ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 23
ਆਰਥੋਡਾਕਸ ਕੈਲੰਡਰ · 10 ਅਪ੍ਰੈਲ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 23 ਅਪ੍ਰੈਲ 2027
ਸ਼ੁੱਕਰਵਾਰ · ਵੱਡੇ ਚਾਲੀਸੇ ਦਾ ਛੇਵਾਂ ਹਫ਼ਤਾ · ਸੁਰ 5
ਤਿਉਹਾਰ ਅਤੇ ਸੰਤ
Martyrs Terence, Pompius, and with them Africanus, Macarius, Xeno, Alexander and the other 33 beheaded at Carthage († c.249-251)
ਵੱਡਾ ਚਾਲੀਸਾ
ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਛੇਵਾਂ ਘੰਟਾ
10ਹੇ ਯਰੂਸ਼ਲਮ ਦੇ ਸਾਰੇ ਪ੍ਰੇਮੀਓ! ਉਸ ਦੇ ਨਾਲ ਨਿਹਾਲ ਹੋਵੋ, ਉਸ ਨਾਲ ਅਨੰਦ ਕਰੋ ਅਤੇ ਬਾਗ-ਬਾਗ ਹੋਵੋ, ਹੇ ਉਸ ਦੇ ਲਈ ਸੋਗ ਕਰਨ ਵਾਲਿਓ! ਉਸ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ! 11ਤਾਂ ਜੋ ਤੁਸੀਂ ਉਸ ਦੀਆਂ ਤਸੱਲੀ ਦੀਆਂ ਦੁੱਧੀਆਂ ਚੁੰਘੋ ਅਤੇ ਰੱਜ ਜਾਓ, ਤੁਸੀਂ ਰੱਜ ਜਾਓ ਅਤੇ ਉਸ ਦੀ ਸ਼ਾਨ ਦੀ ਬਹੁਤਾਇਤ ਨਾਲ ਆਪਣੇ ਆਪ ਨੂੰ ਮਗਨ ਕਰੋ। 12ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਸ਼ਾਂਤੀ ਦਰਿਆ ਵਾਂਗੂੰ, ਅਤੇ ਕੌਮਾਂ ਦਾ ਮਾਲ-ਧਨ ਨਦੀ ਦੇ ਹੜ੍ਹ ਵਾਂਗੂੰ ਉਸ ਤੱਕ ਪਹੁੰਚਾਵਾਂਗਾ ਅਤੇ ਤੁਸੀਂ ਚੁੰਘੋਗੇ, ਤੁਸੀਂ ਕੁੱਛੜ ਚੁੱਕੇ ਜਾਓਗੇ ਅਤੇ ਗੋਡਿਆਂ ਉੱਤੇ ਕੁਦਾਏ ਜਾਓਗੇ। 13ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਨੂੰ ਦਿਲਾਸਾ ਦਿੰਦੀ ਹੈ, ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿਆਂਗਾ, ਅਤੇ ਤੁਸੀਂ ਯਰੂਸ਼ਲਮ ਦੇ ਵਿਖੇ ਦਿਲਾਸਾ ਪਾਓਗੇ। 14ਤੁਸੀਂ ਵੇਖੋਗੇ ਅਤੇ ਤੁਹਾਡਾ ਦਿਲ ਖੁਸ਼ ਹੋਵੇਗਾ, ਅਤੇ ਤੁਹਾਡੀਆਂ ਹੱਡੀਆਂ ਘਾਹ ਵਾਂਗੂੰ ਹਰੀਆਂ-ਭਰੀਆਂ ਹੋਣਗੀਆਂ ਅਤੇ ਇਹ ਪਰਗਟ ਹੋਵੇਗਾ ਕਿ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ, ਪਰ ਉਸਦਾ ਕਹਿਰ ਉਸ ਦੇ ਵੈਰੀਆਂ ਉੱਤੇ ਹੈ। 15ਵੇਖੋ, ਯਹੋਵਾਹ ਅੱਗ ਨਾਲ ਆਵੇਗਾ, ਅਤੇ ਉਹ ਦੇ ਰਥ ਵਾਵਰੋਲੇ ਵਾਂਗੂੰ, ਤਾਂ ਜੋ ਉਹ ਆਪਣਾ ਕ੍ਰੋਧ ਤੇਜ਼ੀ ਨਾਲ, ਅਤੇ ਆਪਣੀ ਤਾੜ ਅੱਗ ਦੀਆਂ ਲਾਟਾਂ ਨਾਲ ਪਾਵੇ, 16ਕਿਉਂ ਜੋ ਯਹੋਵਾਹ ਅੱਗ ਨਾਲ, ਅਤੇ ਆਪਣੀ ਤਲਵਾਰ ਨਾਲ ਹਰੇਕ ਪ੍ਰਾਣੀ ਦਾ ਨਿਆਂ ਕਰੇਗਾ, ਅਤੇ ਯਹੋਵਾਹ ਦੇ ਵੱਢੇ ਹੋਏ ਬਹੁਤ ਹੋਣਗੇ। 17ਜੋ ਆਪਣੇ ਆਪ ਨੂੰ ਇਸ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ ਕਿ ਬਾਗ਼ਾਂ ਵਿੱਚ ਜਾਣ, ਅਤੇ ਉਸ ਦੇ ਪਿੱਛੇ ਚੱਲਦੇ ਹਨ ਜੋ ਸੂਰ ਦਾ ਮਾਸ, ਚੂਹੇ ਅਤੇ ਹੋਰ ਘਿਣਾਉਣੀਆਂ ਚੀਜ਼ਾਂ ਖਾਂਦੇ ਹਨ, ਉਹ ਇਕੱਠੇ ਹੀ ਮੁੱਕ ਜਾਣਗੇ ਯਹੋਵਾਹ ਦਾ ਵਾਕ ਹੈ। 