ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਦਸੰਬਰ 2026 › ਦਸੰਬਰ 27
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 27 ਦਸੰਬਰ 2026
ਐਤਵਾਰ · ਕ੍ਰਿਸਮਸ ਸਮਾਂ
ਤਿਉਹਾਰ ਅਤੇ ਸੰਤ
ਪਵਿੱਤਰ ਪਰਿਵਾਰ: ਯਿਸੂ, ਮਰਿਯਮ ਅਤੇ ਯੂਸੁਫ਼
ਤਿਉਹਾਰ · ਉਪਾਸਨਾ ਦਾ ਰੰਗ: ਚਿੱਟਾ
ਦਿਨ ਦੇ ਪਾਠ
ਪਹਿਲਾ ਪਾਠ
1ਇਨ੍ਹਾਂ ਗੱਲਾਂ ਤੋਂ ਬਾਅਦ ਯਹੋਵਾਹ ਦਾ ਇਹ ਬਚਨ ਦਰਸ਼ਣ ਵਿੱਚ ਅਬਰਾਮ ਕੋਲ ਆਇਆ: ਨਾ ਡਰ ਅਬਰਾਮ, ਮੈਂ ਤੇਰੇ ਲਈ ਢਾਲ਼ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ। 2ਅਬਰਾਮ ਨੇ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਮੈਨੂੰ ਕੀ ਦੇਵੇਂਗਾ? ਕਿਉਂ ਜੋ ਮੈਂ ਬੇ-ਔਲਾਦ ਜਾਂਦਾ ਹਾਂ ਅਤੇ ਮੇਰੇ ਘਰ ਦਾ ਵਾਰਿਸ ਇਹ ਦੰਮਿਸ਼ਕੀ ਅਲੀਅਜ਼ਰ ਹੈ। 3ਅਬਰਾਮ ਨੇ ਆਖਿਆ ਵੇਖ ਤੂੰ ਮੈਨੂੰ ਕੋਈ ਅੰਸ ਨਹੀਂ ਦਿੱਤੀ ਅਤੇ ਵੇਖ ਮੇਰੇ ਘਰਾਣੇ ਵਿੱਚ ਜੰਮਿਆ ਮੇਰਾ ਵਾਰਿਸ ਹੋਵੇਗਾ। 4ਤਦ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ, ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਵਿੱਚੋਂ ਹੋਵੇਗਾ ਉਹ ਤੇਰਾ ਵਾਰਿਸ ਹੋਵੇਗਾ। 5ਯਹੋਵਾਹ ਪਰਮੇਸ਼ੁਰ ਉਸ ਨੂੰ ਬਾਹਰ ਲੈ ਗਿਆ ਅਤੇ ਆਖਿਆ, ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਕੀ ਤੂੰ ਉਹਨਾਂ ਨੂੰ ਗਿਣ ਸਕਦਾ ਹੈ? ਫੇਰ ਉਸ ਨੇ ਉਹ ਨੂੰ ਆਖਿਆ, ਤੇਰੀ ਅੰਸ ਐਨੀ ਹੀ ਹੋਵੇਗੀ। 6ਉਸ ਨੇ ਯਹੋਵਾਹ ਉੱਤੇ ਵਿਸ਼ਵਾਸ ਕੀਤਾ, ਅਤੇ ਯਹੋਵਾਹ ਨੇ ਉਹ ਦੇ ਲਈ ਇਸ ਗੱਲ ਨੂੰ ਧਾਰਮਿਕਤਾ ਗਿਣਿਆ। 21:1ਯਹੋਵਾਹ ਨੇ ਜਿਵੇਂ ਆਖਿਆ ਸੀ, ਉਸੇ ਤਰ੍ਹਾਂ ਸਾਰਾਹ ਉੱਤੇ ਨਜ਼ਰ ਕੀਤੀ ਅਤੇ ਉਸ ਲਈ ਆਪਣੇ ਬਚਨ ਦੇ ਅਨੁਸਾਰ ਕੀਤਾ। 2ਸਾਰਾਹ ਗਰਭਵਤੀ ਹੋਈ ਅਤੇ ਉਸੇ ਨਿਯੁਕਤ ਸਮੇਂ ਤੇ ਜੋ ਪਰਮੇਸ਼ੁਰ ਨੇ ਠਹਿਰਾਇਆ ਸੀ, ਅਬਰਾਹਾਮ ਲਈ ਉਸ ਦੇ ਬੁਢੇਪੇ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। 3ਅਬਰਾਹਾਮ ਨੇ ਆਪਣੇ ਪੁੱਤਰ ਦਾ ਨਾਮ ਜਿਸ ਨੂੰ ਸਾਰਾਹ ਨੇ ਜਨਮ ਦਿੱਤਾ ਸੀ, ਇਸਹਾਕ ਰੱਖਿਆ।
ਜਵਾਬੀ ਭਜਨ
1ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ! 2ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ! 3ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ! 4ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ। 5ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ। 6ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ, 8ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ, 9ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ,
