Bible Explorer ਐਪ ਲਓ

ਮੁੱਖ ਪੰਨਾ › ਹਰ ਦਿਨ ਦੇ ਬਾਈਬਲ ਪਾਠ › ਜੂਨ 2027 › ਜੂਨ 13

ਆਰਥੋਡਾਕਸ ਕੈਲੰਡਰ · 31 ਮਈ (ਪੁਰਾਣਾ ਕੈਲੰਡਰ)

ਆਰਥੋਡਾਕਸ ਹਰ ਦਿਨ ਦੇ ਪਾਠ — 13 ਜੂਨ 2027

ਐਤਵਾਰ · ਸੁਰ 6

ਤਿਉਹਾਰ ਅਤੇ ਸੰਤ

ਪਾਸਕਾ ਦਾ ਸੱਤਵਾਂ ਐਤਵਾਰ

ਪਹਿਲੀ ਵਿਸ਼ਵ-ਵਿਆਪੀ ਮਹਾਂਸਭਾ ਦੇ ਪਵਿੱਤਰ ਪਿਤਾ

ਵਰਤ

ਕੋਈ ਵਰਤ ਨਹੀਂ

ਇਹ ਮੱਠਵਾਸੀ ਨਿਯਮ ਅਨੁਸਾਰ ਹੈ। ਪੈਰਿਸ਼ ਵਿੱਚ ਵਰਤ ਦੀ ਮਾਤਰਾ ਆਪਣੇ ਪਾਪ-ਸਵੀਕਾਰ ਸੁਣਨ ਵਾਲੇ ਪਾਦਰੀ ਨਾਲ ਮਿਲ ਕੇ, ਸਿਹਤ, ਉਮਰ ਅਤੇ ਹਾਲਾਤ ਅਨੁਸਾਰ ਤੈਅ ਕੀਤੀ ਜਾਂਦੀ ਹੈ।