18ਮੈਂ ਉਹਨਾਂ ਦੇ ਕੰਮ ਅਤੇ ਉਹਨਾਂ ਦੇ ਖ਼ਿਆਲ ਚੰਗੀ ਤਰ੍ਹਾਂ ਜਾਣਦਾ ਹਾਂ, ਇਸ ਲਈ ਉਹ ਸਮਾਂ ਆਉਂਦਾ ਹੈ ਜਦ ਮੈਂ ਸਾਰੀਆਂ ਕੌਮਾਂ ਅਤੇ ਬੋਲੀਆਂ ਨੂੰ ਇਕੱਠਾ ਕਰਾਂਗਾ, ਅਤੇ ਉਹ ਆਉਣਗੀਆਂ ਅਤੇ ਮੇਰੇ ਪਰਤਾਪ ਨੂੰ ਵੇਖਣਗੀਆਂ। 19ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ। 20ਜਿਵੇਂ ਇਸਰਾਏਲੀ ਆਪਣੀ ਭੇਟ ਸਾਫ਼ ਭਾਂਡੇ ਵਿੱਚ ਯਹੋਵਾਹ ਦੇ ਭਵਨ ਨੂੰ ਲੈ ਆਉਂਦੇ ਹਨ, ਉਸੇ ਤਰ੍ਹਾਂ ਉਹ ਤੁਹਾਡੇ ਭਰਾਵਾਂ ਨੂੰ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਦੀ ਭੇਟ ਕਰਕੇ ਘੋੜਿਆਂ ਉੱਤੇ, ਰਥਾਂ ਵਿੱਚ, ਪਾਲਕੀਆਂ ਵਿੱਚ, ਖੱਚਰਾਂ ਉੱਤੇ ਅਤੇ ਊਠਾਂ ਉੱਤੇ, ਮੇਰੇ ਪਵਿੱਤਰ ਪਰਬਤ ਯਰੂਸ਼ਲਮ ਨੂੰ ਲੈ ਆਉਣਗੇ, ਯਹੋਵਾਹ ਦਾ ਬਚਨ ਹੈ। 21ਅਤੇ ਉਹਨਾਂ ਵਿੱਚੋਂ ਵੀ ਮੈਂ ਕੁਝ ਨੂੰ ਜਾਜਕ ਅਤੇ ਲੇਵੀ ਹੋਣ ਲਈ ਚੁਣਾਂਗਾ, ਯਹੋਵਾਹ ਆਖਦਾ ਹੈ। 22ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ। 23ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ, ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ, 24ਮੇਰੇ ਲੋਕ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਾ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ।
ਸ਼ਾਮ ਦੀ ਪ੍ਰਾਰਥਨਾ: ਪਾਠ
33ਜਦ ਯਾਕੂਬ ਆਪਣੇ ਪੁੱਤਰਾਂ ਨੂੰ ਆਗਿਆ ਦੇ ਚੁੱਕਿਆ ਤਾਂ ਉਸ ਨੇ ਆਪਣੇ ਪੈਰ ਮੰਜੇ ਉੱਤੇ ਇਕੱਠੇ ਕਰ ਲਏ ਅਤੇ ਆਪਣੇ ਪ੍ਰਾਣ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ। 50:1ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ। 2ਫੇਰ ਯੂਸੁਫ਼ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਇਸ ਲਈ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ। 3ਅਤੇ ਜਦ ਉਸ ਦੇ ਚਾਲ੍ਹੀ ਦਿਨ ਪੂਰੇ ਹੋ ਗਏ, ਕਿਉਂ ਜੋ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਵਿਰਲਾਪ ਕਰਦੇ ਰਹੇ। 4ਅਤੇ ਜਦ ਵਿਰਲਾਪ ਦੇ ਦਿਨ ਬੀਤ ਗਏ, ਤਦ ਯੂਸੁਫ਼ ਨੇ ਫ਼ਿਰਊਨ ਦੇ ਘਰਾਣੇ ਨੂੰ ਇਹ ਗੱਲ ਆਖੀ, ਕਿ ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੈ ਤਾਂ ਮੇਰੀ ਇਹ ਗੱਲ ਫ਼ਿਰਊਨ ਨੂੰ ਬੋਲੋ, 5ਮੇਰੇ ਪਿਤਾ ਨੇ ਮੈਥੋਂ ਇਹ ਸਹੁੰ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ, ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ਼ ਵਿੱਚ ਪੁੱਟਿਆ ਸੀ ਦੱਬੀਂ, ਇਸ ਲਈ ਹੁਣ ਮੈਨੂੰ ਉੱਥੇ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦੀ ਇਜਾਜ਼ਤ ਦੇਵੇ ਅਤੇ ਇਸ ਤੋਂ ਬਾਅਦ ਮੈਂ ਮੁੜ ਆਵਾਂਗਾ। 