ਦੂਜਾ ਪਾਠ
8ਵਿਸ਼ਵਾਸ ਨਾਲ ਹੀ ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਸ ਨੂੰ ਉਹ ਨੇ ਅਧਿਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਜਾਣਦਾ ਨਹੀਂ ਸੀ ਕਿ ਮੈਂ ਕਿੱਧਰ ਨੂੰ ਜਾਂਦਾ ਹਾਂ ਪਰ ਤਾਂ ਵੀ ਨਿੱਕਲ ਤੁਰਿਆ। 11ਵਿਸ਼ਵਾਸ ਨਾਲ ਸਾਰਾਹ ਨੇ ਬੁੱਢੀ ਹੋ ਜਾਣ ਤੇ ਵੀ ਗਰਭਵਤੀ ਹੋਣ ਦੀ ਸਮਰੱਥਾ ਪਾਈ, ਕਿਉਂਕਿ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ। 12ਉਪਰੰਤ ਇੱਕ ਮਨੁੱਖ ਤੋਂ ਜੋ ਮੁਰਦੇ ਜਿਹਾ ਸੀ ਐਨੇ ਉਤਪਤ ਹੋਏ, ਜਿੰਨੇ ਅਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਹਨ, ਜੋ ਅਣਗਿਣਤ ਹਨ। 17ਵਿਸ਼ਵਾਸ ਨਾਲ ਹੀ ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ। ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ। 18ਅਤੇ ਜਿਸ ਨੂੰ ਇਹ ਆਖਿਆ ਗਿਆ ਕਿ ਇਸਹਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ। 19ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਵੀ ਜੀ ਉੱਠਾਲਣ ਦੀ ਸਮਰੱਥ ਰੱਖਦਾ ਹੈ ਜਿਨ੍ਹਾਂ ਵਿੱਚੋਂ ਉਹ ਨੇ ਮੰਨੋ ਉਹ ਨੂੰ ਪ੍ਰਾਪਤ ਵੀ ਕਰ ਲਿਆ।
ਇੰਜੀਲ
22ਜਦ ਮੂਸਾ ਦੀ ਬਿਵਸਥਾ ਦੇ ਅਨੁਸਾਰ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਸਮਰਪਤ ਕਰਨ ਲਈ ਯਰੂਸ਼ਲਮ ਵਿੱਚ ਲਿਆਏ। 23ਜਿਵੇਂ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ, ਜੋ ਹਰੇਕ ਪਹਿਲੌਠਾ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ। 24ਅਤੇ ਉਸ ਗੱਲ ਅਨੁਸਾਰ ਜੋ ਪ੍ਰਭੂ ਦੀ ਬਿਵਸਥਾ ਵਿੱਚ ਲਿਖੀ ਹੋਈ ਹੈ ਅਰਥਾਤ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਬਲੀਦਾਨ ਕਰਨ। 25ਯਰੂਸ਼ਲਮ ਵਿੱਚ ਸ਼ਮਊਨ ਨਾਮ ਦਾ ਇੱਕ ਮਨੁੱਖ ਸੀ, ਉਹ ਧਰਮੀ ਅਤੇ ਭਗਤ ਸੀ ਅਤੇ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਵਿੱਚ ਸੀ ਅਤੇ ਉਹ ਪਵਿੱਤਰ ਆਤਮਾ ਨਾਲ ਭਰਪੂਰ ਸੀ। 26ਅਤੇ ਪਵਿੱਤਰ ਆਤਮਾ ਨੇ ਉਸ ਉੱਤੇ ਪਰਗਟ ਕੀਤਾ ਕਿ ਜਦ ਤੱਕ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ। 27ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦ ਮਾਤਾ-ਪਿਤਾ ਉਸ ਬਾਲਕ ਯਿਸੂ ਨੂੰ ਅੰਦਰ ਲਿਆਏ, ਤਾਂ ਜੋ ਬਿਵਸਥਾ ਦੀ ਵਿਧੀ ਨੂੰ ਪੂਰਾ ਕਰਨ। 28ਉਸ ਨੇ ਉਸ ਨੂੰ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਆਖਿਆ, 29ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰ, 30ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਨੂੰ ਵੇਖ ਲਿਆ ਹੈ, 31ਜਿਸ ਨੂੰ ਤੂੰ ਸਾਰੇ ਦੇਸਾਂ ਦੇ ਲੋਕਾਂ ਅੱਗੇ ਤਿਆਰ ਕੀਤਾ ਹੈ, 32ਕਿ ਪਰਾਈਆਂ ਕੌਮਾਂ ਨੂੰ ਪ੍ਰਕਾਸ਼ ਦੇਣ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਮਹਿਮਾ ਹੋਵੇ। 33ਉਸ ਦੇ ਪਿਤਾ ਅਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਸ ਦੇ ਬਾਰੇ ਆਖੀਆਂ ਗਈਆਂ ਸਨ, ਸੁਣ ਕੇ ਹੈਰਾਨ ਹੁੰਦੇ ਸਨ। 34ਤਦ ਸ਼ਮਊਨ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਲਈ ਇੱਕ ਨਿਸ਼ਾਨ ਠਹਿਰਾਇਆ ਹੋਇਆ ਹੈ, ਜਿਸ ਦੇ ਵਿਰੁੱਧ ਗੱਲਾਂ ਹੋਣਗੀਆਂ। 35ਸਗੋਂ ਤਲਵਾਰ ਵੀ ਤੇਰੇ ਦਿਲ ਵਿੱਚ ਖੁੱਭ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪਰਗਟ ਹੋ ਜਾਣ। 36ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਮ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਬਜ਼ੁਰਗ ਸੀ ਅਤੇ ਆਪਣੇ ਵਿਆਹ ਹੋਣ ਤੋਂ ਬਾਅਦ ਸੱਤ ਸਾਲਾਂ ਤੱਕ ਹੀ ਆਪਣੇ ਪਤੀ ਨਾਲ ਰਹਿ ਸਕੀ ਸੀ। 37ਅਤੇ ਉਹ ਚੁਰਾਸੀਆਂ ਸਾਲਾਂ ਤੋਂ ਵਿਧਵਾ ਸੀ ਅਤੇ ਹੈਕਲ ਨੂੰ ਨਹੀਂ ਛੱਡਦੀ ਸੀ, ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ-ਦਿਨ ਬੰਦਗੀ ਕਰਦੀ ਰਹਿੰਦੀ ਸੀ। 38ਉਸ ਨੇ ਉਸੇ ਸਮੇਂ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ। 39ਅਤੇ ਜਦ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁਝ ਪੂਰਾ ਕਰ ਚੁੱਕੇ ਤਾਂ ਗਲੀਲ ਵੱਲ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਮੁੜੇ। 40ਉਹ ਬਾਲਕ ਵਧਦਾ ਅਤੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ, ਅਤੇ ਪਰਮੇਸ਼ੁਰ ਦੀ ਕਿਰਪਾ ਉਸ ਉੱਤੇ ਸੀ।
ਅੱਜ ਦੇ ਸੰਤ
- ਰਸੂਲ ਅਤੇ ਇੰਜੀਲ-ਲੇਖਕ ਸੰਤ ਯੂਹੰਨਾ
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