IRV · ਅਧਿਆਇ 47 / 150
ਜ਼ਬੂਰ 47
1ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਇੱਕ ਭਜਨ। ਹੇ ਸਭ ਲੋਕੋ, ਤਾੜੀਆਂ ਵਜਾਓ, ਜੈ-ਜੈਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ,
2ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਨਕ ਹੈ, ਉਹ ਸਾਰੇ ਜਗਤ ਦਾ ਮਹਾਰਾਜਾ ਹੈ!
3ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ, ਅਤੇ ਉੱਮਤਾਂ ਨੂੰ ਸਾਡੇ ਪੈਰਾਂ ਹੇਠ ਕਰ ਦਿੰਦਾ ਹੈ।
4ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁਣਦਾ ਹੈ, ਆਪਣੇ ਪਿਆਰੇ ਯਾਕੂਬ ਦੀ ਉੱਤਮਤਾਈ ਨੂੰ। ਸਲਹ।
5ਪਰਮੇਸ਼ੁਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ, ਯਹੋਵਾਹ ਨਰਸਿੰਗੇ ਦੀ ਅਵਾਜ਼ ਨਾਲ।
6ਪਰਮੇਸ਼ੁਰ ਦਾ ਭਜਨ ਗਾਓ, ਅਰਾਧਨਾ ਕਰੋ, ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ!
7ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, ਸੁਰ ਤਾਲ ਨਾਲ ਅਰਾਧਨਾ ਕਰੋ!
8ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ।
9ਕੌਮਾਂ ਦੇ ਪਤਵੰਤ ਇਕੱਠੇ ਹੋਏ ਹਨ, ਕਿ ਉਹ ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਹੋਣ। ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ, ਉਹ ਅੱਤ ਮਹਾਨ ਹੈ!
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRV, 2019) · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. (ਪਾਠ ਬਿਨਾਂ ਬਦਲੇ; ਫੁਟਨੋਟ ਅਤੇ ਸਿਰਲੇਖ ਛੱਡੇ ਗਏ) · eBible.org