ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 8
ਆਰਥੋਡਾਕਸ ਕੈਲੰਡਰ · 23 ਫ਼ਰਵਰੀ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 8 ਮਾਰਚ 2027
ਸੋਮਵਾਰ · ਪਨੀਰ ਦਾ ਹਫ਼ਤਾ · ਸੁਰ 7
ਤਿਉਹਾਰ ਅਤੇ ਸੰਤ
ਪਨੀਰ ਦੇ ਹਫ਼ਤੇ ਦਾ ਸੋਮਵਾਰ
ਪਨੀਰ ਦਾ ਹਫ਼ਤਾ
ਮਾਸ ਨਹੀਂ; ਦੁੱਧ ਦੀਆਂ ਚੀਜ਼ਾਂ, ਆਂਡੇ ਅਤੇ ਮੱਛੀ ਦੀ ਇਜਾਜ਼ਤ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਪੱਤ੍ਰੀ
1ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਪਿਆਰੇ ਗਾਯੁਸ ਨੂੰ ਜਿਸ ਨੂੰ ਮੈਂ ਸੱਚ-ਮੁੱਚ ਪਿਆਰ ਰੱਖਦਾ ਹਾਂ। 2ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਜਿਵੇਂ ਤੇਰੀ ਜਾਨ ਸੁੱਖ-ਸਾਂਦ ਨਾਲ ਹੈ, ਤਿਵੇਂ ਤੂੰ ਸਭਨੀਂ ਗੱਲੀਂ ਸੁੱਖ-ਸਾਂਦ ਨਾਲ ਅਤੇ ਤੰਦਰੁਸਤ ਰਹੇਂ। 3ਮੈਂ ਬਹੁਤ ਅਨੰਦ ਹੋਇਆ ਜਦੋਂ ਕਦੇ ਭਰਾਵਾਂ ਨੇ ਆ ਕੇ ਤੇਰੀ ਸਚਿਆਈ ਦੀ ਗਵਾਹੀ ਦਿੱਤੀ, ਜਿਵੇਂ ਤੂੰ ਸਚਿਆਈ ਉੱਤੇ ਚੱਲਦਾ ਵੀ ਹੈਂ। 4ਇਸ ਤੋਂ ਵੱਡਾ ਮੇਰੇ ਲਈ ਕੋਈ ਅਨੰਦ ਨਹੀਂ ਜੋ ਮੈਂ ਸੁਣਾਂ ਕਿ ਮੇਰੇ ਬੱਚੇ ਸਚਿਆਈ ਉੱਤੇ ਚੱਲਦੇ ਹਨ। 5ਪਿਆਰਿਆ, ਜੋ ਸੇਵਾ ਤੂੰ ਭਰਾਵਾਂ ਅਤੇ ਪਰਦੇਸੀਆਂ ਨਾਲ ਕਰਦਾ ਹੈ, ਸੋ ਵਫ਼ਾਦਾਰੀ ਦਾ ਕੰਮ ਕਰਦਾ ਹੈ। 6ਜਿਨ੍ਹਾਂ ਨੇ ਕਲੀਸਿਯਾ ਦੇ ਅੱਗੇ ਤੇਰੇ ਪਿਆਰ ਦੀ ਗਵਾਹੀ ਦਿੱਤੀ। ਜੇ ਤੂੰ ਉਹਨਾਂ ਨੂੰ ਅਗਾਹਾਂ ਪਹੁੰਚਾ ਦੇਵੇਂ, ਜਿਸ ਤਰ੍ਹਾਂ ਪਰਮੇਸ਼ੁਰ ਦੇ ਸੇਵਕਾਂ ਨੂੰ ਕਰਨਾ ਯੋਗ ਹੈ, ਤਾਂ ਚੰਗਾ ਕਰੇਂਗਾ। 7ਕਿਉਂ ਜੋ ਉਹ ਉਸ ਨਾਮ ਦੇ ਨਮਿੱਤ ਨਿੱਕਲ ਤੁਰੇ ਅਤੇ ਪਰਾਈਆਂ ਕੌਮਾਂ ਤੋਂ ਕੁਝ ਨਹੀਂ ਲੈਂਦੇ। 8ਇਸ ਲਈ ਸਾਨੂੰ ਚਾਹੀਦਾ ਹੈ, ਜੋ ਇਹੋ ਜਿਹਿਆਂ ਦੀ ਪ੍ਰਾਹੁਣਚਾਰੀ ਕਰੀਏ ਤਾਂ ਕਿ ਸਚਿਆਈ ਵਿੱਚ ਉਹਨਾਂ ਦੇ ਸਹਿਕਰਮੀ ਹੋਈਏ। 9ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਵੱਡਾ ਹੋਣਾ ਚਾਹੁੰਦਾ ਹੈ, ਸਾਡੀ ਗੱਲ ਨਹੀਂ ਮੰਨਦਾ। 10ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਉਹਨਾਂ ਕੰਮਾਂ ਨੂੰ ਚੇਤੇ ਕਰਾਵਾਂਗਾ, ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਦੁਰਬਚਨ ਬੋਲਦਾ ਹੈ, ਅਤੇ ਐਨੇ ਨਾਲ ਹੀ ਰਾਜ਼ੀ ਨਹੀਂ ਹੁੰਦਾ ਪਰ ਨਾ ਤਾਂ ਆਪ ਭਰਾਵਾਂ ਦਾ ਆਦਰ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਰੋਕਦਾ ਹੈ ਅਤੇ ਉਹਨਾਂ ਨੂੰ ਕਲੀਸਿਯਾ ਵਿੱਚੋਂ ਕੱਢ ਦਿੰਦਾ ਹੈ! 11ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ। ਜਿਹੜਾ ਬੁਰਾ ਕਰਦਾ ਹੈ, ਉਹ ਨੇ ਪਰਮੇਸ਼ੁਰ ਨੂੰ ਨਹੀਂ ਵੇਖਿਆ ਹੈ। 12ਦਿਮੇਤ੍ਰਿਯੁਸ ਦੀ ਸਭਨਾਂ ਨੇ ਅਤੇ ਸਚਿਆਈ ਨੇ ਆਪ ਵੀ ਗਵਾਹੀ ਦਿੱਤੀ ਹੈ, ਸਗੋਂ ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚ ਹੈ। 13ਲਿਖਣਾ ਤਾਂ ਤੈਨੂੰ ਮੈਂ ਬਹੁਤ ਕੁਝ ਸੀ ਪਰ ਮੈਂ ਨਹੀਂ ਚਾਹੁੰਦਾ ਕਿ ਸਿਆਹੀ ਅਤੇ ਕਲਮ ਨਾਲ ਤੈਨੂੰ ਲਿਖਾਂ। 14ਪਰ ਮੈਨੂੰ ਆਸ ਹੈ ਕਿ ਤੈਨੂੰ ਜਲਦੀ ਮਿਲਾਂ। ਫਿਰ ਅਸੀਂ ਆਹਮਣੇ ਸਾਹਮਣੇ ਗੱਲਾਂ ਕਰਾਂਗੇ। 15ਤੈਨੂੰ ਸ਼ਾਂਤੀ ਪ੍ਰਾਪਤ ਹੋਵੇ। ਸਾਡੇ ਮਿੱਤਰ ਤੇਰੀ ਸੁੱਖ-ਸਾਂਦ ਪੁੱਛਦੇ ਹਨ। ਤੂੰ ਸਾਡੇ ਮਿੱਤਰਾਂ ਨੂੰ ਨਾਮ ਲੈ ਲੈ ਕੇ ਸੁੱਖ-ਸਾਂਦ ਆਖੀਂ।
