Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਮਾਰਚ 2027 › ਮਾਰਚ 25

ਆਰਥੋਡਾਕਸ ਕੈਲੰਡਰ · 12 ਮਾਰਚ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 25 ਮਾਰਚ 2027

ਵੀਰਵਾਰ · ਵੱਡੇ ਚਾਲੀਸੇ ਦਾ ਦੂਜਾ ਹਫ਼ਤਾ · ਸੁਰ 1

ਤਿਉਹਾਰ ਅਤੇ ਸੰਤ

Venerable Theophanes the Confessor of Sigriane († 818)

ਵੱਡਾ ਚਾਲੀਸਾ

ਸਖ਼ਤ ਵਰਤ (ਸੁੱਕਾ ਭੋਜਨ: ਰੋਟੀ, ਸਬਜ਼ੀਆਂ, ਫਲ)

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਛੇਵਾਂ ਘੰਟਾ

ਯਸਾ 6:1–12

1ਉੱਜ਼ੀਯਾਹ ਰਾਜਾ ਦੀ ਮੌਤ ਦੇ ਸਾਲ ਮੈਂ ਪ੍ਰਭੂ ਨੂੰ ਬਹੁਤ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਅਤੇ ਉਹ ਦੇ ਬਸਤਰ ਦੇ ਪੱਲੇ ਨਾਲ ਭਵਨ ਭਰ ਗਿਆ। 2ਉਹ ਦੇ ਉਤਾਹਾਂ ਸਰਾਫ਼ੀਮ ਖਲੋਤੇ ਸਨ। ਹਰੇਕ ਦੇ ਛੇ-ਛੇ ਖੰਭ ਸਨ, ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ, ਅਤੇ ਦੋ ਨਾਲ ਆਪਣੇ ਪੈਰ ਢੱਕਦੇ ਅਤੇ ਦੋ ਨਾਲ ਉੱਡਦੇ ਸਨ। 3ਉਹ ਇੱਕ ਦੂਜੇ ਨੂੰ ਪੁਕਾਰ-ਪੁਕਾਰ ਕੇ ਆਖਦੇ ਸਨ, - “ਸੈਨਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।” 4ਅਤੇ ਪੁਕਾਰਨ ਵਾਲੇ ਦੀ ਅਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ। 5ਤਦ ਮੈਂ ਆਖਿਆ, ਹਾਏ ਮੇਰੇ ਉੱਤੇ! ਮੈਂ ਤਾਂ ਨਾਸ ਹੋ ਗਿਆ! ਮੈਂ ਤਾਂ ਭਰਿਸ਼ਟ ਬੁੱਲ੍ਹਾਂ ਵਾਲਾ ਮਨੁੱਖ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਮਹਾਰਾਜਾ ਅਧੀਰਾਜ ਨੂੰ ਵੇਖਿਆ ਹੈ! 