Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਨਵੰਬਰ 2026 › ਨਵੰਬਰ 29

ਆਰਥੋਡਾਕਸ ਕੈਲੰਡਰ · 16 ਨਵੰਬਰ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 29 ਨਵੰਬਰ 2026

ਐਤਵਾਰ · ਸੁਰ 1

ਤਿਉਹਾਰ ਅਤੇ ਸੰਤ

ਪੰਤੇਕੁਸਤ ਤੋਂ ਬਾਅਦ 26ਵਾਂ ਐਤਵਾਰ

ਜਨਮ ਦਿਨ (ਕ੍ਰਿਸਮਸ) ਦਾ ਵਰਤ

ਮੱਛੀ ਦੀ ਇਜਾਜ਼ਤ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸ਼ਾਮ ਦੀ ਪ੍ਰਾਰਥਨਾ: ਪਾਠ

1 ਪਤ 1:1–2:6

1ਪਤਰਸ, ਯਿਸੂ ਮਸੀਹ ਦੇ ਰਸੂਲ ਵੱਲੋਂ ਉਹਨਾਂ ਪਰਦੇਸੀਆਂ ਨੂੰ ਜਿਹੜੇ ਪੁੰਤੁਸ, ਗਲਾਤਿਯਾ, ਕੱਪਦੁਕਿਯਾ, ਆਸਿਯਾ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ। 2ਜਿਹੜੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ੁਰ ਦੇ ਗਿਆਨ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਦੇ ਲਈ ਚੁਣੇ ਗਏ ਕਿ ਆਗਿਆਕਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ। ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਵੱਧਦੀ ਜਾਵੇ। 3ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਆਪਣੀ ਵਧੇਰੇ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਵਨ ਦੀ ਆਸ ਲਈ ਨਵਾਂ ਜਨਮ ਦਿੱਤਾ। 4ਅਰਥਾਤ ਉਹ ਅਵਿਨਾਸ਼ੀ, ਨਿਰਮਲ ਅਤੇ ਨਾ ਮੁਰਝਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਰੱਖਿਆ ਹੋਇਆ ਹੈ। 5ਤੁਸੀਂ ਵਿਸ਼ਵਾਸ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਉਸ ਮੁਕਤੀ ਲਈ ਬਚਾਏ ਰਹਿੰਦੇ ਹੋ, ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ 6ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ, ਭਾਵੇਂ ਹੁਣ ਕੁਝ ਸਮੇਂ ਲਈ ਭਾਂਤ-ਭਾਂਤ ਦੇ ਪਰਤਾਵੇ ਨਾਲ ਦੁੱਖੀ ਹੋਏ ਹੋ। 7ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ। 8ਜਿਸ ਦੇ ਨਾਲ ਤੁਸੀਂ ਬਿਨ੍ਹਾਂ ਵੇਖੇ ਪਿਆਰ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਉਸ ਵਿਸ਼ਵਾਸ ਦੇ ਕਾਰਨ ਬਹੁਤ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ। 9ਅਤੇ ਆਪਣੇ ਵਿਸ਼ਵਾਸ ਦਾ ਫਲ ਅਰਥਾਤ ਆਪਣੀ ਜਾਨ ਦੀ ਮੁਕਤੀ ਪ੍ਰਾਪਤ ਕਰਦੇ ਹੋ। 10ਇਸੇ ਮੁਕਤੀ ਦੇ ਬਾਰੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਹਨਾਂ ਉਸ ਕਿਰਪਾ ਦੇ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਭਵਿੱਖਬਾਣੀ ਕੀਤੀ। 11ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦੇ ਦੁੱਖਾਂ ਦੇ ਅਤੇ ਉਹਨਾਂ ਦੇ ਬਾਅਦ ਦੀ ਮਹਿਮਾ ਦੇ ਬਾਰੇ ਪਹਿਲਾਂ ਹੀ ਗਵਾਹੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦੇ ਬਾਰੇ ਦੱਸਦਾ ਸੀ। 12ਸੋ ਉਹਨਾਂ ਉੱਤੇ ਇਹ ਪ੍ਰਗਟ ਕੀਤਾ ਗਿਆ ਕਿ ਉਹ ਆਪਣੀ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਆਖਦੇ ਸਨ, ਜਿਹਨਾਂ ਦੀ ਖ਼ਬਰ ਹੁਣ ਤੁਹਾਨੂੰ ਉਹਨਾਂ ਤੋਂ ਮਿਲੀ ਜਿਹਨਾਂ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਨਾਲ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਸਵਰਗ ਦੂਤ ਵੱਡੀ ਇੱਛਾ ਨਾਲ ਇਹਨਾਂ ਗੱਲਾਂ ਦਾ ਪਤਾ ਕਰਨਾ ਚਾਹੁੰਦੇ ਹਨ। 13ਇਸ ਲਈ ਤੁਸੀਂ ਆਪਣੀ ਬੁੱਧੀ ਨਾਲ ਲੱਕ ਬੰਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ। 