Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਨਵੰਬਰ 2026 › ਨਵੰਬਰ 8

ਆਰਥੋਡਾਕਸ ਕੈਲੰਡਰ · 26 ਅਕਤੂਬਰ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 8 ਨਵੰਬਰ 2026

ਐਤਵਾਰ · ਸੁਰ 6

ਤਿਉਹਾਰ ਅਤੇ ਸੰਤ

ਪੰਤੇਕੁਸਤ ਤੋਂ ਬਾਅਦ 23ਵਾਂ ਐਤਵਾਰ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸ਼ਾਮ ਦੀ ਪ੍ਰਾਰਥਨਾ: ਪਾਠ

ਯਸਾ 63:15–64:5, 8–9

15ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ। 16ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕ ਕਾਲ ਤੋਂ ਹੈਂ। 17ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ। 18ਥੋੜ੍ਹੇ ਸਮੇਂ ਲਈ ਹੀ ਤੇਰੀ ਪਵਿੱਤਰ ਪਰਜਾ ਨੇ ਤੇਰੇ ਪਵਿੱਤਰ ਅਸਥਾਨ ਨੂੰ ਆਪਣੇ ਅਧਿਕਾਰ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ। 19ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ। 64:1ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜ ਕੇ ਉਤਰ ਆਵੇਂ ਤਾਂ ਜੋ ਤੇਰੀ ਹਜ਼ੂਰੀ ਤੋਂ ਪਰਬਤ ਕੰਬ ਜਾਣ! 2ਜਿਵੇਂ ਅੱਗ ਝਾੜੀਆਂ ਨੂੰ ਸਾੜਦੀ ਅਤੇ ਪਾਣੀ ਨੂੰ ਉਬਾਲਦੀ, ਤਿਵੇਂ ਹੀ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ, ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ! 3ਜਦ ਤੂੰ ਭਿਆਨਕ ਕੰਮ ਕੀਤੇ, ਜਿਨ੍ਹਾਂ ਦੀ ਸਾਨੂੰ ਆਸ ਨਹੀਂ ਸੀ, ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਰਬਤ ਕੰਬ ਗਏ। 4ਪ੍ਰਾਚੀਨ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨ ਵਿੱਚ ਪਿਆ, ਨਾ ਅੱਖ ਨੇ ਤੇਰੇ ਬਿਨ੍ਹਾਂ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ, ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ। 5ਤੂੰ ਉਹਨਾਂ ਦੀ ਮਦਦ ਲਈ ਆਉਂਦਾ ਹੈਂ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਅਤੇ ਜੋ ਤੇਰੇ ਰਾਹਾਂ ਵਿੱਚ ਤੁਰਦੇ ਹੋਏ ਤੈਨੂੰ ਯਾਦ ਰੱਖਦੇ ਹਨ। ਵੇਖ, ਤੂੰ ਕ੍ਰੋਧਵਾਨ ਹੋਇਆ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕਰਦੇ ਰਹੇ - ਅਸੀਂ ਕਿਸ ਤਰ੍ਹਾਂ ਬਚਾਂਗੇ? 8ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ, ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ, ਅਸੀਂ ਸਾਰੇ ਤੇਰੀ ਦਸਤਕਾਰੀ ਹਾਂ। 9ਹੇ ਯਹੋਵਾਹ, ਤੂੰ ਅੱਤ ਕ੍ਰੋਧਵਾਨ ਨਾ ਹੋ, ਨਾ ਸਾਡੀ ਬਦੀ ਨੂੰ ਸਦਾ ਲਈ ਯਾਦ ਰੱਖ। ਵੇਖ, ਧਿਆਨ ਦੇ, ਅਸੀਂ ਬੇਨਤੀ ਕਰਦੇ ਹਾਂ, ਕਿਉਂ ਜੋ ਅਸੀਂ ਸਾਰੇ ਤੇਰੀ ਪਰਜਾ ਹਾਂ।

