Bible Explorer ਐਪ ਲਓ

ਬਾਈਬਲ › ਜ਼ਬੂਰ › 52

IRV · ਅਧਿਆਇ 52 / 150

ਜ਼ਬੂਰ 52

1ਪ੍ਰਧਾਨ ਵਜਾਉਣ ਵਾਲੇ ਦੇ ਲਈ ਮਸ਼ਕੀਲ ਉੱਤੇ ਦਾਊਦ ਦਾ ਭਜਨ ਜਦੋਂ ਦੋਏਗ ਅਦੋਮੀ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਗਿਆ ਹੈ। ਹੇ ਸੂਰਬੀਰ, ਤੂੰ ਬੁਰਿਆਈ ਉੱਤੇ ਕਿਉਂ ਘਮੰਡ ਕਰਦਾ ਹੈਂ? ਪਰਮੇਸ਼ੁਰ ਦੀ ਦਯਾ ਸਦੀਪਕ ਰਹਿੰਦੀ ਹੈ।

2ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ ਤਿੱਖੇ ਉਸਤਰੇ ਵਾਂਗੂੰ ਕਰਦੀ ਹੈ!

3ਤੂੰ ਬੁਰਿਆਈ ਨੂੰ ਭਲਿਆਈ ਨਾਲੋਂ, ਅਤੇ ਝੂਠ ਬੋਲਣ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈਂ। ਸਲਹ।

4ਹੇ ਛਲ ਵਾਲੀ ਜੀਭ, ਤੂੰ ਸਾਰੀਆਂ ਹਲਾਕ ਕਰਨ ਵਾਲਿਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈਂ!

5ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ੍ਹ ਕੇ ਤੇਰੇ ਤੰਬੂ ਵਿੱਚੋਂ ਉਖੇੜ ਛੱਡੇਗਾ, ਅਤੇ ਜੀਉਣ ਦੀ ਧਰਤੀ ਵਿੱਚੋਂ ਤੇਰੀ ਜੜ੍ਹ ਪੁੱਟ ਦੇਵੇਗਾ! ਸਲਹ।

6ਧਰਮੀ ਵੀ ਵੇਖਣਗੇ ਅਤੇ ਡਰਨਗੇ, ਅਤੇ ਉਸ ਉੱਤੇ ਹੱਸਣਗੇ,

7ਵੇਖੋ, ਇਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਗੜ੍ਹ ਨਹੀਂ ਮੰਨਿਆ ਸੀ, ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ, ਅਤੇ ਆਪਣੇ ਲੋਭ ਵਿੱਚ ਪੱਕਾ ਸੀ!

8ਪਰ ਮੈਂ ਤਾਂ ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਰੁੱਖ ਵਰਗਾ ਹਾਂ, ਮੈਂ ਪਰਮੇਸ਼ੁਰ ਦੀ ਦਯਾ ਉੱਤੇ ਸਦਾ ਹੀ ਭਰੋਸਾ ਰੱਖਿਆ ਹੈ।

9ਮੈਂ ਸਦਾ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਤੂੰ ਇਹ ਕੀਤਾ ਹੈ, ਅਤੇ ਮੈਂ ਤੇਰੇ ਨਾਮ ਉੱਤੇ ਭਰੋਸਾ ਰੱਖਿਆ ਅਤੇ ਉਹ ਭਲਾ ਹੈ ਅਤੇ ਤੇਰੇ ਸੰਤਾਂ ਦੇ ਅੱਗੇ ਤੇਰੀ ਉਸਤਤ ਕਰਾਂਗਾ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRV, 2019) · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. (ਪਾਠ ਬਿਨਾਂ ਬਦਲੇ; ਫੁਟਨੋਟ ਅਤੇ ਸਿਰਲੇਖ ਛੱਡੇ ਗਏ) · eBible.org