14ਅਤੇ ਆਗਿਆਕਾਰ ਬੱਚਿਆਂ ਵਾਂਗੂੰ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜਿਹੇ ਨਾ ਬਣੋ। 15ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। 16ਕਿਉਂ ਜੋ ਇਹ ਲਿਖਿਆ ਹੋਇਆ ਹੈ; “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।” 17ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ। 18ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਆਪਣੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਪਾਇਆ ਜਿਹੜਾ ਤੁਹਾਡੇ ਵੱਡਿਆਂ ਤੋਂ ਚੱਲਿਆ ਆਉਂਦਾ ਸੀ, ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ-ਸੋਨੇ ਨਾਲ ਨਹੀਂ। 19ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ ਜਿਹੜਾ ਬੇਦਾਗ ਲੇਲੇ ਦੇ ਨਿਆਈਂ ਸੀ। 20ਉਹ ਤਾਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਠਹਿਰਾਇਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ। 21ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਹੋ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਨੂੰ ਮਹਿਮਾ ਦਿੱਤੀ, ਤਾਂ ਜੋ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ। 22ਤੁਸੀਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਾਈਚਾਰੇ ਦੇ ਨਿਸ਼ਕਪਟ ਪਿਆਰ ਲਈ ਪਵਿੱਤਰ ਕੀਤਾ ਹੈ, ਤਾਂ ਤਨੋਂ ਮਨੋਂ ਹੋ ਕੇ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ। 23ਕਿਉਂ ਜੋ ਤੁਸੀਂ ਨਾਸਵਾਨ ਬੀਜ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਨਵਾਂ ਜਨਮ ਪਾਇਆ ਹੈ, ਜਿਹੜਾ ਪਰਮੇਸ਼ੁਰ ਦੇ ਬਚਨ ਰਾਹੀਂ ਹੈ ਜੋ ਜਿਉਂਦਾ ਅਤੇ ਸਥਿਰ ਹੈ। 24ਕਿਉਂਕਿ ਹਰੇਕ ਪ੍ਰਾਣੀ ਘਾਹ ਵਰਗਾ ਹੀ ਹੈ, ਉਸ ਦੀ ਸ਼ੋਭਾ ਘਾਹ ਦੇ ਫੁੱਲ ਵਰਗੀ ਹੈ। ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਪ੍ਰਭੂ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ। 25ਅਤੇ ਇਹ ਉਹੋ ਬਚਨ ਹੈ ਜਿਸ ਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ। 2:1ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ, ਕਪਟ, ਖਾਰ ਅਤੇ ਸਾਰੀਆਂ ਚੁਗਲੀਆਂ ਨੂੰ ਛੱਡ ਕੇ 2ਨਵੇਂ ਜਨਮੇ ਬੱਚਿਆਂ ਦੀ ਤਰ੍ਹਾਂ ਆਤਮਿਕ ਅਤੇ ਸ਼ੁੱਧ ਦੁੱਧ ਦੀ ਖੋਜ ਕਰੋ ਤਾਂ ਜੋ ਤੁਸੀਂ ਉਸ ਨਾਲ ਮੁਕਤੀ ਲਈ ਵਧਦੇ ਜਾਓ 3ਕਿਉਂ ਜੋ ਤੁਸੀਂ ਸੁਆਦ ਚੱਖ ਕੇ ਵੇਖਿਆ ਹੈ, ਕਿ ਪ੍ਰਭੂ ਕਿਰਪਾਲੂ ਹੈ। 4ਜਿਸ ਦੇ ਕੋਲ ਤੁਸੀਂ ਆਏ ਹੋ, ਮੰਨੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪਰ ਪਰਮੇਸ਼ੁਰ ਦੀ ਨਜ਼ਰ ਵਿੱਚ ਚੁਣਿਆ ਹੋਇਆ ਅਤੇ ਬਹੁਮੁੱਲਾ ਹੈ। 5ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੇ ਵਾਂਗੂੰ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਤਾਂ ਕਿ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਉਹ ਆਤਮਿਕ ਬਲੀਦਾਨ ਚੜਾਓ, ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਚੰਗੇ ਲੱਗਦੇ ਹਨ। 6ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਇਆ ਹੈ ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਬਹੁਮੁੱਲਾ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ।

