ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਪ੍ਰੈਲ 2027 › ਅਪ੍ਰੈਲ 5
ਆਰਥੋਡਾਕਸ ਕੈਲੰਡਰ · 23 ਮਾਰਚ (ਪੁਰਾਣਾ ਕੈਲੰਡਰ)
ਆਰਥੋਡਾਕਸ ਹਰ ਦਿਨ ਦੇ ਪਾਠ — 5 ਅਪ੍ਰੈਲ 2027
ਸੋਮਵਾਰ · ਵੱਡੇ ਚਾਲੀਸੇ ਦਾ ਚੌਥਾ ਹਫ਼ਤਾ · ਸੁਰ 3
ਤਿਉਹਾਰ ਅਤੇ ਸੰਤ
Martyr Nikon in Sicily and his 199 Disciples († 251)
ਵੱਡਾ ਚਾਲੀਸਾ
ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)
ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।
ਦਿਨ ਦੇ ਪਾਠ
ਛੇਵਾਂ ਘੰਟਾ
24ਸੈਨਾਂ ਦੇ ਯਹੋਵਾਹ ਨੇ ਸਹੁੰ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਯੋਜਨਾ ਬਣਾਈ, ਤਿਵੇਂ ਉਹ ਕਾਇਮ ਰਹੇਗੀ, 25ਜੋ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਪੀਹ ਸੁੱਟਾਂਗਾ, ਅਤੇ ਆਪਣੇ ਪਰਬਤ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਉਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਉਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ। 26ਇਹ ਉਹ ਯੋਜਨਾ ਹੈ ਜਿਹੜੀ ਸਾਰੀ ਧਰਤੀ ਲਈ ਮਿੱਥੀ ਗਈ ਹੈ, ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ। 27ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ? 28ਆਹਾਜ਼ ਰਾਜੇ ਦੀ ਮੌਤ ਦੇ ਸਾਲ ਇਹ ਅਗੰਮ ਵਾਕ ਹੋਇਆ, 29ਹੇ ਫ਼ਲਿਸਤੀਓ, ਤੁਸੀਂ ਇਸ ਲਈ ਅਨੰਦ ਨਾ ਹੋਵੋ, ਕਿ ਤੁਹਾਨੂੰ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ, ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ। 30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ, ਪਰ ਮੈਂ ਤੁਹਾਡੀ ਜੜ੍ਹ ਕਾਲ ਨਾਲ ਮਾਰ ਦਿਆਂਗਾ, ਅਤੇ ਤੇਰੇ ਬਚੇ ਹੋਏ ਵੱਢੇ ਜਾਣਗੇ। 31ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਫ਼ਲਿਸਤ, ਤੂੰ ਸਾਰੇ ਦਾ ਸਾਰਾ ਪਿਘਲ ਜਾ! ਕਿਉਂ ਜੋ ਉੱਤਰ ਵੱਲੋਂ ਇੱਕ ਧੂੰਆਂ ਆਉਂਦਾ ਹੈ, ਅਤੇ ਉਹ ਦੀਆਂ ਕਤਾਰਾਂ ਵਿੱਚ ਕੋਈ ਢਿੱਲਾ-ਮੱਠਾ ਨਹੀਂ। 32ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ? ਇਹ ਕਿ ਯਹੋਵਾਹ ਨੇ ਸੀਯੋਨ ਦੀ ਨੀਂਹ ਰੱਖੀ ਹੈ, ਅਤੇ ਉਹ ਦੇ ਵਿੱਚ ਪਰਜਾ ਦੇ ਦੁਖਿਆਰੇ ਪਨਾਹ ਲੈਣਗੇ।
