ਮੁੱਖ ਪੰਨਾ › ਕਲੀਸਿਯਾਈ ਸਾਲ ਦੇ ਤਿਉਹਾਰ › ਕ੍ਰਿਸਮਸ
ਕਲੀਸਿਯਾਈ ਸਾਲ ਦੇ ਤਿਉਹਾਰ
ਕ੍ਰਿਸਮਸ
ਯਿਸੂ ਦਾ ਜਨਮ ਜਿਵੇਂ ਮੱਤੀ ਅਤੇ ਲੂਕਾ ਦੱਸਦੇ ਹਨ, ਯਸਾਯਾਹ ਦੀ ਭਵਿੱਖਬਾਣੀ ਅਤੇ ਯੂਹੰਨਾ ਦੀ ਇੰਜੀਲ ਦੇ ਸ਼ੁਰੂ ਨਾਲ, ਪੂਰਾ। ਪੱਛਮੀ ਕਲੀਸਿਯਾਵਾਂ ਕ੍ਰਿਸਮਸ 25 ਦਸੰਬਰ ਨੂੰ ਮਨਾਉਂਦੀਆਂ ਹਨ; ਜੂਲੀਅਨ ਕੈਲੰਡਰ ਦੀਆਂ ਆਰਥੋਡਾਕਸ ਕਲੀਸਿਯਾਵਾਂ 7 ਜਨਵਰੀ ਨੂੰ।
ਤਾਰੀਖ਼ਾਂ
| ਸਾਲ | ਪੱਛਮੀ ਕਲੀਸਿਯਾਵਾਂਕ੍ਰਿਸਮਸ | ਆਰਥੋਡਾਕਸ ਕਲੀਸਿਯਾਮਸੀਹ ਦਾ ਜਨਮ |
|---|---|---|
| 2026 | 25 ਦਸੰਬਰ 2026ਸ਼ੁੱਕਰਵਾਰ | 7 ਜਨਵਰੀ 2027ਵੀਰਵਾਰ |
| 2027 | 25 ਦਸੰਬਰ 2027ਸ਼ਨੀਵਾਰ | 7 ਜਨਵਰੀ 2028ਸ਼ੁੱਕਰਵਾਰ |
| 2028 | 25 ਦਸੰਬਰ 2028ਸੋਮਵਾਰ | 7 ਜਨਵਰੀ 2029ਐਤਵਾਰ |
| 2029 | 25 ਦਸੰਬਰ 2029ਮੰਗਲਵਾਰ | 7 ਜਨਵਰੀ 2030ਸੋਮਵਾਰ |
| 2030 | 25 ਦਸੰਬਰ 2030ਬੁੱਧਵਾਰ | 7 ਜਨਵਰੀ 2031ਮੰਗਲਵਾਰ |
ਤਾਰੀਖ਼ ਆਰਥੋਡਾਕਸ ਜਾਂ ਕੈਥੋਲਿਕ ਕੈਲੰਡਰ ਵਿੱਚ ਉਸ ਦਿਨ ਦੇ ਪਾਠ ਖੋਲ੍ਹਦੀ ਹੈ।
ਆਰਥੋਡਾਕਸ ਤਾਰੀਖ਼ਾਂ ਜੂਲੀਅਨ ਕੈਲੰਡਰ ਅਨੁਸਾਰ ਹਨ, ਜਿਸ ਨੂੰ ਰੂਸੀ, ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਮੰਨਦੇ ਹਨ: ਉਨ੍ਹਾਂ ਦੇ ਪੱਕੀ ਤਾਰੀਖ਼ ਵਾਲੇ ਤਿਉਹਾਰ ਸਿਵਲ ਕੈਲੰਡਰ ਵਿੱਚ 13 ਦਿਨ ਬਾਅਦ ਆਉਂਦੇ ਹਨ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ ਅਤੇ ਹੋਰ) ਕ੍ਰਿਸਮਸ 25 ਦਸੰਬਰ ਨੂੰ ਮਨਾਉਂਦੀਆਂ ਹਨ; ਪਸਾਹ ਅਤੇ ਉਸ ਉੱਤੇ ਟਿਕੇ ਦਿਨ ਲਗਭਗ ਸਾਰੀਆਂ ਆਰਥੋਡਾਕਸ ਕਲੀਸਿਯਾਵਾਂ ਵਿੱਚ ਇੱਕੋ ਤਰ੍ਹਾਂ ਗਿਣੇ ਜਾਂਦੇ ਹਨ।
ਬਾਈਬਲ ਦੇ ਹਿੱਸੇ
ਯਸਾਯਾਹ
2ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ। 3ਤੂੰ ਕੌਮ ਦਾ ਵਿਸਤਾਰ ਕੀਤਾ, ਤੂੰ ਉਹ ਦੀ ਖੁਸ਼ੀ ਨੂੰ ਵਧਾਇਆ, ਉਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਦੇ ਵੇਲੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਸੂਰਮੇ ਬਾਗ-ਬਾਗ ਹੁੰਦੇ ਹਨ। 4ਕਿਉਂ ਜੋ ਤੂੰ ਉਸ ਦੇ ਭਾਰੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੂੰ ਟੁੱਕੜੇ-ਟੁੱਕੜੇ ਕੀਤਾ ਹੈ, ਜਿਵੇਂ ਮਿਦਯਾਨ ਦੇ ਦਿਨ ਵਿੱਚ। 5ਕਿਉਂ ਜੋ ਯੁੱਧ ਵਿੱਚ ਲੜ੍ਹਨ ਵਾਲੇ ਫ਼ੌਜੀਆਂ ਦੇ ਬੂਟ, ਅਤੇ ਸਾਰੇ ਲਹੂ ਲੁਹਾਣ ਕੱਪੜੇ, ਅੱਗ ਦੇ ਬਾਲਣ ਵਾਂਗੂੰ ਸਾੜੇ ਜਾਣਗੇ। 6ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ।” 7ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।
