ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 29
ਆਰਥੋਡਾਕਸ ਕੈਲੰਡਰ · 16 ਮਾਰਚ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 29 ਮਾਰਚ 2027
ਸੋਮਵਾਰ · ਵੱਡੇ ਚਾਲੀਸੇ ਦਾ ਤੀਜਾ ਹਫ਼ਤਾ · ਸੁਰ 2
ਤਿਉਹਾਰ ਅਤੇ ਸੰਤ
Martyr Sabinus of Egypt († 287)
ਵੱਡਾ ਚਾਲੀਸਾ
ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਛੇਵਾਂ ਘੰਟਾ
13ਸੈਨਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ। 14ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਦੇ ਯਹੂਦਾਹ ਦੇ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਅਤੇ ਫੰਦਾ ਹੋਵੇਗਾ। 15ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ ਅਤੇ ਫੰਦੇ ਵਿੱਚ ਫਸਣਗੇ ਅਤੇ ਫੜ੍ਹੇ ਜਾਣਗੇ। 16ਸਾਖੀ-ਨਾਮੇ ਨੂੰ ਬੰਦ ਕਰ, ਅਤੇ ਮੇਰੇ ਚੇਲਿਆਂ ਦੇ ਵਿਚਕਾਰ ਪਰਮੇਸ਼ੁਰ ਦੀ ਬਿਵਸਥਾ ਉੱਤੇ ਮੋਹਰ ਲਾ ਦੇ 17ਅਤੇ ਮੈਂ ਯਹੋਵਾਹ ਲਈ ਠਹਿਰਾਂਗਾ, ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾ ਲਿਆ ਹੈ ਅਤੇ ਮੈਂ ਉਸੇ ਨੂੰ ਉਡੀਕਾਂਗਾ। 18ਵੇਖੋ, ਮੈਂ ਅਤੇ ਉਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ, ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ। 19ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤਾਂ ਨੂੰ ਕੱਢਣ ਵਾਲਿਆਂ ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛਣਾ ਚਾਹੀਦਾ ਹੈ? 20ਪਰਮੇਸ਼ੁਰ ਦੀ ਬਿਵਸਥਾ ਅਤੇ ਚੇਤਾਵਨੀ ਦੀਆਂ ਸਾਖੀਆਂ ਤੋਂ ਸਲਾਹ ਲਓ! ਜੇ ਉਹ ਇਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ-ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ। 21ਉਹ ਇਸ ਦੇਸ ਵਿੱਚੋਂ ਖੱਜਲ ਅਤੇ ਭੁੱਖੇ ਹੋ ਕੇ ਲੰਘਣਗੇ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਭੁੱਖੇ ਹੋਣਗੇ ਤਾਂ ਉਹ ਆਪਣੇ ਆਪ ਉੱਤੇ ਖਿਝਣਗੇ ਅਤੇ ਆਪਣੇ ਮੂੰਹ ਉਤਾਹਾਂ ਚੁੱਕ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ। 22ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਅਤੇ ਹਨ੍ਹੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ। 9:1ਪਰ ਉਨ੍ਹਾਂ ਲਈ ਜਿਹੜੇ ਦੁਖੀ ਸਨ, ਕਸ਼ਟ ਦੀ ਧੁੰਦ ਹੋਰ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਹ ਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਉਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ। 2ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ। 3ਤੂੰ ਕੌਮ ਦਾ ਵਿਸਤਾਰ ਕੀਤਾ, ਤੂੰ ਉਹ ਦੀ ਖੁਸ਼ੀ ਨੂੰ ਵਧਾਇਆ, ਉਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਦੇ ਵੇਲੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਸੂਰਮੇ ਬਾਗ-ਬਾਗ ਹੁੰਦੇ ਹਨ। 