Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜਨਵਰੀ 2027 › ਜਨਵਰੀ 17

ਕੈਥੋਲਿਕ ਕੈਲੰਡਰ

ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 17 ਜਨਵਰੀ 2027

ਐਤਵਾਰ · ਆਮ ਸਮੇਂ ਦਾ ਦੂਜਾ ਹਫ਼ਤਾ

ਤਿਉਹਾਰ ਅਤੇ ਸੰਤ

ਆਮ ਸਮੇਂ ਦਾ ਦੂਜਾ ਐਤਵਾਰ

ਐਤਵਾਰ · ਉਪਾਸਨਾ ਦਾ ਰੰਗ: ਹਰਾ

ਦਿਨ ਦੇ ਪਾਠ

ਪਹਿਲਾ ਪਾਠ

1 ਸਮੂ 3:3–10, 19

3ਪਰਮੇਸ਼ੁਰ ਦਾ ਦੀਵਾ, ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਜੋ ਅਜੇ ਨਹੀਂ ਬੁਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ। 4ਤਦ ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਅਤੇ ਉਹ ਨੇ ਆਖਿਆ, ਮੈਂ ਹਾਜ਼ਰ ਹਾਂ, 5ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੂੰ ਜੋ ਮੈਨੂੰ ਬੁਲਾਇਆ ਹੈ ਮੈਂ ਹਾਜ਼ਰ ਹਾਂ। ਪਰ ਉਹ ਬੋਲਿਆ, ਮੈਂ ਤਾਂ ਨਹੀਂ ਬੁਲਾਇਆ। ਵਾਪਿਸ ਜਾ ਕੇ ਲੰਮਾ ਪੈ ਜਾ। ਸੋ ਉਹ ਜਾ ਕੇ ਲੰਮਾ ਪੈ ਗਿਆ। 6ਯਹੋਵਾਹ ਨੇ ਸਮੂਏਲ ਨੂੰ ਫੇਰ ਬੁਲਾਇਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ। ਉਸ ਨੇ ਆਖਿਆ, ਹੇ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ। ਵਾਪਿਸ ਜਾ ਕੇ ਲੰਮਾ ਪੈ ਜਾ। 7ਪਰ ਸਮੂਏਲ ਅਜੇ ਯਹੋਵਾਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਹੋਵਾਹ ਦਾ ਬਚਨ ਉਸ ਉੱਤੇ ਪਰਗਟ ਹੋਇਆ ਸੀ। 8ਫੇਰ ਯਹੋਵਾਹ ਨੇ ਤੀਜੀ ਵਾਰੀ ਸਮੂਏਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ ਹੈ। ਤਦ ਏਲੀ ਨੇ ਜਾਣ ਲਿਆ ਜੋ ਯਹੋਵਾਹ ਨੇ ਬਾਲਕ ਨੂੰ ਬੁਲਾਇਆ ਹੋਣਾ ਹੈ। 9ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾ ਲੰਮਾ ਪੈ ਜਾ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਤੈਨੂੰ ਪੁਕਾਰੇ ਤਾਂ ਤੂੰ ਆਖੀ, ਹੇ ਯਹੋਵਾਹ ਬੋਲ, ਤੇਰਾ ਦਾਸ ਸੁਣਦਾ ਹੈ। ਸੋ ਸਮੂਏਲ ਆਪਣੇ ਥਾਂ ਜਾ ਕੇ ਲੰਮਾ ਪੈ ਗਿਆ। 10ਤਦ ਯਹੋਵਾਹ ਆਇਆ ਅਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਸੱਦਿਆ, “ਸਮੂਏਲ, ਸਮੂਏਲ।” ਤਦ ਸਮੂਏਲ ਨੇ ਕਿਹਾ, ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ। 19ਸਮੂਏਲ ਵੱਧਦਾ ਗਿਆ ਅਤੇ ਯਹੋਵਾਹ ਉਹ ਦੇ ਅੰਗ-ਸੰਗ ਸੀ ਅਤੇ ਉਸ ਨੇ ਉਹ ਦੀ ਆਖੀ ਕੋਈ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ।

ਜਵਾਬੀ ਭਜਨ

ਜ਼ਬੂ 40:2–3, 6–9

2ਉਸ ਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ। 3ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ, ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ। ਬਹੁਤੇ ਵੇਖਣਗੇ ਅਤੇ ਡਰ ਜਾਣਗੇ, ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ। 6ਬਲੀਦਾਨ ਅਤੇ ਭੇਟ ਤੋਂ ਤੂੰ ਪਰਸੰਨ ਨਹੀਂ ਹੁੰਦਾ, ਤੂੰ ਮੇਰੇ ਕੰਨ ਖੋਲੇ ਹਨ, ਹੋਮ ਬਲੀ ਅਤੇ ਪਾਪ ਬਲੀ ਤੂੰ ਨਹੀਂ ਚਾਹੀ। 7ਤਦ ਮੈਂ ਆਖਿਆ, ਵੇਖ, ਮੈਂ ਆਇਆ ਹਾਂ! ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਲਈ ਲਿਖਿਆ ਹੋਇਆ ਹੈ 8ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ। 9ਮੈਂ ਮਹਾਂ-ਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ, ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ, ਤੂੰ ਇਹ ਜਾਣਦਾ ਹੈਂ।

