Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2027 › ਅਕਤੂਬਰ 31

ਆਰਥੋਡਾਕਸ ਕੈਲੰਡਰ · 18 ਅਕਤੂਬਰ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 31 ਅਕਤੂਬਰ 2027

ਐਤਵਾਰ · ਸੁਰ 2

ਤਿਉਹਾਰ ਅਤੇ ਸੰਤ

ਪੰਤੇਕੁਸਤ ਤੋਂ ਬਾਅਦ 19ਵਾਂ ਐਤਵਾਰ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸ਼ਾਮ ਦੀ ਪ੍ਰਾਰਥਨਾ: ਪਾਠ

1 ਯੂਹ 1:1–7

1ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੱਕਿਆ ਅਤੇ ਆਪਣੇ ਹੱਥੀਂ ਮਹਿਸੂਸ ਕੀਤਾ, ਓਸ ਜੀਵਨ ਦੇ ਬਚਨ ਦੇ ਵਿਖੇ, 2ਉਹ ਜੀਵਨ ਪ੍ਰਗਟ ਹੋਇਆ ਅਤੇ ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਸਗੋਂ, ਉਸ ਸਦੀਪਕ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪ੍ਰਗਟ ਹੋਇਆ। 3ਹਾਂ, ਜਿਸ ਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਚਰਚਾ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਅਤੇ ਜਿਹੜੀ ਸਾਡੀ ਸੰਗਤ ਹੈ ਉਹ ਪਿਤਾ ਦੇ ਨਾਲ ਅਤੇ ਉਹ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਕਿ ਸਾਡਾ ਅਨੰਦ ਪੂਰਾ ਹੋਵੇ। 5ਅਤੇ ਉਹ ਸਮਾਚਾਰ ਜਿਹੜਾ ਅਸੀਂ ਉਹ ਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਸੋ ਇਹ ਹੈ ਜੋ ਪਰਮੇਸ਼ੁਰ ਚਾਨਣ ਹੈ ਅਤੇ ਹਨ੍ਹੇਰਾ ਉਹ ਦੇ ਵਿੱਚ ਬਿਲਕੁਲ ਨਹੀਂ। 6ਜੇ ਅਸੀਂ ਆਖੀਏ ਕਿ ਸਾਡੀ ਉਹ ਦੇ ਨਾਲ ਸੰਗਤ ਹੈ ਅਤੇ ਚੱਲੀਏ ਹਨ੍ਹੇਰੇ ਵਿੱਚ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ। 7ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਯਾਕੂ 1:1–12

1ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੇ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ; ਸੁੱਖ ਸ਼ਾਂਤੀ ਹੋਵੇ। 2ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰੇ ਅਨੰਦ ਦੀ ਗੱਲ ਸਮਝੋ। 3ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ। 4ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। 5ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ। 6ਪਰ ਵਿਸ਼ਵਾਸ ਨਾਲ ਮੰਗੇ, ਅਤੇ ਕੁਝ ਭਰਮ ਨਾ ਕਰੇ, ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜਿਹੜੀ ਹਵਾ ਦੇ ਨਾਲ ਵਗਦੀ ਅਤੇ ਉੱਛਲਦੀ ਹੈ। 7ਅਜਿਹਾ ਮਨੁੱਖ ਇਹ ਨਾ ਸਮਝੇ ਕਿ ਪ੍ਰਭੂ ਦੇ ਕੋਲੋਂ ਮੈਨੂੰ ਕੁਝ ਮਿਲੇਗਾ। 8ਉਹ ਦੁਚਿੱਤਾ ਮਨੁੱਖ ਹੈ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਚੰਚਲ ਹੈ। 9ਪਰ ਉਹ ਭਰਾ ਜਿਹੜਾ ਦੀਨ ਹੈ, ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ, 10ਇਸ ਲਈ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਅਭਮਾਨ ਕਰੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗੂੰ ਜਾਂਦਾ ਰਹੇਗਾ। 11ਕਿਉਂ ਜੋ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਘਾਹ ਨੂੰ ਸੁਕਾ ਦਿੰਦੀ ਹੈ ਅਤੇ ਉਹ ਦਾ ਫੁੱਲ ਵੀ ਝੜ ਜਾਂਦਾ ਹੈ ਅਤੇ ਉਹ ਦੇ ਰੂਪ ਦੀ ਸੁੰਦਰਤਾ ਨਸ਼ਟ ਹੋ ਜਾਂਦੀ। ਇਸੇ ਤਰ੍ਹਾਂ ਧਨਵਾਨ ਵੀ ਆਪਣੀਆਂ ਚਾਲਾਂ ਵਿੱਚ ਕੁਮਲਾ ਜਾਵੇਗਾ। 12ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਯਹੂ 1:1–7, 17–25