ਸ਼ਾਮ ਦੀ ਪ੍ਰਾਰਥਨਾ: ਪਾਠ

1 ਪਤ 2:21–3:9

21ਕਿਉਂਕਿ ਤੁਸੀਂ ਇਸੇ ਕਾਰਨ ਸੱਦੇ ਗਏ ਹੋ, ਕਿਉਂਕਿ ਮਸੀਹ ਵੀ ਤੁਹਾਡੇ ਲਈ ਦੁੱਖ ਝੱਲ ਕੇ ਇੱਕ ਨਮੂਨਾ ਛੱਡ ਗਿਆ ਕਿ ਤੁਸੀਂ ਉਸ ਦੇ ਕਦਮਾਂ ਉੱਤੇ ਚੱਲੋ। 22ਉਸ ਨੇ ਕੋਈ ਪਾਪ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ। 23ਉਹ ਗਾਲਾਂ ਸੁਣ ਕੇ ਗਾਲ ਨਹੀਂ ਦਿੰਦਾ ਸੀ ਅਤੇ ਦੁੱਖ ਪਾ ਕੇ ਦਬਕਾ ਨਹੀਂ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਠੀਕ ਨਿਆਂ ਕਰਦਾ ਹੈ। 24ਉਸ ਨੇ ਆਪ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ (ਸਲੀਬ) ਉੱਤੇ ਚੁੱਕ ਲਿਆ ਕਿ ਅਸੀਂ ਪਾਪ ਦੀ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜਿਉਂਦੇ ਰਹੀਏ। 25ਤੁਸੀਂ ਤਾਂ ਭੇਡਾਂ ਵਾਂਗੂੰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਦੇ ਕੋਲ ਮੁੜ ਆਏ ਹੋ। 3:1ਇਸੇ ਪ੍ਰਕਾਰ ਹੇ ਪਤਨੀਓ, ਆਪਣੇ ਪਤੀਆਂ ਦੇ ਅਧੀਨ ਹੋਵੋ, ਕਿ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਉਹ ਬਚਨ ਤੋਂ ਬਿਨ੍ਹਾਂ ਆਪਣੀਆਂ ਪਤਨੀਆਂ ਦੀ ਚਾਲ ਢਾਲ਼ ਦੇ ਕਾਰਨ ਖਿੱਚੇ ਜਾਣ 2ਜਿਸ ਵੇਲੇ ਉਹ ਤੁਹਾਡੀ ਪਵਿੱਤਰ ਚਾਲ ਢਾਲ਼ ਨੂੰ ਜੋ ਅਦਬ ਦੇ ਨਾਲ ਹੋਵੇ ਦੇਖ ਲੈਣ। 3ਅਤੇ ਤੁਹਾਡਾ ਸ਼ਿੰਗਾਰ ਸਿਰ ਦੇ ਵਾਲ਼ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਤੇ ਬਸਤਰ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ 4ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਵੱਡੇ ਮੁੱਲ ਦੀ ਹੈ 5ਕਿਉਂ ਜੋ ਇਸੇ ਤਰ੍ਹਾਂ ਪਹਿਲੇ ਸਮਿਆਂ ਵਿੱਚ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪਤੀਆਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸ਼ਿੰਗਾਰ ਦੀਆਂ ਸਨ 6ਜਿਵੇਂ ਸਾਰਾਹ ਅਬਰਾਹਾਮ ਨੂੰ ਸਵਾਮੀ ਕਹਿ ਕੇ ਉਸ ਦੇ ਅਧੀਨ ਰਹੀ, ਜਿਸ ਦੀਆਂ ਤੁਸੀਂ ਬੱਚੀਆਂ ਹੋ ਜੇਕਰ ਚੰਗਾ ਕੰਮ ਕਰਦੀਆਂ ਅਤੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦੀਆਂ ਹੋ 7ਇਸ ਤਰ੍ਹਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇ ਜੀਵਨ ਦੀ ਦਾਤ ਦੇ ਸਾਂਝੇ ਅਧਿਕਾਰੀ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ। 8ਗੱਲ ਕਾਹਦੀ, ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚ ਦਰਦੀ ਬਣੋ, ਭਰੱਪਣ ਦਾ ਪਿਆਰ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ 9ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ, ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਹਨਾਂ ਨੂੰ ਬਰਕਤ ਦਿਓ, ਕਿਉਂ ਜੋ ਤੁਸੀਂ ਇਸੇ ਦੇ ਲਈ ਬੁਲਾਏ ਗਏ ਹੋ ਤਾਂ ਜੋ ਤੁਸੀਂ ਇਸ ਦੇ ਅਧਿਕਾਰੀ ਬਣੋ