ਦਿਨ ਦੇ ਪਾਠ

ਸ਼ਾਮ ਦੀ ਪ੍ਰਾਰਥਨਾ: ਪਾਠ

ਉਤ 14:14–20

14ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਤੀਜਾ ਬੰਦੀ ਬਣਾ ਲਿਆ ਗਿਆ ਹੈ, ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਜੁਆਨਾਂ ਨੂੰ ਲਿਆ, ਜੋ ਉਸ ਦੇ ਘਰਾਣੇ ਵਿੱਚ ਜੰਮੇ ਸਨ ਅਤੇ ਦਾਨ ਤੱਕ ਉਨ੍ਹਾਂ ਦਾ ਪਿੱਛਾ ਕੀਤਾ। 15ਉਸ ਨੇ ਆਪਣੇ ਜੁਆਨਾਂ ਦੇ ਜੱਥੇ ਬਣਾਏ ਅਤੇ ਰਾਤ ਨੂੰ ਉਨ੍ਹਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਅਤੇ ਹੋਬਾਹ ਤੱਕ ਜਿਹੜਾ ਦੰਮਿਸ਼ਕ ਦੇ ਉੱਤਰ ਵੱਲ ਹੈ, ਉਨ੍ਹਾਂ ਦਾ ਪਿੱਛਾ ਕੀਤਾ। 16ਉਹ ਸਾਰੇ ਮਾਲ ਧਨ ਨੂੰ, ਅਤੇ ਆਪਣੇ ਭਤੀਜੇ ਲੂਤ ਅਤੇ ਉਸ ਦੇ ਸਾਰੇ ਮਾਲ-ਧਨ ਨੂੰ ਅਤੇ ਇਸਤਰੀਆਂ ਅਤੇ ਸਾਰੇ ਬੰਦੀਆਂ ਨੂੰ ਵੀ ਮੋੜ ਲੈ ਆਇਆ। 17ਜਦ ਉਹ ਕਦਾਰਲਾਓਮਰ ਅਤੇ ਉਹਨਾਂ ਰਾਜਿਆਂ ਨੂੰ ਜਿਹੜੇ ਉਸ ਦੇ ਨਾਲ ਸਨ ਜਿੱਤ ਕੇ ਮੁੜਿਆ, ਤਦ ਸਦੂਮ ਦਾ ਰਾਜਾ ਸ਼ਾਵੇਹ ਦੀ ਘਾਟੀ ਵਿੱਚ ਜੋ ਬਾਦਸ਼ਾਹੀ ਘਾਟੀ ਵੀ ਅਖਵਾਉਂਦੀ ਹੈ, ਉਸ ਨੂੰ ਮਿਲਣ ਲਈ ਨਿੱਕਲ ਆਇਆ। 18ਤਦ ਸ਼ਾਲੇਮ ਦਾ ਰਾਜਾ ਮਲਕਿਸਿਦਕ ਰੋਟੀ ਅਤੇ ਮਧ ਲੈ ਆਇਆ, ਉਹ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ। 19ਉਸ ਨੇ ਇਹ ਆਖ ਕੇ ਅਬਰਾਮ ਨੂੰ ਅਸੀਸ ਦਿੱਤੀ, ਅੱਤ ਮਹਾਨ ਪਰਮੇਸ਼ੁਰ ਦੀ ਵੱਲੋਂ ਜੋ ਅਕਾਸ਼ ਅਤੇ ਧਰਤੀ ਦਾ ਮਾਲਕ ਹੈ, ਅਬਰਾਮ ਮੁਬਾਰਕ ਹੋਵੇ। 20ਅਤੇ ਮੁਬਾਰਕ ਹੈ ਅੱਤ ਮਹਾਨ ਪਰਮੇਸ਼ੁਰ, ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ। ਤਦ ਅਬਰਾਮ ਨੇ ਉਸ ਨੂੰ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ।

