ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਅਕਤੂਬਰ 2027 › ਅਕਤੂਬਰ 4
ਕੈਥੋਲਿਕ ਕੈਲੰਡਰ
ਹਰ ਦਿਨ ਦੇ ਬਾਈਬਲ ਪਾਠ (ਕੈਥੋਲਿਕ) — 4 ਅਕਤੂਬਰ 2027
ਸੋਮਵਾਰ · ਆਮ ਸਮੇਂ ਦਾ 27ਵਾਂ ਹਫ਼ਤਾ
ਤਿਉਹਾਰ ਅਤੇ ਸੰਤ
ਆਮ ਸਮੇਂ ਦੇ 27ਵੇਂ ਹਫ਼ਤੇ ਦਾ ਸੋਮਵਾਰ
ਯਾਦਗਾਰੀ ਦਿਨ · ਉਪਾਸਨਾ ਦਾ ਰੰਗ: ਚਿੱਟਾ
ਅਸੀਸੀ ਦੇ ਸੰਤ ਫ਼੍ਰਾਂਸਿਸ · ਯਾਦਗਾਰੀ ਦਿਨ
ਦਿਨ ਦੇ ਪਾਠ
ਪਹਿਲਾ ਪਾਠ
1ਯਹੋਵਾਹ ਦਾ ਬਚਨ ਅਮਿੱਤਈ ਦੇ ਪੁੱਤਰ ਯੂਨਾਹ ਨੂੰ ਆਇਆ, 2ਯਹੋਵਾਹ ਨੇ ਆਖਿਆ, “ਉੱਠ! ਉਸ ਵੱਡੇ ਸ਼ਹਿਰ ਨੀਨਵਾਹ ਦੇ ਲੋਕਾਂ ਕੋਲ ਜਾ ਅਤੇ ਉਹਨਾਂ ਦੇ ਵਿਰੁੱਧ ਪੁਕਾਰ ਕਿਉਂਕਿ ਉਹਨਾਂ ਦੀ ਬੁਰਿਆਈ ਮੇਰੇ ਸਨਮੁਖ ਬਹੁਤ ਵੱਧ ਗਈ ਹੈ।” 3ਪਰ ਯੂਨਾਹ ਯਹੋਵਾਹ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ ਅਤੇ ਉਹ ਯਾਫ਼ਾ ਵੱਲ ਚਲਾ ਗਿਆ, ਉੱਥੇ ਉਸ ਨੂੰ ਇੱਕ ਜਹਾਜ਼ ਮਿਲਿਆ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਤਦ ਯੂਨਾਹ ਉਸ ਦਾ ਭਾੜਾ ਦੇ ਕੇ ਜਹਾਜ਼ ਉੱਤੇ ਚੜ੍ਹ ਗਿਆ ਤਾਂ ਜੋ ਯਹੋਵਾਹ ਦੇ ਹਜ਼ੂਰੋਂ ਉਨ੍ਹਾਂ ਦੇ ਨਾਲ ਤਰਸ਼ੀਸ਼ ਨੂੰ ਭੱਜ ਜਾਵੇ। 4ਪਰ ਯਹੋਵਾਹ ਨੇ ਸਮੁੰਦਰ ਉੱਤੇ ਇੱਕ ਪ੍ਰਚੰਡ ਹਨੇਰੀ ਵਗਾਈ ਅਤੇ ਸਮੁੰਦਰ ਵਿੱਚ ਵੱਡਾ ਤੁਫ਼ਾਨ ਆ ਗਿਆ, ਅਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। 5ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵਤੇ ਦੇ ਅੱਗੇ ਦੁਹਾਈ ਦੇਣ ਲੱਗਾ। ਉਨ੍ਹਾਂ ਨੇ ਵਪਾਰ ਦੇ ਸਮਾਨ ਨੂੰ ਜੋ ਜਹਾਜ਼ ਵਿੱਚ ਸੀ, ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਹਲਕਾ ਕਰ ਦੇਣ। ਪਰ ਯੂਨਾਹ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਜਾ ਕੇ ਸੌਂ ਗਿਆ ਅਤੇ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ। 