ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੂਨ 2027 › ਜੂਨ 20
ਆਰਥੋਡਾਕਸ ਕੈਲੰਡਰ · 7 ਜੂਨ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 20 ਜੂਨ 2027
ਐਤਵਾਰ · ਸੁਰ 7
ਤਿਉਹਾਰ ਅਤੇ ਸੰਤ
ਪਵਿੱਤਰ ਪੰਤੇਕੁਸਤ. ਪਵਿੱਤਰ ਤ੍ਰਿਏਕ ਦਾ ਤਿਉਹਾਰ
ਪਵਿੱਤਰ ਪੰਤੇਕੁਸਤ। ਪਵਿੱਤਰ ਤ੍ਰਿਏਕ ਦਾ ਤਿਉਹਾਰ
ਵਰਤ
ਕੋਈ ਵਰਤ ਨਹੀਂ
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਸ਼ਾਮ ਦੀ ਪ੍ਰਾਰਥਨਾ: ਪਾਠ
16ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਇਹੋ ਜਿਹੇ ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਤੇਰੇ ਨਾਲ ਉੱਥੇ ਖੜ੍ਹੇ ਹੋ ਜਾਣ। 17ਤਦ ਮੈਂ ਉਤਰ ਕੇ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ, ਉਨ੍ਹਾਂ ਉੱਤੇ ਪਾਵਾਂਗਾ ਅਤੇ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ। 24ਫੇਰ ਮੂਸਾ ਨੇ ਬਾਹਰ ਜਾ ਕੇ ਯਹੋਵਾਹ ਦੀਆਂ ਗੱਲਾਂ ਪਰਜਾ ਨੂੰ ਸੁਣਾਈਆਂ ਅਤੇ ਉਸ ਨੇ ਸੱਤਰ ਮਨੁੱਖ, ਜਿਹੜੇ ਪਰਜਾ ਦੇ ਬਜ਼ੁਰਗ ਸਨ, ਇਕੱਠੇ ਕਰਕੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ। 25ਤਦ ਯਹੋਵਾਹ ਬੱਦਲ ਵਿੱਚ ਉਤਰਿਆ ਅਤੇ ਉਸ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੇ ਉਸ ਆਤਮਾ ਤੋਂ ਲੈ ਕੇ, ਜਿਹੜਾ ਉਹ ਦੇ ਉੱਤੇ ਸੀ, ਉਹਨਾਂ ਸੱਤਰ ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਜਦ ਆਤਮਾ ਉਹਨਾਂ ਉੱਤੇ ਉਤਰਿਆ, ਤਦ ਉਹ ਭਵਿੱਖਬਾਣੀ ਕਰਨ ਲੱਗ ਪਏ ਪਰ ਇਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਭਵਿੱਖਬਾਣੀ ਨਾ ਕੀਤੀ। 26ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਜਿਹਨਾਂ ਵਿੱਚੋਂ ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ। ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਇਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ। ਉਹ ਡੇਰੇ ਵਿੱਚ ਹੀ ਭਵਿੱਖਬਾਣੀ ਕਰਨ ਲੱਗੇ। 27ਤਾਂ ਇੱਕ ਜਵਾਨ ਨੇ ਭੱਜ ਕੇ ਮੂਸਾ ਨੂੰ ਦੱਸਿਆ ਅਤੇ ਆਖਿਆ ਕਿ ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰਦੇ ਹਨ! 28ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੁਣੇ ਹੋਇਆਂ ਵਿੱਚੋਂ ਸੀ, ਉਹ ਨੇ ਮੂਸਾ ਨੂੰ ਆਖਿਆ ਹੇ ਮੇਰੇ ਸੁਆਮੀ, ਉਨ੍ਹਾਂ ਨੂੰ ਮਨ੍ਹਾ ਕਰ ਦਿਓ! 29ਮੂਸਾ ਨੇ ਆਖਿਆ, ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਅਜਿਹਾ ਹੁੰਦਾ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਘੱਲਦਾ!
