ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਨਵੰਬਰ 2027 › ਨਵੰਬਰ 21
ਆਰਥੋਡਾਕਸ ਕੈਲੰਡਰ · 8 ਨਵੰਬਰ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 21 ਨਵੰਬਰ 2027
ਐਤਵਾਰ · ਸੁਰ 5
ਤਿਉਹਾਰ ਅਤੇ ਸੰਤ
ਪੰਤੇਕੁਸਤ ਤੋਂ ਬਾਅਦ 22ਵਾਂ ਐਤਵਾਰ
ਵਰਤ
ਕੋਈ ਵਰਤ ਨਹੀਂ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਸ਼ਾਮ ਦੀ ਪ੍ਰਾਰਥਨਾ: ਪਾਠ
13ਜਦ ਯਹੋਸ਼ੁਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਵੇਖਿਆ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਨੰਗੀ ਤਲਵਾਰ ਲਈ ਉਹ ਦੇ ਸਾਹਮਣੇ ਖੜ੍ਹਾ ਸੀ ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ, “ਕੀ ਤੂੰ ਸਾਡੀ ਵੱਲ ਹੈਂ ਜਾਂ ਸਾਡੇ ਵੈਰੀਆਂ ਵੱਲ?” 14ਉਸ ਨੇ ਆਖਿਆ, “ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ,” ਤਦ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? 15ਯਹੋਵਾਹ ਦੇ ਸੈਨਾਪਤੀ ਨੇ ਯਹੋਸ਼ੁਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜ੍ਹਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ੁਆ ਨੇ ਉਸੇ ਤਰ੍ਹਾਂ ਹੀ ਕੀਤਾ।
ਸ਼ਾਮ ਦੀ ਪ੍ਰਾਰਥਨਾ: ਪਾਠ
2ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ ਅਤੇ ਮਿਦਯਾਨੀਆਂ ਦੇ ਡਰ ਦੇ ਕਾਰਨ ਇਸਰਾਏਲੀਆਂ ਨੇ ਪਹਾੜਾਂ ਵਿੱਚ ਘੁਰਨੇ, ਗੁਫਾਂ ਅਤੇ ਗੜ੍ਹਾਂ ਵਿੱਚ ਆਪਣੇ ਨਿਵਾਸ ਬਣਾ ਲਏ। 7ਅਜਿਹਾ ਹੋਇਆ ਕਿ ਜਦ ਇਸਰਾਏਲੀਆਂ ਨੇ ਮਿਦਯਾਨੀਆਂ ਦੇ ਕਾਰਨ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ 11ਫਿਰ ਯਹੋਵਾਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਇੱਕ ਰੁੱਖ ਦੇ ਹੇਠ ਬੈਠ ਗਿਆ, ਜਿਹੜਾ ਯੋਆਸ਼ ਅਬੀਅਜ਼ਰੀ ਦਾ ਸੀ। ਉਸ ਵੇਲੇ ਉਸ ਦਾ ਪੁੱਤਰ ਗਿਦਾਊਨ ਇੱਕ ਹੌਦ ਵਿੱਚ ਕਣਕ ਨੂੰ ਛੱਟ ਰਿਹਾ ਸੀ ਤਾਂ ਜੋ ਉਸ ਨੂੰ ਮਿਦਯਾਨੀਆਂ ਦੇ ਹੱਥੋਂ ਲੁਕਾਵੇ। 12ਯਹੋਵਾਹ ਦੇ ਦੂਤ ਨੇ ਉਸ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ।” 13ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ? ਅਤੇ ਉਹ ਸਾਰੇ ਅਚਰਜ਼ ਕੰਮ ਕਿੱਥੇ ਹਨ, ਜਿਹੜੇ ਸਾਡੇ ਪਿਉ-ਦਾਦੇ ਸਾਨੂੰ ਇਹ ਕਹਿ ਕੇ ਸੁਣਾਉਂਦੇ ਸਨ, ਕੀ ਭਲਾ, ਯਹੋਵਾਹ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ? ਪਰ ਹੁਣ ਤਾਂ ਯਹੋਵਾਹ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਯਾਨੀਆਂ ਦੇ ਹੱਥ ਕਰ ਦਿੱਤਾ ਹੈ।” 14ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਕਿਹਾ, “ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇਂਗਾ! ਭਲਾ, ਮੈਂ ਤੈਨੂੰ ਨਹੀਂ ਭੇਜਿਆ?” 15ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿਸ ਤਰ੍ਹਾਂ ਛੁਡਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ, ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ।” 16ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ, ਅਤੇ ਤੂੰ ਮਿਦਯਾਨੀਆਂ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂਗਾ।” 17ਤਾਂ ਗਿਦਾਊਨ ਨੇ ਉਸ ਨੂੰ ਕਿਹਾ, “ਜੇਕਰ ਮੈਂ ਤੇਰੇ ਅੱਗੇ ਕਿਰਪਾ ਪਾਈ ਹੈ, ਤਾਂ ਮੈਨੂੰ ਕੋਈ ਨਿਸ਼ਾਨੀ ਵਿਖਾ ਜੋ ਮੈਂ ਜਾਣ ਲਵਾਂ ਕਿ ਤੂੰ ਹੀ ਹੈਂ, ਜਿਹੜਾ ਮੇਰੇ ਨਾਲ ਬੋਲਦਾ ਹੈਂ। 18ਮੈਂ ਤੇਰੇ ਅੱਗੇ ਬੇਨਤੀ ਕਰਦਾ ਤਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਿਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸ ਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਿਸ ਨਾ ਜਾਵੀਂ।” ਉਸ ਨੇ ਕਿਹਾ, “ਜਦ ਤੱਕ ਤੂੰ ਨਾ ਮੁੜੇਂਗਾ, ਤਦ ਤੱਕ ਮੈਂ ਇੱਥੇ ਹੀ ਰਹਾਂਗਾ।” 19ਤਦ ਗਿਦਾਊਨ ਗਿਆ ਅਤੇ ਉਸ ਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ। 20ਤਦ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖਦੇ, ਅਤੇ ਤਰੀ ਨੂੰ ਉਸ ਦੇ ਉੱਤੇ ਡੋਲ੍ਹ ਦੇ।” ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ। 21ਤਾਂ ਯਹੋਵਾਹ ਦੇ ਦੂਤ ਨੇ ਉਸ ਸੋਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ ਜਿਸ ਨਾਲ ਮਾਸ ਤੇ ਪਤੀਰੀਆਂ ਰੋਟੀਆਂ ਭਸਮ ਹੋ ਗਈਆਂ, ਤਦ ਯਹੋਵਾਹ ਦਾ ਦੂਤ ਉਸ ਦੀਆਂ ਅੱਖਾਂ ਦੇ ਅੱਗੋਂ ਅਲੋਪ ਹੋ ਗਿਆ। 22ਜਦ ਗਿਦਾਊਨ ਨੇ ਵੇਖਿਆ ਕਿ ਉਹ ਯਹੋਵਾਹ ਦਾ ਦੂਤ ਸੀ, ਤਾਂ ਗਿਦਾਊਨ ਨੇ ਕਿਹਾ, “ਹਾਏ ਹਾਏ! ਹੇ ਪ੍ਰਭੂ ਯਹੋਵਾਹ, ਮੈਂ ਤਾਂ ਯਹੋਵਾਹ ਦੇ ਦੂਤ ਨੂੰ ਆਹਮੋ-ਸਾਹਮਣੇ ਵੇਖਿਆ ਹੈ!” 23ਤਦ ਯਹੋਵਾਹ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਹੋਵੇ। ਨਾ ਡਰ, ਤੂੰ ਮਰੇਂਗਾ ਨਹੀਂ।” 24ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ “ਯਹੋਵਾਹ ਸ਼ਾਲੋਮ” ਰੱਖਿਆ। ਉਹ ਜਗਵੇਦੀ ਅੱਜ ਦੇ ਦਿਨ ਤੱਕ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।
ਸ਼ਾਮ ਦੀ ਪ੍ਰਾਰਥਨਾ: ਪਾਠ
7ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ। 8ਸਰੂ ਵੀ ਤੇਰੇ ਉੱਤੇ ਅਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ, - ਜਦੋਂ ਦਾ ਤੂੰ ਡਿੱਗਿਆ, ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ। 9ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ, ਕਿ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਮੁਰਦਿਆਂ ਨੂੰ, ਅਰਥਾਤ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਖੜ੍ਹਾ ਕਰ ਦਿੱਤਾ ਹੈ। 10ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗੂੰ ਨਿਰਬਲ ਕੀਤਾ ਗਿਆ ਹੈਂ! ਤੂੰ ਸਾਡੇ ਵਾਂਗੂੰ ਹੋ ਗਿਆ ਹੈਂ! 11ਤੇਰੀ ਚਮਕ-ਦਮਕ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ। 12ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜ਼ਰ ਦੇ ਪੁੱਤਰ! ਤੂੰ ਕਿਵੇਂ ਧਰਤੀ ਤੱਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ! 13ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਕਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ। 14ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਂਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ! 15ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੁੰਘਿਆਈ ਤੱਕ ਹੇਠਾਂ ਲਾਹਿਆ ਜਾਵੇਂਗਾ। 16ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਉਹ ਤੇਰੇ ਉੱਤੇ ਗੌਰ ਕਰਨਗੇ, ਭਲਾ, ਇਹ ਉਹ ਮਨੁੱਖ ਹੈ ਜਿਸ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਰਾਜਾਂ ਨੂੰ ਹਿਲਾ ਦਿੱਤਾ? 17ਜਿਸ ਨੇ ਜਗਤ ਉਜਾੜ ਜਿਹਾ ਕਰ ਦਿੱਤਾ, ਅਤੇ ਉਸ ਦੇ ਸ਼ਹਿਰ ਢਾਹ ਸੁੱਟੇ? ਜਿਸ ਨੇ ਆਪਣੇ ਕੈਦੀਆਂ ਨੂੰ ਘਰੀਂ ਨਾ ਜਾਣ ਦਿੱਤਾ? 18ਕੌਮਾਂ ਦੇ ਸਾਰੇ ਰਾਜੇ, ਹਾਂ, ਸਾਰਿਆਂ ਦੇ ਸਾਰੇ, ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ। 19ਪਰ ਤੂੰ ਘਿਣਾਉਣੀ ਟਹਿਣੀ ਵਾਂਗੂੰ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ, ਤੂੰ ਵੱਢਿਆਂ ਹੋਇਆਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਗਏ, ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ, ਉਸ ਲੋਥ ਵਾਂਗੂੰ ਜਿਹੜੀ ਮਿੱਧੀ ਗਈ ਹੋਵੇ। 20ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੂੰ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੂੰ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ! ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।
ਸਵੇਰ ਦੀ ਪ੍ਰਾਰਥਨਾ ਦੀ 11ਵੀਂ ਇੰਜੀਲ
15ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾਂ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ ਚਾਰ।” 16ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਦੀ ਰਾਖੀ ਕਰ।” 17ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਪਤਰਸ ਨੂੰ ਆਖਿਆ, “ਮੇਰੀਆਂ ਭੇਡਾਂ ਨੂੰ ਚਾਰ। 18ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।” 19ਯਿਸੂ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ। ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰੇ ਮਗਰ ਹੋ ਤੁਰ।” 20ਪਤਰਸ ਨੇ ਵੇਖਿਆ ਕਿ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਉਹ ਚੇਲਾ ਪਿਛੇ ਆ ਰਿਹਾ ਸੀ। ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਣੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਣਾਂ ਹੱਥੀਂ ਕੌਣ ਫ਼ੜਵਾਏਗਾ?” 21ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿਛੋਂ ਆਉਂਦਿਆਂ ਦੇਖਿਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਦਾ ਕੀ ਹੋਵੇਗਾ?” 22ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਹਵਾਂ ਕਿ ਮੇਰੇ ਆਉਣ ਤੱਕ ਉਹ ਠਹਿਰੇ, ਤਾਂ ਤੈਨੂੰ ਕੀ? ਤੂੰ ਮੇਰੇ ਪਿਛੇ ਹੋ ਤੁਰ।” 23ਤਾਂ ਇਹ ਗੱਲ ਚੇਲਿਆਂ ਵਿੱਚ ਫ਼ੈਲ ਗਈ ਕਿ ਇਹ ਚੇਲਾ ਜਿਸ ਨੂੰ ਯਿਸੂ ਬਹੁਤ ਪਿਆਰ ਕਰਦਾ ਸੀ, ਓਹ ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਓਹ ਜੀਵੇ ਤਾਂ ਤੁਹਾਨੂੰ ਕੀ?” 24ਇਹ ਉਹ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ। ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ। 25ਯਿਸੂ ਨੇ ਹੋਰ ਵੀ ਬਹੁਤ ਕੰਮ ਕੀਤੇ। ਜੇ ਉਹ ਸਾਰੇ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰਾ ਜਗਤ ਵੀ ਘੱਟ ਹੁੰਦਾ।
ਪੱਤ੍ਰੀ
11ਵੇਖੋ, ਮੈਂ ਆਪਣੇ ਹੱਥੀਂ ਕਿੱਡੇ ਮੋਟੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ। 12ਜਿੰਨੇ ਲੋਕ ਸਰੀਰ ਵਿੱਚ ਵੱਡਾ ਵਿਖਾਵਾ ਵਿਖਾਉਣਾ ਚਾਹੁੰਦੇ ਹਨ ਉਹ ਜ਼ਬਰਦਸਤੀ ਤੁਹਾਡੀ ਸੁੰਨਤ ਕਰਾਉਂਦੇ ਹਨ ਸਿਰਫ਼ ਇਸ ਕਰਕੇ ਜੋ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। 13ਕਿਉਂਕਿ ਜਿਹੜੇ ਸੁੰਨਤੀ ਹਨ ਉਹ ਆਪ ਵੀ ਬਿਵਸਥਾ ਦੀ ਪਾਲਨਾ ਨਹੀਂ ਕਰਦੇ ਪਰ ਉਹ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਭਈ ਤੁਹਾਡੇ ਹੀ ਸਰੀਰ ਉੱਤੇ ਘਮੰਡ ਕਰਨ। 14ਪਰ ਮੇਰੇ ਤੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਘਮੰਡ ਕਰਾਂ ਬਿਨ੍ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਜਿਹ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚਾੜ੍ਹਿਆ ਗਿਆ। 15ਕਿਉਂ ਜੋ ਨਾ ਤਾਂ ਸੁੰਨਤ, ਨਾ ਹੀ ਅਸੁੰਨਤ ਕੁਝ ਹੈ, ਸਗੋਂ ਨਵੀਂ ਸਰਿਸ਼ਟ। 16ਅਤੇ ਜਿੰਨੇ ਇਸ ਨਿਯਮ ਉੱਤੇ ਚੱਲਣਗੇ ਉਨ੍ਹਾਂ ਨੂੰ ਸ਼ਾਂਤੀ ਅਤੇ ਕਿਰਪਾ ਪ੍ਰਾਪਤ ਹੋਵੇ ਨਾਲੇ ਪਰਮੇਸ਼ੁਰ ਦੇ ਇਸਰਾਏਲ ਨੂੰ। 17ਅਗਾਹਾਂ ਨੂੰ ਕੋਈ ਮੈਨੂੰ ਦੁੱਖ ਨਾ ਦੇਵੇ ਕਿਉਂ ਜੋ ਮੈਂ ਆਪਣੀ ਦੇਹ ਉੱਤੇ ਯਿਸੂ ਦੇ ਦਾਗਾਂ ਨੂੰ ਲਈ ਫਿਰਦਾ ਹਾਂ। 18ਹੇ ਭਰਾਵੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ। ਆਮੀਨ।
ਪੱਤ੍ਰੀ (ਦੂਤਾਂ ਲਈ)