ਸ਼ਾਮ ਦੀ ਪ੍ਰਾਰਥਨਾ: ਪਾਠ

1 ਪਤ 4:1–11

1ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ, ਕਿਉਂਕਿ ਜਿਸ ਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ 2ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੀਏ 3ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜੀਆਂ ਅਤੇ ਘਿਣਾਉਣੇ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ 4ਉਹ ਇਸ ਨੂੰ ਅਚਰਜ਼ ਮੰਨਦੇ ਹਨ ਕਿ ਤੁਸੀਂ ਉਸ ਬਦਚਲਣੀ ਵਿੱਚ ਉਹਨਾਂ ਦਾ ਸਾਥ ਨਹੀਂ ਦਿੰਦੇ, ਇਸ ਲਈ ਉਹ ਤੁਹਾਡੀ ਨਿੰਦਿਆ ਕਰਦੇ ਹਨ। 5ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਨੂੰ ਤਿਆਰ ਹੈ 6ਕਿਉਂ ਜੋ ਮੁਰਦਿਆਂ ਨੂੰ ਵੀ ਖੁਸ਼ਖਬਰੀ ਇਸੇ ਲਈ ਸੁਣਾਈ ਗਈ ਕਿ ਸਰੀਰ ਕਰਕੇ ਉਹਨਾਂ ਦਾ ਨਿਆਂ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ ਉਹ ਪਰਮੇਸ਼ੁਰ ਵਾਂਗੂੰ ਜਿਉਂਦੇ ਰਹਿਣ। 7ਪਰ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਕਰਨ ਲਈ ਸੁਚੇਤ ਰਹੋ 8ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਕਿਉਂ ਜੋ ਪਿਆਰ ਬਹੁਤੇ ਪਾਪਾਂ ਨੂੰ ਢੱਕ ਲੈਂਦਾ ਹੈ 9ਮੱਥੇ ਵੱਟ ਪਾਏ ਬਿਨ੍ਹਾਂ ਇੱਕ ਦੂਸਰੇ ਦੀ ਪ੍ਰਾਹੁਣਚਾਰੀ ਕਰੋ 10ਹਰੇਕ ਨੂੰ ਜੋ-ਜੋ ਦਾਤ ਮਿਲੀ ਹੈ ਉਸ ਨਾਲ ਇੱਕ ਦੂਜੇ ਦੀ ਟਹਿਲ ਸੇਵਾ ਕਰੋ, ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਮੁਖ਼ਤਿਆਰਾਂ ਨੂੰ ਉੱਚਿਤ ਹੈ 11ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ੁਰ ਦੇ ਬਚਨ ਅਨੁਸਾਰ ਕਰੇ, ਜੇ ਕੋਈ ਟਹਿਲ ਸੇਵਾ ਕਰੇ ਤਾਂ ਉਹ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾਂ ਕੀਤੀ ਜਾਵੇ, ਜਿਸ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹਨ। ਆਮੀਨ।