ਸ਼ਾਮ ਦੀ ਪ੍ਰਾਰਥਨਾ: ਪਾਠ

ਬਿਵ 1:8–11, 15–17

8ਵੇਖੋ, ਮੈਂ ਇਸ ਦੇਸ਼ ਨੂੰ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਜਿਸ ਦੇਸ਼ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਦੇ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿ ਮੈਂ ਇਸ ਦੇਸ਼ ਨੂੰ ਤੁਹਾਨੂੰ ਅਤੇ ਤੁਹਾਡੇ ਬਾਅਦ ਤੁਹਾਡੇ ਵੰਸ਼ ਨੂੰ ਦਿਆਂਗਾ, ਇਸ ਲਈ ਜਾਓ ਅਤੇ ਇਸ ਦੇਸ਼ ਨੂੰ ਆਪਣੇ ਅਧੀਨ ਕਰ ਲਓ।” 9ਫਿਰ ਉਸੇ ਸਮੇਂ ਮੈਂ ਤੁਹਾਨੂੰ ਕਿਹਾ, “ਮੈਂ ਇਕੱਲਾ ਤੁਹਾਡਾ ਭਾਰ ਨਹੀਂ ਚੁੱਕ ਸਕਦਾ, 10ਕਿਉਂ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਇਸ ਹੱਦ ਤੱਕ ਵਧਾਇਆ ਹੈ ਕਿ ਵੇਖੋ, ਅੱਜ ਤੁਸੀਂ ਅਕਾਸ਼ ਦੇ ਤਾਰਿਆਂ ਵਾਂਗੂੰ ਹੋ ਗਏ ਹੋ। 11ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹਜ਼ਾਰ ਗੁਣਾ ਵਧਾਵੇ ਅਤੇ ਤੁਹਾਨੂੰ ਬਰਕਤ ਦੇਵੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ। 15ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ। 16ਉਸੇ ਵੇਲੇ ਮੈਂ ਤੁਹਾਡੇ ਨਿਆਂਈਆਂ ਨੂੰ ਹੁਕਮ ਦੇ ਕੇ ਆਖਿਆ, “ਆਪਣੇ ਭਰਾਵਾਂ ਦੇ ਵਿਚਕਾਰਲੇ ਝਗੜੇ ਸੁਣੋ ਅਤੇ ਮਨੁੱਖ ਅਤੇ ਉਸ ਦੇ ਭਰਾ ਦਾ ਅਤੇ ਉਸ ਪਰਦੇਸੀ ਦਾ ਜਿਹੜਾ ਤੁਹਾਡੇ ਵਿੱਚ ਰਹਿੰਦਾ ਹੈ, ਧਰਮ ਨਾਲ ਨਿਆਂ ਕਰੋ। 17ਨਿਆਂ ਕਰਨ ਦੇ ਵੇਲੇ ਕਿਸੇ ਦਾ ਪੱਖਪਾਤ ਨਾ ਕਰਿਓ। ਤੁਸੀਂ ਵੱਡੇ-ਛੋਟੇ ਦੀ ਗੱਲ ਨੂੰ ਇੱਕੋ ਜਿਹੀ ਸੁਣਿਓ ਅਤੇ ਤੁਸੀਂ ਮਨੁੱਖ ਦੇ ਮੂੰਹ ਨੂੰ ਵੇਖ ਕੇ ਨਾ ਡਰਿਓ, ਕਿਉਂ ਜੋ ਨਿਆਂ ਪਰਮੇਸ਼ੁਰ ਦਾ ਹੈ ਅਤੇ ਜਿਹੜੀ ਗੱਲ ਤੁਹਾਡੇ ਲਈ ਬਹੁਤ ਔਖੀ ਹੋਵੇ, ਉਹ ਤੁਸੀਂ ਮੇਰੇ ਕੋਲ ਲਿਆਓ ਅਤੇ ਮੈਂ ਉਸ ਨੂੰ ਸੁਣਾਂਗਾ।”

ਸ਼ਾਮ ਦੀ ਪ੍ਰਾਰਥਨਾ: ਪਾਠ

ਬਿਵ 10:14–21

14ਵੇਖੋ, ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ, ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ। 15ਸਿਰਫ਼ ਤੁਹਾਡੇ ਪੁਰਖਿਆਂ ਨਾਲ ਪ੍ਰਸੰਨ ਹੋ ਕੇ ਯਹੋਵਾਹ ਉਨ੍ਹਾਂ ਨਾਲ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਅਰਥਾਤ ਤੁਹਾਨੂੰ ਸਾਰੇ ਲੋਕਾਂ ਵਿੱਚੋਂ ਚੁਣ ਲਿਆ, ਜਿਵੇਂ ਅੱਜ ਦੇ ਦਿਨ ਹੈ। 16ਆਪਣੇ ਮਨਾਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਠੀਲੇ ਨਾ ਬਣੋ, 17ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ, ਸ਼ਕਤੀਮਾਨ ਅਤੇ ਭੈਅ ਦਾਇਕ ਪਰਮੇਸ਼ੁਰ ਹੈ, ਜਿਹੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਅਤੇ ਨਾ ਕਿਸੇ ਤੋਂ ਰਿਸ਼ਵਤ ਲੈਂਦਾ ਹੈ। 18ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ। 19ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਤੁਸੀਂ ਵੀ ਮਿਸਰ ਦੇਸ਼ ਵਿੱਚ ਪਰਦੇਸੀ ਸੀ। 20ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋ, ਉਸੇ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ। 21ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ। ਉਹ ਤੁਹਾਡਾ ਪਰਮੇਸ਼ੁਰ ਹੈ, ਜਿਸ ਨੇ ਤੁਹਾਡੇ ਲਈ ਇਹ ਵੱਡੇ ਅਤੇ ਭਿਆਨਕ ਕੰਮ ਕੀਤੇ ਹਨ, ਜਿਹੜੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਹਨ।

