IRV · ਅਧਿਆਇ 61 / 150
ਜ਼ਬੂਰ 61
1ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਭਜਨ। ਹੇ ਪਰਮੇਸ਼ੁਰ, ਮੇਰੀ ਪੁਕਾਰ ਸੁਣ, ਮੇਰੀ ਪ੍ਰਾਰਥਨਾ ਵੱਲ ਧਿਆਨ ਦੇ!
2ਮੈਂ ਆਪਣੇ ਮਨ ਦੇ ਨਢਾਲ ਹੋਣ ਤੇ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, ਤੂੰ ਉਸ ਚੱਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ,
3ਤੂੰ ਮੇਰੀ ਪਨਾਹ ਜੋ ਹੈਂ, ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈਂ।
4ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ। ਸਲਹ।
5ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਨੂੰ ਸੁਣਿਆ, ਤੂੰ ਆਪਣੇ ਨਾਮ ਦੇ ਭੈਅ ਮੰਨਣ ਵਾਲਿਆਂ ਦਾ ਅਧਿਕਾਰ ਮੈਨੂੰ ਦਿੱਤਾ ਹੈ।
6ਤੂੰ ਪਾਤਸ਼ਾਹ ਦੀ ਉਮਰ ਨੂੰ ਵਧਾਵੇਂਗਾ, ਉਹ ਦੇ ਵਰ੍ਹੇ ਪੀੜ੍ਹੀਓਂ ਪੀੜ੍ਹੀ ਹੋਣਗੇ।
7ਉਹ ਪਰਮੇਸ਼ੁਰ ਦੇ ਸਨਮੁਖ ਸਦਾ ਤੱਕ ਵੱਸੇਗਾ, ਦਯਾ ਅਤੇ ਸਚਿਆਈ ਨੂੰ ਥਾਪ ਰੱਖ ਕਿ ਉਹ ਉਸ ਦੀ ਰੱਖਿਆ ਕਰਨ।
8ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਕਿ ਮੈਂ ਨਿਤ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRV, 2019) · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. (ਪਾਠ ਬਿਨਾਂ ਬਦਲੇ; ਫੁਟਨੋਟ ਅਤੇ ਸਿਰਲੇਖ ਛੱਡੇ ਗਏ) · eBible.org