ਸਵੇਰ ਦੀ ਪ੍ਰਾਰਥਨਾ ਦੀ ਚੌਥੀ ਇੰਜੀਲ

ਲੂਕਾ 24:1–12

1ਹਫ਼ਤੇ ਦੇ ਪਹਿਲੇ ਦਿਨ ਸਵੇਰ ਵੇਲੇ ਉਹ ਸੁਗੰਧਾਂ ਨੂੰ ਜਿਹੜੀਆਂ ਉਨ੍ਹਾਂ ਤਿਆਰ ਕੀਤੀਆਂ ਸਨ, ਲੈ ਕੇ ਕਬਰ ਉੱਤੇ ਆਈਆਂ। 2ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰ ਦੇ ਮੂੰਹ ਤੋਂ ਹਟਿਆ ਵੇਖਿਆ। 3ਅਤੇ ਅੰਦਰ ਜਾ ਕੇ ਪ੍ਰਭੂ ਯਿਸੂ ਦੀ ਲੋਥ ਨਾ ਪਾਈ। 4ਅਤੇ ਇਸ ਤਰ੍ਹਾਂ ਹੋਇਆ ਕਿ ਜਦ ਉਹ ਇਸ ਦੇ ਕਾਰਨ ਉਲਝਣ ਵਿੱਚ ਸਨ, ਤਾਂ ਵੇਖੋ, ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀ ਉਨ੍ਹਾਂ ਦੇ ਕੋਲ ਆ ਖਲੋਤੇ। 5ਜਦ ਉਹ ਡਰ ਗਈਆਂ ਅਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦੀਆਂ ਸਨ ਤਾਂ ਉਨ੍ਹਾਂ ਪੁਰਸ਼ਾਂ ਨੇ ਇਨ੍ਹਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ? 6ਉਹ ਐਥੇ ਨਹੀਂ ਹੈ ਪਰ ਜੀ ਉੱਠਿਆ ਹੈ। ਯਾਦ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕੀ ਕਿਹਾ ਸੀ, 7ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜ੍ਹਾਇਆ ਜਾਣਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰ ਹੈ। 8ਤਦ ਉਨ੍ਹਾਂ ਨੂੰ ਯਿਸੂ ਦੀਆਂ ਗੱਲਾਂ ਯਾਦ ਆਈਆਂ। 9ਅਤੇ ਕਬਰ ਤੋਂ ਵਾਪਸ ਆ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਨ੍ਹਾਂ ਗਿਆਰ੍ਹਾਂ ਚੇਲਿਆਂ ਅਤੇ ਹੋਰ ਸਭਨਾਂ ਨੂੰ ਦੱਸ ਦਿੱਤੀਆਂ। 10ਸੋ ਮਰਿਯਮ ਮਗਦਲੀਨੀ ਅਤੇ ਯੋਆਨਾ ਅਤੇ ਯਾਕੂਬ ਦੀ ਮਾਂ ਮਰਿਯਮ ਅਤੇ ਉਨ੍ਹਾਂ ਦੇ ਨਾਲ ਦੀਆਂ ਹੋਰ ਔਰਤਾਂ ਨੇ ਰਸੂਲਾਂ ਨੂੰ ਇਹ ਗੱਲਾਂ ਦੱਸੀਆਂ। 11ਅਤੇ ਇਹ ਗੱਲਾਂ ਉਨ੍ਹਾਂ ਨੂੰ ਕਹਾਣੀਆਂ ਵਾਂਗੂੰ ਮਲੂਮ ਹੋਈਆਂ ਅਤੇ ਉਨ੍ਹਾਂ ਨੇ ਉਹਨਾਂ ਦਾ ਸੱਚ ਨਾ ਮੰਨਿਆ। 12ਪਰ ਪਤਰਸ ਉੱਠ ਕੇ ਕਬਰ ਵੱਲ ਭੱਜਿਆ ਅਤੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ, ਪਰ ਕੇਵਲ ਉਸ ਦੇ ਕੱਪੜੇ ਹੀ ਵੇਖੇ ਅਤੇ ਇਸ ਘਟਨਾ ਬਾਰੇ ਅਚਰਜ਼ ਮੰਨਦਾ ਹੋਇਆ ਆਪਣੇ ਘਰ ਚੱਲਿਆ ਗਿਆ।

ਪੱਤ੍ਰੀ (ਸੰਤ ਮੱਤੀ ਲਈ)

