Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੂਨ 2027 › ਜੂਨ 6

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 6 ਜੂਨ 2027

ਐਤਵਾਰ · ਆਮ ਸਮੇਂ ਦਾ 10ਵਾਂ ਹਫ਼ਤਾ

ਤਿਉਹਾਰ ਅਤੇ ਸੰਤ

ਆਮ ਸਮੇਂ ਦਾ 10ਵਾਂ ਐਤਵਾਰ

ਐਤਵਾਰ · ਉਪਾਸਨਾ ਦਾ ਰੰਗ: ਹਰਾ

ਦਿਨ ਦੇ ਪਾਠ

ਪਹਿਲਾ ਪਾਠ

ਉਤ 3:9–15

9ਤਦ ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈਂ? 10ਉਸ ਨੇ ਆਖਿਆ, ਮੈਂ ਬਾਗ਼ ਵਿੱਚ ਤੇਰੀ ਅਵਾਜ਼ ਸੁਣ ਕੇ ਡਰ ਗਿਆ ਕਿਉਂ ਜੋ ਮੈਂ ਨੰਗਾ ਸੀ ਇਸ ਲਈ ਮੈਂ ਆਪਣੇ ਆਪ ਨੂੰ ਲੁਕਾ ਲਿਆ। 11ਉਸ ਨੇ ਪੁੱਛਿਆ, ਤੈਨੂੰ ਕਿਸ ਨੇ ਦੱਸਿਆ ਜੋ ਤੂੰ ਨੰਗਾ ਹੈਂ? ਜਿਸ ਰੁੱਖ ਤੋਂ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਦਾ ਫਲ ਨਾ ਖਾਵੀਂ ਕੀ ਤੂੰ ਉਸ ਦਾ ਫਲ ਖਾਧਾ ਹੈ? 12ਫੇਰ ਆਦਮ ਨੇ ਜਵਾਬ ਦਿੱਤਾ ਕਿ ਜਿਹੜੀ ਇਸਤਰੀ ਤੂੰ ਮੈਨੂੰ ਦਿੱਤੀ, ਉਸ ਨੇ ਉਸ ਰੁੱਖ ਦਾ ਫਲ ਮੈਨੂੰ ਦਿੱਤਾ ਇਸ ਲਈ ਮੈਂ ਖਾ ਲਿਆ। 13ਤਦ ਯਹੋਵਾਹ ਪਰਮੇਸ਼ੁਰ ਨੇ ਇਸਤਰੀ ਨੂੰ ਆਖਿਆ, ਤੂੰ ਇਹ ਕੀ ਕੀਤਾ? ਇਸਤਰੀ ਨੇ ਆਖਿਆ, ਸੱਪ ਨੇ ਮੈਨੂੰ ਭਰਮਾਇਆ ਤਦ ਮੈਂ ਉਸ ਫਲ ਨੂੰ ਖਾਧਾ। 14ਫੇਰ ਯਹੋਵਾਹ ਪਰਮੇਸ਼ੁਰ ਨੇ ਸੱਪ ਨੂੰ ਆਖਿਆ, ਕਿਉਂ ਜੋ ਤੂੰ ਇਹ ਕੀਤਾ ਹੈ, ਇਸ ਕਾਰਨ ਤੂੰ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈਂ। ਤੂੰ ਆਪਣੇ ਪੇਟ ਦੇ ਭਾਰ ਚੱਲੇਂਗਾ ਅਤੇ ਤੂੰ ਸਾਰੀ ਜ਼ਿੰਦਗੀ ਮਿੱਟੀ ਖਾਇਆ ਕਰੇਗਾ। 15ਮੈਂ ਤੇਰੇ ਅਤੇ ਇਸਤਰੀ ਵਿੱਚ, ਤੇਰੀ ਸੰਤਾਨ ਤੇ ਇਸਤਰੀ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਂਗਾ ਅਤੇ ਤੂੰ ਉਸ ਦੀ ਅੱਡੀ ਨੂੰ ਡੰਗ ਮਾਰੇਂਗਾ।