ਸ਼ਾਮ ਦੀ ਪ੍ਰਾਰਥਨਾ: ਪਾਠ

ਯਿਰ 2:2–12

2ਕਿ ਜਾ ਅਤੇ ਯਰੂਸ਼ਲਮ ਦੇ ਵਿੱਚ ਪੁਕਾਰ ਕਿ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਜੋ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ। 3ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਾਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ। 4ਹੇ ਯਾਕੂਬ ਦੇ ਘਰਾਣੇ ਦੇ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ 5ਯਹੋਵਾਹ ਐਉਂ ਆਖਦਾ ਹੈ, ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਅਨਿਆਈਂ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਨਿਕੰਮੀ ਮੂਰਤੀਆਂ ਦੇ ਪਿੱਛੇ ਲੱਗ ਕੇ ਨਿਕੰਮੇ ਬਣ ਗਏ? 6ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ। 7ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ। 8ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜ਼ਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ। 9ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ। 10ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਰ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ! 11ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ। 12ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ! ਯਹੋਵਾਹ ਦਾ ਵਾਕ ਹੈ।

ਸ਼ਾਮ ਦੀ ਪ੍ਰਾਰਥਨਾ: ਪਾਠ

ਇਸ ਅਨੁਵਾਦ ਵਿੱਚ ਨਹੀਂ

ਸਵੇਰ ਦੀ ਪ੍ਰਾਰਥਨਾ ਦੀ ਪਹਿਲੀ ਇੰਜੀਲ

ਮੱਤੀ 28:16–20

16ਫੇਰ ਉਹ ਗਿਆਰ੍ਹਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿਹੜਾ ਯਿਸੂ ਨੇ ਉਨ੍ਹਾਂ ਲਈ ਠਹਿਰਾਇਆ ਹੋਇਆ ਸੀ। 17ਅਤੇ ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕਈਆਂ ਨੇ ਸ਼ੱਕ ਕੀਤਾ। 18ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। 19ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 20ਅਤੇ ਉਨ੍ਹਾਂ ਨੂੰ ਸਿਖਾਓ ਕਿ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।

ਪੱਤ੍ਰੀ

ਅਫ਼ 2:4–10

4ਪਰੰਤੂ ਪਰਮੇਸ਼ੁਰ ਨੇ ਜਿਹੜਾ ਦਯਾ ਦਾ ਧਨੀ ਹੈ ਆਪਣੇ ਉਸ ਵੱਡੇ ਪਿਆਰ ਕਰਕੇ ਜਿਸ ਤੋਂ ਉਹ ਨੇ ਸਾਡੇ ਨਾਲ ਪਿਆਰ ਕੀਤਾ! 5ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸੀ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ, ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ! 6ਅਤੇ ਪਰਮੇਸ਼ੁਰ ਨੇ ਸਾਨੂੰ ਉਸ ਦੇ ਨਾਲ ਉੱਠਾਇਆ ਅਤੇ ਸਾਨੂੰ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਉੱਤੇ ਉਸ ਦੇ ਨਾਲ ਬਿਠਾਇਆ! 7ਕਿ ਉਸ ਦਿਆਲਗੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲਿਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਪਰਗਟ ਕਰੇ! 8ਕਿਉਂ ਜੋ ਤੁਸੀਂ ਕਿਰਪਾ ਤੋਂ ਵਿਸ਼ਵਾਸ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਦਾਤ ਹੈ! 9ਇਹ ਕਰਮਾਂ ਤੋਂ ਨਹੀਂ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ! 10ਕਿਉਂ ਜੋ ਅਸੀਂ ਉਸ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਪਹਿਲਾਂ ਹੀ ਤਿਆਰ ਕੀਤੇ ਸਨ ਕਿ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ!