2ਜਦੋਂ ਉਹ ਬਚਨ ਜਿਹੜਾ ਦੂਤਾਂ ਦੇ ਦੁਆਰਾ ਕਿਹਾ ਗਿਆ ਸੀ ਅਟੱਲ ਸਿੱਧ ਹੋਇਆ ਅਤੇ ਹਰੇਕ ਅਪਰਾਧ ਅਤੇ ਅਣ-ਆਗਿਆਕਾਰੀ ਦਾ ਠੀਕ ਬਦਲਾ ਮਿਲਿਆ। 3ਜੇਕਰ ਇਸ ਵੱਡੀ ਮੁਕਤੀ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਕਿਵੇਂ ਬਚ ਸਕਦੇ ਹਾਂ? ਜੋ ਪਹਿਲਾਂ ਪ੍ਰਭੂ ਦੇ ਦੁਆਰਾ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਸਾਡੇ ਲਈ ਸਾਬਤ ਕੀਤੀ ਗਈ ਹੈ 4ਪਰਮੇਸ਼ੁਰ ਵੀ ਨਿਸ਼ਾਨੀਆਂ, ਅਚਰਜ਼ ਕੰਮਾਂ, ਕਈ ਪ੍ਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੇ ਵਰਦਾਨਾਂ ਦੇ ਦੁਆਰਾ ਆਪਣੀ ਮਰਜ਼ੀ ਦੇ ਅਨੁਸਾਰ ਉਨ੍ਹਾਂ ਦੇ ਨਾਲ ਗਵਾਹੀ ਦਿੰਦਾ ਰਿਹਾ। 5ਉਹ ਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਸ ਦੀ ਅਸੀਂ ਗੱਲ ਕਰਦੇ ਹਾਂ, ਸਵਰਗ ਦੂਤਾਂ ਦੇ ਅਧੀਨ ਨਹੀਂ ਕੀਤਾ। 6ਪਰ ਕਿਸੇ ਨੇ ਇਹ ਕਹਿ ਕੇ ਗਵਾਹੀ ਦਿੱਤੀ ਹੈ ਕਿ ਇਨਸਾਨ ਕੀ ਹੈ ਜੋ ਤੂੰ ਉਹ ਨੂੰ ਚੇਤੇ ਕਰੇਂ ਜਾਂ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਚਿੰਤਾ ਕਰੇਂ? 7ਤੂੰ ਉਸ ਨੂੰ ਸਵਰਗ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ, ਤੂੰ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ। ਤੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਉਸ ਨੂੰ ਅਧਿਕਾਰ ਦਿੱਤਾ, 8ਤੂੰ ਸਾਰਾ ਕੁਝ ਉਹ ਦੇ ਪੈਰਾਂ ਹੇਠ ਅਧੀਨ ਕਰ ਦਿੱਤਾ ਹੈ। ਕਿਉਂਕਿ ਉਸ ਨੇ ਸਾਰਾ ਕੁਝ ਉਹ ਦੇ ਅਧੀਨ ਕਰ ਦਿੱਤਾ ਅਤੇ ਕੁਝ ਨਹੀਂ ਛੱਡਿਆ ਜੋ ਉਹ ਦੇ ਅਧੀਨ ਨਾ ਕੀਤਾ ਹੋਵੇ। ਪਰ ਹੁਣ ਤੱਕ ਅਸੀਂ ਸਾਰਾ ਕੁਝ ਉਹ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ। 9ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ। 10ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸੱਭੋ ਕੁਝ ਹੋਇਆ, ਉਸ ਦੇ ਲਈ ਉੱਚਿਤ ਸੀ ਕਿ ਬਹੁਤਿਆਂ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ।
ਇੰਜੀਲ
41ਉਸੇ ਸਮੇਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਜਿਹੜਾ ਪ੍ਰਾਰਥਨਾ ਘਰ ਦਾ ਸਰਦਾਰ ਸੀ ਅਤੇ ਉਸ ਨੇ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦੀ ਮਿੰਨਤ ਕੀਤੀ ਜੋ ਮੇਰੇ ਘਰ ਚੱਲੋ। 42ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ। 43ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ। 44ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਕੱਪੜੇ ਦਾ ਪੱਲਾ ਛੂਹਿਆ ਅਤੇ ਉਸੇ ਸਮੇਂ ਉਸ ਦੇ ਲਹੂ ਵਹਿਣਾ ਬੰਦ ਹੋ ਗਿਆ। 45ਤਦ ਯਿਸੂ ਨੇ ਕਿਹਾ, ਮੈਨੂੰ ਕਿਸ ਨੇ ਛੂਹਿਆ ਹੈ? ਜਦ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਸ ਦੇ ਨਾਲ ਦਿਆਂ ਨੇ ਆਖਿਆ, ਸੁਆਮੀ ਜੀ, ਭੀੜ ਤੁਹਾਡੇ ਉੱਤੇ ਡਿੱਗਦੀ ਹੈ। 