ਜਵਾਬੀ ਭਜਨ

ਜ਼ਬੂ 130:1–8

1ਯਾਤਰਾ ਦਾ ਗੀਤ ਹੇ ਯਹੋਵਾਹ, ਡੂੰਘਿਆਈ ਵਿੱਚੋਂ ਮੈਂ ਤੈਨੂੰ ਪੁਕਾਰਿਆ ਹੈ, 2ਹੇ ਪ੍ਰਭੂ ਮੇਰੀ ਅਵਾਜ਼ ਨੂੰ ਸੁਣ, ਤੇਰੇ ਕੰਨ ਮੇਰੀਆਂ ਬੇਨਤੀਆਂ ਦੀ ਅਵਾਜ਼ ਉੱਤੇ ਲੱਗੇ ਰਹਿਣ! 3ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਹੇ ਪ੍ਰਭੂ, ਕੌਣ ਖੜ੍ਹਾ ਰਹਿ ਸਕਦਾ? 4ਪਰ ਤੂੰ ਮਾਫ਼ ਕਰਨ ਵਾਲਾ ਹੈਂ, ਤਾਂ ਜੋ ਤੇਰਾ ਭੈਅ ਮੰਨਿਆ ਜਾਵੇ। 5ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, ਅਤੇ ਉਹ ਦੇ ਬਚਨ ਉੱਤੇ ਮੇਰੀ ਆਸ ਹੈ। 6ਜਿੰਨਾਂ ਪਹਿਰੇਦਾਰ ਸਵੇਰ ਨੂੰ, ਹਾਂ, ਜਿੰਨਾਂ ਪਹਿਰੇਦਾਰ ਸਵੇਰ ਨੂੰ ਉਡੀਕਦੇ ਹਨ, ਉਨ੍ਹਾਂ ਤੋਂ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ। 7ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਛੁਟਕਾਰਾ ਕਾਫ਼ੀ ਹੈ, 8ਅਤੇ ਉਹ ਇਸਰਾਏਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ ਛੁਟਕਾਰਾ ਦੇਵੇਗਾ।

ਦੂਜਾ ਪਾਠ

2 ਕੁਰਿੰਥੀ 4:13–5:1

13ਜਿਵੇਂ ਲਿਖਿਆ ਹੋਇਆ ਹੈ ਵਿਸ਼ਵਾਸ ਦਾ ਉਹੋ ਆਤਮਾ ਸਾਨੂੰ ਮਿਲਿਆ ਹੈ। ਮੈਂ ਵਿਸ਼ਵਾਸ ਕੀਤਾ, ਇਸ ਲਈ ਬੋਲਿਆ। ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ। 14ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸੂ ਨੂੰ ਜਿਉਂਦਾ ਕੀਤਾ ਉਹ ਸਾਨੂੰ ਵੀ ਯਿਸੂ ਦੇ ਨਾਲ ਜਿਉਂਦਾ ਕਰੇਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜ੍ਹਾ ਕਰੇਗਾ। 15ਕਿਉਂਕਿ ਸਭ ਕੁਝ ਤੁਹਾਡੇ ਹੀ ਲਈ ਹੈ, ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ, ਪਰਮੇਸ਼ੁਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ। 16ਇਸ ਕਾਰਨ ਅਸੀਂ ਹਿੰਮਤ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਹੈ। 17ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲਾਂ ਦਾ ਹੀ ਹੈ, ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। 18ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਥੋੜ੍ਹੇ ਦਿਨਾਂ ਦੀਆਂ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ। 5:1ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜੇ ਸਾਡਾ ਤੰਬੂ ਜਿਹਾ ਘਰ ਜੋ ਧਰਤੀ ਤੇ ਹੈ ਡਿੱਗ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਅਤੇ ਸਵਰਗ ਵਿੱਚ ਬਣਿਆ ਹੈ।