ਪੱਤ੍ਰੀ (ਭੂਚਾਲ ਵੇਲੇ)

ਇਬਰਾ 12:6–13, 25–27

6ਕਿਉਂ ਜੋ ਪ੍ਰਭੂ ਜਿਸ ਦੇ ਨਾਲ ਪਿਆਰ ਕਰਦਾ ਹੈ, ਉਸੇ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤਰ ਨੂੰ ਜਿਸ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ। 7ਤੁਸੀਂ ਦੁੱਖ ਨੂੰ ਤਾੜਨਾ ਦੀ ਤਰ੍ਹਾਂ ਸਹਿ ਲਵੋ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਕਿਉਂ ਜੋ ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ? 8ਪਰ ਜੇ ਤੁਹਾਡੀ ਤਾੜਨਾ ਨਹੀਂ ਹੋਈ ਜੋ ਸਭਨਾਂ ਦੀ ਹੁੰਦੀ ਹੈ ਤਾਂ ਤੁਸੀਂ ਹਰਾਮ ਦੀ ਸੰਤਾਨ ਹੋ! 9ਫੇਰ ਸਾਡੇ ਸਰੀਰਕ ਪਿਉ ਜਿਹੜੇ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਫਿਰ ਵੀ ਉਹਨਾਂ ਦਾ ਆਦਰ ਕੀਤਾ। ਤਾਂ ਭਲਾ, ਅਸੀਂ ਆਤਮਿਆਂ ਦੇ ਪਿਤਾ ਦੇ ਵਧੇਰੇ ਅਧੀਨ ਨਾ ਹੋਈਏ ਅਤੇ ਜੀਵੀਏ? 10ਉਹ ਤਾਂ ਥੋੜ੍ਹੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ ਇਹ ਲਾਭ ਦੇ ਲਈ ਕਰਦਾ ਹੈ ਭਈ ਅਸੀਂ ਉਹ ਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ। 11ਸਾਰੀ ਤਾੜਨਾ ਤਾਂ ਉਸ ਵੇਲੇ ਅਨੰਦ ਦੀ ਨਹੀਂ ਸਗੋਂ ਦੁੱਖ ਦੀ ਗੱਲ ਜਾਪਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਖਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ। 12ਇਸ ਲਈ ਢਿੱਲਿਆਂ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਮਜ਼ਬੂਤ ਕਰੋ। 13ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਭਈ ਜਿਹੜਾ ਲੰਗੜਾ ਹੋਵੇ ਉਹ ਜੋੜੋਂ ਨਾ ਉੱਖੜੇ ਸਗੋਂ ਚੰਗਾ ਹੋ ਜਾਵੇ!। 25ਵੇਖੋ, ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ, ਕਿਉਂਕਿ ਜਦੋਂ ਉਹ ਨਾ ਬਚੇ ਜਿਨ੍ਹਾਂ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ, ਤਾਂ ਉਸ ਤੋਂ ਕਿਵੇਂ ਬਚਾਂਗੇ ਜਿਹੜਾ ਸਵਰਗ ਉੱਤੋਂ ਚਿਤਾਰਦਾ ਹੈ। 26ਜਿਹ ਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹ ਨੇ ਇਹ ਕਹਿ ਕੇ ਬਚਨ ਦਿੱਤਾ ਹੈ ਭਈ ਫੇਰ ਇੱਕ ਵਾਰੀ ਮੈਂ ਕੇਵਲ ਧਰਤੀ ਨੂੰ ਹੀ ਨਹੀਂ ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ। 27ਅਤੇ ਇਹ ਜਿਹੜਾ ਬਚਨ ਹੈ ਕਿ ਫੇਰ ਇੱਕ ਵਾਰੀ, ਇਹ ਦੱਸਦਾ ਹੈ ਕਿ ਬਣਾਈਆਂ ਹੋਈਆਂ ਵਸਤਾਂ ਵਾਂਗੂੰ ਉਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ, ਤਾਂ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ।

ਪੱਤ੍ਰੀ (ਸੰਤ ਦਿਮੇਤ੍ਰੀਅਸ ਲਈ)