6ਤਦ ਕਪਤਾਨ ਯੂਨਾਹ ਦੇ ਕੋਲ ਗਿਆ ਅਤੇ ਉਸ ਨੂੰ ਕਿਹਾ, “ਤੂੰ ਕਿਸ ਤਰ੍ਹਾਂ ਗੂੜ੍ਹੀ ਨੀਂਦ ਵਿੱਚ ਸੌਂ ਸਕਦਾ ਹੈਂ? ਉੱਠ! ਆਪਣੇ ਦੇਵਤੇ ਨੂੰ ਪੁਕਾਰ! ਸ਼ਾਇਦ ਤੇਰਾ ਦੇਵਤਾ ਸਾਨੂੰ ਯਾਦ ਕਰੇ ਅਤੇ ਅਸੀਂ ਨਾਸ ਨਾ ਹੋਈਏ!” 7ਤਦ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਆਓ, ਅਸੀਂ ਪਰਚੀਆਂ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ।” ਤਦ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਪਰਚੀ ਯੂਨਾਹ ਦੇ ਨਾਮ ਦੀ ਨਿੱਕਲੀ। 8ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਸਾਨੂੰ ਦੱਸ ਕਿ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ? ਤੂੰ ਕੀ ਕੰਮ ਕਰਦਾ ਹੈਂ ਅਤੇ ਤੂੰ ਕਿੱਥੋਂ ਆਇਆ ਹੈਂ? ਤੂੰ ਕਿਹੜੇ ਦੇਸ਼ ਦਾ ਹੈਂ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹੈਂ?” 9ਯੂਨਾਹ ਨੇ ਉਨ੍ਹਾਂ ਨੂੰ ਕਿਹਾ, “ਮੈਂ ਇਬਰਾਨੀ ਹਾਂ ਅਤੇ ਅਕਾਸ਼ ਦੇ ਪਰਮੇਸ਼ੁਰ ਯਹੋਵਾਹ, ਜਿਸ ਨੇ ਸਮੁੰਦਰ ਅਤੇ ਧਰਤੀ ਦੋਹਾਂ ਨੂੰ ਬਣਾਇਆ ਹੈ, ਉਸੇ ਤੋਂ ਡਰਦਾ ਹਾਂ।” 10ਤਦ ਉਹ ਮਨੁੱਖ ਬਹੁਤ ਹੀ ਡਰ ਗਏ ਅਤੇ ਕਹਿਣ ਲੱਗੇ, “ਤੂੰ ਇਹ ਕੀ ਕੀਤਾ?” ਉਹ ਮਨੁੱਖ ਜਾਣ ਗਏ ਸਨ ਕਿ ਯੂਨਾਹ ਯਹੋਵਾਹ ਦੇ ਹਜ਼ੂਰੋਂ ਭੱਜ ਰਿਹਾ ਸੀ, ਕਿਉਂਕਿ ਉਸ ਨੇ ਆਪ ਹੀ ਇਹ ਗੱਲ ਉਨ੍ਹਾਂ ਨੂੰ ਦੱਸ ਦਿੱਤੀ ਸੀ। 11ਤਦ ਉਨ੍ਹਾਂ ਨੇ ਕਿਹਾ, “ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਵੱਧਦੀਆਂ ਹੀ ਜਾਂਦੀਆਂ ਸਨ। 12ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਉ, ਫੇਰ ਸਮੁੰਦਰ ਤੁਹਾਡੇ ਲਈ ਸ਼ਾਂਤ ਹੋ ਜਾਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਹੀ ਕਾਰਨ ਇਹ ਵੱਡਾ ਤੁਫ਼ਾਨ ਤੁਹਾਡੇ ਉੱਤੇ ਆਇਆ ਹੈ।” 13ਫੇਰ ਵੀ ਉਹ ਵੱਡੇ ਜ਼ੋਰ ਨਾਲ ਚੱਪੇ ਲਾਉਂਦੇ ਰਹੇ ਤਾਂ ਜੋ ਜਹਾਜ਼ ਕੰਢੇ ਲੱਗ ਜਾਵੇ ਪਰ ਉਹ ਲਾ ਨਾ ਸਕੇ, ਕਿਉਂ ਜੋ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਦੇ ਵਿਰੁੱਧ ਵੱਧਦੀਆਂ ਜਾਂਦੀਆਂ ਸਨ। 14ਤਦ ਉਨ੍ਹਾਂ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਕਿਹਾ, ਹੇ ਯਹੋਵਾਹ, ਅਸੀਂ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ ਨਾ ਹੋਈਏ ਅਤੇ ਤੂੰ ਬੇਦੋਸ਼ ਦਾ ਖੂਨ ਸਾਡੇ ਉੱਤੇ ਨਾ ਪਾ ਕਿਉਂਕਿ ਹੇ ਯਹੋਵਾਹ, ਜੋ ਕੁਝ ਤੂੰ ਚਾਹਿਆ, ਤੂੰ ਉਹੋ ਕੀਤਾ ਹੈ! 