ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਗਸਤ 2027 › ਅਗਸਤ 17
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 17 ਅਗਸਤ 2027
ਮੰਗਲਵਾਰ · ਆਮ ਸਮੇਂ ਦਾ 20ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ 20ਵੇਂ ਹਫ਼ਤੇ ਦਾ ਮੰਗਲਵਾਰ
ਆਮ ਦਿਨ · ਉਪਾਸਨਾ ਦਾ ਰੰਗ: ਹਰਾ
ਦਿਨ ਦੇ ਪਾਠ
ਪਹਿਲਾ ਪਾਠ
11ਫਿਰ ਯਹੋਵਾਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਇੱਕ ਰੁੱਖ ਦੇ ਹੇਠ ਬੈਠ ਗਿਆ, ਜਿਹੜਾ ਯੋਆਸ਼ ਅਬੀਅਜ਼ਰੀ ਦਾ ਸੀ। ਉਸ ਵੇਲੇ ਉਸ ਦਾ ਪੁੱਤਰ ਗਿਦਾਊਨ ਇੱਕ ਹੌਦ ਵਿੱਚ ਕਣਕ ਨੂੰ ਛੱਟ ਰਿਹਾ ਸੀ ਤਾਂ ਜੋ ਉਸ ਨੂੰ ਮਿਦਯਾਨੀਆਂ ਦੇ ਹੱਥੋਂ ਲੁਕਾਵੇ। 12ਯਹੋਵਾਹ ਦੇ ਦੂਤ ਨੇ ਉਸ ਨੂੰ ਦਰਸ਼ਣ ਦਿੱਤਾ ਅਤੇ ਕਿਹਾ, “ਹੇ ਸੂਰਬੀਰ ਸੂਰਮਾ, ਯਹੋਵਾਹ ਤੇਰੇ ਨਾਲ ਹੈ।” 13ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਿਉਂ ਪੈਂਦੀ? ਅਤੇ ਉਹ ਸਾਰੇ ਅਚਰਜ਼ ਕੰਮ ਕਿੱਥੇ ਹਨ, ਜਿਹੜੇ ਸਾਡੇ ਪਿਉ-ਦਾਦੇ ਸਾਨੂੰ ਇਹ ਕਹਿ ਕੇ ਸੁਣਾਉਂਦੇ ਸਨ, ਕੀ ਭਲਾ, ਯਹੋਵਾਹ ਸਾਨੂੰ ਮਿਸਰ ਤੋਂ ਨਹੀਂ ਕੱਢ ਲਿਆਇਆ? ਪਰ ਹੁਣ ਤਾਂ ਯਹੋਵਾਹ ਨੇ ਸਾਨੂੰ ਤਿਆਗ ਦਿੱਤਾ ਅਤੇ ਸਾਨੂੰ ਮਿਦਯਾਨੀਆਂ ਦੇ ਹੱਥ ਕਰ ਦਿੱਤਾ ਹੈ।” 14ਤਦ ਯਹੋਵਾਹ ਨੇ ਉਸ ਦੀ ਵੱਲ ਵੇਖ ਕੇ ਕਿਹਾ, “ਤੂੰ ਆਪਣੇ ਇਸੇ ਬਲ ਨਾਲ ਜਾ ਅਤੇ ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਵੇਂਗਾ! ਭਲਾ, ਮੈਂ ਤੈਨੂੰ ਨਹੀਂ ਭੇਜਿਆ?” 15ਗਿਦਾਊਨ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਮੈਂ ਇਸਰਾਏਲ ਨੂੰ ਕਿਸ ਤਰ੍ਹਾਂ ਛੁਡਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ, ਅਤੇ ਆਪਣੇ ਪਿਤਾ ਦੇ ਘਰਾਣੇ ਵਿੱਚੋਂ ਮੈਂ ਸਭ ਤੋਂ ਛੋਟਾ ਹਾਂ।” 16ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਹੋਵਾਂਗਾ, ਅਤੇ ਤੂੰ ਮਿਦਯਾਨੀਆਂ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂਗਾ।” 17ਤਾਂ ਗਿਦਾਊਨ ਨੇ ਉਸ ਨੂੰ ਕਿਹਾ, “ਜੇਕਰ ਮੈਂ ਤੇਰੇ ਅੱਗੇ ਕਿਰਪਾ ਪਾਈ ਹੈ, ਤਾਂ ਮੈਨੂੰ ਕੋਈ ਨਿਸ਼ਾਨੀ ਵਿਖਾ ਜੋ ਮੈਂ ਜਾਣ ਲਵਾਂ ਕਿ ਤੂੰ ਹੀ ਹੈਂ, ਜਿਹੜਾ ਮੇਰੇ ਨਾਲ ਬੋਲਦਾ ਹੈਂ। 18ਮੈਂ ਤੇਰੇ ਅੱਗੇ ਬੇਨਤੀ ਕਰਦਾ ਤਾਂ ਕਿ ਜਦ ਤੱਕ ਮੈਂ ਤੇਰੇ ਕੋਲ ਵਾਪਿਸ ਨਾ ਆਵਾਂ ਅਤੇ ਆਪਣੀ ਭੇਟ ਨਾ ਲਿਆਵਾਂ ਅਤੇ ਉਸ ਨੂੰ ਤੇਰੇ ਅੱਗੇ ਅਰਪਣ ਨਾ ਕਰਾਂ, ਤਦ ਤੱਕ ਤੂੰ ਇੱਥੋਂ ਵਾਪਿਸ ਨਾ ਜਾਵੀਂ।” ਉਸ ਨੇ ਕਿਹਾ, “ਜਦ ਤੱਕ ਤੂੰ ਨਾ ਮੁੜੇਂਗਾ, ਤਦ ਤੱਕ ਮੈਂ ਇੱਥੇ ਹੀ ਰਹਾਂਗਾ।” 19ਤਦ ਗਿਦਾਊਨ ਗਿਆ ਅਤੇ ਉਸ ਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ। 