6ਤਦ ਫ਼ਿਰਊਨ ਨੇ ਆਖਿਆ, ਜਾ ਅਤੇ ਆਪਣੇ ਪਿਤਾ ਦੀ ਸਹੁੰ ਦੇ ਅਨੁਸਾਰ ਉਸ ਨੂੰ ਦਫ਼ਨਾ ਦੇ। 7ਇਸ ਲਈ ਯੂਸੁਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ, ਅਤੇ ਉਸ ਦੇ ਨਾਲ ਫ਼ਿਰਊਨ ਦੇ ਸਾਰੇ ਸੇਵਕ, ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ਼ ਦੇ ਸਾਰੇ ਬਜ਼ੁਰਗ ਗਏ। 8ਅਤੇ ਯੂਸੁਫ਼ ਦਾ ਸਾਰਾ ਘਰਾਣਾ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਏ, ਸਿਰਫ਼ ਉਨ੍ਹਾਂ ਦੇ ਬੱਚੇ, ਇੱਜੜ ਅਤੇ ਚੌਣੇ ਗੋਸ਼ਨ ਦੇਸ਼ ਵਿੱਚ ਰਹਿ ਗਏ। 9ਉਸ ਦੇ ਨਾਲ ਰਥ ਵੀ ਅਤੇ ਸਵਾਰ ਵੀ ਗਏ ਇਸ ਤਰ੍ਹਾਂ ਵੱਡੀ ਭੀੜ ਹੋ ਗਈ। 10ਫਿਰ ਉਹ ਆਤਾਦ ਦੇ ਪਿੜ ਤੱਕ ਆਏ ਜਿਹੜਾ ਯਰਦਨ ਪਾਰ ਹੈ, ਉੱਥੇ ਉਨ੍ਹਾਂ ਨੇ ਬਹੁਤ ਜਿਆਦਾ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ, ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਤੱਕ ਅਫ਼ਸੋਸ ਕੀਤਾ। 11ਉਸ ਦੇਸ਼ ਦੇ ਰਹਿਣ ਵਾਲੇ ਕਨਾਨੀਆਂ ਨੇ ਉਸ ਸੋਗ ਨੂੰ ਆਤਾਦ ਦੇ ਪਿੜ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਇਹ ਭਾਰੀ ਸੋਗ ਹੈ ਇਸ ਕਾਰਨ ਉਸ ਦਾ ਨਾਮ ਆਬੇਲ ਮਿਸਰਾਈਮ ਰੱਖਿਆ ਗਿਆ, ਜਿਹੜਾ ਯਰਦਨ ਪਾਰ ਹੈ। 12ਉਸ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ। 13ਉਸ ਦੇ ਪੁੱਤਰ ਉਹ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਹ ਨੂੰ ਮਕਫ਼ੇਲਾਹ ਦੀ ਪੈਲੀ ਦੀ ਗੁਫ਼ਾ ਵਿੱਚ ਦਫ਼ਨਾਇਆ, ਜਿਸ ਪੈਲੀ ਨੂੰ ਅਬਰਾਹਾਮ ਨੇ ਅਫ਼ਰੋਨ ਹਿੱਤੀ ਤੋਂ ਕਬਰ ਦੀ ਵਿਰਾਸਤ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ। 14ਉਪਰੰਤ ਯੂਸੁਫ਼ ਆਪ ਅਤੇ ਉਸ ਦੇ ਭਰਾ ਅਤੇ ਸਭ ਜਿਹੜੇ ਉਸ ਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਸ ਦੇ ਪਿਤਾ ਨੂੰ ਦੱਬਣ ਦੇ ਮਗਰੋਂ ਮਿਸਰ ਨੂੰ ਮੁੜ ਆਏ। 15ਜਦ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਾਇਦ ਯੂਸੁਫ਼ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਥੋਂ ਸਾਡੀ ਬੁਰਿਆਈ ਦਾ ਬਦਲਾ ਜ਼ਰੂਰ ਲਵੇਗਾ, ਜਿਹੜੀ ਅਸੀਂ ਉਹ ਦੇ ਨਾਲ ਕੀਤੀ ਸੀ। 16ਉਨ੍ਹਾਂ ਨੇ ਯੂਸੁਫ਼ ਨੂੰ ਇਹ ਸੁਨੇਹਾ ਭੇਜਿਆ, ਕਿ ਤੁਹਾਡੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਆਗਿਆ ਦਿੱਤੀ ਸੀ, 17ਯੂਸੁਫ਼ ਨੂੰ ਇਹ ਆਖਣਾ ਕਿ ਕਿਰਪਾ ਕਰ ਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨ੍ਹਾਂ ਦੇ ਪਾਪ ਮਾਫ਼ ਕਰ ਦੇ ਕਿਉਂ ਜੋ ਉਨ੍ਹਾਂ ਨੇ ਤੁਹਾਡੇ ਨਾਲ ਬੁਰਿਆਈ ਕੀਤੀ, ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਦਾਸਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਉੱਤੇ ਰੋ ਪਿਆ। 