਣ ਲਈ ਮਜ਼ਬੂਰ ਕੀਤਾ। ਫੇਰ ਜਦੋਂ ਕਦੀ ਉਹ ਉੱਧਰ ਦੀ ਲੰਘਦਾ ਸੀ ਰੋਟੀ ਖਾਣ ਲਈ ਉੱਧਰੇ ਮੁੜ ਪੈਂਦਾ ਸੀ। 9ਤਦ ਉਹ ਨੇ ਆਪਣੇ ਪਤੀ ਨੂੰ ਆਖਿਆ, “ਵੇਖ, ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ੁਰ ਦਾ ਪਵਿੱਤਰ ਜਨ ਜਾਪਦਾ ਹੈ। 10ਅਸੀਂ ਇੱਕ ਨਿੱਕਾ ਜਿਹਾ ਚੁਬਾਰਾ ਉਹ ਦੇ ਲਈ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੀਵਾ ਰੱਖੀਏ ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੇਗਾ।” 11ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ। 12ਤਦ ਉਸ ਨੇ ਆਪਣੇ ਚੇਲੇ ਗੇਹਾਜੀ ਨੂੰ ਆਖਿਆ, “ਇਸ ਸ਼ੂਨੰਮੀ ਔਰਤ ਨੂੰ ਸੱਦ,” ਤਦ ਉਹ ਨੇ ਉਹ ਨੂੰ ਸੱਦਿਆ ਤੇ ਉਹ ਉਸ ਦੇ ਅੱਗੇ ਖੜ੍ਹੀ ਹੋ ਗਈ। 13ਉਸ ਨੇ ਚੇਲੇ ਨੂੰ ਕਿਹਾ ਕਿ ਉਹ ਨੂੰ ਆਖ ਕਿ ਵੇਖ ਤੂੰ ਜੋ ਐਨੇ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਰਾਜਾ ਜਾਂ ਸੈਨਾਪਤੀ ਨਾਲ ਤੇਰੇ ਬਾਰੇ ਗੱਲ ਕਰੀਏ? ਪਰ ਉਹ ਬੋਲੀ, “ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵੱਸਦੀ ਹਾਂ।” 14ਫੇਰ ਉਸ ਨੇ ਕਿਹਾ ਤਾਂ ਉਹ ਦੇ ਲਈ ਕੀ ਕੀਤਾ ਜਾਵੇ? ਅੱਗੋਂ ਗੇਹਾਜੀ ਬੋਲਿਆ, “ਸੱਚ-ਮੁੱਚ ਉਹ ਦੇ ਕੋਈ ਪੁੱਤਰ ਨਹੀਂ ਹੈ ਅਤੇ ਉਹ ਦਾ ਪਤੀ ਬਿਰਧ ਹੈ।” 15ਉਸ ਨੇ ਕਿਹਾ, “ਉਹ ਨੂੰ ਸੱਦ।” ਸੋ ਉਸ ਨੇ ਉਹ ਨੂੰ ਸੱਦਿਆ ਤੇ ਉਹ ਦਰਵਾਜ਼ੇ ਵਿੱਚ ਆ ਖੜ੍ਹੀ ਹੋਈ। 16ਤਦ ਉਹ ਬੋਲਿਆ, “ਇਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ੍ਹੇ ਤੇਰੇ ਇੱਕ ਪੁੱਤਰ ਹੋਵੇਗਾ।” ਉਹ ਬੋਲੀ, “ਨਹੀਂ, ਮੇਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਦਾਸੀ ਨਾਲ ਝੂਠ ਨਾ ਬੋਲ।” 17ਪਰ ਉਹ ਔਰਤ ਗਰਭਵਤੀ ਹੋਈ ਅਤੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਹ ਦੇ ਪੁੱਤਰ ਜੰਮਿਆ। 18ਜਦੋਂ ਬਾਲਕ ਵੱਡਾ ਹੋਇਆ, ਤਾਂ ਇੱਕ ਦਿਨ ਉਹ ਆਪਣੇ ਪਿਉ ਕੋਲ ਵਾਢਿਆਂ ਵੱਲ ਚੱਲਿਆ ਗਿਆ। 19ਅਤੇ ਉਹ ਆਪਣੇ ਪਿਉ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ, ਹਾਏ ਮੇਰਾ ਸਿਰ!” ਉਹ ਨੇ ਆਪਣੇ ਇੱਕ ਸੇਵਕ ਨੂੰ ਆਖਿਆ, “ਉਹ ਨੂੰ ਉਹ ਦੀ ਮਾਂ ਕੋਲ ਲੈ ਜਾ।” 20ਜਦੋਂ ਉਹ ਉਸ ਨੂੰ ਚੁੱਕ ਕੇ ਉਹ ਦੀ ਮਾਂ ਕੋਲ ਅੰਦਰ ਲੈ ਗਿਆ, ਤਾਂ ਉਹ ਦੁਪਹਿਰ ਤੱਕ ਉਹ ਦੇ ਗੋਡਿਆਂ ਉੱਤੇ ਬੈਠਾ ਰਿਹਾ, ਫੇਰ ਮਰ ਗਿਆ। 21ਤਦ ਉਹ ਨੇ ਉੱਤੇ ਜਾ ਕੇ ਉਹ ਨੂੰ ਪਰਮੇਸ਼ੁਰ ਦੇ ਜਨ ਦੇ ਮੰਜੇ ਉੱਤੇ ਲਿਟਾ ਦਿੱਤਾ ਅਤੇ ਦਰਵਾਜ਼ਾ ਬੰਦ ਕਰ ਕੇ ਬਾਹਰ ਚਲੀ ਗਈ। 22ਉਹ ਨੇ ਆਪਣੇ ਪਤੀ ਨੂੰ ਸੱਦ ਕੇ ਆਖਿਆ, “ਜੁਆਨਾਂ ਵਿੱਚੋਂ ਇੱਕ ਜਣਾ ਨਾਲੇ ਇੱਕ ਗਧੀ ਮੇਰੇ ਕੋਲ ਭੇਜ ਕਿ ਮੈਂ ਪਰਮੇਸ਼ੁਰ ਦੇ ਜਨ ਕੋਲ ਭੱਜ ਕੇ ਜਾਂਵਾਂ ਤੇ ਮੁੜ ਆਵਾਂ।” 23ਅੱਗੋਂ ਉਹ ਬੋਲਿਆ, “ਅੱਜ ਤੂੰ ਕਿਉਂ ਉਹ ਦੇ ਕੋਲ ਜਾਂਦੀ ਹੈਂ, ਨਾ ਨਵਾਂ ਚੰਦ ਹੈ ਨਾ ਸਬਤ?” ਪਰ ਉਹ ਬੋਲੀ ਸਲਾਮਤੀ ਹੀ ਹੋਵੇਗੀ। 