IRV · ਅਧਿਆਇ 85 / 150
ਜ਼ਬੂਰ 85
1ਪ੍ਰਧਾਨ ਵਜਾਉਣ ਵਾਲੇ ਦੇ ਲਈ: ਕੋਰਹ ਵੰਸ਼ੀਆਂ ਦਾ ਭਜਨ। ਹੇ ਯਹੋਵਾਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ, ਯਾਕੂਬ ਦੀ ਗ਼ੁਲਾਮੀ ਨੂੰ ਤੂੰ ਮੁਕਾ ਦਿੱਤਾ ਹੈ।
2ਆਪਣੀ ਪਰਜਾ ਦੀ ਬੁਰਿਆਈ ਤੂੰ ਮਾਫ਼ ਕੀਤੀ ਹੈ, ਤੂੰ ਉਨ੍ਹਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ। ਸਲਹ।
3ਤੂੰ ਆਪਣੇ ਸਾਰੇ ਕੋਪ ਨੂੰ ਹਟਾ ਲਿਆ, ਤੂੰ ਆਪਣੇ ਕ੍ਰੋਧ ਦੀ ਤੇਜ਼ੀ ਤੋਂ ਮੁੜਿਆ ਹੈਂ।
4ਹੇ ਸਾਡੇ ਬਚਾਉਣ ਵਾਲੇ ਪਰਮੇਸ਼ੁਰ, ਸਾਡੀ ਵੱਲ ਮੂੰਹ ਮੋੜ, ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ!
5ਕੀ ਤੂੰ ਸਦਾ ਤੋੜੀ ਸਾਥੋਂ ਕ੍ਰੋਧਵਾਨ ਰਹੇਂਗਾ? ਕੀ ਤੂੰ ਪੀੜ੍ਹੀਓਂ ਪੀੜ੍ਹੀ ਆਪਣੇ ਕ੍ਰੋਧ ਨੂੰ ਜਾਰੀ ਰੱਖੇਂਗਾ?
6ਕੀ ਤੂੰ ਫੇਰ ਸਾਨੂੰ ਨਾ ਜਵਾਲੇਂਗਾ, ਕਿ ਤੇਰੀ ਪਰਜਾ ਤੇਰੇ ਵਿੱਚ ਅਨੰਦ ਹੋਵੇ?
7ਹੇ ਯਹੋਵਾਹ, ਆਪਣੀ ਦਯਾ ਸਾਨੂੰ ਵਿਖਾ, ਅਤੇ ਆਪਣੀ ਮੁਕਤੀ ਸਾਨੂੰ ਬਖਸ਼!।
8ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ।
9ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈਅ ਮੰਨਣ ਵਾਲਿਆਂ ਦੇ ਨੇੜੇ ਹੈ, ਕਿ ਸਾਡੇ ਦੇਸ ਵਿੱਚ ਮਹਿਮਾ ਵੱਸੇ!
10ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ।
11ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, ਅਤੇ ਸਵਰਗ ਤੋਂ ਧਰਮ ਝਾਕਦਾ ਹੈ।
12ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ।
13ਧਰਮ ਉਹ ਦੇ ਅੱਗੇ-ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRV, 2019) · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. (ਪਾਠ ਬਿਨਾਂ ਬਦਲੇ; ਫੁਟਨੋਟ ਅਤੇ ਸਿਰਲੇਖ ਛੱਡੇ ਗਏ) · eBible.org