ਇੰਜੀਲ
29ਅਤੇ ਇਹ ਹੋਇਆ ਕਿ ਜਦ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਅਖਵਾਉਂਦਾ ਹੈ, ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ 30ਕਿ ਸਾਹਮਣੇ ਪਿੰਡ ਨੂੰ ਜਾਓ ਅਤੇ ਉੱਥੇ ਪਹੁੰਚ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਸ ਨੂੰ ਖੋਲ੍ਹ ਲਿਆਓ। 31ਅਤੇ ਜੇ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਇਸ ਨੂੰ ਕਿਉਂ ਖੋਲ੍ਹਦੇ ਹੋ? ਤਾਂ ਇਹ ਆਖਣਾ ਜੋ ਪ੍ਰਭੂ ਨੂੰ ਇਸ ਦੀ ਲੋੜ ਹੈ। 32ਸੋ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਉਸ ਪਿੰਡ ਵਿੱਚ ਜਾ ਕੇ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਸੀ ਉਸੇ ਤਰ੍ਹਾਂ ਵੇਖਿਆ। 33ਅਤੇ ਜਦ ਉਸ ਗਧੀ ਦੇ ਬੱਚੇ ਨੂੰ ਖੋਲ੍ਹਦੇ ਸਨ, ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ? 34ਫੇਰ ਉਨ੍ਹਾਂ ਨੇ ਉੱਤਰ ਦਿੱਤਾ ਕਿ ਪ੍ਰਭੂ ਨੂੰ ਇਸ ਦੀ ਲੋੜ ਹੈ। 35ਉਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਤੇ ਪਾ ਕੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36ਜਿਸ ਸਮੇਂ ਉਹ ਅੱਗੇ ਵਧਿਆ ਜਾਂਦਾ ਸੀ ਤਾਂ ਲੋਕੀ ਆਪਣੇ ਕੱਪੜੇ ਉਸ ਦੀ ਰਾਹ ਵਿੱਚ ਵਿਛਾਉਂਦੇ ਸਨ। 37ਅਤੇ ਜਦ ਉਹ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਨਾਲ ਭਰ ਕੇ ਉਨ੍ਹਾਂ ਸਭ ਚਮਤਕਾਰਾਂ ਦੇ ਲਈ ਜੋ ਉਨ੍ਹਾਂ ਨੇ ਵੇਖੇ ਸਨ, ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ 38ਕਿ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ! ਸਵਰਗ ਵਿੱਚ ਸ਼ਾਂਤੀ ਅਤੇ ਅਕਾਸ਼ ਵਿੱਚ ਵਡਿਆਈ ਹੋਵੇ! 39ਤਦ ਭੀੜ ਵਿੱਚ ਕਿੰਨਿਆਂ ਫ਼ਰੀਸੀਆਂ ਨੇ ਉਸ ਨੂੰ ਕਿਹਾ, ਗੁਰੂ ਜੀ ਆਪਣਿਆਂ ਚੇਲਿਆਂ ਨੂੰ ਚੁੱਪ ਕਰਾ! 40ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ! 22:7ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ। 8ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ। 9ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ? 10ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ। 11ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ? 12ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ। 13ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ। 14ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ। 15ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। 