1ਯਹੂਦਾਹ, ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਅੱਗੇ ਯੋਗ ਉਨ੍ਹਾਂ ਨੂੰ ਜਿਹੜੇ ਬੁਲਾਏ ਹੋਏ, ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਅਲੱਗ ਕੀਤੇ ਹੋਏ ਹਨ, 2ਤੁਹਾਨੂੰ ਦਯਾ, ਸ਼ਾਂਤੀ ਅਤੇ ਪਿਆਰ ਵੱਧ ਤੋਂ ਵੱਧ ਭਰਪੂਰੀ ਨਾਲ ਮਿਲਦਾ ਰਹੇ। 3ਪਿਆਰਿਓ, ਜਦੋਂ ਮੈਂ ਮੁਕਤੀ ਦੇ ਵਿਖੇ ਤੁਹਾਨੂੰ ਲਿਖਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਤਾਂ ਮੈਂ ਤੁਹਾਨੂੰ ਲਿਖ ਕੇ ਬੇਨਤੀ ਕਰਨਾ ਜ਼ਰੂਰੀ ਸਮਝਿਆ ਕਿ ਤੁਸੀਂ ਉਸ ਵਿਸ਼ਵਾਸ ਦੇ ਲਈ ਯਤਨ ਨਾਲ ਕੋਸ਼ਿਸ਼ ਕਰਦੇ ਰਹੋ, ਜਿਹੜਾ ਇੱਕੋ ਹੀ ਵਾਰ ਸੰਤਾਂ ਨੂੰ ਸੌਂਪਿਆ ਗਿਆ ਸੀ। 4ਕਿਉਂ ਜੋ ਕਈ ਮਨੁੱਖ ਚੋਰੀ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਹਿਲਾਂ ਤੋਂ ਹੀ ਠਹਿਰਾਏ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਇਨਕਾਰ ਕਰਦੇ ਹਨ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੂ ਹੈ। 5ਹੁਣ ਭਾਵੇਂ ਤੁਸੀਂ ਇੱਕੋ ਵਾਰ ਸਭ ਕੁਝ ਜਾਣ ਵੀ ਚੁੱਕੇ ਹੋ, ਤਾਂ ਵੀ ਮੈਂ ਤੁਹਾਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ, ਬਾਅਦ ਵਿੱਚ ਉਨ੍ਹਾਂ ਦਾ ਨਾਸ ਕੀਤਾ ਜਿਨ੍ਹਾਂ ਨੇ ਵਿਸ਼ਵਾਸ ਨਾ ਕੀਤਾ। 6ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਉੱਤੇ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਘੁੱਪ ਹਨ੍ਹੇਰੇ ਵਿੱਚ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਲਈ ਬੰਧਨਾਂ ਵਿੱਚ ਰੱਖ ਛੱਡਿਆ। 7ਜਿਵੇਂ ਸਦੂਮ, ਅਮੂਰਾਹ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਨਗਰ ਇਹਨਾਂ ਵਾਂਗੂੰ ਹਰਾਮਕਾਰੀ ਕਰਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ, ਨਮੂਨਾ ਬਣਾਏ ਹੋਏ ਹਨ। 17ਪਰ ਤੁਸੀਂ ਹੇ ਪਿਆਰਿਓ, ਇੰਨ੍ਹਾਂ ਗੱਲਾਂ ਨੂੰ ਯਾਦ ਰੱਖੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਆਖੀਆਂ। 18ਜੋ ਉਨ੍ਹਾਂ ਨੇ ਤੁਹਾਨੂੰ ਕਿਹਾ ਕਿ ਅੰਤ ਦੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੀਆਂ ਸ਼ਤਾਨੀ ਕਾਮਨਾਵਾਂ ਦੇ ਅਨੁਸਾਰ ਚੱਲਣਗੇ। 19ਇਹ ਉਹੋ ਹਨ ਜਿਹੜੇ ਧੜੇਬਾਜ਼ ਅਤੇ ਸਰੀਰਕ ਹਨ, ਜਿੰਨ੍ਹਾ ਵਿੱਚ ਆਤਮਾ ਨਹੀਂ। 20ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ। 21ਪਰਮੇਸ਼ੁਰ ਦੇ ਪਿਆਰ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ। 22ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ, ਦਯਾ ਕਰੋ। 23ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂੰਹ ਖਿੱਚ ਕੇ ਬਚਾਓ, ਅਤੇ ਉਸ ਬਸਤਰ ਤੋਂ ਵੀ ਜਿਸ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ, ਨਫ਼ਰਤ ਕਰਦੇ ਹੋਏ ਕਿੰਨਿਆਂ ਉੱਤੇ ਡਰ ਨਾਲ ਦਯਾ ਕਰੋ। 24ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਨਾਲ ਨਿਰਮਲ ਖੜ੍ਹਾ ਕਰ ਸਕਦਾ ਹੈ। 25ਉਸੇ ਦੀ ਅਰਥਾਤ ਉਸ ਅਦੁੱਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀਦਾਤਾ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੱਕ ਮਹਿਮਾ, ਪਰਾਕਰਮ, ਮਹਾਨਤਾ ਅਤੇ ਅਧਿਕਾਰ ਹੋਵੇ। ਆਮੀਨ।