1 ਕੁਰਿੰਥੀ 4:9–16

9ਮੈਂ ਤਾਂ ਸਮਝਦਾ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਪ੍ਰਗਟ ਕੀਤਾ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ। 10ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ। ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ। 11ਇਸ ਘੜੀ ਤੱਕ ਅਸੀਂ ਭੁੱਖੇ, ਤਿਹਾਏ, ਨੰਗੇ ਹਾਂ ਅਤੇ ਮੁੱਕੇ ਖਾਂਦੇ ਅਤੇ ਬੇ ਟਿਕਾਣਾ ਫਿਰਦੇ ਹਾਂ। 12ਅਤੇ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰ ਕੇ ਮਿਹਨਤ ਕਰਦੇ ਹਾਂ। ਅਸੀਂ ਗਾਲਾਂ ਖਾ ਕੇ ਬਰਕਤ ਦਿੰਦੇ ਹਾਂ। ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿੰਦੇ ਹਾਂ। 13ਜਦ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤੱਕ ਸੰਸਾਰ ਦੇ ਕੂੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਕੂੜਾ ਕਰਕਟ ਬਣੇ ਹੋਏ ਹਾਂ। 14ਮੈਂ ਇਹ ਗੱਲਾਂ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਦੀ ਤਰ੍ਹਾਂ ਸਮਝਾਉਣ ਲਈ ਲਿਖਦਾ ਹਾਂ। 15ਭਾਵੇਂ ਹੀ ਮਸੀਹ ਵਿੱਚ ਦਸ ਹਜ਼ਾਰ ਉਸਤਾਦ ਤੁਹਾਡੇ ਹੋਣ ਪਰ ਪਿਉ ਬਹੁਤੇ ਨਹੀਂ ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਉ ਮੈਂ ਹੀ ਹੋਇਆ। 16ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀ ਰੀਸ ਕਰੋ।

ਪੱਤ੍ਰੀ

ਅਫ਼ 5:8–19

8ਕਿਉਂ ਜੋ ਤੁਸੀਂ ਅੱਗੇ ਹਨ੍ਹੇਰਾ ਸੀ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ, ਸੋ ਤੁਸੀਂ ਚਾਨਣ ਦੇ ਪੁੱਤਰਾਂ ਦੀ ਤਰ੍ਹਾਂ ਚਲੋ। 9ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਿਆਈ, ਧਰਮ ਅਤੇ ਸਚਿਆਈ ਹੈ। 10ਅਤੇ ਭਾਲ ਕਰੋ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ! 11ਅਤੇ ਅਨ੍ਹੇਰੇ ਦੇ ਬੇਫਲ ਕੰਮਾਂ ਵਿੱਚ ਸਾਂਝੀ ਨਾ ਹੋਵੋ ਪਰ ਉਨ੍ਹਾਂ ਨੂੰ ਉਜਾਗਰ ਕਰੋ। 12ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਉਹਨਾਂ ਦੁਆਰਾ ਕੀਤੇ ਜਾਂਦੇ ਹਨ! ਉਨ੍ਹਾਂ ਦੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ। 13ਪਰ ਸਾਰੇ ਕੰਮ ਜਿਹਨਾਂ ਨੂੰ ਉਜਾਗਰ ਕੀਤਾ ਜਾਂਦਾ ਹੈ ਉਹ ਸਭ ਚਾਨਣ ਦੁਆਰਾ ਪਰਗਟ ਕੀਤੇ ਜਾਂਦੇ ਹਨ, ਕਿਉਂਕਿ ਜੋ ਸਭ ਕੁਝ ਪਰਗਟ ਕਰਦਾ ਹੈ ਉਹ ਚਾਨਣ ਹੈ। 14ਇਸ ਲਈ ਉਹ ਆਖਦਾ ਹੈ, ਹੇ ਸੌਣ ਵਾਲਿਆ, ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ! ਤਾਂ ਮਸੀਹ ਦਾ ਚਾਨਣ ਤੇਰੇ ਉੱਤੇ ਚਮਕੇਗਾ। 15ਸੋ ਚੌਕਸੀ ਨਾਲ ਵੇਖੋ ਤੁਸੀਂ ਕਿਹੋ ਜਿਹੀ ਚਾਲ ਚੱਲਦੇ ਹੋ, ਨਿਰਬੁੱਧਾਂ ਵਾਂਗੂੰ ਨਹੀਂ, ਸਗੋਂ ਬੁੱਧਵਾਨਾਂ ਵਾਂਗੂੰ। 16ਸਮੇਂ ਦਾ ਸਹੀ ਉਪਯੋਗ ਕਰੋ ਕਿਉਂ ਜੋ ਦਿਨ ਬੁਰੇ ਹਨ। 17ਇਸ ਕਾਰਨ ਤੁਸੀਂ ਨਿਰਬੁੱਧ ਨਾ ਹੋਵੋ, ਸਗੋਂ ਸਮਝੋ ਕਿ ਪ੍ਰਭੂ ਦੀ ਕੀ ਮਰਜ਼ੀ ਹੈ। 18ਅਤੇ ਸ਼ਰਾਬ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। 19ਅਤੇ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਜੇ ਨਾਲ ਗੱਲਾਂ ਕਰੋ ਅਤੇ ਮਨ ਲਗਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ।