2 ਤਿਮ 2:1–10

1ਉਪਰੰਤ ਹੇ ਮੇਰੇ ਪੁੱਤਰ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ। 2ਅਤੇ ਜਿਹੜੀਆਂ ਗੱਲਾਂ ਤੂੰ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਸੁਣੀਆਂ, ਅਜਿਹਿਆਂ ਵਿਸ਼ਵਾਸਯੋਗ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ। 3ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂੰ ਮੇਰੇ ਨਾਲ ਦੁੱਖ ਝੱਲ। 4ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਕੰਮਾਂ ਵਿੱਚ ਨਹੀਂ ਫਸਾਉਂਦਾ ਕਿਉਂ ਜੋ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ। 5ਫੇਰ ਜੇ ਕੋਈ ਮੈਦਾਨ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ। 6ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ। 7ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ, ਕਿਉਂ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ। 8ਯਿਸੂ ਮਸੀਹ, ਜਿਹੜਾ ਦਾਊਦ ਦੀ ਪੀਹੜੀ ਵਿੱਚੋਂ ਹੈ, ਜੋ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ। 9ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ। 10ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਸੱਭੋ ਕੁਝ ਸਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਪਕ ਮਹਿਮਾ ਨਾਲ ਪ੍ਰਾਪਤ ਕਰਨ।

ਇੰਜੀਲ

ਲੂਕਾ 16:19–31

19ਇੱਕ ਧਨਵਾਨ ਆਦਮੀ ਸੀ ਜੋ ਬੈਂਗਣੀ ਅਤੇ ਮਲਮਲ ਕੱਪੜਾ ਪਹਿਨਦਾ ਅਤੇ ਸਦਾ ਭੋਗ ਬਿਲਾਸ ਕਰਦਾ ਅਤੇ ਸ਼ਾਨ ਨਾਲ ਰਹਿੰਦਾ ਸੀ। 20ਅਤੇ ਲਾਜ਼ਰ ਨਾਮ ਦਾ ਇੱਕ ਗਰੀਬ, ਫੋੜਿਆਂ ਨਾਲ ਭਰਿਆ ਹੋਇਆ ਉਸ ਦੇ ਦਰਵਾਜ਼ੇ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। 21ਅਤੇ ਜੋ ਟੁੱਕੜੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ ਉਹ ਉਨ੍ਹਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ। 22ਅਤੇ ਕੁਝ ਸਮੇਂ ਬਾਅਦ ਉਹ ਗਰੀਬ ਮਰ ਗਿਆ ਅਤੇ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। 23ਅਤੇ ਪਤਾਲ ਵਿੱਚ ਦੁੱਖੀ ਹੋ ਕੇ ਉਸ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ। 24ਤਦ ਉਸ ਨੇ ਅਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਾਮ ਮੇਰੇ ਉੱਤੇ ਦਯਾ ਕਰ ਅਤੇ ਲਾਜ਼ਰ ਨੂੰ ਭੇਜ ਜੋ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਠੰਡੀ ਕਰੇ ਕਿਉਂ ਜੋ ਮੈਂ ਇਸ ਅੱਗ ਵਿੱਚ ਤੜਫ਼ਦਾ ਹਾਂ! 25ਪਰ ਅਬਰਾਹਾਮ ਨੇ ਉੱਤਰ ਦਿੱਤਾ, ਬੇਟਾ ਯਾਦ ਕਰ ਜੋ ਤੂੰ ਆਪਣੇ ਜੀਵਨਕਾਲ ਵਿੱਚ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਅਤੇ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇੱਥੇ ਸ਼ਾਂਤੀ ਪਾਉਂਦਾ ਅਤੇ ਤੂੰ ਤੜਫਦਾ ਹੈਂ। 26ਅਤੇ ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਖੱਡ ਪਈ ਹੈ ਤਾਂ ਜੋ ਉਹ ਜਿਹੜੇ ਐਥੋਂ ਤੁਹਾਡੇ ਕੋਲ ਪਾਰ ਜਾਣਾ ਚਾਹੁਣ ਉਹ ਨਾ ਜਾ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆ ਸਕੇ। 27ਤਾਂ ਉਸ ਨੇ ਆਖਿਆ, ਹੇ ਪਿਤਾ ਤਦ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ। 28ਕਿਉਂਕਿ ਮੇਰੇ ਪੰਜ ਭਰਾ ਹਨ ਤਾਂ ਜੋ ਉਹ ਉਨ੍ਹਾਂ ਦੇ ਅੱਗੇ ਗਵਾਹੀ ਦੇਵੇ ਤਾਂ ਕਿ ਉਹ ਵੀ ਇਸ ਦੁੱਖ ਦੇ ਥਾਂ ਵਿੱਚ ਨਾ ਆਉਣ। 29ਪਰ ਅਬਰਾਹਾਮ ਨੇ ਆਖਿਆ ਕਿ ਉਨ੍ਹਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਨ੍ਹਾਂ ਦੀ ਸੁਣਨ। 30ਉਸ ਨੇ ਆਖਿਆ, ਨਾ ਜੀ, ਹੇ ਪਿਤਾ ਅਬਰਾਹਾਮ ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। 31ਤਦ ਅਬਰਾਹਾਮ ਨੇ ਉਸ ਨੂੰ ਕਿਹਾ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ ਤਾਂ ਵੀ ਉਹ ਨਾ ਮੰਨਣਗੇ।