ਸਵੇਰ ਦੀ ਪ੍ਰਾਰਥਨਾ ਦੀ ਅੱਠਵੀਂ ਇੰਜੀਲ

ਯੂਹ 20:11–18

11ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜੀ ਰੋ ਰਹੀ ਸੀ ਜਦੋਂ ਉਸ ਨੇ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਅੰਦਰ ਵੇਖਿਆ। 12ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਰੱਖਿਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਸੀ। 13ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ?” ਮਰਿਯਮ ਨੇ ਉੱਤਰ ਦਿੱਤਾ, “ਕੁਝ ਲੋਕ ਮੇਰੇ ਪ੍ਰਭੂ ਦਾ ਸਰੀਰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ।” 14ਇਹ ਆਖ ਕੇ ਓਹ ਵਾਪਿਸ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ। 15ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈ? ਅਤੇ ਤੂੰ ਕਿਸਨੂੰ ਭਾਲਦੀ ਹੈਂ?” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ਼ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਭਈ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਤਾਂ ਜੋ ਮੈਂ ਜਾ ਕੇ ਉਸ ਨੂੰ ਮਿਲਾ।” 16ਯਿਸੂ ਨੇ ਉਸ ਨੂੰ ਆਖਿਆ, “ਹੇ ਮਰਿਯਮ।” ਤਾਂ ਉਹ ਮੁੜੀ ਅਤੇ ਯਿਸੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਪ੍ਰਭੂ।” 17ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਫ਼ੜ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ। ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਆਖ: ਮੈਂ ਵਾਪਸ ਆਪਣੇ ਅਤੇ ਤੇਰੇ ਪਿਤਾ ਕੋਲ ਜਾ ਰਿਹਾ ਹਾਂ। ਮੇਰੇ ਪਰਮੇਸ਼ੁਰ ਅਤੇ ਤੇਰੇ ਪਰਮੇਸ਼ੁਰ ਕੋਲ।” 18ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਬਚਨ ਵੀ ਜੋ ਯਿਸੂ ਨੇ ਉਸ ਨੂੰ ਆਖੇ ਸਨ।