ਸ਼ਾਮ ਦੀ ਪ੍ਰਾਰਥਨਾ: ਪਾਠ
23ਹੇ ਸੀਯੋਨ ਦੇ ਲੋਕੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਓ ਅਤੇ ਅਨੰਦ ਹੋਵੋ! ਕਿਉਂ ਜੋ ਉਹ ਨੇ ਤੁਹਾਡੇ ਸੁੱਖ ਲਈ ਪਹਿਲੀ ਵਰਖਾ ਦਿੱਤੀ ਹੈ, ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ ਵਰ੍ਹਾਈ ਹੈ, ਜਿਵੇਂ ਪਹਿਲਾਂ ਹੁੰਦਾ ਸੀ। 24ਪਿੜ ਅੰਨ ਨਾਲ ਭਰ ਜਾਣਗੇ ਅਤੇ ਹੌਦਾਂ ਮਧ ਅਤੇ ਤੇਲ ਨਾਲ ਉੱਛਲਣਗੀਆਂ। 25ਜਿੰਨੇ ਸਾਲਾਂ ਦੀ ਫ਼ਸਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ। 26ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ਼ ਕੰਮ ਕੀਤੇ ਹਨ, ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ। 27ਤਦ ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਅਤੇ ਕੋਈ ਹੋਰ ਨਹੀਂ, ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ। 28ਇਸ ਤੋਂ ਬਾਅਦ ਅਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ। 29ਸਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ, ਉਨ੍ਹਾਂ ਦਿਨਾਂ ਵਿੱਚ ਆਪਣਾ ਆਤਮਾ ਵਹਾਵਾਂਗਾ। 30ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ ਅਰਥਾਤ ਲਹੂ, ਅਤੇ ਅੱਗ ਅਤੇ ਧੂੰਏਂ ਦਾ ਥੰਮ੍ਹ। 31ਯਹੋਵਾਹ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨ੍ਹੇਰਾ ਅਤੇ ਚੰਨ ਲਹੂ ਵਰਗਾ ਹੋ ਜਾਵੇਗਾ! 32ਉਸ ਵੇਲੇ ਹਰੇਕ ਜੋ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ, ਕਿਉਂ ਜੋ ਯਹੋਵਾਹ ਦੇ ਬਚਨ ਅਨੁਸਾਰ ਸੀਯੋਨ ਦੇ ਪਰਬਤ ਵਿੱਚ ਅਤੇ ਯਰੂਸ਼ਲਮ ਵਿੱਚ ਛੁਟਕਾਰਾ ਹੋਵੇਗਾ, ਅਤੇ ਜਿਨ੍ਹਾਂ ਨੂੰ ਯਹੋਵਾਹ ਬੁਲਾਵੇ ਉਹ ਬਚਾਏ ਜਾਣਗੇ।
ਸ਼ਾਮ ਦੀ ਪ੍ਰਾਰਥਨਾ: ਪਾਠ
24ਕਿਉਂ ਜੋ ਮੈਂ ਤੁਹਾਨੂੰ ਕੌਮਾਂ ਵਿੱਚੋਂ ਲਵਾਂਗਾ, ਸਾਰੇ ਦੇਸਾਂ ਵਿੱਚੋਂ ਤੁਹਾਨੂੰ ਇਕੱਠੇ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਭੂਮੀ ਵਿੱਚ ਲਿਆਵਾਂਗਾ। 25ਤਦ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ, ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ। 26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖ਼ਸ਼ਾਂਗਾ। 27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। 28ਤੁਸੀਂ ਉਸ ਦੇਸ ਵਿੱਚ ਜਿਹੜਾ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤਾ ਵੱਸੋਗੇ, ਤੁਸੀਂ ਮੇਰੀ ਪਰਜਾ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।
ਸਵੇਰ ਦੀ ਪ੍ਰਾਰਥਨਾ: ਇੰਜੀਲ
19ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇਕੱਠੇ ਹੋਏ। ਉਨ੍ਹਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ। ਤਦ ਯਿਸੂ ਉਨ੍ਹਾਂ ਦੇ ਵਿੱਚ ਆ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ।” 20ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵੱਖੀ ਵਿਖਾਈ। ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਖੁਸ਼ ਹੋਏ। 21ਤਦ ਯਿਸੂ ਨੇ ਫਿਰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ।” 22ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਯਿਸੂ ਨੇ ਆਖਿਆ, “ਪਵਿੱਤਰ ਆਤਮਾ ਲਵੋ। 23ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ।”
ਪੱਤ੍ਰੀ
1ਜਦੋਂ ਪੰਤੇਕੁਸਤ ਦਾ ਦਿਨ ਆਇਆ, ਤਦ ਉਹ ਸਭ ਇੱਕ ਥਾਂ ਇਕੱਠੇ ਸਨ। 2ਅਤੇ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਵੇਂ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ, ਭਰ ਗਿਆ। 3ਅਤੇ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰ ਗਈਆਂ। 4ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਲੱਗ-ਅਲੱਗ ਭਾਸ਼ਾ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ। 5ਯਹੂਦੀ ਯਰੂਸ਼ਲਮ ਵਿੱਚ ਰਹਿੰਦੇ ਸਨ, ਹਰੇਕ ਕੌਮ ਵਿੱਚੋਂ ਭਗਤ ਲੋਕ, ਜੋ ਅਕਾਸ਼ ਦੇ ਹੇਠ ਹੈ, ਉਸ ਜਗ੍ਹਾ ਇਕੱਠੇ ਹੋਏ ਸਨ। 6ਸੋ ਜਦੋਂ ਇਹ ਅਵਾਜ਼ ਆਈ ਤਾਂ ਭੀੜ ਇਕੱਠੀ ਹੋ ਗਈ ਅਤੇ ਲੋਕ ਹੈਰਾਨ ਰਹਿ ਗਏ ਕਿਉਂ ਜੋ ਹਰੇਕ ਨੂੰ ਇਹ ਸੁਣਾਈ ਦਿੰਦਾ ਸੀ ਕਿ ਉਹ ਮੇਰੀ ਹੀ ਭਾਸ਼ਾ ਬੋਲ ਰਹੇ ਸਨ। 7ਉਹ ਅਚਰਜ਼ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਇਹ ਸਭ ਜਿਹੜੇ ਬੋਲਦੇ ਹਨ, ਕੀ ਗਲੀਲੀ ਨਹੀਂ? 8ਫੇਰ ਕਿਵੇਂ ਹਰੇਕ ਸਾਡੇ ਵਿੱਚੋਂ ਆਪੋ-ਆਪਣੀ ਜਨਮ ਭੂਮੀ ਦੀ ਭਾਸ਼ਾ ਸੁਣਦਾ ਹੈ? 9ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ ਹਾਂ ਅਤੇ ਮੈਸੋਪਟਾਮਿਆ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ 10ਫ਼ਰੂਗਿਯਾ, ਪਮਫ਼ੁਲਿਯਾ, ਮਿਸਰ, ਲਿਬੀਆ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਰੇਨੇ ਦੇ ਨੇੜੇ ਹੈ ਅਤੇ ਜਿਹੜੇ ਰੋਮੀ ਮੁਸਾਫ਼ਰ ਕੀ ਯਹੂਦੀ, ਯਹੂਦੀ ਮਤ ਨੂੰ ਮੰਨਣ ਵਾਲੇ, 11ਕਰੇਤੀ ਅਤੇ ਅਰਬੀ ਹਾਂ ਉਨ੍ਹਾਂ ਨੂੰ ਆਪਣੀ-ਆਪਣੀ ਭਾਸ਼ਾ ਵਿੱਚ ਪਰਮੇਸ਼ੁਰ ਦੇ ਵੱਡੇ-ਵੱਡੇ ਕੰਮਾਂ ਦਾ ਚਰਚਾ ਕਰਦਿਆਂ ਸੁਣਦੇ ਹਾਂ!
ਇੰਜੀਲ