ਮੱਤੀ
18ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। 19ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ। 20ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ। 21ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ। 22ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ, 23ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ”। 24ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ। 25ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਸ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ।
ਲੂਕਾ
1ਉਨ੍ਹਾਂ ਦਿਨਾਂ ਵਿੱਚ ਇਹ ਹੋਇਆ ਕਿ ਕੈਸਰ ਔਗੁਸਤੁਸ ਨੇ ਹੁਕਮ ਦਿੱਤਾ, ਜੋ ਸਾਰੀ ਦੁਨੀਆਂ ਦੇ ਲੋਕਾਂ ਦੇ ਨਾਮ ਲਿਖੇ ਜਾਣ। 2ਇਹ ਪਹਿਲੀ ਨਾਮ ਲਿਖਾਈ ਸੀ ਜੋ ਸੀਰੀਯਾ ਦੇ ਹਾਕਮ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ। 3ਅਤੇ ਸਭ ਲੋਕ ਆਪਣੇ ਨਾਮ ਲਿਖਾਉਣ ਲਈ ਆਪੋ ਆਪਣੇ ਨਗਰ ਨੂੰ ਗਏ। 4ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਸ਼ਹਿਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਸ਼ਹਿਰ ਨੂੰ ਗਿਆ, ਜੋ ਬੈਤਲਹਮ ਅਖਵਾਉਂਦਾ ਹੈ। 5ਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ। 6ਅਤੇ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਨਮ ਦੇਣ ਦੇ ਦਿਨ ਪੂਰੇ ਹੋ ਗਏ। 7ਅਤੇ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਸਥਾਨ ਨਾ ਮਿਲਿਆ। 8ਉਸ ਦੇਸ ਵਿੱਚ ਕੁਝ ਚਰਵਾਹੇ ਸਨ, ਜੋ ਰਾਤ ਨੂੰ ਖੇਤਾਂ ਵਿੱਚ ਰਹਿ ਕੇ ਆਪਣੇ ਇੱਜੜ ਦੀ ਰਖਵਾਲੀ ਕਰ ਰਹੇ ਸਨ। 9ਪ੍ਰਭੂ ਦਾ ਦੂਤ ਉਨ੍ਹਾਂ ਦੇ ਸਾਹਮਣੇ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੇ ਚਾਰੋਂ ਪਾਸੇ ਚਮਕਿਆ ਅਤੇ ਉਹ ਬਹੁਤ ਡਰ ਗਏ। 10ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਦੁਨੀਆਂ ਦੇ ਲਈ ਹੋਵੇਗੀ 11ਕਿ ਦਾਊਦ ਦੇ ਸ਼ਹਿਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ। 12ਅਤੇ ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। 13ਤਦ ਇੱਕ ਦਮ ਸਵਰਗ ਦੀ ਫ਼ੌਜ ਦਾ ਇੱਕ ਦਲ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਅਤੇ ਇਹ ਕਹਿੰਦਾ ਸੀ। 14ਸਵਰਗ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਤੇ ਉਨ੍ਹਾਂ ਲੋਕਾਂ ਵਿੱਚ ਸ਼ਾਂਤੀ ਜਿਨ੍ਹਾਂ ਨਾਲ ਉਹ ਖੁਸ਼ ਹੈ। 15ਜਦ ਦੂਤ ਉਨ੍ਹਾਂ ਦੇ ਕੋਲੋਂ ਸਵਰਗ ਨੂੰ ਚਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਵੱਲ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ, ਵੇਖੀਏ, ਜਿਸ ਦੀ ਖ਼ਬਰ ਪ੍ਰਭੂ ਨੇ ਦਿੱਤੀ ਹੈ। 16ਤਦ ਉਨ੍ਹਾਂ ਨੇ ਛੇਤੀ ਨਾਲ ਆ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਵੇਖਿਆ। 17ਅਤੇ ਉਨ੍ਹਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਬਾਰੇ ਸਵਰਗ ਦੂਤਾਂ ਨੇ ਦੱਸਿਆ ਸੀ, ਸੁਣਾਇਆ। 18ਅਤੇ ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਾਰੇ ਹੈਰਾਨ ਹੋਏ। 19ਪਰ ਮਰਿਯਮ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਧਿਆਨ ਨਾਲ ਰੱਖਿਆ। 20ਅਤੇ ਚਰਵਾਹਿਆਂ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਜਿਸ ਤਰ੍ਹਾਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਨ, ਉਸੇ ਤਰ੍ਹਾਂ ਸੁਣ ਅਤੇ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਵਾਪਸ ਚਲੇ ਗਏ।
ਮੱਤੀ
1ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਯਹੂਦਿਯਾ ਦੇ ਬੈਤਲਹਮ ਵਿੱਚ, ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਕਈ ਵਿਦਵਾਨ ਖੋਜੀ ਪੂਰਬ ਵੱਲੋਂ ਯਰੂਸ਼ਲਮ ਵਿੱਚ ਆ ਕੇ ਪੁੱਛਣ ਲੱਗੇ, 2ਜਿਹੜਾ ਯਹੂਦੀਆਂ ਦਾ ਰਾਜਾ ਜੰਮਿਆ ਹੈ, ਉਹ ਕਿੱਥੇ ਹੈ? ਕਿਉਂ ਜੋ ਅਸੀਂ ਪੂਰਬ ਵੱਲ ਉਹ ਦਾ ਤਾਰਾ ਵੇਖਿਆ ਹੈ, ਅਤੇ ਉਹ ਨੂੰ ਮੱਥਾ ਟੇਕਣ ਆਏ ਹਾਂ। 3ਇਹ ਗੱਲ ਸੁਣ ਕੇ ਰਾਜਾ ਹੇਰੋਦੇਸ ਸਾਰੇ ਯਰੂਸ਼ਲਮ ਸਮੇਤ ਘਬਰਾ ਗਿਆ। 