Bible Explorer ਐਪ ਲਓ

ਬਾਈਬਲ › ਜ਼ਬੂਰ › 10

IRV · ਅਧਿਆਇ 10 / 150

ਜ਼ਬੂਰ 10

1ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈ?

2ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦੇ ਪਿਛੇ ਪੈ ਜਾਂਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਨ੍ਹਾਂ ਵਿੱਚ ਉਹ ਆਪ ਫਸ ਜਾਣ!

3ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ-ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।

4ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ੁਰ ਨੂੰ ਨਹੀਂ ਭਾਲੇਗਾ, ਉਸ ਦਾ ਵਿਚਾਰ ਇਹ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ।

5ਉਸ ਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ ਤੇਰੇ ਨਿਆਂ ਉਸ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ।

6ਉਹ ਆਪਣੇ ਮਨ ਵਿੱਚ ਆਖਦਾ ਹੈ ਕਿ ਮੈਂ ਕਦੇ ਨਾ ਡੋਲਾਂਗਾ ਪੀੜ੍ਹੀਓਂ ਪੀੜ੍ਹੀ ਮੈਂ ਦੁੱਖ ਵਿੱਚ ਨਾ ਡੋਲਾਂਗਾ।

7ਉਹ ਦਾ ਮੂੰਹ ਸਰਾਪ, ਛਲ ਅਤੇ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਤੇ ਬਦੀ ਹੈ।

8ਉਹ ਪਿੰਡਾਂ ਦੇ ਓਹਲਿਆਂ ਵਿੱਚ ਬੈਠਦਾ ਹੈ, ਉਹ ਗੁਪਤ ਥਾਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, ਉਹ ਦੀਆਂ ਅੱਖੀਆਂ ਅਨਾਥਾਂ ਦੀ ਤਾਕ ਵਿੱਚ ਲੱਗੀਆਂ ਹੋਈਆਂ ਹਨ।

9ਜਿਵੇਂ ਬੱਬਰ ਸ਼ੇਰ ਆਪਣੇ ਘੁਰਨੇ ਵਿੱਚ, ਉਸੇ ਤਰ੍ਹਾਂ ਉਹ ਆਪਣੇ ਗੁਪਤ ਥਾਵਾਂ ਵਿੱਚ ਬੈਠਾ ਰਹਿੰਦਾ ਹੈ, ਉਹ ਮਸਕੀਨਾਂ ਨੂੰ ਫੜ੍ਹਨ ਲਈ ਛਹਿ ਵਿੱਚ ਬੈਠਦਾ ਹੈ, ਉਹ ਮਸਕੀਨ ਨੂੰ ਆਪਣੇ ਜਾਲ਼ ਵਿੱਚ ਫੜ੍ਹ ਲੈਂਦਾ ਹੈ।

10ਉਹ ਦਾਬਾ ਮਾਰ ਕੇ ਝੁੱਕ ਜਾਂਦਾ ਹੈ, ਅਨਾਥ ਉਹ ਦੇ ਬਲ ਵਾਲੇ ਹੱਥਾਂ ਨਾਲ ਡਿੱਗ ਪੈਂਦੇ ਹਨ।

11ਉਸ ਆਪਣੇ ਮਨ ਵਿੱਚ ਆਖਿਆ ਹੈ ਜੋ ਪਰਮੇਸ਼ੁਰ ਭੁੱਲ ਗਿਆ ਹੈ, ਉਸ ਨੇ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ।

12ਉੱਠ, ਹੇ ਯਹੋਵਾਹ! ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ।

13ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਣਿਆ ਹੈ, ਅਤੇ ਆਪਣੇ ਮਨ ਵਿੱਚ ਆਖਿਆ ਕਿ ਤੂੰ ਪੁੱਛ-ਗਿੱਛ ਨਹੀਂ ਕਰੇਂਗਾ?

14ਤੂੰ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਤੇ ਡਾਹ ਉੱਤੇ ਨਿਗਾਹ ਰੱਖਦਾ ਹੈ, ਕਿ ਆਪਣੇ ਹੀ ਹੱਥ ਵਿੱਚ ਲੈ ਲਵੇ, ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈ।

15ਦੁਸ਼ਟ ਦੀ ਬਾਂਹ ਭੰਨ ਸੁੱਟ! ਦੁਸ਼ਟ ਦੀ ਬਦੀ ਨੂੰ ਭਾਲ ਜਦ ਤੱਕ ਕੁਝ ਹੋਰ ਨਾ ਲੱਭੇ।

16ਯਹੋਵਾਹ ਜੁੱਗੋ-ਜੁੱਗ ਪਾਤਸ਼ਾਹ ਹੈ। ਪਰਾਈਆਂ ਕੌਮਾਂ ਉਸ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ।

17ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਹਨਾਂ ਦੇ ਮਨਾਂ ਨੂੰ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਗਾ

18ਤਾਂ ਜੋ ਤੂੰ ਯਤੀਮ ਅਤੇ ਸਤਾਏ ਹੋਏ ਦਾ ਨਿਆਂ ਕਰੇਂ, ਜੋ ਇਨਸਾਨ ਜਿਹੜਾ ਮਿੱਟੀ ਦਾ ਹੈ ਫਿਰ ਕਦੀ ਅਨ੍ਹੇਰ ਨਾ ਕਰੇ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ (IRV, 2019) · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. (ਪਾਠ ਬਿਨਾਂ ਬਦਲੇ; ਫੁਟਨੋਟ ਅਤੇ ਸਿਰਲੇਖ ਛੱਡੇ ਗਏ) · eBible.org