ਪੱਤ੍ਰੀ

2 ਕੁਰਿੰਥੀ 11:31–12:9

31ਪ੍ਰਭੂ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। 32ਦੰਮਿਸ਼ਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਦੀ ਦੰਮਿਸ਼ਕੀਆਂ ਦੇ ਸ਼ਹਿਰ ਉੱਤੇ ਮੈਨੂੰ ਫੜਨ ਲਈ ਪਹਿਰਾ ਲਾਇਆ ਹੋਇਆ ਸੀ। 33ਅਤੇ ਮੈਂ ਬਾਰੀ ਤੋਂ ਟੋਕਰੇ ਵਿੱਚ ਸ਼ਹਿਰਪਨਾਹ ਦੇ ਉੱਪਰੋਂ ਦੀ ਉਤਾਰਿਆ ਗਿਆ ਅਤੇ ਉਸ ਦੇ ਹੱਥੋਂ ਬਚ ਨਿੱਕਲਿਆ। 12:1ਮੈਂ ਤਾਂ ਮਾਣ ਕਰਨਾ ਹੀ ਹੈ ਭਾਵੇਂ ਮੇਰੇ ਲਈ ਠੀਕ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਣਾਂ ਅਤੇ ਪ੍ਰਕਾਸ਼ਣ ਦੇ ਬਚਨਾਂ ਦੀ ਚਰਚਾ ਕਰਨ ਆਇਆ ਹਾਂ। 2ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਉੱਤੇ ਅਚਾਨਕ ਚੁੱਕਿਆ ਗਿਆ। ਮੈਂ ਨਹੀਂ ਜਾਣਦਾ ਕੀ ਉਹ ਸਰੀਰ ਸਹਿਤ ਜਾਂ ਸਰੀਰ ਰਹਿਤ ਚੁੱਕਿਆ ਗਿਆ ਪਰ ਪਰਮੇਸ਼ੁਰ ਜਾਣਦਾ ਹੈ। 3ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜੋ ਉਹ ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ੁਰ ਜਾਣਦਾ ਹੈ! 4ਉਹ ਸਵਰਗ ਉੱਤੇ ਅਚਾਨਕ ਚੁੱਕਿਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਲਈ ਚੰਗਾ ਨਹੀਂ। 5ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਉੱਤੇ ਮਾਣ ਨਹੀਂ ਕਰਾਂਗਾ। 6ਕਿਉਂਕਿ ਜੇ ਮੈਂ ਮਾਣ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ। 7ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ। 8ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ। 9ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।

ਪੱਤ੍ਰੀ (ਸੰਤ ਲੂਕਾ ਲਈ)

ਕੁਲੁੱ 4:5–9, 14, 18

5ਤੁਸੀਂ ਸਮੇਂ ਨੂੰ ਲਾਭਦਾਇਕ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। 6ਤੁਹਾਡੀ ਗੱਲਬਾਤ ਹਮੇਸ਼ਾਂ ਕਿਰਪਾ ਵਾਲੀ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਕਿ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ। 7ਤੁਖਿਕੁਸ ਜਿਹੜਾ ਪ੍ਰਭੂ ਵਿੱਚ ਪਿਆਰਾ ਭਾਈ ਅਤੇ ਜ਼ਿੰਮੇਵਾਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਮੇਰਾ ਸਾਰਾ ਹਾਲ ਤੁਹਾਨੂੰ ਦੱਸੇਗਾ। 8ਅਤੇ ਮੈਂ ਉਹ ਨੂੰ ਇਸੇ ਲਈ ਤੁਹਾਡੇ ਕੋਲ ਭੇਜਿਆ ਹੈ ਜੋ ਤੁਸੀਂ ਸਾਡਾ ਹਾਲ ਜਾਣ ਲਵੋ ਅਤੇ ਉਹ ਤੁਹਾਡਿਆਂ ਦਿਲਾਂ ਨੂੰ ਤਸੱਲੀ ਦੇਵੇ। 9ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਭੇਜਿਆ ਜਿਹੜਾ ਵਿਸ਼ਵਾਸਯੋਗ ਅਤੇ ਪਿਆਰਾ ਭਰਾ ਅਤੇ ਤੁਹਾਡੇ ਵਿੱਚੋਂ ਹੀ ਹੈ। ਉਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ। 14ਲੂਕਾ ਪਿਆਰਾ ਵੈਦ ਅਤੇ ਦੇਮਾਸ ਤੁਹਾਡਾ ਹਾਲ ਚਾਲ ਪੁੱਛਦੇ ਹਨ। 18ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ। ਤੁਸੀਂ ਮੇਰੇ ਬੰਧਨਾਂ ਨੂੰ ਯਾਦ ਰੱਖਣਾ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।