ਦੂਜਾ ਪਾਠ

1 ਕੁਰਿੰਥੀ 6:13–15, 17–20

13ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ੁਰ ਦੋਵਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ। 14ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉੱਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉੱਠਾਏਗਾ। 15ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕਦੇ ਨਹੀਂ! 17ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ। 18ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ। 19ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ? 20ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।

ਇੰਜੀਲ

ਯੂਹ 1:35–42

35ਅਗਲੇ ਦਿਨ ਯੂਹੰਨਾ ਫ਼ੇਰ ਉੱਥੇ ਹੀ ਖੜ੍ਹਾ ਸੀ। ਯੂਹੰਨਾ ਦੇ ਨਾਲ ਉਸ ਦੇ ਦੋ ਚੇਲੇ ਸਨ। 36ਯੂਹੰਨਾ ਨੇ ਯਿਸੂ ਨੂੰ ਵੇਖ ਕੇ ਆਖਿਆ, “ਵੇਖੋ, ਪਰਮੇਸ਼ੁਰ ਦਾ ਲੇਲਾ।” 37ਉਨ੍ਹਾਂ ਦੋਹਾਂ ਚੇਲਿਆਂ ਨੇ, ਜੋ ਯੂਹੰਨਾ ਆਖ ਰਿਹਾ ਸੀ, ਸੁਣਿਆ ਅਤੇ ਉਹ ਯਿਸੂ ਦੇ ਮਗਰ ਤੁਰ ਪਏ। 38ਯਿਸੂ ਨੇ ਉਨ੍ਹਾਂ ਨੂੰ ਮਗਰ ਆਉਂਦਿਆ ਵੇਖਿਆ ਅਤੇ ਮੁੜ ਕੇ ਆਖਿਆ, “ਤੁਸੀਂ ਕੀ ਚਾਹੁੰਦੇ ਹੋ?” ਉਨ੍ਹਾਂ ਦੋਹਾਂ ਨੇ ਆਖਿਆ, “ਹੇ ਰੱਬੀ, ‘ਰੱਬੀ’ ਦਾ ਅਰਥ ਹੈ ‘ਗੁਰੂ’ ਤੁਸੀਂ ਕਿੱਥੇ ਠਹਿਰੇ ਹੋ?” 39ਯਿਸੂ ਨੇ ਉੱਤਰ ਦਿੱਤਾ, “ਆਓ ਅਤੇ ਵੇਖੋ।” ਸੋ ਉਹ ਦੋਵੇਂ ਯਿਸੂ ਦੇ ਨਾਲ ਗਏ। ਉਨ੍ਹਾਂ ਨੇ ਥਾਂ ਵੇਖੀ ਜਿੱਥੇ ਯਿਸੂ ਰਹਿ ਰਿਹਾ ਸੀ। ਉਸ ਦਿਨ ਉਹ ਉੱਥੇ ਯਿਸੂ ਦੇ ਨਾਲ ਹੀ ਰਹੇ। ਇਹ ਚਾਰ ਕੁ ਵਜੇ ਦਾ ਸਮਾਂ ਸੀ। 40ਇਨ੍ਹਾਂ ਦੋਹਾਂ ਨੇ ਯਿਸੂ ਬਾਰੇ ਯੂਹੰਨਾ ਤੋਂ ਸੁਣਨ ਤੋਂ ਬਾਅਦ ਯਿਸੂ ਦੇ ਮਗਰ ਹੋ ਤੁਰੇ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਅੰਦ੍ਰਿਯਾਸ ਸੀ। ਅੰਦ੍ਰਿਯਾਸ ਸ਼ਮਊਨ ਪਤਰਸ ਦਾ ਭਰਾ ਸੀ। 41ਪਹਿਲਾਂ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਲੱਭਿਆ ਤੇ ਫ਼ਿਰ ਉਸ ਨੇ ਆਖਿਆ, “ਅਸੀਂ ਮਸੀਹ ਨੂੰ ਲੱਭ ਲਿਆ ਹੈ।” “ਮਸੀਹ” ਮਤਲਬ “ਮਸੀਹਾ” 42ਅੰਦ੍ਰਿਯਾਸ ਸ਼ਮਊਨ ਨੂੰ ਯਿਸੂ ਕੋਲ ਲੈ ਆਇਆ। ਯਿਸੂ ਨੇ ਸ਼ਮਊਨ ਨੂੰ ਵੇਖਿਆ ਤੇ ਆਖਿਆ ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ, ਤੂੰ ਕੇਫ਼ਾਸ ਅਖਵਾਵੇਗਾ “ਕੇਫ਼ਾਸ” ਦਾ ਭਾਵ ਹੈ “ਪਤਰਸ”।

ਅੱਜ ਦੇ ਸੰਤ

ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