ਇੰਜੀਲ

ਮਰਕੁ 3:20–35

20ਯਿਸੂ ਆਪਣੇ ਘਰ ਆਇਆ ਅਤੇ ਫੇਰ ਐਨੀ ਵੱਡੀ ਭੀੜ ਇਕੱਠੀ ਹੋ ਗਈ, ਜੋ ਉਹ ਰੋਟੀ ਵੀ ਨਾ ਖਾ ਸਕੇ। 21ਜਦੋਂ ਉਹ ਦੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਤਾਂ ਉਹ ਉਸ ਨੂੰ ਫੜਨ ਲਈ ਨਿੱਕਲੇ ਕਿਉਂ ਜੋ ਉਨ੍ਹਾਂ ਨੇ ਆਖਿਆ, ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ। 22ਅਤੇ ਉਪਦੇਸ਼ਕਾਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਕਿ ਉਹ ਸ਼ੈਤਾਨ (ਮੂਲ ਭਾਸ਼ਾ ਵਿੱਚ ਬਾਲਜਬੂਲ) ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। 23ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨੂੰ ਕਿਹਾ ਕਿ ਸ਼ੈਤਾਨ ਨੂੰ ਸ਼ੈਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ? 24ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸਕਦਾ। 25ਅਤੇ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਬਣਿਆ ਨਹੀਂ ਰਹਿੰਦਾ। 26ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ ਸਗੋਂ ਉਹ ਦਾ ਅੰਤ ਹੀ ਹੋ ਜਾਵੇਗਾ। 27ਪਰ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਨਹੀਂ ਲੁੱਟ ਸਕਦਾ ਜੇ ਪਹਿਲਾਂ ਉਸ ਨੂੰ ਬੰਨ੍ਹ ਨਾ ਲਵੇ, ਤਦ ਉਹ ਉਸ ਦਾ ਘਰ ਲੁੱਟ ਸਕੇਗਾ। 28ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਅਤੇ ਨਿੰਦਿਆ ਜਿੰਨੇ ਉਹ ਕਰਨ, ਮਾਫ਼ ਕੀਤੇ ਜਾ ਸਕਦੇ ਹਨ। 29ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਕੇ ਦੋਸ਼ੀ ਠਹਿਰੇਗਾ। 30ਕਿਉਂ ਜੋ ਉਨ੍ਹਾਂ ਨੇ ਆਖਿਆ ਸੀ ਜੋ ਉਹ ਦੇ ਵਿੱਚ ਅਸ਼ੁੱਧ ਆਤਮਾ ਹੈ। 31ਤਦ ਉਹ ਦੀ ਮਾਤਾ ਅਤੇ ਉਹ ਦੇ ਭਰਾ ਆਏ ਅਤੇ ਬਾਹਰ ਖੜੇ ਹੋ ਕੇ ਉਹ ਨੂੰ ਬੁਲਾਵਾ ਭੇਜਿਆ। 32ਅਤੇ ਬਹੁਤ ਲੋਕ ਉਹ ਦੇ ਚੁਫ਼ੇਰੇ ਬੈਠੇ ਸਨ ਸੋ ਉਹ ਨੂੰ ਕਹਿਣ ਲੱਗੇ, ਵੇਖੋ ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਖੜ੍ਹੇ ਹਨ। 33ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ? 34ਅਤੇ ਉਸ ਨੇ ਉਨ੍ਹਾਂ ਵੱਲ ਜਿਹੜੇ ਉਸ ਦੇ ਆਲੇ-ਦੁਆਲੇ ਬੈਠੇ ਸਨ, ਚਾਰੇ ਪਾਸੇ ਵੇਖ ਕੇ ਕਿਹਾ, ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। 35ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।

ਅੱਜ ਦੇ ਸੰਤ

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