ਸ਼ਾਮ ਦੀ ਪ੍ਰਾਰਥਨਾ: ਪਾਠ
21ਯਹੋਵਾਹ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫੇਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ। 22ਜਦੋਂ ਤੱਕ ਧਰਤੀ ਹੈ, ਉਦੋਂ ਤੱਕ ਬੀਜਣ ਅਤੇ ਵੱਢਣ, ਠੰਡ ਅਤੇ ਧੁੱਪ, ਹਾੜ੍ਹੀ ਅਤੇ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ। 9:1ਪਰਮੇਸ਼ੁਰ ਨੇ ਨੂਹ ਅਤੇ ਉਹ ਦੇ ਪੁੱਤਰਾਂ ਨੂੰ ਇਹ ਆਖ ਕੇ ਅਸੀਸ ਦਿੱਤੀ, ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਉ 2ਤੁਹਾਡਾ ਡਰ ਅਤੇ ਭੈਅ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਹਰੇਕ ਪ੍ਰਾਣੀ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ, ਕਿਉਂ ਜੋ ਉਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ। 3ਹਰੇਕ ਚੱਲਣ ਵਾਲਾ ਪ੍ਰਾਣੀ ਜਿਸ ਦੇ ਵਿੱਚ ਜੀਵਨ ਹੈ, ਤੁਹਾਡੇ ਭੋਜਨ ਲਈ ਹੈ। ਜਿਵੇਂ ਮੈਂ ਤੁਹਾਨੂੰ ਸਾਗ ਪੱਤ ਦਿੱਤਾ ਸੀ, ਉਸੇ ਤਰ੍ਹਾਂ ਹੁਣ ਸਭ ਕੁਝ ਦਿੰਦਾ ਹਾਂ। 4ਪਰ ਮਾਸ ਨੂੰ ਪ੍ਰਾਣ ਸਮੇਤ ਅਰਥਾਤ ਲਹੂ ਸਮੇਤ ਤੁਸੀਂ ਨਾ ਖਾਇਓ। 5ਮੈਂ ਜ਼ਰੂਰ ਹੀ ਤੁਹਾਡੇ ਲਹੂ ਅਰਥਾਤ ਪ੍ਰਾਣ ਦਾ ਬਦਲਾ ਲਵਾਂਗਾ, ਹਰ ਇੱਕ ਜੰਗਲੀ ਜਾਨਵਰ ਅਤੇ ਮਨੁੱਖ ਦੋਵਾਂ ਤੋਂ ਉਸ ਦਾ ਬਦਲਾ ਲਵਾਂਗਾ ਅਤੇ ਹਰੇਕ ਮਨੁੱਖ ਦੀ ਜਾਨ ਦਾ ਬਦਲਾ ਮੈਂ ਉਸ ਦੇ ਭਰਾ ਤੋਂ ਲਵਾਂਗਾ। 6ਜੋ ਮਨੁੱਖ ਦਾ ਲਹੂ ਵਹਾਵੇਗਾ, ਉਸ ਦਾ ਲਹੂ ਮਨੁੱਖ ਦੇ ਹੱਥੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਹੀ ਸਰੂਪ ਵਿੱਚ ਰਚਿਆ ਸੀ। 7ਤੁਸੀਂ ਫਲੋ ਅਤੇ ਵਧੋ ਅਤੇ ਧਰਤੀ ਉੱਤੇ ਆਪਣੀ ਸੰਤਾਨ ਨੂੰ ਪੈਦਾ ਕਰਕੇ ਉਸ ਨੂੰ ਭਰ ਦਿਉ।
ਸ਼ਾਮ ਦੀ ਪ੍ਰਾਰਥਨਾ: ਪਾਠ
19ਸਚਿਆਰ ਮਨੁੱਖ ਜੀਵਨ ਨੂੰ ਪ੍ਰਾਪਤ ਕਰਦਾ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ, ਉਹ ਆਪਣੀ ਮੌਤ ਦਾ ਪਿੱਛਾ ਕਰਦਾ ਹੈ। 20ਜਿਹੜੇ ਮਨ ਦੇ ਟੇਢੇ ਹਨ ਉਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ। 21ਇਹ ਗੱਲ ਪੱਕੀ ਹੈ ਕਿ ਦੁਸ਼ਟ ਦੰਡ ਬਿਨ੍ਹਾਂ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ। 22ਜਿਵੇਂ ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ, ਤਿਵੇਂ ਹੀ ਰੂਪਵੰਤ ਇਸਤਰੀ ਹੈ ਜੋ ਵਿਵੇਕਹੀਣ ਹੈ। 