37ਤਿਉਹਾਰ ਦਾ ਅੰਤਿਮ ਦਿਨ ਆਇਆ ਇਹ ਤਿਉਹਾਰ ਦਾ ਸਭ ਤੋਂ ਖ਼ਾਸ ਦਿਨ ਸੀ। ਉਸ ਦਿਨ ਯਿਸੂ ਨੇ ਉੱਚੀ ਅਵਾਜ਼ ਵਿੱਚ ਬੋਲ ਕੇ ਆਖਿਆ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲੋਂ ਆ ਕੇ ਪੀਵੇ। 38ਇਹ ਪੋਥੀਆਂ ਵਿੱਚ ਲਿਖਿਆ ਹੈ ਜੋ ਮੇਰੇ ਤੇ ਵਿਸ਼ਵਾਸ ਕਰੇਗਾ ਅੰਮ੍ਰਿਤ ਜਲ ਦੇ ਦਰਿਆ ਉਸ ਦੇ ਵਿੱਚੋਂ ਵਗਣਗੇ।” 39ਯਿਸੂ ਪਵਿੱਤਰ ਆਤਮਾ ਬਾਰੇ ਬੋਲ ਰਿਹਾ ਸੀ ਕਿ ਜੋ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਉਸ ਨੂੰ ਪ੍ਰਾਪਤ ਕਰ ਸਕਣਗੇ ਕਿਉਂਕਿ ਆਤਮਾ ਹਾਲੇ ਨਹੀਂ ਦਿੱਤਾ ਗਿਆ ਸੀ, ਕਿਉਂਕਿ ਹਾਲੇ ਯਿਸੂ ਆਪਣੀ ਮਹਿਮਾ ਲਈ ਉੱਠਾਇਆ ਨਹੀਂ ਸੀ ਗਿਆ। 40ਜੋ ਯਿਸੂ ਆਖ ਰਿਹਾ ਸੀ ਲੋਕਾਂ ਨੇ ਸੁਣਿਆ। ਕੁਝ ਇੱਕ ਨੇ ਕਿਹਾ, “ਸੱਚ-ਮੁੱਚ ਇਹ ਉਹੀ ਨਬੀ ਹੈ।” 41ਕੁਝ ਹੋਰਾਂ ਨੇ ਆਖਿਆ, “ਉਹ ਮਸੀਹ ਹੈ।” ਕੁਝ ਨੇ ਆਖਿਆ, “ਕੀ, ਮਸੀਹ ਗਲੀਲ ਵਿੱਚ ਆਵੇਗਾ? 42ਕੀ ਇਹ ਪਵਿੱਤਰ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਮਸੀਹ ਦਾਊਦ ਦੇ ਘਰਾਣੇ ਵਿੱਚੋਂ ਆਵੇਗਾ ਅਤੇ ਬੈਤਲਹਮ, ਦੀ ਨਗਰੀ ਵਿੱਚੋਂ ਆਵੇਗਾ ਜਿੱਥੇ ਦਾਊਦ ਰਹਿੰਦਾ ਸੀ?” 43ਇਸ ਲਈ ਲੋਕਾਂ ਦੀ ਯਿਸੂ ਬਾਰੇ ਆਪਸ ਵਿੱਚ ਫੁੱਟ ਪੈ ਗਈ ਸੀ। 44ਕੁਝ ਲੋਕ ਯਿਸੂ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ। 45ਇਸ ਲਈ ਹੈਕਲ ਦੇ ਪਹਿਰੇਦਾਰ ਫ਼ਰੀਸੀਆਂ ਅਤੇ ਮੁੱਖ ਜਾਜਕਾਂ ਕੋਲ ਗਏ ਤਾਂ ਉਨ੍ਹਾਂ ਫ਼ਰੀਸੀਆਂ ਅਤੇ ਜਾਜਕਾਂ ਨੇ ਪਹਿਰੇਦਾਰਾਂ ਨੂੰ ਪੁੱਛਿਆ, “ਤੁਸੀਂ ਯਿਸੂ ਨੂੰ ਫੜ ਕਰਕੇ ਆਪਣੇ ਨਾਲ ਕਿਉਂ ਨਹੀਂ ਲਿਆਂਦਾ?” 46ਪਹਿਰੇਦਾਰਾਂ ਨੇ ਅੱਗੋਂ ਆਖਿਆ, “ਅਜਿਹੇ ਬਚਨ ਕਦੇ ਕਿਸੇ ਹੋਰ ਮਨੁੱਖ ਨੇ ਨਹੀਂ ਕੀਤੇ।” 47ਫ਼ੇਰ ਫ਼ਰੀਸੀਆਂ ਨੇ ਆਖਿਆ, “ਕੀ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਤੁਹਾਨੂੰ ਵੀ ਮੂਰਖ ਬਣਾਇਆ ਹੈ? 48ਕੀ ਕਿਸੇ ਵੀ ਆਗੂ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ? ਨਹੀਂ! 49ਪਰ ਇਹ ਲੋਕ, ਜਿਨ੍ਹਾਂ ਨੂੰ ਬਿਵਸਥਾ ਦਾ ਨਹੀਂ ਪਤਾ, ਪਰਮੇਸ਼ੁਰ ਵਲੋਂ ਸਰਾਪੀ ਹਨ। 50ਪਰ ਨਿਕੋਦਿਮੁਸ, ਜਿਸ ਨੇ ਪਹਿਲਾਂ ਹੀ ਯਿਸੂ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਵਿੱਚੋਂ ਇੱਕ ਸੀ। 51ਕੀ ਸਾਡੀ ਬਿਵਸਥਾ ਕਿਸੇ ਨੂੰ ਉਸ ਦੀ ਸੁਣੇ ਅਤੇ ਜਾਣੇ ਬਿਨ੍ਹਾਂ ਦੋਸ਼ੀ ਠਹਿਰਾਉਂਦੀ ਹੈ ਕਿ ਉਸ ਨੇ ਕੀ ਕੀਤਾ ਹੈ?” 52ਯਹੂਦੀ ਆਗੂਆਂ ਨੇ ਆਖਿਆ, “ਕੀ ਤੂੰ ਵੀ ਗਲੀਲ ਤੋਂ ਹੈ? 8:12ਬਾਅਦ ਵਿੱਚ ਯਿਸੂ ਨੇ ਫਿਰ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰੇ ਪਿੱਛੇ ਚੱਲਦਾ, ਉਹ ਕਦੇ ਵੀ ਹਨੇਰੇ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਜੂਨ 7 ਸਿਵਲ ਕੈਲੰਡਰ ਦਾ ਜੂਨ 20 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