Bible Explorer ਐਪ ਲਓ

ਪੜਚੋਲ › ਇੰਜੀਲਾਂ ਨਾਲ-ਨਾਲ › ਗਲੀਲ ਵਿੱਚ

ਇੰਜੀਲਾਂ ਨਾਲ-ਨਾਲ · ਗਲੀਲ ਵਿੱਚ

ਸਬਤ ਦੇ ਦਿਨ ਸਿੱਟੇ ਤੋੜਨਾ

ਮੱਤੀ 12:1–8 · ਮਰਕੁ 2:23–28 · ਲੂਕਾ 6:1–5

ਮੱਤੀ

ਮੱਤੀ 12:1–8

1ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ, ਅਤੇ ਉਹ ਦੇ ਚੇਲਿਆਂ ਨੂੰ ਭੁੱਖ ਲੱਗੀ, ਉਹ ਸਿੱਟੇ ਤੋੜ ਕੇ ਖਾਣ ਲੱਗੇ।

2ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ।

3ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ?

4ਜੋ ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ ਪਰ ਕੇਵਲ ਜਾਜਕਾਂ ਨੂੰ।

5ਜਾਂ ਤੁਸੀਂ ਮੂਸਾ ਦੀ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ?

6ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ।

7ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ, ਤਦ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।

8ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।

ਮਰਕੁਸ

ਮਰਕੁ 2:23–28

23ਤਾਂ ਐਉਂ ਹੋਇਆ ਜੋ ਉਹ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਦਾ ਸੀ ਅਤੇ ਉਹ ਦੇ ਚੇਲੇ ਰਾਹ ਵਿੱਚ ਚੱਲਦੇ ਹੋਏ ਸਿੱਟੇ ਤੋੜਨ ਲੱਗੇ।

24ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਇਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਯੋਗ ਨਹੀਂ ਹੈ?

25ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਕਦੇ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਸ ਨੂੰ ਲੋੜ ਸੀ ਅਤੇ ਉਹ ਤੇ ਉਸ ਦੇ ਸਾਥੀ ਭੁੱਖੇ ਸਨ?

26ਜੋ ਉਹ ਕਿਵੇਂ ਪ੍ਰਧਾਨ ਜਾਜਕ ਅਬਯਾਥਾਰ ਦੇ ਸਮੇਂ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨ੍ਹਾਂ ਹੋਰ ਕਿਸੇ ਨੂੰ ਯੋਗ ਨਹੀਂ ਸੀ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?

27ਉਸ ਨੇ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੇ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਦੇ ਲਈ।

28ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।

ਲੂਕਾ

ਲੂਕਾ 6:1–5

1ਇੱਕ ਸਬਤ ਦੇ ਦਿਨ ਇਹ ਹੋਇਆ ਜਦੋਂ ਉਹ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ, ਅਤੇ ਉਸ ਦੇ ਚੇਲੇ ਸਿੱਟੇ ਤੋੜ ਕੇ ਖਾਂਦੇ ਜਾਂਦੇ ਸਨ।

2ਤਦ ਫ਼ਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਿਉਂ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ?

3ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ?

4ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਲੈ ਕੇ ਖਾਧੀਆਂ, ਜਿਨ੍ਹਾਂ ਦਾ ਖਾਣਾ ਜਾਜਕਾਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਯੋਗ ਨਹੀਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?

5ਫੇਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।

ਚਿੰਨ੍ਹਿਤ: ਉਹ ਸ਼ਬਦ ਜੋ ਹਰ ਬਿਰਤਾਂਤ ਵਿੱਚ ਹਨ, ਉਸ ਅਨੁਵਾਦ ਵਿੱਚ ਜੋ ਤੁਸੀਂ ਪੜ੍ਹਦੇ ਹੋ। ਸਭ ਤੋਂ ਆਮ ਸ਼ਬਦ (“ਅਤੇ”, “ਉਹ”) ਚਿੰਨ੍ਹਿਤ ਨਹੀਂ; ਕਿਸੇ ਹੋਰ ਰੂਪ ਵਿੱਚ ਸ਼ਬਦ ਸ਼ਾਇਦ ਚਿੰਨ੍ਹਿਤ ਨਾ ਹੋਵੇ।

ਸਰੋਤ: OpenBible.info, CC BY 4.0 · ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