23ਧਰਮੀ ਦੀ ਲਾਲਸਾ ਹਮੇਸ਼ਾ ਭਲਿਆਈ ਦੀ ਹੁੰਦੀ ਹੈ, ਪਰ ਦੁਸ਼ਟਾਂ ਦੀ ਆਸ ਦਾ ਫਲ ਕਹਿਰ ਹੁੰਦਾ ਹੈ। 24ਕੋਈ ਤਾਂ ਵੰਡਦਾ ਹੈ ਫਿਰ ਵੀ ਉਹ ਦਾ ਮਾਲ ਵੱਧਦਾ ਹੈ, ਅਤੇ ਕੋਈ ਜੋਗ ਖ਼ਰਚ ਤੋਂ ਸਰਫ਼ਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ। 25ਦਾਨੀ ਮਨੁੱਖ ਫਲਵੰਤ ਹੋ ਜਾਂਦਾ ਹੈ, ਅਤੇ ਜੋ ਦੂਜਿਆਂ ਦੀ ਖੇਤੀ ਸਿੰਜਦਾ ਹੈ, ਉਸ ਦੀ ਵੀ ਸਿੰਜੀ ਜਾਵੇਗੀ। 26ਜਿਹੜਾ ਅਨਾਜ ਨੂੰ ਦੱਬ ਕੇ ਰੱਖਦਾ ਹੈ, ਉਹ ਨੂੰ ਤਾਂ ਲੋਕ ਫਿਟਕਾਰਦੇ ਹਨ, ਪਰ ਜਿਹੜਾ ਉਸ ਨੂੰ ਵੇਚਦਾ ਹੈ, ਉਹ ਨੂੰ ਅਸੀਸਾਂ ਦਿੰਦੇ ਹਨ। 27ਜਿਹੜਾ ਜਤਨ ਨਾਲ ਭਲਿਆਈ ਨੂੰ ਭਾਲਦਾ, ਉਹ ਕਿਰਪਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਭਾਲਦਾ ਹੈ, ਉਹ ਉਸੇ ਦੇ ਉੱਤੇ ਆ ਪਵੇਗੀ। 28ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਗੂੰ ਲਹਿਲਹਾਉਣਗੇ। 29ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ, ਅਤੇ ਮੂਰਖ ਬੁੱਧਵਾਨ ਦਾ ਦਾਸ ਹੋਵੇਗਾ। 30ਧਰਮੀ ਦਾ ਫਲ ਜੀਵਨ ਦਾ ਰੁੱਖ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ। 31ਵੇਖੋ, ਧਰਮੀ ਵੀ ਇਸ ਧਰਤੀ ਉੱਤੇ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨ੍ਹਾਂ ਵਧੀਕ ਭੋਗਣਗੇ! 12:1ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜਨਾ ਨੂੰ ਬੁਰਾ ਜਾਣਦਾ ਹੈ ਉਹ ਪਸ਼ੂ ਵਰਗਾ ਹੈ। 2ਭਲੇ ਮਨੁੱਖ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ। 3ਦੁਸ਼ਟਤਾ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ। 4ਨੇਕ ਇਸਤਰੀ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀ ਹੱਡੀਆਂ ਦਾ ਸਾੜਾ ਹੈ। 5ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੀਆਂ ਜੁਗਤਾਂ ਛਲ ਦੀਆਂ ਹੁੰਦੀਆਂ ਹਨ। 6ਦੁਸ਼ਟਾਂ ਦੀਆਂ ਗੱਲਾਂ ਖ਼ੂਨ ਕਰਨ ਲਈ ਘਾਤ ਲਾਉਣ ਦੇ ਵਿਖੇ ਹੁੰਦੀਆਂ ਹਨ, ਪਰ ਸਚਿਆਰਾਂ ਦੇ ਬੋਲ ਉਹਨਾਂ ਨੂੰ ਛੁਡਾ ਲੈਂਦੇ ਹਨ।
ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਾਰਚ 23 ਸਿਵਲ ਕੈਲੰਡਰ ਦਾ ਅਪ੍ਰੈਲ 5 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