ਸਵੇਰ ਦੀ ਪ੍ਰਾਰਥਨਾ ਦੀ 10ਵੀਂ ਇੰਜੀਲ

ਯੂਹ 21:1–14

1ਬਾਅਦ ਵਿੱਚ ਯਿਸੂ ਨੇ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ। 2ਕੁਝ ਚੇਲੇ ਉੱਥੇ ਇਕੱਠੇ ਹੋਏ ਸਨ, ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦੀਦੁਮੁਸ ਅਖਵਾਉਂਦਾ ਹੈ, ਨਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ। 3ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।” ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਦ ਸਾਰੇ ਚੇਲੇ ਗਏ ਅਤੇ ਬੇੜੀ ਉੱਤੇ ਚੜ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕੋਈ ਮੱਛੀ ਨਾ ਫ਼ੜ ਸਕੇ। 4ਸਵੇਰ ਵੇਲੇ ਯਿਸੂ ਕਿਨਾਰੇ ਕੋਲ ਖੜ੍ਹਾ ਸੀ, ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ। 5ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਕੁਝ ਖਾਣ ਲਈ ਫੜਿਆ?” ਚੇਲਿਆਂ ਨੇ ਉੱਤਰ ਦਿੱਤਾ, “ਨਹੀਂ।” 6ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ਼ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਓਸੇ ਤਰ੍ਹਾਂ ਹੀ ਕੀਤਾ। ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ। ਜਾਲ਼ ਬਹੁਤ ਭਾਰਾ ਹੋ ਗਿਆ ਤੇ ਉਹ ਇਸ ਨੂੰ ਬੇੜੀ ਵੱਲ ਖਿੱਚ ਨਾ ਸਕੇ। 7ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਸ਼ਮਊਨ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ 8ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ਼ ਖਿੱਚਣ ਲੱਗੇ। ਉਹ ਕੰਡੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ। 9ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ। 10ਯਿਸੂ ਨੇ ਆਖਿਆ ਉਹ “ਮੱਛੀਆਂ ਲਿਆਓ ਜਿਹੜੀਆਂ ਤੁਸੀਂ ਹੁਣੇ ਫ਼ੜੀਆਂ ਹਨ।” 11ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ਼ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ, ਭਾਵੇਂ ਮੱਛੀਆਂ ਬੜੀਆਂ ਵੱਡੀਆਂ ਸਨ, ਪਰ ਜਾਲ਼ ਤਾਂ ਵੀ ਨਾ ਟੁੱਟਿਆ। 12ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆ ਕੇ ਖਾਵੋ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਸੀ, “ਕਿ ਤੂੰ ਕੌਣ ਹੈ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਹੈ। 13ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇਸੇ ਤਰ੍ਹਾਂ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ। 14ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਣ ਦਿੱਤਾ ਸੀ।