4ਕਿਉਂ ਜੋ ਤੂੰ ਉਸ ਦੇ ਭਾਰੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੂੰ ਟੁੱਕੜੇ-ਟੁੱਕੜੇ ਕੀਤਾ ਹੈ, ਜਿਵੇਂ ਮਿਦਯਾਨ ਦੇ ਦਿਨ ਵਿੱਚ। 5ਕਿਉਂ ਜੋ ਯੁੱਧ ਵਿੱਚ ਲੜ੍ਹਨ ਵਾਲੇ ਫ਼ੌਜੀਆਂ ਦੇ ਬੂਟ, ਅਤੇ ਸਾਰੇ ਲਹੂ ਲੁਹਾਣ ਕੱਪੜੇ, ਅੱਗ ਦੇ ਬਾਲਣ ਵਾਂਗੂੰ ਸਾੜੇ ਜਾਣਗੇ। 6ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ।” 7ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।
ਸ਼ਾਮ ਦੀ ਪ੍ਰਾਰਥਨਾ: ਪਾਠ
9ਇਹ ਨੂਹ ਦੀ ਵੰਸ਼ਾਵਲੀ ਹੈ। ਨੂਹ ਇੱਕ ਧਰਮੀ ਮਨੁੱਖ ਸੀ, ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ-ਨਾਲ ਚਲਦਾ ਸੀ। 10ਨੂਹ ਦੇ ਤਿੰਨ ਪੁੱਤਰ ਸਨ ਅਰਥਾਤ ਸ਼ੇਮ, ਹਾਮ ਅਤੇ ਯਾਫ਼ਥ। 11ਧਰਤੀ ਪਰਮੇਸ਼ੁਰ ਦੇ ਅੱਗੇ ਵਿਗੜੀ ਹੋਈ ਸੀ ਅਤੇ ਜ਼ੁਲਮ ਨਾਲ ਭਰੀ ਹੋਈ ਸੀ। 12ਤਦ ਪਰਮੇਸ਼ੁਰ ਨੇ ਧਰਤੀ ਨੂੰ ਵੇਖਿਆ ਅਤੇ ਵੇਖੋ ਉਹ ਵਿਗੜੀ ਹੋਈ ਸੀ, ਕਿਉਂ ਜੋ ਸਾਰੇ ਮਨੁੱਖਾਂ ਨੇ ਆਪਣੇ ਚਾਲ-ਚਲਣ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ। 13ਪਰਮੇਸ਼ੁਰ ਨੇ ਨੂਹ ਨੂੰ ਆਖਿਆ, ਮੈਂ ਸਾਰੇ ਪ੍ਰਾਣੀਆਂ ਨੂੰ ਨਾਸ ਕਰਨ ਦਾ ਵਿਚਾਰ ਕਰ ਲਿਆ ਹੈ ਕਿਉਂ ਜੋ ਧਰਤੀ ਉਨ੍ਹਾਂ ਦੇ ਕਾਰਨ ਬੁਰਿਆਈ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸਮੇਤ ਨਾਸ ਕਰ ਦਿਆਂਗਾ। 14ਤੂੰ ਗੋਫ਼ਰ ਦੀ ਲੱਕੜੀ ਤੋਂ ਆਪਣੇ ਲਈ ਇੱਕ ਕਿਸ਼ਤੀ ਬਣਾ। ਤੂੰ ਉਸ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ। 15ਉਹ ਨੂੰ ਇਸੇ ਤਰ੍ਹਾਂ ਬਣਾਈਂ, ਭਈ ਕਿਸ਼ਤੀ ਦੀ ਲੰਬਾਈ ਤਿੰਨ ਸੌ ਹੱਥ, ਉਹ ਦੀ ਚੌੜਾਈ ਪੰਜਾਹ ਹੱਥ ਅਤੇ ਉਹ ਦੀ ਉਚਾਈ ਤੀਹ ਹੱਥ ਹੋਵੇ। 16ਤੂੰ ਕਿਸ਼ਤੀ ਵਿੱਚ ਇੱਕ ਖਿੜਕੀ ਬਣਾਈਂ ਅਤੇ ਉਸ ਦੇ ਇੱਕ ਹੱਥ ਉੱਪਰੋਂ ਉਸ ਦੀ ਛੱਤ ਬਣਾਈਂ ਅਤੇ ਕਿਸ਼ਤੀ ਦੇ ਇੱਕ ਪਾਸੇ ਇੱਕ ਦਰਵਾਜ਼ਾ ਬਣਾਈਂ ਅਤੇ ਉਸ ਦੀਆਂ ਤਿੰਨ ਮੰਜ਼ਲਾਂ ਬਣਾਈਂ। 17ਵੇਖ ਮੈਂ, ਹਾਂ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂ ਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਹੈ, ਅਕਾਸ਼ ਦੇ ਹੇਠੋਂ ਨਾਸ ਕਰ ਦਿਆਂ। ਉਹ ਸਭ ਕੁਝ ਜਿਹੜਾ ਧਰਤੀ ਉੱਤੇ ਹੈ, ਪ੍ਰਾਣ ਛੱਡ ਦੇਵੇਗਾ। 18ਪਰ ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ। ਤੂੰ ਕਿਸ਼ਤੀ ਵਿੱਚ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਨਾਲ ਜਾਵੀਂ। 19ਤੂੰ ਸਾਰੇ ਜੀਉਂਦੇ ਪ੍ਰਾਣੀਆਂ ਵਿੱਚੋਂ ਇੱਕ-ਇੱਕ ਜੋੜਾ ਅਰਥਾਤ ਨਰ ਅਤੇ ਮਾਦਾ ਕਿਸ਼ਤੀ ਵਿੱਚ ਲੈ ਲਈਂ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੇ ਨਾਲ ਜੀਉਂਦਾ ਰੱਖ ਸਕੇਂ। 20ਪੰਛੀਆਂ ਦੀ ਹਰੇਕ ਪ੍ਰਜਾਤੀ, ਡੰਗਰ ਦੀ ਹਰੇਕ ਪ੍ਰਜਾਤੀ, ਅਤੇ ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਵਿੱਚੋਂ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਸਾਰਿਆਂ ਵਿੱਚੋਂ ਇੱਕ-ਇੱਕ ਜੋੜਾ ਤੇਰੇ ਨਾਲ ਆਉਣਗੇ ਤਾਂ ਜੋ ਉਹ ਤੇਰੇ ਨਾਲ ਜੀਉਂਦੇ ਰਹਿਣ। 21ਤੂੰ ਆਪਣੇ ਲਈ ਹਰ ਪ੍ਰਕਾਰ ਦੇ ਭੋਜਨ ਪਦਾਰਥਾਂ ਵਿੱਚੋਂ ਕੁਝ ਲੈ ਲੈ ਅਤੇ ਉਸ ਨੂੰ ਆਪਣੇ ਕੋਲ ਇਕੱਠਾ ਕਰ। ਉਹ ਤੇਰੇ ਲਈ ਅਤੇ ਉਨ੍ਹਾਂ ਦੇ ਲਈ ਭੋਜਨ ਹੋਵੇਗਾ। 22ਤਦ ਨੂਹ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ।