ਇੰਜੀਲ (ਸੰਤ ਮੱਤੀ ਲਈ)

ਮੱਤੀ 9:9–13

9ਯਿਸੂ ਨੇ ਉੱਥੋਂ ਅੱਗੇ ਜਾ ਕੇ, ਮੱਤੀ ਨਾਮ ਦੇ ਇੱਕ ਮਨੁੱਖ ਨੂੰ ਚੂੰਗੀ ਦੀ ਚੌਂਕੀ ਉੱਤੇ ਬੈਠੇ ਵੇਖਿਆ, ਅਤੇ ਉਹ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ”, ਅਤੇ ਉਹ ਉੱਠ ਕੇ ਉਹ ਦੇ ਪਿੱਛੇ ਤੁਰ ਪਿਆ। 10ਫਿਰ ਇਸ ਤਰ੍ਹਾਂ ਹੋਇਆ ਜਦੋਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਸੀ, ਤਾਂ ਵੇਖੋ ਬਹੁਤ ਸਾਰੇ ਚੂੰਗੀ ਲੈਣ ਵਾਲੇ ਅਤੇ ਪਾਪੀ ਆ ਕੇ ਯਿਸੂ ਅਤੇ ਉਹ ਦੇ ਚੇਲਿਆਂ ਨਾਲ ਬੈਠ ਗਏ। 11ਅਤੇ ਫ਼ਰੀਸੀਆਂ ਨੇ ਇਹ ਵੇਖ ਕੇ ਉਹ ਦੇ ਚੇਲਿਆਂ ਨੂੰ ਆਖਿਆ, ਤੁਹਾਡਾ ਗੁਰੂ ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? 12ਪਰ ਯਿਸੂ ਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ। 13ਪਰ ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ, ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।

ਇੰਜੀਲ

ਲੂਕਾ 10:25–37

25ਤਾਂ ਵੇਖੋ ਇੱਕ ਉਪਦੇਸ਼ਕ ਨੇ ਉਸ ਨੂੰ ਪਰਤਾਉਣ ਲਈ ਖਲੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? 26ਯਿਸੂ ਨੇ ਉਸ ਨੂੰ ਆਖਿਆ ਕਿ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿਸ ਪ੍ਰਕਾਰ ਇਸ ਨੂੰ ਪੜ੍ਹਦਾ ਹੈਂ? 27ਤਾਂ ਉਸ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। 28ਯਿਸੂ ਨੇ ਉਸ ਨੂੰ ਆਖਿਆ, ਤੂੰ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ। 29ਪਰ ਉਹ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਸੱਚਾ ਠਹਿਰਾਵੇ ਤਾਂ ਉਸ ਨੇ ਯਿਸੂ ਨੂੰ ਕਿਹਾ, ਫੇਰ ਕੌਣ ਹੈ ਮੇਰਾ ਗੁਆਂਢੀ? 30ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ। 31ਸੰਜੋਗ ਨਾਲ ਇੱਕ ਜਾਜਕ ਉਸ ਰਸਤੇ ਤੋਂ ਲੰਘਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ। 32ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ। 33ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਪਹੁੰਚਿਆ। 34ਅਤੇ ਜਦੋਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹਿਆ ਅਤੇ ਆਪਣੀ ਸਵਾਰੀ ਤੇ ਉਸ ਨੂੰ ਬਿਠਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਮਰਹਮ ਪੱਟੀ ਕੀਤੀ। 35ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ। 36ਸੋ ਉਸ ਆਦਮੀ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਸੀ, ਉਨ੍ਹਾਂ ਤਿੰਨਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਜਾਪਦਾ ਹੈ? 37ਉਹ ਬੋਲਿਆ, ਜਿਸ ਨੇ ਉਸ ਉੱਤੇ ਦਯਾ ਕੀਤੀ। ਫੇਰ ਯਿਸੂ ਨੇ ਉਸ ਨੂੰ ਆਖਿਆ, ਤੂੰ ਵੀ ਜਾ ਕੇ ਇਸੇ ਤਰ੍ਹਾਂ ਹੀ ਕਰ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਨਵੰਬਰ 16 ਸਿਵਲ ਕੈਲੰਡਰ ਦਾ ਨਵੰਬਰ 29 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