ਪੱਤ੍ਰੀ

ਰਸੂਲਾਂ 20:16–18, 28–36

16ਕਿਉਂਕਿ ਪੌਲੁਸ ਨੇ ਇਹ ਫੈਸਲਾ ਕੀਤਾ ਸੀ ਜੋ ਅਫ਼ਸੁਸ ਤੋਂ ਲੰਘ ਜਾਂਵਾਂ ਕਿ ਏਸ਼ੀਆ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ, ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਪਹੁੰਚ ਜਾਂਵਾਂ। 17ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਆਗੂ ਬਜ਼ੁਰਗਾਂ ਨੂੰ ਬੁਲਾਇਆ। 18ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਏਸ਼ੀਆ ਵਿੱਚ ਪਹੁੰਚਿਆ ਤਾਂ ਹਰ ਰੋਜ਼ ਤੁਹਾਡੇ ਨਾਲ ਕਿਸ ਤਰ੍ਹਾਂ ਰਿਹਾ 28ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਰਖਵਾਲੀ ਕਰੋ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ, ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ। 29ਮੈਂ ਜਾਣਦਾ ਹਾਂ ਜੋ ਮੇਰੇ ਜਾਣ ਤੋਂ ਬਾਅਦ ਬੁਰੇ-ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ, ਜੋ ਇੱਜੜ ਨੂੰ ਨਾ ਛੱਡਣਗੇ। 30ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਅਤੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ। 31ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਸਾਲਾਂ ਤੱਕ ਰਾਤ-ਦਿਨ ਰੋ-ਰੋ ਕੇ ਹਰੇਕ ਨੂੰ ਚਿਤਾਵਨੀ ਦੇਣ ਤੋਂ ਨਾ ਰੁਕਿਆ। 32ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਹ ਦੀ ਕਿਰਪਾ ਦੇ ਬਚਨ ਦੇ ਹੱਥ ਸੌਂਪਦਾ ਹਾਂ, ਜਿਹੜਾ ਤੁਹਾਨੂੰ ਸਿੱਧ ਬਣਾ ਸਕਦਾ ਅਤੇ ਤੁਹਾਨੂੰ ਸਾਰੇ ਪਵਿੱਤਰ ਕੀਤਿਆਂ ਹੋਇਆਂ ਵਿੱਚ ਵਿਰਾਸਤ ਦੇ ਸਕਦਾ ਹੈ। 33ਮੈਂ ਕਿਸੇ ਦੀ ਚਾਂਦੀ ਜਾਂ ਸੋਨੇ ਜਾਂ ਬਸਤਰ ਦਾ ਲਾਲਚ ਨਹੀਂ ਕੀਤਾ। 34ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ। 35ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜਿਵੇਂ ਕਰ ਵਿਖਾਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ। 36ਉਸ ਨੇ ਇਸ ਤਰ੍ਹਾਂ ਕਹਿ ਕੇ ਗੋਡੇ ਟੇਕੇ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਪ੍ਰਾਰਥਨਾ ਕੀਤੀ।

ਇੰਜੀਲ

ਯੂਹ 17:1–13

1ਇਹ ਸਾਰੀਆਂ ਗੱਲਾਂ ਆਖ ਕੇ ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਵਡਿਆਈ ਦੇ ਤਾਂ ਜੋ ਪੁੱਤਰ ਤੈਨੂੰ ਵਡਿਆਈ ਦੇਵੇ। 2ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ। 3ਇਹ ਸਦੀਪਕ ਜੀਵਨ ਹੈ ਉਹ ਤੈਨੂੰ, ਸੱਚੇ ਪਰਮੇਸ਼ੁਰ ਨੂੰ ਜਾਣਨ ਅਤੇ ਯਿਸੂ ਮਸੀਹ ਜਿਸ ਨੂੰ ਤੂੰ ਭੇਜਿਆ ਹੈ। 4ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ ਹੈ। 5ਹੇ ਪਿਤਾ, ਹੁਣ ਤੂੰ ਆਪਣੀ ਮਜੂਦਗੀ ਵਿੱਚ ਮੇਰੀ ਵਡਿਆਈ ਕਰ। ਉਸ ਵਡਿਆਈ ਨਾਲ ਜਿਹੜੀ ਇਸ ਸੰਸਾਰ ਦੇ ਸ਼ੁਰੂ ਤੋਂ ਪਹਿਲਾਂ ਮੇਰੇ ਨਾਲ ਸੀ।” 6ਤੂੰ ਮੈਨੂੰ ਸੰਸਾਰ ਵਿੱਚੋਂ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ। 7ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਦਿੱਤਾ ਹੈ ਤੇਰੇ ਵਲੋਂ ਹੀ ਆਇਆ ਹੈ। 8ਮੈਂ ਉਨ੍ਹਾਂ ਨੂੰ ਉਹ ਬਚਨ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲ ਕੀਤਾ। ਉਨ੍ਹਾਂ ਨੇ ਸੱਚ-ਮੁੱਚ ਇਹ ਵਿਸ਼ਵਾਸ ਕਰ ਲਿਆ ਕਿ ਤੂੰ ਹੀ ਮੈਨੂੰ ਭੇਜਿਆ ਹੈ। 9ਮੈਂ ਸੰਸਾਰ ਦੇ ਲੋਕਾਂ ਲਈ ਬੇਨਤੀ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਬੇਨਤੀ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੇਰੇ ਹੀ ਹਨ। 10ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ ਅਤੇ ਉਨ੍ਹਾਂ ਰਾਹੀਂ ਮੇਰੀ ਵਡਿਆਈ ਹੋਈ। 11ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਮ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ, ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਹੋਣ ਜਿਵੇਂ ਕਿ ਤੂੰ ਤੇ ਮੈਂ ਹਾਂ। 12ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਦੀ ਸੁਰੱਖਿਆ ਕੀਤੀ, ਮੈਂ ਉਨ੍ਹਾਂ ਦੀ ਤੇਰੇ ਨਾਮ ਨਾਲ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਾਸ ਨਹੀਂ ਹੋਇਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ, ਉਹ ਨਾਸ ਹੋਇਆ, ਕਿਉਂਕਿ ਪਵਿੱਤਰ ਗ੍ਰੰਥ ਦੀ ਲਿਖਤ ਪੂਰੀ ਹੋਵੇ। 13ਹੁਣ ਮੈਂ ਤੇਰੇ ਕੋਲ ਆਉਂਦਾ ਹਾਂ, ਇਹ ਗੱਲਾਂ ਕਹਿੰਦਾ ਹਾਂ ਤਾਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਪੂਰੀ ਹੋਵੇ।