24ਤਦ ਉਹ ਨੇ ਗਧੀ ਉੱਤੇ ਕਾਠੀ ਕੱਸੀ ਅਤੇ ਆਪਣੇ ਸੇਵਕ ਨੂੰ ਆਖਿਆ, “ਹੱਕ ਲੈ ਤੇ ਅੱਗੇ ਵੱਧ। ਜਦ ਤੱਕ ਮੈਂ ਤੈਨੂੰ ਨਾ ਆਖਾਂ ਮੇਰੇ ਕਾਰਨ ਸਵਾਰੀ ਹੱਕਣ ਵਿੱਚ ਢਿੱਲ ਨਾ ਕਰੀਂ।” 25ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਜਦੋਂ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ, ਤਾਂ ਉਸ ਨੇ ਆਪਣੇ ਦਾਸ ਗੇਹਾਜੀ ਨੂੰ ਆਖਿਆ, “ਵੇਖ, ਓਹ ਸ਼ੂਨੰਮੀ ਔਰਤ ਹੈ।” 26ਤੂੰ ਹੁਣ ਭੱਜ ਕੇ ਉਹ ਨੂੰ ਮਿਲ ਤੇ ਉਹ ਨੂੰ ਪੁੱਛ ਕਿ ਤੂੰ ਰਾਜੀ ਬਾਜ਼ੀ ਤਾਂ ਹੈਂ? ਤੇਰਾ ਪਤੀ ਰਾਜੀ ਬਾਜ਼ੀ ਹੈ? ਬਾਲਕ ਰਾਜੀ ਬਾਜ਼ੀ ਹੈ? ਅੱਗੋਂ ਉਹ ਬੋਲੀ, “ਸੁੱਖ-ਸਾਂਦ ਹੈ।” 27ਪਰ ਜਦੋਂ ਉਹ ਪਰਮੇਸ਼ੁਰ ਦੇ ਜਨ ਕੋਲ ਪਰਬਤ ਉੱਤੇ ਆਈ, ਤਾਂ ਉਸ ਦੇ ਪੈਰ ਫੜ ਲਏ ਅਤੇ ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ ਪਰ ਪਰਮੇਸ਼ੁਰ ਦੇ ਜਨ ਨੇ ਆਖਿਆ, “ਉਹ ਨੂੰ ਰਹਿਣ ਦੇ, ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ ਪਰ ਯਹੋਵਾਹ ਨੇ ਇਹ ਮੇਰੇ ਤੋਂ ਲੁਕਾਇਆ ਤੇ ਮੈਨੂੰ ਨਾ ਦੱਸਿਆ।” 28ਤਦ ਉਹ ਬੋਲੀ, “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਇਹ ਨਹੀਂ ਸੀ ਆਖਿਆ ਕਿ ਮੈਨੂੰ ਧੋਖਾ ਨਾ ਦੇਵੀਂ?” 29ਤਾਂ ਉਸ ਨੇ ਗੇਹਾਜੀ ਨੂੰ ਕਿਹਾ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ ਅਤੇ ਜੇ ਕੋਈ ਆਦਮੀ ਪਰਨਾਮ ਕਰੇਂ ਤਾਂ ਤੂੰ ਉਹ ਨੂੰ ਉੱਤਰ ਨਾ ਦੇਵੀਂ। ਫੇਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ।” 30ਪਰ ਮੁੰਡੇ ਦੀ ਮਾਂ ਬੋਲੀ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗੀ।” ਸੋ ਉਹ ਉੱਠ ਕੇ ਉਹ ਦੇ ਮਗਰ ਤੁਰ ਪਿਆ। 31ਗੇਹਾਜੀ ਉਨ੍ਹਾਂ ਤੋਂ ਪਹਿਲਾਂ ਤੁਰ ਗਿਆ ਤੇ ਮੁੰਡੇ ਦੇ ਮੂੰਹ ਉੱਤੇ ਲਾਠੀ ਰੱਖੀ ਪਰ ਨਾ ਅਵਾਜ਼ ਸੀ ਨਾ ਸੁਰਤ, ਇਸ ਲਈ ਉਹ ਉਸ ਨੂੰ ਮਿਲਣ ਲਈ ਮੁੜਿਆ ਅਤੇ ਉਸ ਨੂੰ ਦੱਸਿਆ ਕਿ ਬਾਲਕ ਨਹੀਂ ਜਾਗਿਆ। 32ਜਦੋਂ ਅਲੀਸ਼ਾ ਘਰ ਵਿੱਚ ਆਇਆ, ਵੇਖੋ ਬਾਲਕ ਮਰਿਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ। 33ਉਹ ਅੰਦਰ ਗਿਆ ਅਤੇ ਉਨ੍ਹਾਂ ਦੋਵਾਂ ਲਈ ਦਰਵਾਜ਼ਾ ਬੰਦ ਕਰ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ। 34ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ, ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ, ਆਪਣੀਆਂ ਅੱਖਾਂ ਉਹ ਦੀਆਂ ਅੱਖਾਂ ਉੱਤੇ, ਆਪਣੇ ਹੱਥ ਉਹ ਦੇ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ। 35ਫੇਰ ਉਹ ਉੱਠਿਆ ਅਤੇ ਇੱਕ ਵਾਰੀ ਘਰ ਵਿੱਚ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਬਾਲਕ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣੀਆਂ ਅੱਖਾਂ ਖੋਲ੍ਹੀਆਂ। 36ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, “ਇਸ ਸ਼ੂਨੰਮੀ ਨੂੰ ਸੱਦ ਲੈ।” ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦੋਂ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, “ਆਪਣੇ ਪੁੱਤਰ ਨੂੰ ਚੁੱਕ ਲੈ।” 37ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ, ਆਪਣੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਚੱਲੀ ਗਈ।
ਸ਼ਾਮ ਦੀ ਪ੍ਰਾਰਥਨਾ: ਪਾਠ (13ਵਾਂ ਪਾਠ)
11ਤਦ ਉਹ ਦੀ ਪਰਜਾ ਨੇ ਮੂਸਾ ਦੇ ਪ੍ਰਾਚੀਨ ਦਿਨਾਂ ਨੂੰ ਯਾਦ ਕੀਤਾ ਅਤੇ ਆਖਣ ਲੱਗੇ, - ਉਹ ਕਿੱਥੇ ਹੈ ਜੋ ਉਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਨੂੰ ਉਹਨਾਂ ਦੇ ਅਯਾਲੀ ਸਮੇਤ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ? 12ਜਿਸ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਦੇ ਨਾਲ ਕਰ ਦਿੱਤਾ? ਜਿਸ ਨੇ ਉਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ? 13ਜਿਸ ਨੇ ਡੁੰਘਿਆਈਆਂ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ? ਜਿਵੇਂ ਘੋੜਾ ਉਜਾੜ ਵਿੱਚ, ਤਿਵੇਂ ਉਹਨਾਂ ਨੇ ਠੋਕਰ ਨਾ ਖਾਧੀ। 14ਜਿਵੇਂ ਪਸ਼ੂ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਉਹਨਾਂ ਨੂੰ ਅਰਾਮ ਦਿੱਤਾ। ਤੂੰ ਇਸੇ ਤਰ੍ਹਾਂ ਆਪਣੀ ਪਰਜਾ ਦੀ ਅਗਵਾਈ ਕੀਤੀ, ਤਾਂ ਜੋ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ। 15ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ। 16ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕ ਕਾਲ ਤੋਂ ਹੈਂ। 17ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ। 18ਥੋੜ੍ਹੇ ਸਮੇਂ ਲਈ ਹੀ ਤੇਰੀ ਪਵਿੱਤਰ ਪਰਜਾ ਨੇ ਤੇਰੇ ਪਵਿੱਤਰ ਅਸਥਾਨ ਨੂੰ ਆਪਣੇ ਅਧਿਕਾਰ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ। 19ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ। 64:1ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜ ਕੇ ਉਤਰ ਆਵੇਂ ਤਾਂ ਜੋ ਤੇਰੀ ਹਜ਼ੂਰੀ ਤੋਂ ਪਰਬਤ ਕੰਬ ਜਾਣ! 2ਜਿਵੇਂ ਅੱਗ ਝਾੜੀਆਂ ਨੂੰ ਸਾੜਦੀ ਅਤੇ ਪਾਣੀ ਨੂੰ ਉਬਾਲਦੀ, ਤਿਵੇਂ ਹੀ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ! 3ਜਦ ਤੂੰ ਭਿਆਨਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਰਬਤ ਕੰਬ ਗਏ। 4ਪ੍ਰਾਚੀਨ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਤੇਰੇ ਬਿਨ੍ਹਾਂ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ। 5ਤੂੰ ਉਹਨਾਂ ਦੀ ਮਦਦ ਲਈ ਆਉਂਦਾ ਹੈਂ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਅਤੇ ਜੋ ਤੇਰੇ ਰਾਹਾਂ ਵਿੱਚ ਤੁਰਦੇ ਹੋਏ ਤੈਨੂੰ ਯਾਦ ਰੱਖਦੇ ਹਨ। ਵੇਖ, ਤੂੰ ਕ੍ਰੋਧਵਾਨ ਹੋਇਆ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕਰਦੇ ਰਹੇ - ਅਸੀਂ ਕਿਸ ਤਰ੍ਹਾਂ ਬਚਾਂਗੇ?