6ਤਦ ਸਰਾਫ਼ੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਅਤੇ ਉਹ ਦੇ ਹੱਥ ਵਿੱਚ ਇੱਕ ਭੱਖਦਾ ਹੋਇਆ ਕੋਲਾ ਸੀ, ਜਿਹੜਾ ਉਸ ਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ। 7ਤਦ ਉਸ ਨੇ ਇਹ ਆਖ ਕੇ ਮੇਰੇ ਮੂੰਹ ਨੂੰ ਛੂਹਿਆ, ਵੇਖ ਇਸ ਨੇ ਤੇਰੇ ਬੁੱਲ੍ਹਾਂ ਨੂੰ ਛੂਹਿਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ। 8ਫੇਰ ਮੈਂ ਪ੍ਰਭੂ ਦੀ ਅਵਾਜ਼ ਇਹ ਆਖਦੇ ਹੋਏ ਸੁਣੀ, ਮੈਂ ਕਿਸਨੂੰ ਭੇਜਾਂ ਅਤੇ ਕੌਣ ਸਾਡੇ ਲਈ ਜਾਵੇਗਾ? ਤਦ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ। 9ਉਸ ਨੇ ਆਖਿਆ, ਜਾ ਅਤੇ ਇਸ ਪਰਜਾ ਨੂੰ ਆਖ, - ਤੁਸੀਂ ਸੁਣਦੇ ਰਹੋ ਪਰ ਸਮਝੋ ਨਾ, ਅਤੇ ਵੇਖਦੇ ਰਹੋ ਪਰ ਬੁੱਝੋ ਨਾ, 10ਇਸ ਪਰਜਾ ਦਾ ਮਨ ਮੋਟਾ, ਅਤੇ ਇਸ ਦੇ ਕੰਨ ਭਾਰੇ ਕਰ ਦੇ, ਅਤੇ ਇਸ ਦੀਆਂ ਅੱਖਾਂ ਬੰਦ ਕਰ, ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਅਤੇ ਆਪਣਿਆਂ ਕੰਨਾਂ ਨਾਲ ਸੁਣਨ, ਅਤੇ ਆਪਣੇ ਮਨ ਨਾਲ ਸਮਝਣ, ਅਤੇ ਮੁੜ ਆਉਣ ਅਤੇ ਚੰਗੇ ਹੋ ਜਾਣ। 11ਤਦ ਮੈਂ ਪੁੱਛਿਆ, ਹੇ ਪ੍ਰਭੂ ਕਦੋਂ ਤੱਕ? ਉਸ ਨੇ ਆਖਿਆ, ਜਦ ਤੱਕ ਸ਼ਹਿਰ ਵਿਰਾਨ ਅਤੇ ਬੇ-ਅਬਾਦ ਨਾ ਹੋ ਜਾਣ, ਅਤੇ ਘਰ ਬੇ-ਚਰਾਗ ਨਾ ਹੋ ਜਾਣ, ਅਤੇ ਜ਼ਮੀਨ ਪੂਰੀ ਹੀ ਉਜੜ ਨਾ ਜਾਵੇ। 12ਜਦ ਤੱਕ ਯਹੋਵਾਹ ਮਨੁੱਖਾਂ ਨੂੰ ਦੂਰ ਨਾ ਕਰ ਦੇਵੇ, ਅਤੇ ਦੇਸ ਵਿੱਚ ਬਹੁਤੇ ਸਥਾਨ ਸੁਨਸਾਨ ਨਾ ਹੋ ਜਾਣ।

