Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਫ਼ਰਵਰੀ 2027 › ਫ਼ਰਵਰੀ 28

ਆਰਥੋਡਾਕਸ ਕੈਲੰਡਰ · 15 ਫ਼ਰਵਰੀ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 28 ਫ਼ਰਵਰੀ 2027

ਐਤਵਾਰ · ਸੁਰ 6

ਤਿਉਹਾਰ ਅਤੇ ਸੰਤ

ਉਜਾੜੂ ਪੁੱਤਰ ਦਾ ਐਤਵਾਰ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸਵੇਰ ਦੀ ਪ੍ਰਾਰਥਨਾ ਦੀ ਛੇਵੀਂ ਇੰਜੀਲ

ਲੂਕਾ 24:36–53

36ਉਹ ਇਹ ਗੱਲਾਂ ਕਰਦੇ ਹੀ ਸਨ ਕਿ ਯਿਸੂ ਆਪ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ। 37ਪਰ ਉਹ ਸਹਿਮ ਕੇ ਡਰ ਗਏ ਅਤੇ ਇਹ ਸਮਝੇ ਜੋ ਅਸੀਂ ਭੂਤ ਨੂੰ ਵੇਖਦੇ ਹਾਂ। 38ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ? 39ਮੇਰੇ ਹੱਥ ਅਤੇ ਮੇਰੇ ਪੈਰ ਵੇਖੋ, ਕਿ ਇਹ ਮੈਂ ਹੀ ਹਾਂ। ਮੈਨੂੰ ਛੂਹੋ ਅਤੇ ਵੇਖੋ ਕਿਉਂਕਿ ਆਤਮਾ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ। 40ਅਤੇ ਉਸ ਨੇ ਇਹ ਕਹਿ ਕੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਵਿਖਾਏ। 41ਤਦ ਉਹ ਖੁਸ਼ੀ ਦੇ ਮਾਰੇ ਅਜੇ ਵੀ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਹੈਰਾਨ ਹੋ ਰਹੇ ਸਨ, ਉਸ ਨੇ ਉਨ੍ਹਾਂ ਨੂੰ ਆਖਿਆ, ਕੀ ਤੁਹਾਡੇ ਕੋਲ ਕੁਝ ਭੋਜਨ ਹੈ? 42ਤਦ ਉਨ੍ਹਾਂ ਨੇ ਉਸ ਨੂੰ ਭੁੰਨੀ ਮੱਛੀ ਦਾ ਟੁੱਕੜਾ ਦਿੱਤਾ। 43ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾ ਲਿਆ। 44ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰੀਆਂ ਉਹੋ ਗੱਲਾਂ ਹਨ, ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਤੁਹਾਨੂੰ ਆਖੀਆਂ ਕਿ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ, ਜੋ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ। 45ਤਦ ਉਸ ਨੇ ਉਨ੍ਹਾਂ ਦੀ ਸਮਝ ਖੋਲ੍ਹ ਦਿੱਤੀ ਜੋ ਪਵਿੱਤਰ ਗ੍ਰੰਥਾਂ ਨੂੰ ਸਮਝ ਲੈਣ। 46ਅਤੇ ਉਨ੍ਹਾਂ ਨੂੰ ਆਖਿਆ ਕਿ ਇਹ ਲਿਖਿਆ ਹੈ ਜੋ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਫਿਰ ਜੀ ਉੱਠੇਗਾ। 47ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ। 48ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਗਵਾਹ ਹੋ। 49ਅਤੇ ਵੇਖੋ, ਮੈਂ ਆਪਣੇ ਪਿਤਾ ਦਾ ਵਾਇਦਾ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦ ਤੱਕ ਤੁਸੀਂ ਸਵਰਗੀ ਸਮਰੱਥਾ ਨਾ ਪਾਓ ਯਰੁਸ਼ਲਮ ਸ਼ਹਿਰ ਵਿੱਚ ਠਹਿਰੇ ਰਹੋ। 50ਯਿਸੂ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ ਅਤੇ ਆਪਣੇ ਹੱਥ ਉੱਠਾ ਕੇ ਉਨ੍ਹਾਂ ਨੂੰ ਬਰਕਤ ਦਿੱਤੀ। 51ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਉਨ੍ਹਾਂ ਨੂੰ ਬਰਕਤ ਦੇ ਰਿਹਾ ਸੀ ਤਾਂ ਉਹ ਉਨ੍ਹਾਂ ਤੋਂ ਅਲੱਗ ਹੋਇਆ ਅਤੇ ਸਵਰਗ ਵਿੱਚ ਉੱਠਾਇਆ ਗਿਆ। 52ਅਤੇ ਉਹ ਉਸ ਨੂੰ ਸੀਸ ਨਿਵਾ ਕੇ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਵਾਪਸ ਮੁੜ ਆਏ। 53ਅਤੇ ਹੈਕਲ ਵਿੱਚ ਹਰ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੇ।