16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ। 17ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ। 18ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ। 19ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। 20ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। 21ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ। 22ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ! 23ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ। 24ਉਨ੍ਹਾਂ ਵਿੱਚ ਇਹ ਬਹਿਸ ਵੀ ਹੋਈ ਜੋ ਸਾਡੇ ਵਿੱਚੋਂ ਕੌਣ ਵੱਡਾ ਸਮਝਿਆ ਜਾਂਦਾ ਹੈ? 25ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਸੋ ਮਦਦਗਾਰ ਅਖਵਾਉਂਦੇ ਹਨ। 26ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਸੇਵਕ ਵਰਗਾ ਬਣੇ। 27ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਸੇਵਕ ਵਰਗਾ ਹਾਂ। 28ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। 29ਜਿਸ ਤਰ੍ਹਾਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। 30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ। 31ਹੇ ਸ਼ਮਊਨ, ਸ਼ਮਊਨ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ। 32ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ। 33ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ। 34ਤਦ ਯਿਸੂ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਮੁਰਗਾ ਬਾਂਗ ਨਾ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਇਹ ਨਾ ਆਖੇਂ ਕਿ ਮੈਂ ਉਸ ਨੂੰ ਨਹੀਂ ਜਾਣਦਾ। 35ਉਸ ਨੇ ਉਨ੍ਹਾਂ ਨੂੰ ਆਖਿਆ, “ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨ੍ਹਾਂ ਭੇਜਿਆ ਸੀ, ਤਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੋਈ? ਉਹ ਬੋਲੇ, ਕਿਸੇ ਚੀਜ਼ ਦੀ ਨਹੀਂ।” 36ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ। 37ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ “ਉਹ ਅਪਰਾਧੀਆਂ ਵਿੱਚ ਗਿਣਿਆ ਗਿਆ” ਸੋ ਮੇਰੇ ਹੱਕ ਵਿੱਚ ਉਸ ਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁਝ ਮੇਰੇ ਬਾਰੇ ਹੈ ਸੋ ਉਸ ਨੇ ਪੂਰਾ ਹੋਣਾ ਹੀ ਹੈ। 38ਉਹ ਬੋਲੇ, ਪ੍ਰਭੂ ਜੀ ਵੇਖੋ, ਇੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬਹੁਤ ਹਨ! 39ਉਹ ਬਾਹਰ ਨਿੱਕਲ ਕੇ ਆਪਣੀ ਰੀਤ ਅਨੁਸਾਰ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਫ਼ਰਵਰੀ 23 ਸਿਵਲ ਕੈਲੰਡਰ ਦਾ ਮਾਰਚ 8 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