ਸ਼ਾਮ ਦੀ ਪ੍ਰਾਰਥਨਾ: ਪਾਠ

ਉਤ 5:1–24

1ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ। ਜਿਸ ਦਿਨ ਪਰਮੇਸ਼ੁਰ ਨੇ ਆਦਮ ਦੀ ਰਚਨਾ ਕੀਤੀ, ਉਸ ਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ। 2ਨਰ ਨਾਰੀ ਕਰਕੇ ਉਨ੍ਹਾਂ ਦੀ ਰਚਨਾ ਕੀਤੀ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਮ ਆਦਮ ਰੱਖਿਆ। 3ਆਦਮ ਇੱਕ ਸੌ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਵਿੱਚ ਪੈਦਾ ਹੋਇਆ ਅਤੇ ਉਸ ਨੇ ਉਹ ਦਾ ਨਾਮ ਸੇਥ ਰੱਖਿਆ। 4ਸੇਥ ਦੇ ਜੰਮਣ ਦੇ ਬਾਅਦ ਆਦਮ ਅੱਠ ਸੌ ਸਾਲ ਤੱਕ ਜੀਉਂਦਾ ਰਿਹਾ, ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। 5ਆਦਮ ਦੀ ਸਾਰੀ ਉਮਰ ਨੌ ਸੌ ਤੀਹ ਸਾਲਾਂ ਦੀ ਹੋਈ ਤਦ ਉਹ ਮਰ ਗਿਆ। 6ਸੇਥ ਇੱਕ ਸੌ ਪੰਜ ਸਾਲਾਂ ਦਾ ਸੀ ਤਦ ਉਸ ਤੋਂ ਅਨੋਸ਼ ਜੰਮਿਆ। 7ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। 8ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ। 9ਅਨੋਸ਼ ਨੱਬੇ ਸਾਲਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆ। 10ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। 11ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਸਾਲਾਂ ਦੀ ਹੋਈ ਤਦ ਉਹ ਮਰ ਗਿਆ। 12ਕੇਨਾਨ ਸੱਤਰ ਸਾਲਾਂ ਦਾ ਸੀ ਤਦ ਉਸ ਤੋਂ ਮਹਲਲੇਲ ਜੰਮਿਆ 13ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲ੍ਹੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। 14ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ। 15ਮਹਲਲੇਲ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਯਰਦ ਜੰਮਿਆ 16ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। 17ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਸਾਲਾਂ ਦੀ ਹੋਈ, ਤਦ ਉਹ ਮਰ ਗਿਆ। 18ਯਰਦ ਇੱਕ ਸੌ ਬਾਹਠ ਸਾਲਾਂ ਦਾ ਸੀ ਤਦ ਉਸ ਤੋਂ ਹਨੋਕ ਜੰਮਿਆ 19ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ। 20ਯਰਦ ਦੀ ਸਾਰੀ ਉਮਰ ਨੌ ਸੌ ਬਾਹਠ ਸਾਲਾਂ ਦੀ ਹੋਈ, ਤਦ ਉਹ ਮਰ ਗਿਆ। 21ਹਨੋਕ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਮਥੂਸਲਹ ਜੰਮਿਆ, 22ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਸਾਲਾਂ ਤੱਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ। 23ਹਨੋਕ ਦੀ ਸਾਰੀ ਉਮਰ ਤਿੰਨ ਸੌ ਪੈਂਹਠ ਸਾਲਾਂ ਦੀ ਸੀ। 24ਹਨੋਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਹੋਇਆ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਠਾ ਲਿਆ।

ਸ਼ਾਮ ਦੀ ਪ੍ਰਾਰਥਨਾ: ਪਾਠ

ਕਹਾ 6:3–20

3ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਅਜਿਹਾ ਕਰ ਤਾਂ ਤੂੰ ਛੁਟੇਂਗਾ, ਜਾ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ। 4ਨਾ ਆਪਣੀਆਂ ਅੱਖਾਂ ਵਿੱਚ ਨੀਂਦ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ। 5ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ। 6ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ, 7ਜਿਸ ਦਾ ਨਾ ਕੋਈ ਆਗੂ, ਨਾ ਪ੍ਰਧਾਨ, ਨਾ ਹਾਕਮ ਹੈ, 8ਉਹ ਆਪਣਾ ਭੋਜਨ ਗਰਮੀਆਂ ਵਿੱਚ ਜੋੜਦੀ ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ। 9ਹੇ ਆਲਸੀ, ਤੂੰ ਕਦੋਂ ਤੱਕ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ? 10ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ, 11ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ! 12ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ। 13ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ। 14ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ, 15ਇਸ ਲਈ ਬਿਪਤਾ ਅਚਾਨਕ ਹੀ ਉਹ ਦੇ ਉੱਤੇ ਆ ਪਵੇਗੀ, ਇੱਕ ਪਲ ਵਿੱਚ ਹੀ ਉਹ ਨਾਸ ਹੋ ਜਾਵੇਗਾ ਅਤੇ ਬਚਣ ਦਾ ਕੋਈ ਉਪਾਅ ਨਾ ਹੋਵੇਗਾ। 16ਛੇ ਗੱਲਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਨੂੰ ਘਿਣਾਉਣੀਆਂ ਲੱਗਦੀਆਂ ਹਨ, 17ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ ਦਾ ਖ਼ੂਨ ਕਰਨ ਵਾਲੇ ਹੱਥ, 18ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ, 19ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ। 20ਹੇ ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਮੰਨ ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਾਰਚ 12 ਸਿਵਲ ਕੈਲੰਡਰ ਦਾ ਮਾਰਚ 25 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