46ਪਰ ਯਿਸੂ ਨੇ ਆਖਿਆ, ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂ ਜੋ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ। 47ਜਦ ਉਸ ਔਰਤ ਨੇ ਵੇਖਿਆ ਜੋ ਮੈਂ ਲੁੱਕ ਨਹੀਂ ਸਕਦੀ ਤਾਂ ਕੰਬਦੀ-ਕੰਬਦੀ ਯਿਸੂ ਕੋਲ ਆਈ ਅਤੇ ਉਸ ਦੇ ਚਰਨਾਂ ਵਿੱਚ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਆਪਣਾ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਛੂਹਿਆ ਅਤੇ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ। 48ਯਿਸੂ ਨੇ ਉਸ ਨੂੰ ਆਖਿਆ, ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ। 49ਉਹ ਬੋਲ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਕਿਸੇ ਨੇ ਆ ਕੇ ਕਿਹਾ ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਖੇਚਲ ਨਾ ਦੇ। 50ਪਰ ਯਿਸੂ ਨੇ ਸੁਣ ਕੇ ਜੈਰੁਸ ਨੂੰ ਆਖਿਆ, ਨਾ ਡਰ, ਕੇਵਲ ਵਿਸ਼ਵਾਸ ਕਰ ਤਾਂ ਉਹ ਬਚ ਜਾਵੇਗੀ। 51ਉਸ ਨੇ ਘਰ ਪਹੁੰਚ ਕੇ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਪਿਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਵੜਨ ਨਾ ਦਿੱਤਾ। 52ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ। 53ਤਾਂ ਉਹ ਉਸ ਉੱਤੇ ਹੱਸਣ ਲੱਗੇ ਕਿਉਂ ਜੋ ਜਾਣਦੇ ਸਨ ਕਿ ਉਹ ਮਰੀ ਹੋਈ ਹੈ। 54ਪਰ ਯਿਸੂ ਨੇ ਉਸ ਦਾ ਹੱਥ ਫੜ੍ਹ ਕੇ ਉੱਚੀ ਅਵਾਜ਼ ਨਾਲ ਕਿਹਾ, ਬੇਟੀ, ਉੱਠ! 55ਅਤੇ ਉਸ ਦਾ ਆਤਮਾ ਮੁੜ ਆਇਆ ਅਤੇ ਉਹ ਝੱਟ ਉੱਠ ਖੜ੍ਹੀ ਹੋਈ, ਅਤੇ ਉਸ ਨੇ ਹੁਕਮ ਦਿੱਤਾ ਜੋ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ। 56ਉਸ ਦੇ ਮਾਪੇ ਹੈਰਾਨ ਰਹਿ ਗਏ, ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣ।
ਇੰਜੀਲ (ਦੂਤਾਂ ਲਈ)
16ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਤੁਛ ਜਾਣਦਾ ਹੈ ਉਹ ਮੈਨੂੰ ਤੁਛ ਜਾਣਦਾ ਹੈ ਅਤੇ ਜੋ ਕੋਈ ਮੈਨੂੰ ਤੁਛ ਜਾਣਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਤੁਛ ਜਾਣਦਾ ਹੈ। 17ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ! 18ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂੰ ਅਕਾਸ਼ ਤੋਂ ਡਿੱਗਾ ਹੋਇਆ ਵੇਖਿਆ। 19ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। 20ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। 21ਉਸੇ ਸਮੇਂ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਤੇ ਬੱਚਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੁਹਾਨੂੰ ਚੰਗਾ ਲੱਗਾ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਨਵੰਬਰ 8 ਸਿਵਲ ਕੈਲੰਡਰ ਦਾ ਨਵੰਬਰ 21 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