20ਤਦ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਇਸ ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਚੁੱਕ ਕੇ ਉਸ ਪੱਥਰ ਉੱਤੇ ਰੱਖਦੇ, ਅਤੇ ਤਰੀ ਨੂੰ ਉਸ ਦੇ ਉੱਤੇ ਡੋਲ੍ਹ ਦੇ।” ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ। 21ਤਾਂ ਯਹੋਵਾਹ ਦੇ ਦੂਤ ਨੇ ਉਸ ਸੋਟੀ ਦੇ ਸਿਰੇ ਨਾਲ ਜਿਹੜੀ ਉਸ ਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀਆਂ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ ਜਿਸ ਨਾਲ ਮਾਸ ਤੇ ਪਤੀਰੀਆਂ ਰੋਟੀਆਂ ਭਸਮ ਹੋ ਗਈਆਂ, ਤਦ ਯਹੋਵਾਹ ਦਾ ਦੂਤ ਉਸ ਦੀਆਂ ਅੱਖਾਂ ਦੇ ਅੱਗੋਂ ਅਲੋਪ ਹੋ ਗਿਆ। 22ਜਦ ਗਿਦਾਊਨ ਨੇ ਵੇਖਿਆ ਕਿ ਉਹ ਯਹੋਵਾਹ ਦਾ ਦੂਤ ਸੀ, ਤਾਂ ਗਿਦਾਊਨ ਨੇ ਕਿਹਾ, “ਹਾਏ ਹਾਏ! ਹੇ ਪ੍ਰਭੂ ਯਹੋਵਾਹ, ਮੈਂ ਤਾਂ ਯਹੋਵਾਹ ਦੇ ਦੂਤ ਨੂੰ ਆਹਮੋ-ਸਾਹਮਣੇ ਵੇਖਿਆ ਹੈ!” 23ਤਦ ਯਹੋਵਾਹ ਨੇ ਉਸ ਨੂੰ ਕਿਹਾ, “ਤੈਨੂੰ ਸ਼ਾਂਤੀ ਹੋਵੇ। ਨਾ ਡਰ, ਤੂੰ ਮਰੇਂਗਾ ਨਹੀਂ।” 24ਤਦ ਗਿਦਾਊਨ ਨੇ ਉੱਥੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ “ਯਹੋਵਾਹ ਸ਼ਾਲੋਮ” ਰੱਖਿਆ। ਉਹ ਜਗਵੇਦੀ ਅੱਜ ਦੇ ਦਿਨ ਤੱਕ ਅਬੀ-ਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।
ਜਵਾਬੀ ਭਜਨ
8ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ। 10ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ। 11ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, ਅਤੇ ਸਵਰਗ ਤੋਂ ਧਰਮ ਝਾਕਦਾ ਹੈ। 12ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ। 13ਧਰਮ ਉਹ ਦੇ ਅੱਗੇ-ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।
ਇੰਜੀਲ
23ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ। 24ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ। 25ਅਤੇ ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ? 26ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ, ਪਰ ਪਰਮੇਸ਼ੁਰ ਤੋਂ ਸਭ ਕੁਝ ਹੋ ਸਕਦਾ ਹੈ। 27ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਵੇਖ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ, ਫੇਰ ਸਾਨੂੰ ਕੀ ਮਿਲੇਗਾ? 28ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ। 29ਅਤੇ ਹਰ ਕੋਈ ਜਿਸ ਨੇ ਆਪਣੇ ਘਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਿਸ ਹੋਵੇਗਾ। 30ਪਰ ਬਹੁਤ ਜੋ ਪਹਿਲੇ ਹਨ ਪਿਛਲੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