ਸ਼ਾਮ ਦੀ ਪ੍ਰਾਰਥਨਾ: ਪਾਠ
1ਭਲਾ, ਬੁੱਧ ਨਹੀਂ ਪੁਕਾਰਦੀ? ਭਲਾ, ਸਮਝ ਅਵਾਜ਼ ਨਹੀਂ ਮਾਰਦੀ? 2ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ। 3ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ, 4ਹੇ ਮਨੁੱਖੋ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸ਼ੀਆਂ ਲਈ ਮੇਰੀ ਅਵਾਜ਼ ਹੈ! 5ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ! 6ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ ਖਰੀਆਂ ਗੱਲਾਂ ਲਈ ਖੁੱਲਣਗੇ, 7ਕਿਉਂ ਜੋ ਮੇਰੀ ਜੀਭ ਸੱਚੋ-ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ। 8ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ। 9ਸਮਝ ਵਾਲੇ ਦੇ ਲਈ ਓਹ ਸੱਭੇ ਸਰਲ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ। 10ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ, 11ਕਿਉਂ ਜੋ ਬੁੱਧ ਹੀਰੇ ਮੋਤੀਆਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ। 12ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ। 13ਯਹੋਵਾਹ ਦਾ ਭੈਅ ਬੁਰਿਆਈ ਤੋਂ ਨਫ਼ਰਤ ਕਰਨਾ ਹੈ, ਘਮੰਡ, ਹੰਕਾਰ ਅਤੇ ਬੁਰੀ ਚਾਲ, ਪੁੱਠੀਆਂ ਸਿੱਧੀਆਂ ਗੱਲਾਂ ਨਾਲ ਵੀ ਮੈਂ ਵੈਰ ਰੱਖਦੀ ਹਾਂ। 14ਮੱਤ ਅਤੇ ਸਿਆਣਪ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ। 15ਰਾਜੇ ਮੇਰੀ ਸਹਾਇਤਾ ਨਾਲ ਰਾਜ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ। 16ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤੇ ਅਤੇ ਸਾਰੇ ਨਿਆਈਂ ਵੀ। 17ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ, ਅਤੇ ਜਿਹੜੇ ਮਨ ਨਾਲ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ। 18ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ। 19ਮੇਰਾ ਫਲ ਸੋਨੇ ਸਗੋਂ ਚੋਖੇ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ ਵੀ ਚੰਗੀ ਹੈ। 20ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਂ ਦੇ ਰਾਹਾਂ ਦੇ ਵਿਚਕਾਰ ਤੁਰਦੀ ਹਾਂ, 21ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂ ਅਤੇ ਉਨ੍ਹਾਂ ਦੇ ਖ਼ਜ਼ਾਨੇ ਭਰ ਦੇਵਾਂ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਾਰਚ 16 ਸਿਵਲ ਕੈਲੰਡਰ ਦਾ ਮਾਰਚ 29 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