ਸ਼ਾਮ ਦੀ ਪ੍ਰਾਰਥਨਾ: ਪਾਠ (14ਵਾਂ ਪਾਠ)
31ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ 32ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਸੁਆਮੀ ਸੀ, ਯਹੋਵਾਹ ਦਾ ਵਾਕ ਹੈ 33ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ 34ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ।
ਸ਼ਾਮ ਦੀ ਪ੍ਰਾਰਥਨਾ: ਪਾਠ (15ਵਾਂ ਪਾਠ)
ਪੱਤ੍ਰੀ
3ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ, ਉਸ ਦੀ ਮੌਤ ਵਿੱਚ ਬਪਤਿਸਮਾ ਲਿਆ? 4ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਹ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। 5ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਜੋੜੇ ਗਏ ਤਾਂ ਉਸ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ। 6ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਤਾਂ ਜੋ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਹੁਣ ਅਸੀਂ ਅੱਗੇ ਤੋਂ ਪਾਪ ਦੀ ਗੁਲਾਮੀ ਨਾ ਕਰੀਏ। 7ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ। 8ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮਰੇ ਤਾਂ ਸਾਨੂੰ ਵਿਸ਼ਵਾਸ ਹੈ ਜੋ ਅਸੀਂ ਉਹ ਦੇ ਨਾਲ ਜੀਵਾਂਗੇ ਵੀ। 9ਕਿਉਂ ਜੋ ਅਸੀਂ ਇਹ ਜਾਣਦੇ ਹਾਂ ਕਿ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰੇਗਾ, ਹੁਣ ਅੱਗੇ ਤੋਂ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ। 10ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ ਇੱਕੋ ਵਾਰ ਮੋਇਆ, ਪਰ ਜਿਹੜਾ ਜੀਵਨ ਉਹ ਜਿਉਂਦਾ ਹੈ ਉਹ ਪਰਮੇਸ਼ੁਰ ਦੇ ਕਾਰਨ ਜਿਉਂਦਾ ਹੈ। 11ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮਰੇ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸ਼ੁਰ ਲਈ ਜਿਉਂਦੇ ਸਮਝੋ।
ਇੰਜੀਲ