4ਅਤੇ ਉਸ ਨੇ ਸਾਰੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੂੰ ਇਕੱਠਿਆਂ ਕਰ ਕੇ ਉਨ੍ਹਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ? 5ਉਨ੍ਹਾਂ ਨੇ ਉਸ ਨੂੰ ਕਿਹਾ, ਯਹੂਦਿਯਾ ਦੇ ਬੈਤਲਹਮ ਵਿੱਚ ਕਿਉਂ ਜੋ ਨਬੀ ਦੇ ਰਾਹੀਂ ਅਜਿਹਾ ਲਿਖਿਆ ਹੋਇਆ ਹੈ ਕਿ, 6ਹੇ ਬੈਤਲਹਮ, ਤੂੰ ਜੋ ਯਹੂਦਾਹ ਦੇ ਦੇਸ ਵਿੱਚੋਂ ਹੈਂ, ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ ਜਿਹੜਾ ਮੇਰੀ ਪਰਜਾ ਇਸਰਾਏਲ ਦੀ ਚਰਵਾਹੀ ਕਰੇਗਾ। 7ਤਦ ਹੇਰੋਦੇਸ ਨੇ ਵਿਦਵਾਨ ਖੋਜੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਨ੍ਹਾਂ ਕੋਲੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ ਕਿ ਤਾਰਾ ਕਦੋਂ ਵਿਖਾਈ ਦਿੱਤਾ। 8ਅਤੇ ਉਸ ਨੇ ਉਨ੍ਹਾਂ ਨੂੰ ਬੈਤਲਹਮ ਵੱਲ ਇਹ ਆਖ ਕੇ ਭੇਜਿਆ ਕਿ ਜਾਓ ਅਤੇ ਧਿਆਨ ਨਾਲ ਉਸ ਬਾਲਕ ਦੀ ਖ਼ੋਜ ਕਰੋ, ਜਦ ਉਹ ਮਿਲ ਜਾਵੇ, ਤਦ ਵਾਪਸ ਆ ਕੇ ਮੈਨੂੰ ਖ਼ਬਰ ਦਿਓ ਤਾਂ ਜੋ ਮੈਂ ਵੀ ਜਾ ਕੇ ਉਹ ਨੂੰ ਮੱਥਾ ਟੇਕਾਂ। 9ਉਹ ਰਾਜੇ ਦੀ ਗੱਲ ਸੁਣ ਕੇ ਤੁਰ ਪਏ, ਅਤੇ ਵੇਖੋ, ਉਹ ਤਾਰਾ ਜਿਹੜਾ ਉਨ੍ਹਾਂ ਨੇ ਪੂਰਬ ਵੱਲ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਉਸ ਥਾਂ ਜਾ ਟਿਕਿਆ ਜਿੱਥੇ ਉਹ ਬਾਲਕ ਸੀ। 10ਤਾਰੇ ਨੂੰ ਵੇਖ ਕੇ ਉਹ ਬਹੁਤ ਹੀ ਅਨੰਦ ਹੋਏ। 11ਅਤੇ ਉਨ੍ਹਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ, ਅਤੇ ਪੈਰੀਂ ਪੈ ਕੇ ਉਹ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲੁਬਾਣ ਅਤੇ ਗੰਧਰਸ ਦੀ ਭੇਟ ਚੜਾਈ। 12ਅਤੇ ਸੁਫ਼ਨੇ ਵਿੱਚ ਖ਼ਬਰ ਪਾ ਕੇ, ਜੋ ਉਹ ਹੇਰੋਦੇਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।
ਯੂਹੰਨਾ
1ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ੁਰ ਸੀ। 2ਉਹ ਆਦ ਵਿੱਚ ਪਰਮੇਸ਼ੁਰ ਦੇ ਨਾਲ ਸੀ। 3ਸਭ ਕੁਝ ਉਸ ਦੇ ਰਾਹੀਂ ਰਚਿਆ ਗਿਆ; ਉਸ ਤੋਂ ਬਿਨ੍ਹਾਂ ਕੁਝ ਵੀ ਨਹੀਂ ਸੀ ਰਚਿਆ ਗਿਆ। 4ਉਸ ਵਿੱਚ ਜੀਵਨ ਸੀ, ਅਤੇ ਉਹ ਜੀਵਨ ਇਨਸਾਨ ਲਈ ਚਾਨਣ ਸੀ। 5ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਹਨੇਰੇ ਨੇ ਇਸ ਨੂੰ ਕਬੂਲ ਨਹੀਂ ਕੀਤਾ। 6ਇੱਕ ਆਦਮੀ ਸੀ, ਜਿਸ ਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। 7ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸਕਣ। 8ਯੂਹੰਨਾ ਆਪ ਉਹ ਚਾਨਣ ਨਹੀਂ ਸੀ, ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਲਈ ਆਇਆ ਸੀ। 9ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਰੋਸ਼ਨੀ ਦਿੰਦਾ ਹੈ। 10ਸ਼ਬਦ ਪਹਿਲਾਂ ਤੋਂ ਹੀ ਜਗਤ ਵਿੱਚ ਸੀ, ਉਸ ਰਾਹੀਂ ਜਗਤ ਰਚਿਆ ਗਿਆ, ਪਰ ਜਗਤ ਨੇ ਉਸ ਨੂੰ ਨਹੀਂ ਪਹਿਚਾਣਿਆ। 11ਉਹ ਆਪਣੇ ਲੋਕਾਂ ਵਿੱਚ ਆਇਆ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ। 12ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ। 13ਨਾ ਹੀ ਉਹ ਲਹੂ ਤੋਂ, ਨਾ ਹੀ ਸਰੀਰਕ ਇੱਛਾ ਨਾਲ, ਅਤੇ ਨਾ ਹੀ ਮਨੁੱਖਾਂ ਦੀ ਇੱਛਾ ਨਾਲ ਪਰ ਉਹ ਪਰਮੇਸ਼ੁਰ ਤੋਂ ਪੈਦਾ ਹੋਏ ਸਨ। 14ਸ਼ਬਦ ਦੇਹਧਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ, ਅਸੀਂ ਉਸ ਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਦੀ ਹੈ, ਜੋ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ।
ਕਲਾ ਵਿੱਚ
ਚਰਵਾਹਿਆਂ ਦੀ ਉਪਾਸਨਾਜੌਰਜੋਨੇ · 1505/1510
ਵਿਦਵਾਨ ਖੋਜੀਆਂ ਦੀ ਉਪਾਸਨਾਫ਼ਰਾ ਆਂਜੇਲੀਕੋ ਅਤੇ ਫ਼ਰਾ ਫ਼ਿਲਿੱਪੋ ਲਿੱਪੀ · c. 1440/1460
ਤਾਰਾ ਵਿਦਵਾਨ ਖੋਜੀਆਂ ਦੀ ਅਗਵਾਈ ਕਰਦਾ ਹੈਗੁਸਤਾਵ ਡੋਰੇ · 1866
ਯਿਸੂ ਦਾ ਜਨਮਡਿਊਰਰ · c. 1502–3
ਵਿਦਵਾਨ ਖੋਜੀਆਂ ਦੀ ਉਪਾਸਨਾਡਿਊਰਰ · c. 1501–1503
ਯਿਸੂ ਦਾ ਜਨਮਡਿਊਰਰ · 1504
ਵਿਦਵਾਨ ਖੋਜੀਆਂ ਦੀ ਉਪਾਸਨਾਲੂਕਾਸ ਵਾਨ ਲਾਈਡਨ · 1513
ਇੰਜੀਲਾਂ ਦੀ ਪੋਥੀ ਵਿੱਚੋਂ ਕੱਟਿਆ ਇੱਕ ਪੱਤਰਾ: ਯਿਸੂ ਦਾ ਜਨਮ (recto)ਅਣਜਾਣ ਚਿੱਤਰਕਾਰ, ਹੈਲਮਾਰਸਹਾਊਜ਼ਨ · c. 1190
ਚਰਵਾਹਿਆਂ ਨੂੰ ਸ਼ੁਭ ਸਮਾਚਾਰ (Ms. 125, fol. 7, “ਇਰਮੇਨਗਾਰਡ ਕੋਡੈਕਸ” ਵਿੱਚੋਂ)ਅਣਜਾਣ ਜਰਮਨ ਚਿੱਤਰਕਾਰ · after 1053
ਵਿਦਵਾਨ ਖੋਜੀਆਂ ਦੀ ਉਪਾਸਨਾ (Ms. Ludwig VII 1, fol. 25v, ਬਰਕਤਾਂ ਦੀ ਪੋਥੀ ਵਿੱਚੋਂ)ਅਣਜਾਣ ਚਿੱਤਰਕਾਰ, ਰੇਗਨਜ਼ਬਰਗ · c. 1030–1040
ਚਰਵਾਹਿਆਂ ਨੂੰ ਦਿੱਸਦਾ ਦੂਤਰੈਂਬਰਾਂਟ · 1634
ਚਰਵਾਹਿਆਂ ਦੀ ਉਪਾਸਨਾ: ਦੀਵੇ ਨਾਲਰੈਂਬਰਾਂਟ · c. 1654
ਹੋਰ ਤਿਉਹਾਰ
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