ਤਾਰੀਖ਼ਾਂ ਰੂਸੀ ਕਲੀਸਿਯਾ ਦੇ ਜੂਲੀਅਨ ਕੈਲੰਡਰ ਅਨੁਸਾਰ ਹਨ (ਸਰਬੀਆਈ ਅਤੇ ਜਾਰਜੀਆਈ ਕਲੀਸਿਯਾਵਾਂ ਅਤੇ ਆਥੋਸ ਪਹਾੜ ਵਾਂਗ): ਕਲੀਸਿਯਾ ਦੇ ਕੈਲੰਡਰ ਦਾ ਮਈ 31 ਸਿਵਲ ਕੈਲੰਡਰ ਦਾ ਜੂਨ 13 ਹੈ। ਨਵੇਂ ਕੈਲੰਡਰ ਵਾਲੀਆਂ ਕਲੀਸਿਯਾਵਾਂ (ਯੂਨਾਨ, ਰੋਮਾਨੀਆ, ਬੁਲਗਾਰੀਆ, ਯੂਕਰੇਨ…) ਪੱਕੀ ਤਾਰੀਖ਼ ਵਾਲੇ ਤਿਉਹਾਰ ਅਤੇ ਸੰਤ ਉਸੇ ਸਿਵਲ ਤਾਰੀਖ਼ ਨੂੰ, 13 ਦਿਨ ਪਹਿਲਾਂ, ਮਨਾਉਂਦੀਆਂ ਹਨ, ਅਤੇ ਉਨ੍ਹਾਂ ਦੇ ਕੁਝ ਪਾਠ ਵੱਖਰੇ ਹਨ; ਈਸਟਰ ਅਤੇ ਉਸ ਉੱਤੇ ਟਿਕੇ ਦਿਨ ਇੱਕੋ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ · © 2017, 2019 Bridge Connectivity Solutions, CC BY-SA 4.0; changed: footnotes, headings and the letters over Psalm 119 left out, the danda typed as a Latin «l» put back, verses in the app's numbering. · ਸਰੋਤ ਅਤੇ ਅਧਿਕਾਰ