15ਫਿਰ ਉਨ੍ਹਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਦਾ ਜ਼ੋਰ ਬੰਦ ਹੋ ਗਿਆ। 16ਤਦ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਬਹੁਤ ਭੈਅ ਮੰਨਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਇੱਕ ਬਲੀ ਚੜ੍ਹਾਈ ਅਤੇ ਸੁੱਖਣਾ ਸੁੱਖੀਆਂ। 17ਪਰ ਯਹੋਵਾਹ ਨੇ ਇੱਕ ਵੱਡੀ ਮੱਛੀ ਠਹਿਰਾਈ ਸੀ, ਜੋ ਯੂਨਾਹ ਨੂੰ ਨਿਗਲ ਜਾਵੇ, ਅਤੇ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਉਸ ਮੱਛੀ ਦੇ ਢਿੱਡ ਵਿੱਚ ਰਿਹਾ। 2:10ਤਦ ਯਹੋਵਾਹ ਨੇ ਮੱਛੀ ਨੂੰ ਆਗਿਆ ਦਿੱਤੀ ਅਤੇ ਉਸ ਨੇ ਯੂਨਾਹ ਨੂੰ ਸਮੁੰਦਰ ਦੇ ਕੰਢੇ ਉੱਤੇ ਉਗਲ ਦਿੱਤਾ।
ਜਵਾਬੀ ਭਜਨ
2“ਮੈਂ ਆਪਣੇ ਔਖੇ ਸਮੇਂ ਵਿੱਚ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੂੰ ਮੇਰੀ ਅਵਾਜ਼ ਸੁਣੀ।” 3“ਤੂੰ ਮੈਨੂੰ ਡੂੰਘਿਆਈ ਵਿੱਚ, ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤਾ, ਅਤੇ ਹੜ੍ਹਾਂ ਨੇ ਮੈਨੂੰ ਘੇਰ ਲਿਆ, ਤੇਰੀਆਂ ਸਾਰੀਆਂ ਲਹਿਰਾਂ ਅਤੇ ਤਰੰਗਾਂ ਮੇਰੇ ਉੱਤੋਂ ਲੰਘ ਗਈਆਂ।” 4ਤਦ ਮੈਂ ਕਿਹਾ, “ਮੈਂ ਤੇਰੀਆਂ ਅੱਖਾਂ ਤੋਂ ਦੂਰ ਸੁੱਟਿਆ ਗਿਆ ਹਾਂ, ਤਾਂ ਵੀ ਮੈਂ ਫੇਰ ਤੇਰੇ ਪਵਿੱਤਰ ਭਵਨ ਵੱਲ ਤੱਕਾਂਗਾ। 7“ਜਿਸ ਵੇਲੇ ਮੇਰਾ ਮਨ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾਹ ਨੂੰ ਯਾਦ ਕੀਤਾ, ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੇ ਪਵਿੱਤਰ ਭਵਨ ਵਿੱਚ ਪਹੁੰਚ ਗਈ।
ਇੰਜੀਲ
25ਤਾਂ ਵੇਖੋ ਇੱਕ ਉਪਦੇਸ਼ਕ ਨੇ ਉਸ ਨੂੰ ਪਰਤਾਉਣ ਲਈ ਖਲੋ ਕੇ ਕਿਹਾ, ਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? 26ਯਿਸੂ ਨੇ ਉਸ ਨੂੰ ਆਖਿਆ ਕਿ ਬਿਵਸਥਾ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿਸ ਪ੍ਰਕਾਰ ਇਸ ਨੂੰ ਪੜ੍ਹਦਾ ਹੈਂ? 27ਤਾਂ ਉਸ ਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। 