Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਫ਼ਰਵਰੀ 2027 › ਫ਼ਰਵਰੀ 26

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 26 ਫ਼ਰਵਰੀ 2027

ਸ਼ੁੱਕਰਵਾਰ · ਚਾਲੀਸੇ ਦਾ ਦੂਜਾ ਹਫ਼ਤਾ

ਤਿਉਹਾਰ ਅਤੇ ਸੰਤ

ਚਾਲੀਸੇ ਦੇ ਦੂਜੇ ਹਫ਼ਤੇ ਦਾ ਸ਼ੁੱਕਰਵਾਰ

ਆਮ ਦਿਨ · ਉਪਾਸਨਾ ਦਾ ਰੰਗ: ਬੈਂਗਣੀ

ਵਰਤ ਅਤੇ ਤੋਬਾ

ਮਾਸ ਤੋਂ ਪਰਹੇਜ਼

ਹਰ ਸ਼ੁੱਕਰਵਾਰ ਤੋਬਾ ਦਾ ਦਿਨ ਹੈ; ਹਰ ਬਿਸ਼ਪ ਕਾਨਫ਼ਰੰਸ ਤੈਅ ਕਰਦੀ ਹੈ ਕਿ ਇਸ ਨੂੰ ਕਿਵੇਂ ਮਨਾਉਣਾ ਹੈ: ਮਾਸ ਤੋਂ ਪਰਹੇਜ਼ ਜਾਂ ਤੋਬਾ ਦਾ ਕੋਈ ਹੋਰ ਕੰਮ। ਵਰਤ 18 ਤੋਂ 59 ਸਾਲ ਤੱਕ, ਪਰਹੇਜ਼ 14 ਸਾਲ ਤੋਂ ਲਾਜ਼ਮੀ ਹੈ।

ਦਿਨ ਦੇ ਪਾਠ

ਪਹਿਲਾ ਪਾਠ

ਉਤ 37:3–4, 12–13, 17–28

3ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ ਅਤੇ ਉਸ ਨੇ ਉਹ ਦੇ ਲਈ ਇੱਕ ਰੰਗ-ਬਿਰੰਗਾ ਚੋਲਾ ਬਣਾਇਆ। 4ਜਦ ਉਸ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਤੇ ਉਹ ਦੇ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ। 12ਫੇਰ ਉਸ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਕਮ ਨੂੰ ਗਏ। 13ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਕੀ ਤੇਰੇ ਭਰਾ ਸ਼ਕਮ ਵਿੱਚ ਭੇਡਾਂ ਨਹੀਂ ਚਾਰਦੇ ਹਨ? ਜਾ, ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜਦਾ ਹਾਂ। ਤਦ ਉਸ ਨੇ ਆਖਿਆ, ਮੈਂ ਹਾਜ਼ਰ ਹਾਂ। 17ਫੇਰ ਉਸ ਮਨੁੱਖ ਨੇ ਆਖਿਆ, ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਨ੍ਹਾਂ ਨੂੰ ਇਹ ਆਖਦੇ ਸੁਣਿਆ ਕਿ ਅਸੀਂ ਦੋਥਾਨ ਨੂੰ ਚੱਲੀਏ। ਸੋ ਯੂਸੁਫ਼ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਲੱਭਿਆ। 18ਤਦ ਉਨ੍ਹਾਂ ਨੇ ਉਸ ਨੂੰ ਦੂਰੋਂ ਵੇਖਿਆ ਅਤੇ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਣ ਦੀ ਯੋਜਨਾ ਬਣਾਈ 19ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ, ਉਹ ਸੁਫ਼ਨੇ ਵੇਖਣ ਵਾਲਾ ਆ ਰਿਹਾ ਹੈ। 20ਹੁਣ ਆਓ ਅਸੀਂ ਇਸ ਨੂੰ ਮਾਰ ਸੁੱਟੀਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਆਖੀਏ ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਸੁੱਟਿਆ ਹੈ ਤਾਂ ਅਸੀਂ ਵੇਖਾਂਗੇ ਕਿ ਉਸ ਦੇ ਸੁਫ਼ਨਿਆਂ ਦਾ ਕੀ ਬਣੇਗਾ। 21ਪਰ ਰਊਬੇਨ ਨੇ ਸੁਣ ਕੇ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾਇਆ ਅਤੇ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ। 22ਰਊਬੇਨ ਨੇ ਉਨ੍ਹਾਂ ਨੂੰ ਆਖਿਆ, ਖੂਨ ਨਾ ਕਰੋ, ਉਸ ਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ ਪਰ ਉਸ ਨੂੰ ਹੱਥ ਨਾ ਲਾਓ ਤਾਂ ਜੋ ਉਹ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਉਹ ਦੇ ਪਿਤਾ ਕੋਲ ਪਹੁੰਚਾ ਦੇਵੇ। 23ਜਦ ਯੂਸੁਫ਼ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਯੂਸੁਫ਼ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਰੰਗ-ਬਿਰੰਗਾ ਚੋਲਾ ਜਿਹੜਾ ਉਸ ਨੇ ਪਾਇਆ ਹੋਇਆ ਸੀ, ਉਤਾਰ ਲਿਆ। 24ਤਦ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਹ ਟੋਆ ਖਾਲੀ ਸੀ, ਉਸ ਵਿੱਚ ਪਾਣੀ ਨਹੀਂ ਸੀ। 25ਜਦ ਉਹ ਰੋਟੀ ਖਾਣ ਬੈਠੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕੇ ਇਸਮਾਏਲੀਆਂ ਦਾ ਇੱਕ ਕਾਫ਼ਿਲਾ ਗਿਲਆਦ ਤੋਂ ਆ ਰਿਹਾ ਸੀ ਅਤੇ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲੇ, ਗੁੱਗਲ ਅਤੇ ਗੰਧਰਸ ਲੱਦੀ ਹੋਈ ਸੀ, ਜੋ ਉਹ ਮਿਸਰ ਨੂੰ ਲੈ ਜਾ ਰਹੇ ਸਨ। 26ਤਦ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਸਾਨੂੰ ਕੀ ਲਾਭ ਹੋਵੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਅਤੇ ਉਸ ਦੇ ਲਹੂ ਨੂੰ ਲੁਕਾਈਏ? 27ਆਓ ਅਸੀਂ ਇਸਮਾਏਲੀਆਂ ਕੋਲ ਉਸ ਨੂੰ ਵੇਚ ਦੇਈਏ ਪਰ ਉਸ ਉੱਤੇ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ ਅਤੇ ਉਸ ਦੇ ਭਰਾਵਾਂ ਨੇ ਉਹ ਦੀ ਗੱਲ ਮੰਨ ਲਈ। 28ਤਦ ਮਿਦਯਾਨੀ ਵਪਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ ਵੀਹ ਸਿੱਕਿਆਂ ਵਿੱਚ ਵੇਚ ਦਿੱਤਾ ਅਤੇ ਉਹ ਯੂਸੁਫ਼ ਨੂੰ ਮਿਸਰ ਵਿੱਚ ਲੈ ਗਏ।