18ਤਦ ਉਸ ਦੇ ਭਰਾ ਵੀ ਉਸ ਦੇ ਅੱਗੇ ਜਾ ਕੇ ਡਿੱਗ ਪਏ ਅਤੇ ਉਨ੍ਹਾਂ ਆਖਿਆ, ਵੇਖੋ ਅਸੀਂ ਤੁਹਾਡੇ ਦਾਸ ਹਾਂ। 19ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ। ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ? 20ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ। 21ਹੁਣ ਤੁਸੀਂ ਨਾ ਡਰੋ। ਮੈਂ ਤੁਹਾਡੀ ਅਤੇ ਤੁਹਾਡੇ ਬਾਲ ਬੱਚਿਆਂ ਦੀ ਪਾਲਣਾ ਕਰਾਂਗਾ। ਸੋ ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ। 22ਯੂਸੁਫ਼ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਦੇਸ਼ ਵਿੱਚ ਵੱਸਿਆ ਅਤੇ ਯੂਸੁਫ਼ ਇੱਕ ਸੌ ਦਸ ਸਾਲਾਂ ਤੱਕ ਜੀਉਂਦਾ ਰਿਹਾ। 23ਯੂਸੁਫ਼ ਨੇ ਇਫ਼ਰਾਈਮ ਦੇ ਪੁੱਤਰਾਂ ਨੂੰ ਤੀਜੀ ਪੀੜ੍ਹੀ ਤੱਕ ਵੇਖਿਆ ਅਤੇ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਬੱਚਿਆਂ ਨੂੰ ਵੀ, ਯੂਸੁਫ਼ ਨੇ ਉਹਨਾਂ ਨੂੰ ਗੋਦ ਵਿੱਚ ਲਿਆ। 24ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ, ਜਿਸ ਦੀ ਸਹੁੰ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ। 25ਤਦ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਤੋਂ ਇਹ ਸਹੁੰ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ। 26ਯੂਸੁਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਤਾਬੂਤ ਵਿੱਚ ਰੱਖਿਆ ਗਿਆ।
ਸ਼ਾਮ ਦੀ ਪ੍ਰਾਰਥਨਾ: ਪਾਠ
8ਗੂੰਗਿਆਂ ਦੇ ਲਈ ਆਪਣਾ ਮੂੰਹ ਖੋਲ੍ਹ, ਅਤੇ ਉਹਨਾਂ ਸਭਨਾਂ ਦੇ ਹੱਕ ਲਈ, ਜਿਹੜੇ ਅਨਾਥ ਹਨ। 9ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਂ ਕਰ, ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ। 10ਨੇਕ ਇਸਤਰੀ ਕਿਸਨੂੰ ਮਿਲਦੀ ਹੈ? ਕਿਉਂ ਜੋ ਉਹ ਦੀ ਕਦਰ ਹੀਰੇ ਮੋਤੀਆਂ ਨਾਲੋਂ ਬਹੁਤ ਵਧੇਰੇ ਹੈ। 11ਉਹ ਦੇ ਪਤੀ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ। 12ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ, ਬੁਰਿਆਈ ਨਹੀਂ। 13ਉਹ ਉੱਨ ਅਤੇ ਕਤਾਨ ਭਾਲ ਕੇ, ਖੁਸ਼ੀ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ। 14ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ, ਉਹ ਆਪਣਾ ਭੋਜਨ ਦੂਰੋਂ ਮੰਗਵਾਉਂਦੀ ਹੈ। 15ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਲਈ ਭੋਜਨ ਤਿਆਰ ਕਰਦੀ, ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ। 16ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ, ਅਤੇ ਆਪਣੇ ਹੱਥਾਂ ਦੀ ਕਮਾਈ ਨਾਲ ਦਾਖ ਦੀ ਬਾੜੀ ਲਾਉਂਦੀ ਹੈ। 17ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ, ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ। 18ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ, ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ। 19ਉਹ ਤੱਕਲੇ ਨੂੰ ਹੱਥ ਲਾਉਂਦੀ ਹੈ, ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ। 20ਉਹ ਮਸਕੀਨਾਂ ਲਈ ਮੁੱਠ ਖੋਲ੍ਹਦੀ ਹੈ, ਅਤੇ ਕੰਗਾਲਾਂ ਦੀ ਮਦਦ ਲਈ ਆਪਣਾ ਹੱਥ ਵਧਾਉਂਦੀ ਹੈ 21ਉਹ ਨੂੰ ਆਪਣੇ ਟੱਬਰ ਦੇ ਲਈ ਬਰਫ਼ ਦਾ ਡਰ ਨਹੀਂ, ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ। 22ਉਹ ਆਪਣੇ ਲਈ ਸਿਰਹਾਣੇ ਬਣਾਉਂਦੀ ਹੈ, ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ। 23ਉਹ ਦਾ ਪਤੀ ਸਭਾ ਵਿੱਚ ਪ੍ਰਧਾਨਾਂ ਨਾਲ ਬੈਠਦਾ ਹੈ, ਤਦ ਉਸ ਦਾ ਆਦਰ ਹੁੰਦਾ ਹੈ। 24ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ, ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ। 25ਬਲ ਅਤੇ ਮਾਣ ਉਹ ਦਾ ਲਿਬਾਸ ਹੈ, ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ। 26ਉਹ ਬੁੱਧ ਨਾਲ ਆਪਣਾ ਮੁੱਖ ਖੋਲਦੀ ਹੈ, ਅਤੇ ਉਹ ਦੀ ਗੱਲਾਂ ਕਿਰਪਾ ਦੀ ਸਿੱਖਿਆ ਨਾਲ ਭਰੀਆਂ ਹੋਈਆਂ ਹਨ। 27ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ। 28ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਆਖਦੇ ਹਨ, ਅਤੇ ਉਹ ਦਾ ਪਤੀ ਵੀ, ਅਤੇ ਉਹ ਉਸ ਦੀ ਵਡਿਆਈ ਕਰਦਾ ਹੈ, 29ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ, ਪਰ ਤੂੰ ਉਹਨਾਂ ਸਭਨਾਂ ਨਾਲੋਂ ਉੱਤਮ ਹੈਂ। 30ਸ਼ੋਭਾ ਝੂਠ ਛਲ ਹੈ ਅਤੇ ਸੁਹੱਪਣ ਵਿਅਰਥ ਹੈ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈਅ ਮੰਨਦੀ ਹੈ, ਉਹ ਦੀ ਵਡਿਆਈ ਕੀਤੀ ਜਾਵੇਗੀ। 31ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ, ਅਤੇ ਉਹ ਦੇ ਕੰਮਾਂ ਅਨੁਸਾਰ ਸਭਾ ਵਿੱਚ ਉਹ ਦੀ ਵਡਿਆਈ ਹੋਵੇ!
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਪ੍ਰੈਲ 10 ਸਿਵਲ ਕੈਲੰਡਰ ਦਾ ਅਪ੍ਰੈਲ 23 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