ਇੰਜੀਲ (ਭੂਚਾਲ ਵੇਲੇ)

ਮੱਤੀ 8:23–27

23ਜਦੋਂ ਉਹ ਬੇੜੀ ਉੱਤੇ ਚੜ੍ਹਿਆ ਤਾਂ ਉਸ ਦੇ ਚੇਲੇ ਉਹ ਦੇ ਮਗਰ ਆਏ। 24ਅਤੇ ਵੇਖੋ ਝੀਲ ਵਿੱਚ ਵੱਡਾ ਤੂਫ਼ਾਨ ਆਇਆ ਜੋ ਬੇੜੀ ਲਹਿਰਾਂ ਵਿੱਚ ਡੁੱਬਦੀ ਜਾਂਦੀ ਸੀ ਪਰ ਉਹ ਸੁੱਤਾ ਪਿਆ ਸੀ। 25ਅਤੇ ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ, ਅਤੇ ਕਿਹਾ, ਪ੍ਰਭੂ ਜੀ ਬਚਾਓ! ਅਸੀਂ ਤਾਂ ਮਰ ਚੱਲੇ ਹਾਂ! 26ਉਹ ਨੇ ਉਨ੍ਹਾਂ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਕਿਉਂ ਡਰਦੇ ਹੋ? ਫਿਰ ਉਸ ਨੇ ਉੱਠ ਕੇ ਤੂਫ਼ਾਨ ਅਤੇ ਝੀਲ ਨੂੰ ਝਿੜਕਿਆ ਅਤੇ ਵੱਡੀ ਸ਼ਾਂਤੀ ਹੋ ਗਈ। 27ਉਹ ਹੈਰਾਨ ਹੋ ਕੇ ਬੋਲੇ ਜੋ ਇਹ ਕਿਹੋ ਜਿਹਾ ਮਨੁੱਖ ਹੈ ਕਿ ਤੂਫ਼ਾਨ ਅਤੇ ਝੀਲ ਵੀ ਉਹ ਦੀ ਮੰਨਦੇ ਹਨ?!