ਇੰਜੀਲ

ਲੂਕਾ 8:5–15

5ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁਝ ਬੀਜ ਸੜਕ ਦੇ ਕੰਢੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ। 6ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਜੋ ਉੱਗਦਿਆਂ ਹੀ ਸੁੱਕ ਗਏ ਕਿਉਂ ਜੋ ਉਹਨਾਂ ਨੂੰ ਪਾਣੀ ਨਾ ਮਿਲਿਆ। 7ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਲੀਆਂ ਝਾੜੀਆਂ ਨੇ ਨਾਲ ਹੀ ਵੱਧ ਕੇ ਉਹਨਾਂ ਨੂੰ ਦਬਾ ਲਿਆ। 8ਅਤੇ ਕੁਝ ਚੰਗੀ ਜ਼ਮੀਨ ਵਿੱਚ ਡਿੱਗਿਆ ਅਤੇ ਉੱਗ ਕੇ ਸੌ ਗੁਣਾ ਫਲ ਦਿੱਤਾ। ਉਹ ਇਹ ਗੱਲਾਂ ਕਹਿ ਕੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣੇ! 9ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ, ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ? 10ਅਤੇ ਉਸ ਨੇ ਕਿਹਾ, ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਹੋਰਨਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਦੱਸਿਆ ਜਾਂਦਾ ਹੈ ਤਾਂ ਕਿ ਉਹ ਵੇਖਦੇ ਹੋਏ ਨਾ ਵੇਖਣ ਅਤੇ ਸੁਣਦੇ ਹੋਏ ਨਾ ਸਮਝਣ। 11ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ ਕਿ ਬੀਜ ਪਰਮੇਸ਼ੁਰ ਦਾ ਬਚਨ ਹੈ। 12ਅਤੇ ਸੜਕ ਦੇ ਕੰਢੇ ਵਾਲੇ ਉਹ ਹਨ ਜਿਨ੍ਹਾਂ ਬਚਨ ਨੂੰ ਸੁਣਿਆ, ਤਦ ਸ਼ੈਤਾਨ ਆ ਕੇ ਉਸ ਬਚਨ ਨੂੰ ਉਨ੍ਹਾਂ ਦੇ ਦਿਲਾਂ ਵਿੱਚੋਂ ਕੱਢ ਕੇ ਲੈ ਜਾਂਦਾ ਹੈ ਕਿ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰ ਕੇ ਮੁਕਤੀ ਪਾਉਣ। 13ਅਤੇ ਜੋ ਪਥਰੀਲੀ ਜ਼ਮੀਨ ਉੱਤੇ ਡਿੱਗੇ ਸੋ ਉਹ ਹਨ, ਜਿਹੜੇ ਬਚਨ ਸੁਣ ਕੇ ਖੁਸ਼ੀ ਨਾਲ ਮੰਨ ਲੈਂਦੇ ਹਨ ਅਤੇ ਜੜ੍ਹ ਨਾ ਫੜ੍ਹਨ ਕਰਕੇ ਥੋੜ੍ਹਾ ਸਮਾਂ ਹੀ ਵਿਸ਼ਵਾਸ ਕਰਦੇ ਹਨ ਅਤੇ ਪਰਤਾਵਾ ਪੈਣ ਤੇ ਵਿਸ਼ਵਾਸ ਤੋਂ ਪਿੱਛੇ ਹੱਟ ਜਾਂਦੇ ਹਨ। 14ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ। 15ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।

ਇੰਜੀਲ (ਸੰਤ ਲੂਕਾ ਲਈ)

ਲੂਕਾ 10:16–21

16ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਤੁਛ ਜਾਣਦਾ ਹੈ ਉਹ ਮੈਨੂੰ ਤੁਛ ਜਾਣਦਾ ਹੈ ਅਤੇ ਜੋ ਕੋਈ ਮੈਨੂੰ ਤੁਛ ਜਾਣਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਤੁਛ ਜਾਣਦਾ ਹੈ। 17ਉਹ ਸੱਤਰ ਅਨੰਦ ਨਾਲ ਮੁੜੇ ਅਤੇ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ! 18ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂੰ ਅਕਾਸ਼ ਤੋਂ ਡਿੱਗਾ ਹੋਇਆ ਵੇਖਿਆ। 19ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਬਿਛੂਆਂ ਨੂੰ ਕੁਚਲਣ ਦਾ ਅਤੇ ਵੈਰੀ ਦੀ ਸਾਰੀ ਸਮਰੱਥਾ ਉੱਤੇ ਅਧਿਕਾਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। 20ਪਰ ਇਸ ਤੋਂ ਹੀ ਅਨੰਦ ਨਾ ਹੋਵੋ ਕਿ ਆਤਮਾਵਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। 21ਉਸੇ ਸਮੇਂ ਉਹ ਪਵਿੱਤਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੁਸੀਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਤੇ ਬੱਚਿਆਂ ਉੱਤੇ ਪਰਗਟ ਕੀਤਾ। ਹਾਂ, ਪਿਤਾ, ਕਿਉਂ ਜੋ ਇਹੋ ਤੁਹਾਨੂੰ ਚੰਗਾ ਲੱਗਾ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਕਤੂਬਰ 18 ਸਿਵਲ ਕੈਲੰਡਰ ਦਾ ਅਕਤੂਬਰ 31 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