28ਯਿਸੂ ਨੇ ਉਸ ਨੂੰ ਆਖਿਆ, ਤੂੰ ਠੀਕ ਉੱਤਰ ਦਿੱਤਾ, ਇਹੋ ਕਰ ਤਾਂ ਤੂੰ ਜੀਵੇਂਗਾ। 29ਪਰ ਉਹ ਚਾਹੁੰਦਾ ਸੀ ਕਿ ਆਪਣੇ ਆਪ ਨੂੰ ਸੱਚਾ ਠਹਿਰਾਵੇ ਤਾਂ ਉਸ ਨੇ ਯਿਸੂ ਨੂੰ ਕਿਹਾ, ਫੇਰ ਕੌਣ ਹੈ ਮੇਰਾ ਗੁਆਂਢੀ? 30ਯਿਸੂ ਨੇ ਉੱਤਰ ਦਿੱਤਾ ਕਿ ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰਿਆ ਅਤੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਤੇ ਅਧਮੋਇਆ ਛੱਡ ਕੇ ਚੱਲੇ ਗਏ। 31ਸੰਜੋਗ ਨਾਲ ਇੱਕ ਜਾਜਕ ਉਸ ਰਸਤੇ ਤੋਂ ਲੰਘਿਆ ਜਾਂਦਾ ਸੀ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ। 32ਇਸੇ ਤਰ੍ਹਾਂ ਇੱਕ ਲੇਵੀ ਵੀ ਉੱਥੇ ਪਹੁੰਚਿਆ ਅਤੇ ਉਸ ਨੂੰ ਵੇਖ ਕੇ ਪਾਸਾ ਵੱਟ ਕੇ ਲੰਘ ਗਿਆ। 33ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਉੱਥੇ ਪਹੁੰਚਿਆ। 34ਅਤੇ ਜਦੋਂ ਉਸ ਨੂੰ ਵੇਖਿਆ ਤਾਂ ਤਰਸ ਖਾ ਕੇ ਉਸ ਦੇ ਕੋਲ ਗਿਆ ਅਤੇ ਤੇਲ ਅਤੇ ਮੈਅ ਲਾ ਕੇ ਉਸ ਦੇ ਜ਼ਖਮਾਂ ਨੂੰ ਬੰਨ੍ਹਿਆ ਅਤੇ ਆਪਣੀ ਸਵਾਰੀ ਤੇ ਉਸ ਨੂੰ ਬਿਠਾ ਕੇ ਸਰਾਂ ਵਿੱਚ ਲਿਆਂਦਾ ਅਤੇ ਉਸ ਦੀ ਮਰਹਮ ਪੱਟੀ ਕੀਤੀ। 35ਫੇਰ ਸਵੇਰ ਨੂੰ ਦੋ ਦੀਨਾਰ ਕੱਢ ਕੇ ਦੇਖਭਾਲ ਕਰਨ ਵਾਲੇ ਨੂੰ ਦਿੱਤੇ ਅਤੇ ਆਖਿਆ ਜੋ ਇਸ ਦੀ ਮਹਰਮ ਪੱਟੀ ਕਰਦਾ ਰਹੀਂ, ਅਤੇ ਜੋ ਕੁਝ ਤੇਰਾ ਹੋਰ ਲੱਗੂ ਸੋ ਮੈਂ ਜਦ ਮੁੜ ਆਵਾਂ, ਤੇਰਾ ਭਰ ਦਿਆਂਗਾ। 36ਸੋ ਉਸ ਆਦਮੀ ਦਾ ਜੋ ਡਾਕੂਆਂ ਦੇ ਹੱਥ ਪੈ ਗਿਆ ਸੀ, ਉਨ੍ਹਾਂ ਤਿੰਨਾਂ ਵਿੱਚੋਂ ਕਿਹੜਾ ਤੈਨੂੰ ਗੁਆਂਢੀ ਜਾਪਦਾ ਹੈ? 37ਉਹ ਬੋਲਿਆ, ਜਿਸ ਨੇ ਉਸ ਉੱਤੇ ਦਯਾ ਕੀਤੀ। ਫੇਰ ਯਿਸੂ ਨੇ ਉਸ ਨੂੰ ਆਖਿਆ, ਤੂੰ ਵੀ ਜਾ ਕੇ ਇਸੇ ਤਰ੍ਹਾਂ ਹੀ ਕਰ।
ਅੱਜ ਦੇ ਸੰਤ
- ਅਸੀਸੀ ਦੇ ਸੰਤ ਫ਼੍ਰਾਂਸਿਸ
ਆਮ ਰੋਮਨ ਕੈਲੰਡਰ; ਬਿਸ਼ਪਾਂ ਦੀ ਕਾਨਫ਼ਰੰਸ ਕੁਝ ਤਿਉਹਾਰ (ਪ੍ਰਭੂ ਦਾ ਪ੍ਰਗਟ ਹੋਣਾ, ਸੁਰਗ ਉੱਠਣਾ, ਮਸੀਹ ਦਾ ਸਰੀਰ ਅਤੇ ਲਹੂ) ਐਤਵਾਰ ਨੂੰ ਲਿਜਾ ਸਕਦੀ ਹੈ ਜਾਂ ਆਪਣੇ ਤਿਉਹਾਰ ਜੋੜ ਸਕਦੀ ਹੈ। ਪਾਠ-ਸੰਗ੍ਰਹਿ: ਐਤਵਾਰਾਂ ਦਾ ਚੱਕਰ B, ਹਫ਼ਤੇ ਦੇ ਦਿਨਾਂ ਦਾ ਸਾਲ I।
ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