ਇੰਜੀਲ (ਸੰਤ ਦਿਮੇਤ੍ਰੀਅਸ ਲਈ)

ਯੂਹ 15:17–16:2

17ਇੱਕ ਦੂਜੇ ਨਾਲ ਪਿਆਰ ਕਰੋ, ਇਹ ਮੇਰਾ ਤੁਹਾਨੂੰ ਹੁਕਮ ਹੈ। 18ਜੇਕਰ ਸੰਸਾਰ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਸੰਸਾਰ ਨੇ ਮੇਰੇ ਨਾਲ ਵੀ ਨਫ਼ਰਤ ਕਰਦਾ ਸੀ। 19ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਗੂੰ ਪਿਆਰ ਕਰਦੀ। ਪਰ ਤੁਸੀਂ ਸੰਸਾਰ ਦੇ ਨਹੀਂ ਹੋ ਕਿਉਂਕਿ ਮੈਂ ਤੁਹਾਨੂੰ ਇਸ ਸੰਸਾਰ ਵਿੱਚੋਂ ਚੁਣਿਆ ਹੈ ਇਸੇ ਕਾਰਣ ਸੰਸਾਰ ਨੇ ਤੁਹਾਡੇ ਤੋਂ ਨਫ਼ਰਤ ਕੀਤੀ। 20ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਕਸ਼ਟ ਦੇਣਗੇ। ਜੇਕਰ ਉਨ੍ਹਾਂ ਨੇ ਮੇਰੇ ਬਚਨ ਨੂੰ ਮੰਨਿਆ, ਉਹ ਤੁਹਾਡੇ ਬਚਨ ਦੀ ਵੀ ਪਾਲਣਾ ਕਰਣਗੇ। 21ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ ਜਿਸ ਨੇ ਮੈਨੂੰ ਭੇਜਿਆ ਹੈ। 22ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀਂ ਹੈ। 23ਉਹ ਵਿਅਕਤੀ ਜੋ ਮੇਰੇ ਨਾਲ ਵੈਰ ਕਰਦਾ, ਮੇਰੇ ਪਿਤਾ ਨਾਲ ਵੀ ਵੈਰ ਕਰਦਾ ਹੈ। 24ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੇਰੇ ਨਾਲ, ਇਥੋਂ ਤੱਕ ਕਿ ਮੇਰੇ ਪਿਤਾ ਨਾਲ ਵੀ ਵੈਰ ਕਰਦੇ ਹਨ। 25ਪਰ ਇਹ ਇਸ ਲਈ ਹੋਇਆ ਹੈ ਕਿਉਂਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਬਿਵਸਥਾ ਵਿੱਚ ਲਿਖੀ ਹੋਈ ਸੱਚ ਹੋ ਜਾਵੇ। “ਉਨ੍ਹਾਂ ਨੇ ਬਿਨ੍ਹਾਂ ਕਾਰਨ ਤੋਂ ਮੇਰੇ ਨਾਲ ਨਫ਼ਰਤ ਕੀਤੀ।” 26ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ। ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਕੋਲੋਂ ਆਉਂਦਾ ਹੈ। ਜਦੋਂ ਉਹ ਆਵੇਗਾ ਤਾਂ ਉਹ ਮੇਰੇ ਹੱਕ ਵਿੱਚ ਗਵਾਹੀ ਦੇਵੇਗਾ। 27ਅਤੇ ਤੁਸੀਂ ਵੀ ਮੇਰੇ ਗਵਾਹ ਹੋਵੋਗੇ ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ। 16:1ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਆਖੀਆਂ ਹਨ ਤਾਂ ਜੋ ਤੁਸੀਂ ਠੋਕਰ ਨਾ ਖਾਓ। 2ਲੋਕ ਤੁਹਾਨੂੰ ਪ੍ਰਾਰਥਨਾ ਘਰ ਤੋਂ ਬਾਹਰ ਕੱਢ ਦੇਣਗੇ। ਹਾਂ, ਸਮਾਂ ਆਉਂਦਾ ਹੈ ਜਦੋਂ ਲੋਕ ਇਹ ਸਮਝਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਅਕਤੂਬਰ 26 ਸਿਵਲ ਕੈਲੰਡਰ ਦਾ ਨਵੰਬਰ 8 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