ਜਵਾਬੀ ਭਜਨ

ਜ਼ਬੂ 105:16–21

16ਤਾਂ ਉਹ ਨੇ ਦੇਸ ਉੱਤੇ ਕਾਲ ਪਾ ਦਿੱਤਾ, ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ। 17ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ, ਯੂਸੁਫ਼ ਦਾਸ ਕਰਕੇ ਵੇਚਿਆ ਗਿਆ। 18ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ, 19ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ, ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ। 20ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ੍ਹ ਦਿੱਤਾ, ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ। 21ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, ਅਤੇ ਆਪਣੀ ਸਾਰੀ ਮਿਲਖ਼ ਦਾ ਹਾਕਮ ਠਹਿਰਾਇਆ,

ਇੰਜੀਲ

ਮੱਤੀ 21:33–43, 45–46

33ਇੱਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫ਼ੇਰੇ ਵਾੜ ਕੀਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ। 34ਜਦੋਂ ਫਲਾਂ ਦੀ ਰੁੱਤ ਨੇੜੇ ਆਈ ਤਾਂ ਉਹ ਨੇ ਆਪਣੇ ਨੌਕਰ ਮਾਲੀਆਂ ਦੇ ਕੋਲ ਆਪਣੇ ਫਲ ਲੈਣ ਲਈ ਭੇਜੇ। 35ਅਤੇ ਮਾਲੀਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਉ ਕੀਤਾ। 36ਫੇਰ ਉਸ ਨੇ ਪਹਿਲਾਂ ਨਾਲੋਂ ਵੱਧ ਨੌਕਰਾਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਇਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ। 37ਅੰਤ ਉਸ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ। 38ਪਰ ਮਾਲੀਆਂ ਨੇ ਜਦ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ਵਾਰਿਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ। 39ਅਤੇ ਉਨ੍ਹਾਂ ਉਸ ਨੂੰ ਫੜਿਆ ਅਤੇ ਬਾਗ਼ੋਂ ਬਾਹਰ ਕੱਢ ਕੇ ਮਾਰ ਸੁੱਟਿਆ। 40ਸੋ ਜਦ ਬਾਗ਼ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ? 41ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਬੁਰਿਆਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁੱਤ ਸਿਰ ਉਸ ਨੂੰ ਫਲ ਪਹੁੰਚਾਉਣਗੇ। 42ਯਿਸੂ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਪਵਿੱਤਰ ਗ੍ਰੰਥਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੂ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ। 43ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਅਤੇ ਪਰਾਈ ਕੌਮ ਨੂੰ ਦਿੱਤਾ ਜਾਵੇਗਾ, ਜਿਹੜੀ ਉਹ ਦੇ ਫਲ ਦੇਵੇ। 45ਜਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਹ ਦੇ ਦ੍ਰਿਸ਼ਟਾਂਤ ਸੁਣੇ ਤਾਂ ਸਮਝਿਆ ਜੋ ਉਹ ਸਾਡੇ ਹੀ ਬਾਰੇ ਵਿੱਚ ਆਖਦਾ ਹੈ। 46ਅਤੇ ਜਦ ਉਹ ਉਸ ਨੂੰ ਫੜ੍ਹਨਾ ਚਾਹੁੰਦੇ ਸਨ ਤਾਂ ਲੋਕਾਂ ਤੋਂ ਡਰੇ, ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