23:36ਜਦ ਯਹੋਯਾਕੀਮ ਰਾਜ ਕਰਨ ਲੱਗਾ ਤਾਂ ਉਹ ਪੱਚੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਜ਼ਬੂਦਾਹ ਸੀ ਜੋ ਰੂਮਾਹ ਦੇ ਪਦਾਯਾਹ ਦੀ ਧੀ ਸੀ।
23:37ਅਤੇ ਜਿਵੇਂ ਉਸ ਦੇ ਪੁਰਖਿਆਂ ਨੇ ਕੀਤਾ ਸੀ ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।
24:1ਉਹ ਦੇ ਦਿਨੀਂ ਬਾਬਲ ਦਾ ਰਾਜਾ ਨਬੂਕਦਨੱਸਰ ਚੜ੍ਹ ਆਇਆ ਅਤੇ ਯਹੋਯਾਕੀਮ ਤਿੰਨ ਸਾਲ ਉਹ ਦਾ ਦਾਸ ਬਣਿਆ ਰਿਹਾ ਤਦ ਉਹ ਫਿਰ ਕੇ ਉਸ ਤੋਂ ਬਾਗੀ ਹੋ ਗਿਆ
24:2ਅਤੇ ਯਹੋਵਾਹ ਨੇ ਉਹ ਦੇ ਵਿਰੁੱਧ ਕਸਦੀਆਂ ਦੇ ਜੱਥੇ ਅਤੇ ਅਰਾਮ ਦੇ ਜੱਥੇ ਮੋਆਬ ਦੇ ਜੱਥੇ ਅਤੇ ਅੰਮੋਨੀਆਂ ਦੇ ਜੱਥੇ ਭੇਜੇ ਅਤੇ ਉਸ ਨੇ ਯਹੂਦਾਹ ਦੇ ਵਿਰੁੱਧ ਉਨ੍ਹਾਂ ਨੂੰ ਭੇਜਿਆ ਤਾਂ ਜੋ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜੋ ਉਸ ਨੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਬੋਲਿਆ ਸੀ ਉਹ ਨੂੰ ਨਾਸ ਕਰੇ।
24:3ਸੱਚ-ਮੁੱਚ ਯਹੋਵਾਹ ਦੇ ਹੁਕਮ ਕਰਕੇ ਹੀ ਇਹ ਯਹੂਦਾਹ ਨਾਲ ਹੋਇਆ ਤਾਂ ਜੋ ਮਨੱਸ਼ਹ ਦੇ ਪਾਪਾਂ ਕਰਕੇ ਉਹ ਦੀਆਂ ਸਾਰੀਆਂ ਕਰਨੀਆਂ ਅਨੁਸਾਰ ਉਹਨਾਂ ਨੂੰ ਆਪਣੇ ਅੱਗਿਓਂ ਪਰੇ ਹਟਾ ਦੇਵੇ।
24:4ਨਾਲੇ ਉਨ੍ਹਾਂ ਬੇਦੋਸ਼ਿਆਂ ਦੇ ਲਹੂ ਦੇ ਕਾਰਨ ਵੀ ਜੋ ਉਹ ਨੇ ਬਹਾਇਆ ਸੀ ਕਿਉਂ ਜੋ ਉਹ ਨੇ ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ ਛੱਡਿਆ ਸੀ ਅਤੇ ਯਹੋਵਾਹ ਮਾਫ਼ ਕਰਨਾ ਨਹੀਂ ਸੀ ਚਾਹੁੰਦਾ।
24:5ਅਤੇ ਯਹੋਯਾਕੀਮ ਦੀਆਂ ਬਾਕੀ ਗੱਲਾਂ ਅਤੇ ਸਭ ਕੁਝ ਜੋ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ?
24:6ਸੋ ਯਹੋਯਾਕੀਮ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜ ਕਰਨ ਲੱਗਾ।
24:7ਅਤੇ ਮਿਸਰ ਦਾ ਰਾਜਾ ਫੇਰ ਕਦੀ ਆਪਣੇ ਦੇਸੋਂ ਬਾਹਰ ਨਾ ਨਿੱਕਲਿਆ ਕਿਉਂ ਜੋ ਬਾਬਲ ਦੇ ਰਾਜਾ ਨੇ ਮਿਸਰ ਦੇ ਨਾਲੇ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੱਕ ਸਭ ਕੁਝ ਜੋ ਮਿਸਰ ਦੇ ਰਾਜਾ ਦਾ ਸੀ ਲੈ ਲਿਆ।