ਪੱਤ੍ਰੀ

1 ਕੁਰਿੰਥੀ 6:12–20

12ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰੰਤੂ ਸਾਰੀਆਂ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰ ਮੈਂ ਕਿਸੇ ਵਸਤੂ ਦੇ ਅਧੀਨ ਨਹੀਂ ਹੋਵਾਂਗਾ। 13ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ੁਰ ਦੋਵਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ। 14ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉੱਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉੱਠਾਏਗਾ। 15ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕਦੇ ਨਹੀਂ! 16ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਉਹ ਦੇ ਨਾਲ ਇੱਕ ਦੇਹੀ ਹੋ ਜਾਂਦਾ ਹੈ? ਕਿਉਂ ਜੋ ਉਹ ਆਖਦਾ ਹੈ ਭਈ ਉਹ ਦੋਵੇਂ ਇੱਕ ਸਰੀਰ ਹੋਣਗੇ। 17ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ। 18ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ। 19ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? 20ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।

ਇੰਜੀਲ

ਲੂਕਾ 15:11–32

11ਫਿਰ ਯਿਸੂ ਨੇ ਕਿਹਾ ਕਿ ਇੱਕ ਆਦਮੀ ਦੇ ਦੋ ਪੁੱਤਰ ਸਨ। 12ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਆਖਿਆ, ਪਿਤਾ ਜੀ ਜਾਇਦਾਦ ਦਾ ਜੋ ਮੇਰਾ ਹਿੱਸਾ ਬਣਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸ ਨੇ ਉਨ੍ਹਾਂ ਨੂੰ ਜਾਇਦਾਦ ਵੰਡ ਦਿੱਤੀ। 13ਕੁਝ ਦਿਨਾਂ ਬਾਅਦ ਛੋਟਾ ਪੁੱਤਰ ਸੱਭੋ ਕੁਝ ਇਕੱਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਤੇ ਉੱਥੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਉਡਾ ਦਿੱਤਾ। 14ਜਦ ਉਹ ਸਭ ਖ਼ਰਚ ਕਰ ਚੁੱਕਿਆ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। 15ਤਦ ਉਹ ਉਸ ਦੇਸ ਦੇ ਕਿਸੇ ਵਸਨੀਕ ਦੇ ਕੋਲ ਚਲਾ ਗਿਆ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16ਅਤੇ ਉਹ ਉਨ੍ਹਾਂ ਛਿੱਲਕਿਆਂ ਨਾਲ ਜੋ ਸੂਰ ਖਾਂਦੇ ਸਨ, ਆਪਣਾ ਪੇਟ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। 17ਤਦ ਉਸ ਨੇ ਆਪਣੀ ਹੋਸ਼ ਵਿੱਚ ਆ ਕੇ ਕਿਹਾ ਜੋ ਮੇਰੇ ਪਿਤਾ ਦੇ ਕਿੰਨੇ ਹੀ ਨੌਕਰਾਂ ਲਈ ਵਾਧੂ ਭੋਜਨ ਹੈ, ਪਰ ਮੈਂ ਐਥੇ ਭੁੱਖਾ ਮਰਦਾ ਹਾਂ। 18ਮੈਂ ਆਪਣੇ ਪਿਤਾ ਕੋਲ ਜਾਂਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ। 19ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੇ ਨੌਕਰਾਂ ਵਿੱਚੋਂ ਇੱਕ ਜਿਹਾ ਰੱਖ ਲਓ। 20ਸੋ ਉਹ ਉੱਠ ਕੇ ਆਪਣੇ ਪਿਤਾ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲੇ ਲਾ ਲਿਆ ਅਤੇ ਉਸ ਨੂੰ ਚੁੰਮਿਆ। 21ਅਤੇ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ। ਹੁਣ ਮੈਂ ਇਸ ਲਾਇਕ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। 22ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਛੇਤੀ ਨਾਲ ਸਭ ਤੋਂ ਚੰਗੇ ਬਸਤਰ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰੀਂ ਜੁੱਤੀ ਪਾਓ। 23ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ। 24ਕਿਉਂ ਜੋ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ। ਸੋ ਉਹ ਖੁਸ਼ੀ ਕਰਨ ਲੱਗੇ। 25ਪਰ ਉਸ ਦਾ ਵੱਡਾ ਪੁੱਤਰ ਖੇਤ ਵਿੱਚ ਸੀ ਅਤੇ ਜਦ ਉਹ ਵਾਪਸ ਆਣ ਕੇ ਘਰ ਦੇ ਨੇੜੇ ਪੁੱਜਿਆ ਤਾਂ ਗਾਉਣ ਵਜਾਉਣ ਅਤੇ ਨੱਚਣ ਦੀ ਅਵਾਜ਼ ਸੁਣੀ। 26ਤਦ ਇੱਕ ਨੌਕਰ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਜੋ ਇਹ ਕੀ ਹੋ ਰਿਹਾ ਹੈ? 27ਨੌਕਰ ਨੇ ਉਸ ਨੂੰ ਦੱਸਿਆ, ਤੁਹਾਡਾ ਭਰਾ ਆਇਆ ਹੈ ਅਤੇ ਤੁਹਾਡੇ ਪਿਤਾ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ, ਇਸ ਲਈ ਜੋ ਉਸ ਨੂੰ ਭਲਾ ਚੰਗਾ ਪਾਇਆ। 28ਇਹ ਸੁਣ ਕੇ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਸ ਦਾ ਮਨ ਨਾ ਕੀਤਾ। ਸੋ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ। 29ਪਰ ਪੁੱਤਰ ਨੇ ਆਪਣੇ ਪਿਤਾ ਨੂੰ ਉੱਤਰ ਦਿੱਤਾ, ਵੇਖ ਮੈਂ ਐਨੇ ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਮੈਨੂੰ ਕਦੇ ਇੱਕ ਬੱਕਰੀ ਦਾ ਬੱਚਾ ਵੀ ਨਾ ਦਿੱਤਾ ਜੋ ਮੈਂ ਆਪਣੇ ਮਿੱਤਰਾਂ ਨਾਲ ਖੁਸ਼ੀ ਕਰਾਂ। 30ਪਰ ਜਦ ਤੁਹਾਡਾ ਇਹ ਪੁੱਤਰ ਆਇਆ ਜਿਸ ਨੇ ਤੁਹਾਡੀ ਸਾਰੀ ਪੂੰਜੀ ਵੇਸਵਾਂਵਾ ਉੱਤੇ ਉਡਾ ਦਿੱਤੀ ਤਾਂ ਤੁਸੀਂ ਉਸ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ। 31ਪਰ ਪਿਤਾ ਉਸ ਨੂੰ ਆਖਿਆ, ਬੇਟਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸਭ ਕੁਝ ਤੇਰਾ ਹੀ ਹੈ। 32ਪਰ ਖੁਸ਼ੀ ਕਰਨੀ ਅਤੇ ਅਨੰਦ ਹੋਣਾ ਚਾਹੀਦਾ ਸੀ ਕਿਉਂਕਿ ਤੇਰਾ ਇਹ ਭਰਾ ਜੋ ਮਰ ਗਿਆ ਸੀ ਅਤੇ ਫੇਰ ਜੀ ਪਿਆ ਹੈ ਅਤੇ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਫ਼ਰਵਰੀ 15 ਸਿਵਲ ਕੈਲੰਡਰ ਦਾ ਫ਼ਰਵਰੀ 28 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