1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ। 2ਅਤੇ ਵੇਖੋ ਇੱਕ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਅਕਾਸ਼ੋਂ ਉਤਰਿਆ ਅਤੇ ਨੇੜੇ ਆ ਕੇ ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3ਉਹ ਦਾ ਰੂਪ ਬਿਜਲੀ ਵਰਗਾ ਅਤੇ ਉਹ ਦਾ ਬਸਤਰ ਬਰਫ਼ ਦੀ ਤਰ੍ਹਾਂ ਚਿੱਟਾ ਸੀ। 4ਅਤੇ ਉਹ ਦੇ ਡਰ ਦੇ ਕਾਰਨ ਰਖਵਾਲੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂੰ ਹੋ ਗਏ। 5ਪਰ ਦੂਤ ਨੇ ਔਰਤਾਂ ਨੂੰ ਕਿਹਾ, ਤੁਸੀਂ ਨਾ ਡਰੋ ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯਿਸੂ ਨੂੰ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਲੱਭਦੀਆਂ ਹੋ। 6ਉਹ ਐਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। 7ਅਤੇ ਜਲਦੀ ਜਾ ਕੇ ਉਹ ਦੇ ਚੇਲਿਆਂ ਨੂੰ ਆਖੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ, ਉਹ ਨੂੰ ਤੁਸੀਂ ਉੱਥੇ ਵੇਖੋਗੇ। ਲਓ ਮੈਂ ਤੁਹਾਨੂੰ ਦੱਸ ਦਿੱਤਾ। 8ਅਤੇ ਉਹ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਜਲਦੀ ਚੱਲ ਕੇ ਉਹ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ ਗਈਆਂ। 9ਅਤੇ ਵੇਖੋ ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਬੋਲਿਆ, ਸੁਖੀ ਰਹੋ! ਅਤੇ ਉਨ੍ਹਾਂ ਨੇ ਕੋਲ ਆ ਕੇ ਯਿਸੂ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ। 10ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਡਰੋ ਨਾ, ਜਾਓ, ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ। 11ਜਿਸ ਵੇਲੇ ਉਹ ਜਾ ਰਹੀਆਂ ਸਨ ਤਾਂ ਵੇਖੋ ਪਹਿਰੇ ਵਾਲਿਆਂ ਵਿੱਚੋਂ ਕਈਆਂ ਨੇ ਸ਼ਹਿਰ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ। 12ਅਤੇ ਉਹ ਬਜ਼ੁਰਗਾਂ ਦੇ ਨਾਲ ਇਕੱਠੇ ਹੋਏ ਅਤੇ ਯੋਜਨਾਂ ਬਣਾ ਕੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ 13ਅਤੇ ਬੋਲੇ, ਤੁਸੀਂ ਇਹ ਆਖਣਾ ਕਿ ਜਦ ਅਸੀਂ ਸੁੱਤੇ ਹੋਏ ਸੀ, ਉਹ ਦੇ ਚੇਲੇ ਰਾਤ ਨੂੰ ਆ ਕੇ ਉਹ ਨੂੰ ਚੁਰਾ ਲੈ ਗਏ 14ਅਤੇ ਜੇ ਇਹ ਗੱਲ ਹਾਕਮ ਦੇ ਕੰਨਾਂ ਤੱਕ ਪਹੁੰਚੇ ਤਾਂ ਅਸੀਂ ਉਹ ਨੂੰ ਮਨਾ ਕੇ ਤੁਹਾਨੂੰ ਬਰੀ ਕਰ ਦਿਆਂਗੇ। 15ਸੋ ਉਨ੍ਹਾਂ ਨੇ ਰੁਪਏ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਿਖਾਏ ਗਏ ਸਨ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ। 16ਫੇਰ ਉਹ ਗਿਆਰ੍ਹਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿਹੜਾ ਯਿਸੂ ਨੇ ਉਨ੍ਹਾਂ ਲਈ ਠਹਿਰਾਇਆ ਹੋਇਆ ਸੀ। 17ਅਤੇ ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕਈਆਂ ਨੇ ਸ਼ੱਕ ਕੀਤਾ। 18ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। 19ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 20ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 18 ਸਿਵਲ ਕੈਲੰਡਰ ਦਾ ਮਈ 1 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